অসমীয়া   বাংলা   बोड़ो   डोगरी   ગુજરાતી   ಕನ್ನಡ   كأشُر   कोंकणी   संथाली   মনিপুরি   नेपाली   ଓରିୟା   ਪੰਜਾਬੀ   संस्कृत   தமிழ்  తెలుగు   ردو

ਚਾਰੇ ਦੀਆਂ ਫ਼ਸਲਾਂ

ਪੰਜਾਬ ਵਿਚ ਇਸ ਵੇਲੇ ੭੩.੧ ਲੱਖ (੬੦.੪ ਲੱਖ ਵੱਡੇ) ਪਸ਼ੂ ਹਨ। ਏਨੇ ਪਸ਼ੂਆਂ ਨੂੰ ਪੂਰਾ ਤੇ ਚੰਗਾ ਹਰਾ ਚਾਰਾ ਦੇਣ ਲਈ ਚਾਰੇ ਦੀ ਪੈਦਾਵਾਰ ਵਿਚ ਵਾਧੇ ਦੀ ਲੋੜ ਹੈ। ਪੰਜਾਬ ਦੀ ਤਕਰੀਬਨ ੮.੬੧ ਲੱਖ ਹੈਕਟਰ ਭੂਮੀ ਵਿਚ ਚਾਰਾ ਬੀਜਿਆ ਜਾਂਦਾ ਹੈ (੫.੧੬ ਲੱਖ ਹੈਕਟੇਅਰ ਸਾਉਣੀ ਵਿੱਚ) ਅਤੇ ਹਰੇ ਚਾਰੇ ਦੀ ਸਾਲਾਨਾ ਪੈਦਾਵਾਰ ੬੭੩ ਲੱਖ ਟਨ ਹੈ। ਇਕ ਪਸ਼ੂ ਨੂੰ ਪ੍ਰਤੀ ਦਿਨ ਤਕਰੀਬਨ ੩੦.੪੬ ਕਿਲੋ ਚਾਰਾ ਮਿਲਦਾ ਹੈ ਜੋ ਕਿ ਬਹੁਤ ਥੋੜ੍ਹਾ ਹੈ। ਦੋਗਲੇ ਪਸ਼ੂਆਂ ਦੀ ਗਿਣਤੀ ਵਿਚ ਹੋ ਰਹੇ ਵਾਧੇ ਕਰਕੇ ਚਾਰੇ ਦੀ ਹਾਲਤ ਹੋਰ ਵੀ ਪਤਲੀ ਹੋਣ ਦੀ ਆਸ ਹੈ। ਇਸ ਕਰਕੇ ਚਾਰੇ ਦੀ ਪੈਦਾਵਾਰ ਵਧਾਉਣ ਲਈ ਹਰ ਸੰਭਵ ਕੋਸ਼ਿਸ਼ ਕਰਨ ਦੀ ਲੋੜ ਹੈ। ਜੇਕਰ ਇਕ ਪਸ਼ੂ ਨੂੰ ੪੦ ਕਿਲੋ ਹਰਾ ਚਾਰਾ ਰੋਜ਼ਾਨਾ ਮਿਲੇ ਤਾਂ ਸਾਲ ਵਿਚ ੮੮੨ ਲੱਖ ਟਨ ਚਾਰੇ ਦੀ ਲੋੜ ਹੈ। ਪੰਜਾਬ ਵਿਚ ਚਾਰੇ ਹੇਠਲੇ ਰਕਬੇ ਦੇ ਵਧਣ ਦੀ ਕੋਈ ਆਸ ਨਹੀਂ। ਇਸ ਲਈ ਜ਼ਿਆਦਾ ਕਟਾਈ ਵਾਲੇ ਚਾਰੇ ਤੇ ਉੱਨਤ ਢੰਗ ਅਪਣਾ ਕੇ ਪ੍ਰਤੀ ਇਕਾਈ ਰਕਬੇ ਵਿਚੋਂ ਪ੍ਰਤੀ ਇਕਾਈ ਸਮੇਂ ਵਿਚ ਚਾਰੇ ਦਾ ਉਤਪਾਦਨ ਜਰੂਰ ਵਧਾਇਆ ਜਾਣਾ ਚਾਹੀਦਾ ਹੈ। ਪਸ਼ੂਆਂ ਨੂੰ ਦਾਣੇ ਦੇ ਮੁਕਾਬਲੇ ਫਲੀਦਾਰ ਚਾਰੇ ਤੋਂ ਪ੍ਰੋਟੀਨ ਸਸਤੇ ਭਾਅ ਮਿਲਦੀ ਹੈ ਅਤੇ ਦੂਜਾ ਹਰਾ ਚਾਰਾ ਤਾਕਤ ਭਰਪੂਰ ਹੁੰਦਾ ਹੈ। ਇਸ ਲਈ ਇਹ ਜਰੂਰੀ ਹੈ ਕਿ ਰਲਿਆ ਮਿਲਿਆ ਚਾਰਾ ਪੈਦਾ ਕੀਤਾ ਜਾਵੇ, ਜਿਸ ਵਿਚ ਫਲੀਦਾਰ ਚਾਰੇ ਜਿਵੇਂ ਕਿ ਰਵਾਂਹ, ਗੁਆਰਾ ਅਤੇ ਗੈਰ ਫ਼ਲੀਦਾਰ ਚਾਰੇ ਜਿਵੇਂ ਮੱਕੀ, ਜੁਆਰ, ਬਾਜਰਾ ਆਦਿ ਮਿਲਾ ਕੇ ਬੀਜੇ ਜਾਣ। ਸਾਉਣੀ ਦੇ ਚਾਰਿਆਂ ਦੀ ਪੈਦਾਵਾਰ ਵਧਾਉਣ ਤੇ ਚੰਗੀ ਕਿਸਮ ਦਾ ਚਾਰਾ ਪੈਦਾ ਕਰਨ ਲਈ ਸਾਨੂੰ ਹੇਠ ਦੱਸੀਆਂ ਸਿਫਾਰਸ਼ਾਂ ਤੇ ਅਮਲ ਕਰਨਾ ਚਾਹੀਦਾ ਹੈ।

ਚੇਤਾਵਨੀ:

(੧) ਚਾਰਿਆਂ ਦੀਆਂ ਫ਼ਸਲਾਂ ਨੂੰ ਹਮੇਸ਼ਾਂ ਦੂਸਰੀਆਂ ਫ਼ਸਲਾਂ, ਜਿਨ੍ਹਾਂ ਉਪਰ ਕੀਟਨਾਸ਼ਕ ਦਵਾਈਆਂ ਦੀ ਵਰਤੋਂ ਹੁੰਦੀ ਹੈ, ਤੋਂ ਦੂਰ ਬੀਜੋ ਤਾਂ ਕਿ ਸਪਰੇ ਕਰਨ ਸਮੇਂ ਦਵਾਈ ਹਵਾ ਨਾਲ ਉੱਡ ਕੇ ਇਨ੍ਹਾਂ ਉਪਰ ਨਾ ਪਵੇ।

(੨) ਜਿਨ੍ਹਾਂ ਖੇਤਾਂ ਵਿੱਚ ਗੁੱਲੀ ਡੰਡੇ ਨੂੰ ਮਾਰਨ ਲਈ ਲੀਡਰ/ਐਸ ਐਫ-੧੦/ਸਫਲ/ਮਾਰਕਸਲਫੋ/ਟੋਟਲ/ ਮਾਰਕਪਾਵਰ/ਐਟਲਾਂਟਿਸ ਨਦੀਨ ਨਾਸ਼ਕ ਦਵਾਈ ਵਰਤੀ ਗਈ ਹੋਵੇ ਉਨ੍ਹਾਂ ਖੇਤਾਂ ਵਿੱਚ ਸਾਉਣੀ ਸਮੇਂ ਚਰ੍ਹੀ ਜਾਂ ਮੱਕੀ ਨਾ ਬੀਜੋ ।

ਮੱਕੀ

ਮੱਕੀ ਸਾਉਣੀ ਦੇ ਮੌਸਮ ਦਾ ਮੁੱਖ ਚਾਰਾ ਹੈ ਅਤੇ ਪੰਜਾਬ ਵਿੱਚ ਤਕਰੀਬਨ ੦.੭੩ ਲੱਖ ਹੈਕਟੇਅਰ ਭੂਮੀ ਵਿੱਚ ਬੀਜੀ ਜਾਂਦੀ ਹੈ । ਇਹ ੫੦-੬੦ ਦਿਨਾਂ ਵਿਚ ਕਟਾਈ ਲਈ ਤਿਆਰ ਹੋ ਜਾਂਦੀ ਹੈ । ਦੁੱਧ ਦੇਣ ਵਾਲੇ ਪਸ਼ੂਆਂ ਲਈ ਇਸ ਨੂੰ ਬਹੁਤ ਚੰਗਾ ਸਮਝਿਆ ਜਾਂਦਾ ਹੈ । ਇਸ ਦੀ ਕਾਸ਼ਤ ਸ਼ਹਿਰਾਂ ਦੇ ਆਲੇ-ਦੁਆਲੇ ਕੀਤੀ ਜਾਂਦੀ ਹੈ ਅਤੇ ਹਰਾ ਚਾਰਾ ਮੰਡੀ ਵਿਚ ਵੇਚਿਆ ਜਾਂਦਾ ਹੈ ।

ਜ਼ਮੀਨ ਤੇ ਮੌਸਮ: ਜ਼ਮੀਨ ਦੀ ਤਿਆਰੀ ਅਤੇ ਮੌਸਮ ਦੀਆਂ ਲੋੜਾਂ ਉਹੀ ਹਨ ਜਿਹੜੀਆਂ ਮੱਕੀ ਦੇ ਦਾਣਿਆਂ ਵਾਲੀ ਫ਼ਸਲ ਲਈ ਯੋਗ ਹਨ ।

ਫ਼ਸਲ ਚੱਕਰ: ਮੱਕੀ-ਬਰਸੀਮ - ਬਾਜਰਾ/ਮੱਕੀ+ਰਵਾਂਹ

ਉੱਨਤ ਕਿਸਮਾਂ:

ਜੇ ੧੦੦੬ (੧੯੮੯): ਇਸ ਕਿਸਮ ਦੇ ਪੌਦੇ ਉੱਚੇ, ਫੈਲਵੇਂ ਅਤੇ ਚੌੜੇ ਪੱਤਿਆਂ ਵਾਲੇ ਹੁੰਦੇ ਹਨ। ਇਸ ਕਿਸਮ ਨੂੰ ਝੁਲਸ ਰੋਗ ਅਤੇ ਭੂਰੀਆਂ ਧਾਰੀਆਂ ਦਾ ਰੋਗ ਕੁਝ ਹੱਦ ਤੱਕ ਨਹੀਂ ਲੱਗਦਾ। ਇਸ ਨੂੰ ਛੱਲੀਆਂ ਦਰਮਿਆਨੀਆਂ ਉੱਚੀਆਂ ਲੱਗਦੀਆਂ ਹਨ। ਇਸ ਕਿਸਮ ਦੀਆਂ ਛੱਲੀਆਂ ਲੰਮੀਆਂ, ਭਰਵੀਆਂ ਅਤੇ ਗੋਲ ਹੁੰਦੀਆਂ ਹਨ। ਦਾਣੇ ਚਿੱਟੇ, ਮੋਟੇ ਅਤੇ ਕੁਝ ਚਿੱਬੇ ਹੁੰਦੇ ਹਨ। ਇਹ ਤਕਰੀਬਨ ੧੬੫ ਕੁਇੰਟਲ ਹਰਾ ਚਾਰਾ ਪ੍ਰਤੀ ਏਕੜ ਦਿੰਦੀ ਹੈ । ਜੇਕਰ ਜੇ ੧੦੦੬ ਕਿਸਮ ਦਾ ਬੀਜ ਨਾ ਮਿਲੇ ਤਾਂ ਮੱਕੀ ਦੀਆਂ ਕੰਪਾਜ਼ਿਟ ਕਿਸਮਾਂ ਜਿਵੇਂ ਪ੍ਰਭਾਤ, ਕੇਸਰੀ ਅਤੇ ਮੇਘਾ ਵੀ ਚਾਰੇ ਦੇ ਤੌਰ ਤੇ ਬੀਜੀਆਂ ਜਾ ਸਕਦੀਆਂ ਹਨ ਪਰ ਜੇਕਰ ਬਿਜਾਈ ਪਛੇਤੀ ਕਰਨੀ ਹੋਵੇ (ਅਗਸਤ ਦੇ ਆਖਰੀ ਹਫਤੇ ਤੋਂ ਪਿਛੋਂ) ਕੇਸਰੀ ਅਤੇ ਮੇਘਾ ਕਿਸਮਾਂ ਨਾ ਬੀਜੋ ਕਿਉਂਕਿ ਇਹਨਾਂ ਉੱਤੇ ਠੰਢ ਦਾ ਮਾੜਾ ਅਸਰ ਹੁੰਦਾ ਹੈ ।

ਕਾਸ਼ਤ ਦੇ ਢੰਗ:

ਬੀਜ ਦੀ ਮਾਤਰਾ, ਸੋਧ ਅਤੇ ਬਿਜਾਈ: ੩੦ ਕਿਲੋ ਬੀਜ ਪ੍ਰਤੀ ਏਕੜ ਪਾਉ। ਮੱਕੀ ਦੀ ਬਿਜਾਈ ਮਾਰਚ ਦੇ ਪਹਿਲੇ ਹਫ਼ਤੇ ਤੋਂ ਲੈ ਕੇ ਅੱਧ ਸਤੰਬਰ ਤੱਕ ਕੀਤੀ ਜਾ ਸਕਦੀ ਹੈ । ਉਸੇ ਖੇਤ ਵਿਚੋਂ ਤਿੰਨ ਫ਼ਸਲਾਂ ਕਾਮਯਾਬੀ ਨਾਲ ਲਈਆਂ ਜਾ ਸਕਦੀਆਂ ਹਨ । ਬਿਜਾਈ ਕੇਰੇ ਜਾਂ ਪੋਰੇ ਨਾਲ ਕਰੋ ਅਤੇ ਕਤਾਰਾਂ ਵਿਚਕਾਰ ਫਾਸਲਾ ੩੦ ਸੈਂਟੀਮੀਟਰ ਰੱਖੋ । ਫ਼ਸਲ ਦੀ ਬਿਜਾਈ ਖਾਦ-ਬੀਜ ਡਰਿਲ ਨਾਲ ਵੀ ਕੀਤੀ ਜਾ ਸਕਦੀ ਹੈ । ਜੇਕਰ ਮੱਕੀ ਅਤੇ ਰਵਾਂਹ ਰਲਾ ਕੇ ਬੀਜਣੇ ਹੋਣ ਤਾਂ ਮੱਕੀ ਅਤੇ ਰਵਾਂਹ ੮੮ ਦਾ ਬੀਜ ੧੫-੧੫ ਕਿਲੋ ਅਤੇ ਮੱਕੀ ਤੇ ਰਵਾਂਹ ੩੬੭ ਦਾ ਬੀਜ ੧੫ ਅਤੇ ੬ ਕਿਲੋ ਪ੍ਰਤੀ ਏਕੜ ਕ੍ਰਮਵਾਰ ਪਾਓ । ਬੀਜ ਸੋਧਣ ਦੀ ਵਿਧੀ ਦਾਣਿਆਂ ਵਾਲੀ ਫ਼ਸਲ ਅਨੁਸਾਰ ਹੀ ਹੈ । ਮੱਕੀ ਨੂੰ ਬਿਨਾਂ ਵਹਾਏ ਜੀਰੋ ਟਿੱਲ ਡਰਿੱਲ ਨਾਲ ਵਾਹ ਕੇ ਅਤੇ ਬਿਨਾਂ ਵਹਾਏ ਬੀਜੀ ਕਣਕ ਤੋਂ ਬਾਅਦ ਬੀਜ ਸਕਦੇ ਹਾਂ।

ਖਾਦਾਂ: ਖੇਤ ਤਿਆਰ ਕਰਨ ਤੋਂ ਪਹਿਲਾਂ ੧੦ ਟਨ ਰੂੜੀ ਦੀ ਖਾਦ ਪਾਓ । ਇਹ ਜ਼ਿੰਕ, ਫ਼ਾਸਫੋਰਸ, ਪੋਟਾਸ਼ ਅਤੇ ਇੱਕ ਤਿਹਾਈ ਨਾਈਟ੍ਰੋਜਨ ਦੀ ਘਾਟ ਨੂੰ ਪੂਰਾ ਕਰਦੀ ਹੈ । ਚਾਰੇ ਵਾਲੀ ਮੱਕੀ ਨਾਈਟ੍ਰੋਜਨ ਖਾਦ ਨੂੰ ਬਹੁਤ ਮੰਨਦੀ ਹੈ । ਆਮ ਜਰਖੇਜ਼ ਖੇਤ ਵਿਚ ਜਿਹੜੀਆਂ ਸਿਫਾਰਸ਼ਾਂ ਕੰਪਾਜਿਟ ਮੱਕੀ ਬੀਜਣ ਲਈ ਦੱਸੀਆਂ ਗਈਆਂ ਹਨ, ਅਪਨਾਉਣੀਆਂ ਚਾਹੀਦੀਆਂ ਹਨ । ਅੱਧੀ ਨਾਈਟ੍ਰੋਜਨ, ਸਾਰੀ ਫਾਸਫੋਰਸ ਅਤੇ ਪੋਟਾਸ਼ ਖਾਦਾਂ ਬਿਜਾਈ ਸਮੇਂ ਪਾਓ ਅਤੇ ਅੱਧੀ ਨਾਈਟ੍ਰੋਜਨ ਖਾਦ ੩-੪ ਹਫਤੇ ਮਗਰੋਂ ਪਾਓ ।

ਨਦੀਨਾਂ ਦੀ ਰੋਕਥਾਮ: ਮੱਕੀ ਦੇ ਚਾਰੇ ਵਿਚ ਨਦੀਨਾਂ ਦੀ ਰੋਕਥਾਮ ਲਈ ਉਹੀ ਤਰੀਕੇ ਹਨ ਜਿਹੜੇ ਮੱਕੀ ਦੀ ਦਾਣਿਆਂ ਵਾਲੀ ਫ਼ਸਲ ਲਈ ਹਨ। ਕਿਸਾਨ ਆਮ ਤੌਰ ਤੇ ਮੱਕੀ ਦਾ ਖਾਲਸ ਚਾਰਾ ਸਤੰਬਰ ਦੇ ਅਖੀਰ ਤੱਕ ਬੀਜਦੇ ਹਨ ਅਤੇ ਬਾਅਦ ਵਿਚ ਉਥੋੇ ਕਣਕ ਬੀਜਦੇ ਹਨ । ਇਨ੍ਹਾਂ ਹਾਲਤਾਂ ਵਿਚ ਐਟਰਾਜ਼ੀਨ (ਐਟਰਾਟਾਫ ੫੦ ਡਬਲਯੂ ਪੀ) ਜ਼ਿਆਦਾ ਸੁਰੱਖਿਅਤ ਹੈ ਅਤੇ ਇਸ ਦੀ ਵਰਤੋਂ ਸਤੰਬਰ ਦੇ ਪਹਿਲੇ ਪੰਦਰ੍ਹਵਾੜੇ ਤੱਕ ਵੀ ਕੀਤੀ ਜਾ ਸਕਦੀ ਹੈ । ਜੇਕਰ ਕਿਸਾਨ ਮੱਕੀ ਦਾ ਚਾਰਾ ਬੀਜਣ ਤੋਂ ਦੋ ਦਿਨ ਦੇ ਅੰਦਰ ਅੰਦਰ ਇਸ ਨਦੀਨਨਾਸ਼ਕ ਦਵਾਈ ਦੀ ਵਰਤੋਂ ਨਾ ਕਰ ਸਕਣ ਤਾਂ ਐਟਰਾਜ਼ੀਨ (ਐਟਰਾਟਾਫ਼ ੫੦ ਡਬਲਯੂ ਪੀ) ਦਾ ਛਿੜਕਾਅ ਸਿਫ਼ਾਰਸ਼ ਕੀਤੀ ਮਾਤਰਾ ਵਿਚ ਕੀਤਾ ਜਾ ਸਕਦਾ ਹੈ, ਜਦੋਂ ਨਦੀਨਾਂ ਦੇ ੨ ਤੋਂ ੩ ਪੱਤੇ ਨਿਕਲ ਆਉਣ । ਜੇਕਰ ਮੱਕੀ ਦੇ ਚਾਰੇ ਵਿਚ ਰਵਾਂਹ ਰਲਾ ਕੇ ਬੀਜਿਆ ਹੋਵੇ ਤਾਂ ਇਨ੍ਹਾਂ ਨਦੀਨ ਨਾਸ਼ਕ ਦਵਾਈਆਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ । ਮੱਕੀ+ਰਵਾਂਹ ਦੇ ਮਿਸ਼ਰਤ ਚਾਰੇ ਵਿਚ ਸਟੌਂਪ ੩੦ ਤਾਕਤ (ਪੈਂਡੀਮੈਥਾਲੀਨ) ਇਕ ਲਿਟਰ, ੨੦੦ ਲਿਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਬਿਜਾਈ ਤੋਂ ੨ ਦਿਨਾਂ ਅੰਦਰ ਛਿੜਕੋ । ਇਸ ਨਦੀਨ ਨਾਸ਼ਕ ਦਵਾਈ ਨਾਲ ਮੌਸਮੀ ਨਦੀਨਾਂ ਜਿਵੇਂ ਇਟਸਿਟ/ਚੁਪੱਤੀ ਦਾ ਵੀ ਨਾਸ਼ ਹੋ ਜਾਂਦਾ ਹੈ ।

ਕਟਾਈ: ਜਦ ਮੱਕੀ ਦੀ ਫ਼ਸਲ ਦੋਧੇ ਤੇ ਹੋਵੇ ਅਤੇ ਦਾਣੇ ਨਰਮ ਹੋਣ (ਬਿਜਾਈ ਤੋਂ ੫੦-੬੦ ਦਿਨਾਂ ਪਿਛੋਂ) ਤਾਂ ਇਹ ਕਟਾਈ ਲਈ ਤਿਆਰ ਹੋ ਜਾਂਦੀ ਹੈ । ਚਾਰੇ ਵਾਲੀ ਫ਼ਸਲ ਵਿਚੋਂ ਛੱਲੀਆਂ ਨਹੀਂ ਉਤਾਰਨੀਆਂ ਚਾਹੀਦੀਆਂ ਕਿਉਂਕਿ ਪੌਦੇ ਦੇ ਬਹੁਤੇ ਪੌਸ਼ਟਿਕ ਤੱਤ ਇਨ੍ਹਾਂ ਵਿਚ ਹੁੰਦੇ ਹਨ । ਵਾਧੂ ਚਾਰੇ ਦਾ ਅਚਾਰ ਬਣਾ ਕੇ ਰੱਖਿਆ ਜਾ ਸਕਦਾ ਹੈ। ਚਾਰੇ ਦਾ ਅਚਾਰ ਬਣਾਉਣ ਦਾ ਤਰੀਕਾ ਅੱਗੇ ਦਿੱਤਾ ਗਿਆ ਹੈ ।

ਬੀਜ ਪੈਦਾ ਕਰਨਾ:

ਕੰਪਾਜ਼ਿਟ ਮੱਕੀ ਦਾ ਬੀਜ ਪੈਦਾ ਕਰਨ ਲਈ ਦਿੱਤੀਆਂ ਹੋਈਆਂ ਸਿਫ਼ਾਰਸ਼ਾਂ ਅਪਣਾਓ।

ਪੌਦ-ਸੁਰੱਖਿਆ

ਮੱਕੀ ਦਾ ਗੜੂੰਆਂ: ਮਾਰਚ ਤੋਂ ਅਕਤੂਬਰ ਤੱਕ ਬਹੁਤ ਨੁਕਸਾਨ ਕਰਦਾ ਹੈ। ਇਸ ਦੀ ਰੋਕਥਾਮ ਲਈ ਫ਼ਸਲ ਬੀਜਣ ਤੋਂ ੨-੩ ਹਫ਼ਤੇ ਬਾਅਦ ਜਾਂ ਜਦੋਂ ਗੜੂੰਏਂ ਦਾ ਹਮਲਾ ਨਜ਼ਰ ਆਵੇ ਤਾਂ ਹਮਲੇ ਵਾਲੇ ਬੂਟੇ ਪੁੱਟ ਕੇ ਨਸ਼ਟ ਕਰ ਦੇਣੇ ਚਾਹੀਦੇ ਹਨ। ਇਸ ਫ਼ਸਲ ਨੂੰ ਅਗੇਤੇ ਗੜੂੰਏਂ ਤੋਂ ਬਚਾਉਣ ਲਈ ੧੦੦-੧੫੦ ਗ੍ਰਾਮ ਸੇਵਿਨ ੫੦% ਘੁਲਣਸ਼ੀਲ (ਕਾਰਬਰਿਲ) ਪ੍ਰਤੀ ਏਕੜ ਸਪਰੇ ਕਰੋ, ਜਦ ਕੀੜੇ ਦਾ ਹਮਲਾ ਜਾਪੇ। ਤੇਲੇ ਅਤੇ ਘੋੜੇ ਆਦਿ ਦੀ ਰੋਕਥਾਮ ਲਈ ੨੫੦ ਤੋਂ ੪੦੦ ਮਿਲੀਲਿਟਰ ਮੈਲਾਥੀਆਨ ੫੦ ਈ ਸੀ ਪ੍ਰਤੀ ਏਕੜ ਛਿੜਕੋ। ਵਾਲਾਂ ਵਾਲੀ ਸੁੰਡੀ ਦੀ ਰੋਕਥਾਮ ਲਈ ੧੫ ਕਿਲੋ ਮੈਲਾਥੀਆਨ ੫ ਪ੍ਰਤੀਸ਼ਤ ਪ੍ਰਤੀ ਏਕੜ ਦੇ ਹਿਸਾਬ ਧੂੜਾ ਧੂੜੋ।

ਸਾਵਧਾਨੀਆਂ:

(੧) ਮੱਕੀ ਦੀ ਚਾਰੇ ਵਾਲੀ ਫ਼ਸਲ ਤੇ ਉਹ ਕੀਟਨਾਸ਼ਕ ਨਹੀਂ ਵਰਤੇ ਜਾ ਸਕਦੇ ਜੋ ਮੱਕੀ ਦੇ ਦਾਣਿਆਂ ਵਾਲੀ ਫ਼ਸਲ ਲਈ ਸਿਫ਼ਾਰਿਸ਼ ਕੀਤੇ ਗਏ ਹਨ।

(੨) ਸੇਵਿਨ ੫੦% ਘੁਲਣਸ਼ੀਲ (ਕਾਰਬਰਿਲ) ਛਿੜਕਾਅ ਕਰਨ ਤੋਂ ੨੧ ਦਿਨਾਂ ਪਿਛੋਂ ਫ਼ਸਲ ਚਾਰੇ ਲਈ ਵਰਤੋ।

(੩) ਮੈਲਾਥੀਆਨ ਦੇ ਛਿੜਕਾਅ ਤੋਂ ੧੪ ਦਿਨ ਤੱਕ ਫ਼ਸਲ ਚਾਰੇ ਲਈ ਨਾ ਵਰਤੋ।

ਜੁਆਰ (ਚਰ੍ਹੀ)

ਇਹ ਸਾਉਣੀ ਦੇ ਚਾਰੇ ਦੀ ਮੁੱਖ ਫ਼ਸਲ ਹੈ ਅਤੇ ਪੰਜਾਬ ਵਿੱਚ ਤਕਰੀਬਨ ੨.੬੪ ਲੱਖ ਹੈਕਟੇਅਰ ਰਕਬਾ ਇਸ ਫ਼ਸਲ ਹੇਠ ਹੈ। ਇਹ ਫ਼ਸਲ ਮੱਕੀ ਅਤੇ ਬਾਜਰੇ ਨਾਲੋਂ ਬਹੁਤ ਦੇਰ ਤੱਕ ਹਰੀ ਰਹਿੰਦੀ ਹੈ ਅਤੇ ਪਸ਼ੂ ਵੀ ਵਧੇਰੇ ਖੁਸ਼ ਹੋ ਕੇ ਖਾਂਦੇ ਹਨ।

ਜਲਵਾਯੂ ਅਤੇ ਜ਼ਮੀਨ

ਜੁਆਰ ਨੂੰ ਗਰਮ ਅਤੇ ਖੁਸ਼ਕ ਜਲਵਾਯੂ ਦੀ ਲੋੜ ਹੈ। ਸਿਲ੍ਹੇ ਮੌਸਮ ਵਿਚ ਇਸ ਨੂੰ ਪੱਤਿਆਂ ਦੇ ਲਾਲ ਧੱਬਿਆਂ ਦਾ ਰੋਗ ਲੱਗ ਜਾਂਦਾ ਹੈ। ਇਹ ਹਰ ਤਰ੍ਹਾਂ ਦੀ ਜ਼ਮੀਨ ਵਿਚ ਹੋ ਸਕਦੀ ਹੈ ਪਰ ਭਾਰੀਆਂ ਜ਼ਮੀਨਾਂ ਇਸ ਲਈ ਬਹੁਤ ਢੁਕਵੀਆਂ ਹਨ। ਚੰਗੇ ਜਲ ਨਿਕਾਸ ਦਾ ਪ੍ਰਬੰਧ ਕਰਨਾ ਵੀ ਜ਼ਰੂਰੀ ਹੈ।

ਉੱਨਤ ਕਿਸਮ

ਐਸ ਐਲ ੪੪ (੧੯੭੪): ਇਹ ਕਿਸਮ ਮਿੱਠੀ, ਰਸੀਲੀ ਅਤੇ ਪਤਲੇ ਤਣਿਆਂ ਵਾਲੀ ਹੈ। ਇਹ ਕਿਸਮ ਪੰਜਾਬ ਦੇ ਸਾਰੇ ਸੇਂਜੂ ਰਕਬੇ ਲਈ ਗਰਮੀਆਂ ਤੇ ਸਾਉਣੀ ਦੇ ਮੁੱਖ ਮੌਸਮ ਵਿਚ ਬੀਜਣ ਲਈ ਬਹੁਤ ਢੁਕਵੀਂ ਹੈ। ਇਸ ਦਾ ਹਰਾ ਤੇ ਮਿੱਠਾ ਚਾਰਾ ਪਸ਼ੂ ਬਹੁਤ ਖੁਸ਼ ਹੋ ਕੇ ਖਾਂਦੇ ਹਨ। ਇਸ ਕਿਸਮ ਵਿਚ ਪਚਣਯੋਗ ਸੁੱਕਾ ਮਾਦਾ ਬਹੁਤ ਹੁੰਦਾ ਹੈ। ਇਹ ਕਿਸਮ ਬਾਕੀ ਕਿਸਮਾਂ ਦੇ ਮੁਕਾਬਲੇ ਪੱਤਿਆ ਦੇ ਲਾਲ ਧੱਬਿਆਂ ਦੇ ਰੋਗ ਦਾ ਟਾਕਰਾ ਕਰਨ ਦੇ ਸਮਰੱਥ ਹੈ। ਇਸ ਕਿਸਮ ਤੋਂ ਔਸਤਨ 240 ਕੁਇੰਟਲ ਚਾਰਾ ਪ੍ਰਤੀ ਏਕੜ ਮਿਲ ਜਾਂਦਾ ਹੈ।

ਕਾਸ਼ਤ ਦੇ ਢੰਗ

ਜ਼ਮੀਨ ਦੀ ਤਿਆਰੀ: ਖੇਤ ਚੰਗਾ ਤਿਆਰ ਕਰੋ ਤਾਂ ਜੋ ਨਦੀਨਾਂ ਤੋਂ ਰਹਿਤ ਹੋ ਜਾਵੇ ਅਤੇ ਫ਼ਸਲ ਦਾ ਮੁਢਲਾ ਵਾਧਾ ਤੇਜ਼ ਹੋਵੇ। ਸੇਂਜੂ ਜ਼ਮੀਨਾਂ ਵਿਚ ਇਕ ਵਾਰ ਤਵੀਆਂ ਚਲਾਓ ਅਤੇ ਇਸ ਪਿਛੋਂ ਦੋ ਵਾਰ ਕਲਟੀਵੇਟਰ ਨਾਲ ਵਾਹ ਕੇ ਖੇਤ ਚੰਗਾ ਤਿਆਰ ਕਰੋ। ਬੀਜ ਦੀ ਮਾਤਰਾ, ਬੀਜ ਦੀ ਸੋਧ ਅਤੇ ਬਿਜਾਈ : ਜੁਆਰ ਲਈ ਪ੍ਰਤੀ ਏਕੜ ੨੦-੨੫ ਕਿਲੋ ਬੀਜ ਵਰਤੋ। ਅਗੇਤੇ ਚਾਰੇ ਲਈ ਬਿਜਾਈ ਅੱਧ ਮਾਰਚ ਤੋਂ ਸ਼ੁਰੂ ਕਰ ਦਿਓ। ਬਿਜਾਈ ਦਾ ਠੀਕ ਸਮਾਂ ਅੱਧ ਜੂਨ ਤੋਂ ਅੱਧ ਜੁਲਾਈ ਹੈ। ਬੀਜ ਨੂੰ ੨.੫ ਗ੍ਰਾਮ ਐਮੀਸਾਨ ੬ ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਸੋਧ ਕੇ ਬੀਜੋ। ਬਿਜਾਈ ਲਈ ਖਾਦ ਬੀਜ ਡਰਿੱਲ ਦਾ ਪ੍ਰਯੋਗ ਕਰੋ ਜਾਂ ਪੋਰ ਦੀ ਵਰਤੋਂ ਕਰੋ। ਕਤਾਰਾਂ ਵਿਚਕਾਰ ਫ਼ਾਸਲਾ ੨੨ ਸੈਂਟੀਮੀਟਰ ਰੱਖੋ। ਚਰ੍ਹੀ ਨੂੰ ਬਿਨਾਂ ਵਹਾਏ ਜੀਰੋ ਟਿੱਲ ਡਰਿੱਲ ਨਾਲ ਵਾਹ ਕੇ ਅਤੇ ਬਿਨਾਂ ਵਹਾਏ ਬੀਜੀ ਕਣਕ ਤੋਂ ਬਾਅਦ ਬੀਜ ਸਕਦੇ ਹਾਂ।

ਨਦੀਨਾਂ ਦੀ ਰੋਕਥਾਮ: ਐਟਰਾਟਾਫ਼ ੫੦ ਡਬਲਯੂ ਪੀ (ਐਟਰਾਜ਼ੀਨ) ੪੦੦ ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਬਿਜਾਈ ਤੋਂ ਦੋ ਦਿਨਾਂ ਅੰਦਰ ੨੦੦ ਲਿਟਰ ਪਾਣੀ ਪ੍ਰਤੀ ਏਕੜ ਦੇ ਹਿਸਾਬ ਛਿੜਕੋ। ਇਸ ਨਾਲ ਮੌਸਮੀ ਨਦੀਨਾਂ ਖਾਸ ਕਰਕੇ ਇਟਸਿਟ/ਚੁੱਪਤੀ ਦੀ ਚੰਗੀ ਤਰ੍ਹਾਂ ਰੋਕਥਾਮ ਹੋ ਜਾਂਦੀ ਹੈ। ਜੇਕਰ ਗੁਆਰਾ ਅਤੇ ਚਰ੍ਹੀ ਰਲਾ ਕੇ ਬੀਜੇ ਗਏ ਹੋਣ ਤਾਂ ਸਟੌਂਪ ੩੦ ਤਾਕਤ (ਪੈਂਡੀਮੈਥਾਲੀਨ) ਇਕ ਲਿਟਰ ਪ੍ਰਤੀ ਏਕੜ ਦੇ ਹਿਸਾਬ, ਬਿਜਾਈ ਤੋਂ ਦੋ ਦਿਨਾਂ ਦੇ ਅੰਦਰ ਛਿੜਕੋ। ਇਸ ਨਦੀਨ ਨਾਸ਼ਕ ਦਵਾਈ ਨਾਲ ਇਟਸਿਟ/ਚੁੱਪਤੀ ਦੀ ਰੋਕਥਾਮ ਵੀ ਹੋ ਜਾਂਦੀ ਹੈ।

ਖਾਦਾਂ: ਘੱਟ ਬਾਰਸ਼ ਵਾਲੇ ਜਾਂ ਬਰਾਨੀ ਇਲਾਕੇ ਵਿਚ ੨੦ ਕਿਲੋ ਨਾਈਟ੍ਰੋਜਨ ਤੱਤ (੪੪ ਕਿਲੋ ਯੂਰੀਆ) ਪ੍ਰਤੀ ਏਕੜ, ਬਿਜਾਈ ਸਮੇਂ ਪੋਰੋ । ਮੀਂਹ ਵਾਲੇ ਜਾਂ ਸੇਂਜੂ ਇਲਾਕਿਆਂ ਵਿਚ ੨੦ ਕਿਲੋ ਨਾਈਟ੍ਰੋਜਨ ਤੱਤ (੪੪ ਕਿਲੋ ਯੂਰੀਆ) ਤੇ ੮ ਕਿਲੋ ਫ਼ਾਸਫ਼ੋਰਸ ਤੱਤ (੫੦ ਕਿਲੋ ਸਿੰਗਲ ਸੁਪਰਫਾਸਫੇਟ) ਪਾਓ। ਇਸ ਤੋਂ ਇਕ ਮਹੀਨਾ ਪਿਛੋਂ ਹੋਰ ੨੦ ਕਿਲੋ ਨਾਈਟ੍ਰੋਜਨ (੪੪ ਕਿਲੋ ਯੂਰੀਆ) ਪ੍ਰਤੀ ਏਕੜ ਦੇ ਹਿਸਾਬ ਛੱਟੇ ਨਾਲ ਪਾਓ। ਪੋਟਾਸ਼ ਤੱਤ ਦੀ ਵਰਤੋਂ ਭੂਮੀ ਪਰਖ ਦੇ ਆਧਾਰ ਤੇ ਕਰੋ।

ਸਿੰਚਾਈ ਤੇ ਜਲ ਨਿਕਾਸ: ਅਗੇਤੇ ਮੌਸਮ ਦੇ ਚਾਰੇ (ਮਾਰਚ-ਜੂਨ) ਨੂੰ ਲਗਭਗ ੫ ਪਾਣੀ ਦਿਉ। ਬਰਸਾਤ ਦੇ ਮੌਸਮ ਵਾਲੀ ਫ਼ਸਲ ਨੂੰ ਬਾਰਸ਼ ਮੁਤਾਬਕ ੧-੨ ਪਾਣੀ ਹੀ ਕਾਫੀ ਹਨ। ਖੇਤ ਵਿਚ ਜਲ ਨਿਕਾਸ ਦਾ ਪ੍ਰਬੰਧ ਵੀ ਹੋਣਾ ਚਾਹੀਦਾ ਹੈ।

ਕਟਾਈ ਦਾ ਸਮਾਂ: ਗੋਭੇ ਤੋਂ ਦੋਧੇ ਦੀ ਅਵਸਥਾ (੬੫-੮੦ ਦਿਨ) ਤੇ ਫ਼ਸਲ ਦੀ ਕਟਾਈ ਕਰਨ ਤੇ ਇਸ ਚਾਰੇ ਤੋਂ ਵੱਧ ਤੋਂ ਵੱਧ ਖੁਰਾਕੀ ਤੱਤ ਪ੍ਰਾਪਤ ਹੁੰਦੇ ਹਨ। ਸੋਕੇ ਦੀਆਂ ਹਾਲਤਾਂ ਵਿਚ ਚਾਰੇ ਨੂੰ ਕੱਟਣ ਤੋਂ ਘੱਟੋ ਘੱਟ ਇਕ ਹਫਤਾ ਪਹਿਲਾਂ ਪਾਣੀ ਲਾ ਦੇਣਾ ਚਾਹੀਦਾ ਹੈ।

ਬੀਜ ਪੈਦਾ ਕਰਨਾ

੬ ਤੋਂ ੮ ਕਿਲੋ ਬੀਜ ਪ੍ਰਤੀ ਏਕੜ ਪਾਓ। ਬੀਜ ਨੂੰ ੮ ਸੈਂਟੀਮੀਟਰ ਡੂੰਘਾ ਕਤਾਰਾਂ ਵਿਚ ੩੦ ਸੈਂਟੀਮੀਟਰ ਦੇ ਫ਼ਾਸਲੇ ਤੇ ਜੂਨ ਦੇ ਅਖੀਰਲੇ ਹਫ਼ਤੇ ਵਿਚ ਬੀਜੋ। ਬਿਜਾਈ ਸਮੇਂ ਇਕ ਏਕੜ ਪਿਛੇ ੧੬ ਕਿਲੋ ਨਾਈਟ੍ਰੋਜਨ (੩੫ ਕਿਲੋ ਯੂਰੀਆ) ੮ ਕਿਲੋ ਫ਼ਾਸਫ਼ੋਰਸ (੫੦ ਕਿਲੋ ਸੁਪਰਫਾਸਫੇਟ) ਅਤੇ ੧੦ ਕਿਲੋ ਪੋਟਾਸ਼ (੧੬ ਕਿਲੋ ਮਿਊਰੇਟ ਆਫ਼ ਪੋਟਾਸ਼) ਪਾਓ। ਪੋਟਾਸ਼ ਸਿਰਫ ਪੋਟਾਸ਼ ਦੀ ਘਾਟ ਵਾਲੀਆਂ ਜ਼ਮੀਨਾਂ ਵਿਚ ਹੀ ਪਾਉ। ਬਿਜਾਈ ਤੋਂ ੪੦ ਦਿਨਾਂ ਪਿਛੋਂ ੧੬ ਕਿਲੋ ਨਾਈਟ੍ਰੋਜਨ (੩੫ ਕਿਲੋ ਯੂਰੀਆ) ਪਾਓ।

ਪੌਦ ਸੁਰੱਖਿਆ (ੳ) ਕੀੜੇ-ਮਕੌੜੇ

ਸ਼ਾਖ ਦੀ ਮੱਖੀ: ਇਹ ਕੀੜਾ ਸਾਰਾ ਸਾਲ ਹਮਲਾ ਕਰਦਾ ਹੈ ਪਰ ਮਾਰਚ ਤੋਂ ਅਪ੍ਰੈਲ ਅਤੇ ਅਗਸਤ ਤੋਂ ਸਤੰਬਰ ਵਿਚ ਬਹੁਤ ਜ਼ਿਆਦਾ ਨੁਕਸਾਨ ਕਰਦਾ ਹੈ। ਜਿਹੜੀ ਫ਼ਸਲ ਜੂਨ ਦੇ ਸ਼ੁਰੂ ਤੋਂ ਜੁਲਾਈ ਦੇ ਦੂਜੇ ਹਫ਼ਤੇ ਤੱਕ ਬੀਜੀ ਗਈ ਹੋਵੇ ਉਹ ਇਸ ਕੀੜੇ ਦੀ ਮਾਰ ਤੋਂ ਬਚੀ ਰਹਿੰਦੀ ਹੈ। ਅਗੇਤੀ ਬੀਜੀ (ਅਪ੍ਰੈਲ/ਮਈ) ਜ਼ਿਆਦਾ ਲੌਅ ਦੇਣ ਵਾਲੀ ਚਰੀ ਤੇ ਇਸਦਾ ਹਮਲਾ ਵਧੇਰੇ ਹੁੰਦਾ ਹੈ। ਇਸ ਦੀ ਸੁਰੱਖਿਆ ਲਈ ਦੋ ਛਿੜਕਾਅ ਕਰਨੇ ਚਾਹੀਦੇ ਹਨ। ਫ਼ਸਲ ਦੇ ਚਾਰ ਪੱਤੇ ਨਿਕਲਣ ਤੇ ਪਹਿਲਾ ਛਿੜਕਾਅ ਅਤੇ ਉਸ ਤੋਂ ਇਕ ਹਫਤੇ ਦੀ ਵਿੱਥ ਤੇ ਦੂਜਾ ਛਿੜਕਾਅ ੨੫੦ ਮਿਲੀਲਿਟਰ ਮੈਲਾਥੀਆਨ ੫੦ ਈ ਸੀ ਜਾਂ ੧੦੦ ਗ੍ਰਾਮ ਸੇਵਿਨ ੫੦ ਡਬਲਯੂ ਪੀ ਨੂੰ ੫੦ ਲਿਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਕਰੋ।

ਜੂੰ: ਇਸਦੇ ਹਮਲੇ ਵਜੋਂ ਪੱਤੇ ਲਾਲ ਹੋ ਜਾਂਦੇ ਹਨ। ਇਸ ਦੀ ਰੋਕਥਾਮ ਲਈ ੨੫੦ ਤੋਂ ੪੫੦ ਮਿਲੀਲਿਟਰ ਮੈਲਾਥੀਆਨ ੫੦ ਈ ਸੀ ੧੦੦ ਲਿਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਛਿੜਕਾਅ ਕਰੋ।

ਘੋੜਾ ਅਤੇ ਗੁਝੀਆ: ਜੇਕਰ ਫ਼ਸਲ ਉਪਰ ਸਲੇਟੀ ਭੂੰਡੀ, ਪੱਤਿਆਂ ਦਾ ਟਿੱਡਾ, ਘਾਹ ਦਾ ਟਿੱਡਾ ਜਾਂ ਕਮਾਦ ਦੇ ਘੋੜੇ ਦਾ ਹਮਲਾ ਵੇਖੋ ਤਾਂ ੨੫੦ ਤੋਂ ੫੦੦ ਮਿਲੀਲਿਟਰ ਮੈਲਾਥੀਆਨ ੫੦ ਈ ਸੀ ਨੂੰ ੧੦੦ ਲਿਟਰ ਪਾਣੀ ਵਿਚ ਘੋਲ ਕੇ ਇੱਕ ਏਕੜ ਤੇ ਸਪਰੇ ਕਰੋ।

ਸਾਵਧਾਨੀਆਂ:

੧. ਮੈਲਾਥੀਆਨ ਦਾ ਧੂੜਾ, ਟ੍ਰਾਈਕਲੋਰਫੋਨ, ਸੈਵੀਥੀਆਨ ਜਾਂ ਮੋਨੋਕਰੋਟੋਫ਼ੋਸ ਦਵਾਈਆਂ ਬਿਲਕੁਲ ਨਾ ਵਰਤੋ ਕਿਉਂਕਿ ਇਨ੍ਹਾਂ ਨਾਲ ਫ਼ਸਲ ਸੜ ਜਾਂਦੀ ਹੈ।

੨. ਛਿੜਕਾਅ ਕਰਨ ਦੇ ਦੋ ਹਫਤੇ ਤੱਕ ਚਾਰਾ ਡੰਗਰਾਂ ਨੂੰ ਬਿਲਕੁਲ ਨਾ ਚਾਰੋ।

(ਅ) ਪੰਛੀ: ਵੇਖੋ ਫ਼ਸਲਾਂ ਦਾ ਪੰਛੀਆਂ ਤੋਂ ਬਚਾਅ।

(ੲ) ਬਿਮਾਰੀਆਂ

ਬੀਜ ਸੜਨਾ ਤੇ ਛੋਟੇ ਬੂਟਿਆਂ ਦਾ ਮਰਨਾ: ਇਹ ਬਿਮਾਰੀ ਬੀਜ ਰਾਹੀਂ ਫੈਲਣ ਵਾਲੀ ਉੱਲੀ ਨਾਲ ਹੁੰਦੀ ਹੈ। ਇਸ ਬਿਮਾਰੀ ਕਾਰਨ ਬੀਜ ਸੁੰਗੜ ਜਾਂਦੇ ਹਨ ਤੇ ਗੂੜ੍ਹੇ ਰੰਗ ਦੇ ਹੋ ਜਾਂਦੇ ਹਨ। ਛੋਟੇ ਪੌਦੇ ਜ਼ਮੀਨ ਵਿਚੋਂ ਨਿਕਲਣ ਤੋਂ ਪਹਿਲਾਂ ਹੀ ਮਰ ਜਾਂਦੇ ਹਨ ਜਿਸ ਨਾਲ ਬੂਟਿਆਂ ਦੀ ਗਿਣਤੀ ਘੱਟ ਜਾਂਦੀ ਹੈ। ਇਸ ਦੀ ਰੋਕਥਾਮ ਲਈ ਬੀਜ ਨੂੰ ੨.੫ ਗ੍ਰਾਮ ਪ੍ਰਤੀ ਕਿਲੋ ਐਮੀਸਾਨ ੬ ਨਾਲ ਸੋਧ ਕੇ ਬੀਜੋ।

ਦਾਣਿਆਂ ਦੀ ਕਾਂਗਿਆਰੀ: ਦਾਣਿਆਂ ਦੀ ਕਾਂਗਿਆਰੀ ਦੀ ਰੋਕਥਾਮ ਲਈ ਬੀਜ ਨੂੰ ਗੰਧਕ ਦੇ ਧੂੜੇ ਨਾਲ ਸੋਧ ਕੇ ਬੀਜੋ। ਬੀਜ ਸੋਧਣ ਲਈ ੪ ਗ੍ਰਾਮ ਦਵਾਈ ਇਕ ਕਿਲੋ ਬੀਜ ਲਈ ਕਾਫੀ ਹੈ।

ਵਧੇਰੇ ਲੌਅ ਦੇਣ ਵਾਲੀ ਚਰ੍ਹੀ

ਉੱਨਤ ਕਿਸਮਾਂ:

ਪੰਜਾਬ ਸੂਡੈਕਸ ਚਰ੍ਹੀ ੪ (੨੦੧੫): ਇਹ ਬਹੁਤੀਆਂ ਕਟਾਈਆਂ ਦੇਣ ਵਾਲੀ ਦੋਗਲੀ ਕਿਸਮ ਹੈ। ਇਸ ਕਿਸਮ ਦੇ ਬੂਟੇ ਲੰਮੇ ਅਤੇ ਪੱਤੇ ਚੌੜੇ ਹਨ। ਇਹ ਕਿਸਮ ਪਹਿਲੀ ਕਟਾਈ ਲਈ ਬਿਜਾਈ ਤੋਂ ੬੦ ਦਿਨਾਂ ਬਾਅਦ ਤਿਆਰ ਹੋ ਜਾਂਦੀ ਹੈ। ਇਸ ਕਿਸਮ ਵਿੱਚ ਲਾਲ ਧੱਬੇ ਅਤੇ ਸ਼ਾਖ ਦੀ ਮੱਖੀ ਦੇ ਹਮਲੇ ਨੂੰ ਸਹਾਰਨ ਦੀ ਸਮਰੱਥਾ ਹੈ। ਸਮੇਂ ਸਿਰ ਬੀਜੀ ਫ਼ਸਲ ਤਿੰਨ ਚੰਗੀਆਂ ਕਟਾਈਆਂ ਵਿੱਚ ੪੪੫ ਕੁਇੰਟਲ ਹਰਾ ਚਾਰਾ ਪ੍ਰਤੀ ਏਕੜ ਦਿੰਦੀ ਹੈ।

ਪੰਜਾਬ ਸੂਡੈਕਸ ਚਰ੍ਹੀ ੧ (੧੯੯੧): ਇਹ ਕਈ ਲੌਅ ਦੇਣ ਵਾਲੀ ਚਰ੍ਹੀ ਦੀ ਦੋਗਲੀ ਕਿਸਮ ਹੈ। ਇਸ ਕਿਸਮ ਦੇ ਪੌਦੇ ਉੱਚੇ ਅਤੇ ਪੱਤੇ ਚੌੜੇ ਹੁੰਦੇ ਹਨ। ਇਸ ਦੇ ਟਾਂਡੇ ਰਸੀਲੇ ਅਤੇ ਮਿੱਠੇ ਹੁੰਦੇ ਹਨ। ਇਸ ਕਿਸਮ ਨੂੰ ਲਾਲ ਧੱਬਿਆਂ ਦੀ ਬਿਮਾਰੀ ਨਹੀਂ ਲੱਗਦੀ। ਵੇਲੇ ਸਿਰ ਬੀਜੀ ਫ਼ਸਲ ਗਰਮੀਆਂ ਵਿਚ ਤਿੰਨ ਚੰਗੇ ਲੌਅ ਦੇ ਜਾਂਦੀ ਹੈ ਅਤੇ ਪ੍ਰਤੀ ਏਕੜ ੪੮੦ ਕੁਇੰਟਲ ਹਰ ਚਾਰਾ ਮਿਲ ਜਾਂਦਾ ਹੈ।

ਕਾਸ਼ਤ ਦੇ ਢੰਗ:

ਬਿਜਾਈ ਦਾ ਸਮਾਂ: ਅਪ੍ਰੈਲ ਦੇ ਆਖ਼ਰੀ ਹਫ਼ਤੇ ਤੋਂ ਮਈ ਦਾ ਅੰਤ ਹੈ।

ਬੀਜ ਦੀ ਮਾਤਰਾ ਅਤੇ ਬਿਜਾਈ ਦਾ ਢੰਗ: ਪੌਦਿਆਂ ਦੀ ਪੂਰੀ ਗਿਣਤੀ ਲਈ ੧੫ ਕਿਲੋ ਬੀਜ ਪ੍ਰਤੀ ਏਕੜ ਵਰਤੋ ਅਤੇ ਬਿਜਾਈ ੩੦ ਸੈਂਟੀਮੀਟਰ ਵਿੱਥ ਤੇ ਕਤਾਰਾਂ ਵਿਚ ਚੰਗੀ ਵੱਤਰ ਵਿਚ ਕਰੋ।

ਖਾਦਾਂ: ਪਹਿਲੀ ਕਟਾਈ ਲਈ ਆਮ ਚਰ੍ਹੀ ਲਈ ਸਿਫ਼ਾਰਸ਼ ਕੀਤੀ ਖਾਦ ਦੀ ਮਾਤਰਾ ਪਾਉ। ਪਰ ਦੂਜੀਆਂ ਕਟਾਈਆਂ ਲਈ ਪਹਿਲੀ ਸਿੰਚਾਈ ਤੋਂ ਤੁਰੰਤ ਪਿਛੋਂ ੪੦ ਕਿਲੋ ਨਾਈਟ੍ਰੋਜਨ (੮੮ ਕਿਲੋ ਯੂਰੀਆ) ਪ੍ਰਤੀ ਏਕੜ ਦੇ ਹਿਸਾਬ ਪਾਓੁ।

ਕਟਾਈ: ਬਿਜਾਈ ਤੋਂ ੫੫ ਤੋਂ ੬੫ ਦਿਨਾਂ ਪਿਛੋਂ ਫ਼ਸਲ ਪਹਿਲੇ ਲੌਅ ਲਈ ਤਿਆਰ ਹੋ ਜਾਂਦੀ ਹੈ। ਬਾਕੀ ਲੌਅ ੩੫-੪੦ ਦਿਨਾਂ ਦੇ ਫ਼ਰਕ ਨਾਲ ਲਏ ਜਾ ਸਕਦੇ ਹਨ।

ਬੀਜ ਉਤਪਾਦਨ - ਇਹ ਬਹੁਤੇ ਲੌਆਂ ਵਾਲੀ ਚਰ੍ਹੀ ਦੀ ਦੋਗਲੀ ਕਿਸਮ ਹੈ ਅਤੇ ਇਸਦਾ ਬੀਜ ਹਰ ਸਾਲ ਬੀਜ ਪੈਦਾ ਕਰਨ ਵਾਲੀਆਂ ਸੰਸਥਾਵਾਂ ਤੋਂ ਨਵਾਂ ਲੈਣਾ ਪੈਂਦਾ ਹੈ। ਪੰਜਾਬ ਸੂਡੈਕਸ ਚਰ੍ਹੀ-੧ ਲਈ ਮਾਦਾ ਲਾਈਨ ਚਰ੍ਹੀ ੨੦੭੭ ਏ ਹੈ ਅਤੇ ਨਰ ਲਾਈਨ ਸੁਡਾਨ ਘਾਹ ਐਸ ਜੀ ਐੱਲ ੮੭ ਹੈ। ਮਾਦਾ ਤੇ ਨਰ ਦੂਜੀ ਚਰ੍ਹੀ ਦੀ ਫ਼ਸਲ ਤੋਂ ੨੦੦ ਮੀਟਰ ਦੇ ਫਰਕ ਨਾਲ ਬੀਜੇ ਜਾਂਦੇ ਹਨ। ਨਰ ਅਤੇ ਮਾਦਾ ਕ੍ਰਮਵਾਰ ੨:੪ ਦੇ ਅਨੁਪਾਤ ਵਿਚ ਬੀਜੇ ਜਾਂਦੇ ਹਨ। ਕਤਾਰਾਂ ਵਿਚ ੫੦ ਸੈਂਟੀਮੀਟਰ ਦੀ ਵਿੱਥ ਰੱਖੀ ਜਾਂਦੀ ਹੈ। ਇਕ ਏਕੜ ਦੀ ਬਿਜਾਈ ਲਈ ੪ ਕਿਲੋ ਮਾਦਾ ਅਤੇ ੩ ਕਿਲੋ ਨਰ ਬੀਜ ਦੀ ਲੋੜ ਪੈਂਦੀ ਹੈ। ਇਸ ਦੀ ਬਿਜਾਈ ਜੂਨ ਦੇ ਆਖ਼ਰੀ ਹਫ਼ਤੇ ਵਿਚ ਕੀਤੀ ਜਾਂਦੀ ਹੈ।

ਬਾਜਰਾ

ਪੰਜਾਬ ਵਿੱਚ ਚਾਰੇ ਵਾਲੇ ਬਾਜਰੇ ਦੀ ਕਾਸ਼ਤ ੧.੪੪ ਲੱਖ ਹੈਕਟੇਅਰ ਰਕਬੇ ਤੇ ਕੀਤੀ ਜਾਂਦੀ ਹੈ। ਬਾਜਰਾ ਚਾਰੇ ਦੀ ਬਹੁਤ ਸਖ਼ਤ ਫ਼ਸਲ ਹੈ ਅਤੇ ਇਹ ਖ਼ਰਾਬ ਜਲਵਾਯੂ ਵਿਚ ਵੀ ਚੰਗੀ ਹੋ ਜਾਂਦੀ ਹੈ। ਇਹ ਹਲਕੀਆਂ ਅਤੇ ਘੱਟ ਸਿੱਲ੍ਹ ਵਾਲੀਆਂ ਜ਼ਮੀਨਾਂ ਵਿਚ ਵੀ ਉਗਾਇਆ ਜਾ ਸਕਦਾ ਹੈ। ਇਹ ਗਰਮ ਅਤੇ ਖੁਸ਼ਕ ਮੌਸਮ ਨੂੰ ਸਹਾਰ ਸਕਦਾ ਹੈ।

ਫ਼ਸਲ ਚੱਕਰ: ਬਾਜਰਾ-ਮੱਕੀ-ਬਰਸੀਮ

ਉੱਨਤ ਕਿਸਮਾਂ

ਪੀ ਐਚ ਬੀ ਐਫ਼ ੧ (੨੦੦੯): ਇਹ ਬਾਜਰੇ ਦੀ ਹਰੇ ਚਾਰੇ ਲਈ ਦੋਗਲੀ ਕਿਸਮ ਹੈ। ਇਸ ਨੂੰ ਤਕਰੀਬਨ ੫੦ ਦਿਨਾਂ ਵਿੱਚ ਫੁੱਲ ਨਿਕਲ ਆਉਂਦੇ ਹਨ। ਇਸ ਕਿਸਮ ਦੇ ਬੂਟੇ ੧੯੮ ਸੈਂਟੀਮੀਟਰ ਉੱਚੇ ਹੁੰਦੇ ਹਨ। ਇਸ ਦਾ ਤਣਾ ਨਰਮ ਹੁੰਦਾ ਹੈ ਅਤੇ ਇਸ ਦੀਆਂ ਬਹੁਤੀਆਂ ਕਟਾਈਆਂ ਲਈਆਂ ਜਾਂਦੀਆਂ ਹਨ। ਇਸ ਦੇ ਪੜਸੂਏ ਕਾਫ਼ੀ ਹੁੰਦੇ ਹਨ ਤੇ ਪੱਤੇ ਲੰਬੇ ਅਤੇ ਚੌੜੇ ਹੁੰਦੇ ਹਨ। ਇਹ ਕਿਸਮ ਬਿਮਾਰੀਆਂ ਨੂੰ ਸਹਾਰਨ ਦੀ ਸਮਰੱਥਾ ਰੱਖਦੀ ਹੈ। ਇਸ ਵਿੱਚ ਖੁਰਾਕੀ ਤੱਤ ਐਫ ਬੀ ਸੀ ੧੬ ਕਿਸਮ ਨਾਲੋਂ ਜ਼ਿਆਦਾ ਹੁੰਦੇ ਹਨ। ਇਸ ਕਿਸਮ ਦੇ ਹਰੇ ਚਾਰੇ ਦਾ ਔਸਤ ਝਾੜ ੨੫੬ ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

ਪੀ ਸੀ ਬੀ ੧੬੪ (੨੦੦੩): ਇਹ ਇੱਕ ਛੇਤੀ ਵਧਣ ਵਾਲੀ ਕੰਪੋਜ਼ਿਟ ਕਿਸਮ ਹੈ। ਇਸਦੇ ਪੌਦਿਆਂ ਦੀ ਉਚਾਈ ਤਕਰੀਬਨ ੨੦੭ ਸੈਂਟੀਮੀਟਰ ਹੈ ਅਤੇ ਇਸਦੇ ਟਾਂਡੇ ਦਰਮਿਆਨੇ ਮੋਟੇ ਹੁੰਦੇ ਹਨ। ਇਸ ਦੇ ਸਿੱਟੇ ਬਿਜਾਈ ਤੋਂ ਤਕਰੀਬਨ ੫੦ ਦਿਨ ਤੱਕ ਨਿਕਲ ਆਉਂਦੇ ਹਨ। ਇਸਦੇ ਪੌਦੇ ਸਿੱਟੇ ਪੱਕਣ ਤੋਂ ਮਗਰੋਂ ਵੀ ਹਰੇ ਰਹਿੰਦੇ ਹਨ। ਇਸਦਾ ਚਾਰਾ ਖ਼ੁਰਾਕੀ ਤੱਤਾਂ ਨਾਲ ਭਰਪੂਰ ਹੁੰਦਾ ਹੈ। ਇਹ ਕਿਸਮ ਹਰੇ ਸਿੱਟੇ ਦੇ ਰੋਗਾਂ ਦਾ ਟਾਕਰਾ ਕਰਨ ਦੀ ਕਾਫ਼ੀ ਸਮਰੱਥਾ ਰੱਖਦੀ ਹੈ। ਇਸਦੇ ਹਰੇ ਚਾਰੇ ਦਾ ਝਾੜ ਔਸਤਨ ੨੧੦ ਕੁਇੰਟਲ ਪ੍ਰਤੀ ਏਕੜ ਹੈ ਅਤੇ ਸੁੱਕੇ ਚਾਰੇ ਦਾ ਝਾੜ ਤਕਰੀਬਨ ੫੯ ਕੁਇੰਟਲ ਪ੍ਰਤੀ ਏਕੜ ਹੈ।

ਐੱਫ ਬੀ ਸੀ ੧੬ (੨੦੦੩): ਇਹ ਬਾਜਰੇ ਦੀ ਕੰਪੋਜ਼ਿਟ ਕਿਸਮ ਹੈ ਅਤੇ ਸਿਰਫ਼ ਚਾਰੇ ਲਈ ਹੀ ਬੀਜੀ ਜਾਂਦੀ ਹੈ। ਇਹ ਕਿਸਮ ਦੂਜੀਆਂ ਕਿਸਮਾਂ ਨਾਲੋਂ ੮-੧੦ ਦਿਨ ਦੇਰ ਨਾਲ ਫੁੱਲਾਂ ਤੇ ਆਉਂਦੀ ਹੈ ਜਿਸ ਕਰਕੇ ਲੰਮੇ ਸਮੇਂ ਤੱਕ ਹਰੀ ਰਹਿੰਦੀ ਹੈ। ਇਸ ਕਿਸਮ ਦੇ ਬੂਟਿਆਂ ਦੀ ਉਚਾਈ ੨੩੫ ਸੈਂਟੀਮੀਟਰ ਹੁੰਦੀ ਹੈ। ਇਸ ਦੇ ਪੱਤੇ ਚੌੜੇ ਤੇ ਲੰਬੇ ਹੁੰਦੇ ਹਨ ਅਤੇ ਦੇਰ ਤੱਕ ਹਰੇ ਰਹਿੰਦੇ ਹਨ। ਇਸ ਨੂੰ ਪਸ਼ੂ ਖੁਸ਼ ਹੋ ਕੇ ਖਾਂਦੇ ਹਨ ਅਤੇ ਅੋਗਜ਼ਾਲੇਟ ਦੀ ਮਾਤਰਾ ਕਾਫ਼ੀ ਘੱਟ ਹੁੰਦੀ ਹੈ। ਇਹ ਮੁੱਖ ਬਿਮਾਰੀਆਂ ਦਾ ਟਾਕਰਾ ਕਰਨ ਦੀ ਸਮਰੱਥਾ ਰੱਖਦੀ ਹੈ। ਇਸਦਾ ਹਰੇ ਚਾਰੇ ਦਾ ਔਸਤਨ ਝਾੜ ੨੩੦ ਕੁਇੰਟਲ ਪ੍ਰਤੀ ਏਕੜ ਹੈ।

ਕਾਸ਼ਤ ਦੇ ਢੰਗ

ਬਿਜਾਈ ਦਾ ਸਮਾਂ: ਮਾਰਚ ਤੋਂ ਅਗਸਤ ਮੁੱਖ ਫ਼ਸਲ ਮਾਰਚ ਤੋਂ ਮਈ ਤੱਕ ਬੀਜੀ ਜਾਂਦੀ ਹੈ। ਅਗੇਤੀ ਫ਼ਸਲ ਚਾਰੇ ਲਈ ਰਵਾਂਹ ਨਾਲ ਰਲਾ ਕੇ ਬੀਜੋ।

ਜ਼ਮੀਨ ਦੀ ਤਿਆਰੀ: ਜ਼ਮੀਨ ੨-੩ ਵਾਰ ੧੫ ਸੈਂਟੀਮੀਟਰ ਡੂੰਘੀ ਵਾਹ ਕੇ ਚੰਗੀ ਤਰ੍ਹਾਂ ਤਿਆਰ ਕਰੋ।

ਬੀਜ ਦੀ ਮਾਤਰਾ ਅਤੇ ਬਿਜਾਈ ਦਾ ਢੰਗ: ਚਾਰੇ ਦੀ ਫ਼ਸਲ ਲਈ ੬-੮ ਕਿਲੋ ਬੀਜ ਪ੍ਰਤੀ ਏਕੜ ਵਰਤੋ। ਬਿਜਾਈ ਛੱਟੇ ਨਾਲ ਕਰੋ। ਬਰਾਨੀ ਇਲਾਕਿਆਂ ਵਿਚ ਬਿਜਾਈ ੨੨ ਸੈਂਟੀਮੀਟਰ ਵਿੱਥ ਵਾਲੀਆਂ ਕਤਾਰਾਂ ਵਿਚ ਕਰੋ। ਬਾਜਰੇ ਨੂੰ ਬਿਨਾਂ ਵਹਾਏ ਜੀਰੋ ਟਿੱਲ ਡਰਿੱਲ ਨਾਲ ਵਾਹ ਕੇ ਅਤੇ ਬਿਨਾਂ ਵਹਾਏ ਬੀਜੀ ਕਣਕ ਤੋਂ ਬਾਅਦ ਬੀਜ ਸਕਦੇ ਹਾਂ।

ਬੀਜ ਦੀ ਸੋਧ: ਬੀਜਣ ਤੋਂ ਪਹਿਲਾਂ ਬੀਜ ਨੂੰ ੩ ਗ੍ਰਾਮ ਐਗਰੋਜ਼ੀਮ ੫੦ ਡਬਲਯੂ ਪੀ + ਥੀਰਮ (੧:੧) ਜਾਂ ਐਗਰੋਜ਼ੀਮ + ਕੈਪਟਾਨ (੧:੧) ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਸੋਧ ਲਉ। ਇਸ ਨਾਲ ਬੀਜ ਦੇ ਗਲਣ ਅਤੇ ਉਖੇੜਾ ਰੋਗ ਨਹੀਂ ਲੱਗਦਾ।

ਨਦੀਨਾਂ ਦੀ ਰੋਕਥਾਮ: ਐਟਰਾਟਾਫ਼ ੫੦ ਡਬਲਯੂ ਪੀ (ਐਟਰਾਜ਼ੀਨ) ੨੦੦ ਗ੍ਰਾਮ, ੨੦੦ ਲਿਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਬਿਜਾਈ ਤੋਂ ਦੋ ਦਿਨ ਦੇ ਅੰਦਰ ਛਿੜਕੋ। ਇਸ ਨਾਲ ਨਦੀਨਾਂ, ਖਾਸ ਕਰਕੇ ਚੁਪੱਤੀ/ਇਟਸਿਟ ਦੀ ਚੰਗੀ ਤਰ੍ਹਾਂ ਰੋਕਥਾਮ ਹੋ ਜਾਏਗੀ।

ਖਾਦਾਂ: ਖੇਤ ਦੀ ਤਿਆਰੀ ਤੋਂ ਪਹਿਲਾਂ ੧੦ ਟਨ ਰੂੜੀ ਦੀ ਖਾਦ ਜਾਂ ਕੰਪੋਸਟ ਪ੍ਰਤੀ ਏਕੜ ਪਾਓ। ਬਿਜਾਈ ਸਮੇਂ ੧੦ ਕਿਲੋ ਨਾਟੀਟ੍ਰੋਜਨ (੨੨ ਕਿਲੋ ਯੂਰੀਆ) ਪ੍ਰਤੀ ਏਕੜ ਪਾਓ। ਬਿਜਾਈ ਤੋਂ ੩ ਹਫ਼ਤੇ ਪਿਛੋਂ ਜਦ ਫ਼ਸਲ ੧੦-੧੫ ਸੈਂਟੀਮੀਟਰ ਉੱਚੀ ਹੋਵੇ, ੧੦ ਕਿਲੋ ਨਾਈਟ੍ਰੋਜਨ (੨੨ ਕਿਲੋ ਯੂਰੀਆਂ) ਦੁਬਾਰਾ ਛੱਟੇ ਨਾਲ ਪਾਓ। ਇਸ ਨਾਲ ਫ਼ਸਲ ਛੇਤੀ ਵੱਧਦੀ ਹੈ।

ਪਾਣੀ: ਆਮ ਕਰਕੇ ੨-੩ ਪਾਣੀ ਕਾਫ਼ੀ ਹਨ, ਫਿਰ ਵੀ ਬਹੁਤੀ ਗਰਮੀ ਦੇ ਦਿਨਾਂ ਵਿਚ ਵੱਧ ਪਾਣੀ ਵੀ ਦਿੱਤੇ ਜਾ ਸਕਦੇ ਹਨ। ਖੇਤ ਵਿਚ ਪਾਣੀ ਖੜ੍ਹਾ ਰਹਿਣਾ ਫ਼ਸਲ ਦਾ ਨੁਕਸਾਨ ਕਰਦਾ ਹੈ। ਇਹ ਚੰਗਾ ਹੋਵੇਗਾ ਜੇ ਪਾਣੀ ਹਲਕੇ ਅਤੇ ਬਹੁਤੇ ਦਿੱਤੇ ਜਾਣ।

ਕਟਾਈ: ਫ਼ਸਲ ਦੀ ਕਟਾਈ ਉਸ ਵੇਲੇ ਕਰੋ ਜਦੋਂ ਸਿੱਟੇ ਨਿਕਲਣੇ ਸ਼ੁਰੂ ਹੋਣ ਵਾਲੇ ਹੋਣ (ਬਿਜਾਈ ਤੋਂ ੪੫ - ੫੫ ਦਿਨਾਂ ਪਿਛੋਂ)। ਫ਼ਸਲ ਦੇ ੫੦ ਪ੍ਰਤੀਸ਼ਤ ਤੋਂ ਵੱਧ ਸਿੱਟੇ ਨਹੀਂ ਨਿਕਲਣ ਦੇਣੇ ਚਾਹੀਦੇ। ਸਿੱਟੇ ਨਿਕਲਣ ਸਾਰ ਕੱਟੀ ਫ਼ਸਲ ਦਾ ਚਾਰਾ ਵਧੇਰੇ ਪਚਣਸ਼ੀਲ ਹੁੰਦਾ ਹੈ ਅਤੇ ਫ਼ਸਲ ਅਰਗਟ ਬਿਮਾਰੀ ਤੋਂ ਬਚੀ ਰਹਿੰਦੀ ਹੈ, ਜੋ ਫ਼ਸਲ ਨੂੰ ਫੁੱਲ ਪੈਣ ਤੇ ਲੱਗਦੀ ਹੈ। ਇਸ ਬਿਮਾਰੀ ਵਾਲੇ ਬੂਟੇ ਪਸ਼ੂਆਂ ਨੂੰ ਚਾਰਨ ਨਾਲ ਪਸ਼ੂਆਂ ਨੂੰ 'ਖੁਰ ਅਤੇ ਪੂੰਛ ਦੇ ਸੁੱਕਣ' ਦੀ ਬਿਮਾਰੀ ਲੱਗ ਜਾਂਦੀ ਹੈ ਅਤੇ ਮਾਦਾ ਪਸ਼ੂਆਂ ਦਾ ਗਰਭ ਵੀ ਡਿੱਗ ਪੈਂਦਾ ਹੈ।

ਬੀਜ ਪੈਦਾ ਕਰਨਾ:

ਦੋਗਲਾ ਬਾਜਰਾ ਪੀ ਐੱਚ ਬੀ ਐੱਫ-੧ ਦਾ ਬੀਜ ਪੈਦਾ ਕਰਨ ਲਈ ਨਰ (ਪੀ ਆਈ ਬੀ ੨੧੩) ਅਤੇ ਮਾਦਾ (ਪੀ ਬੀ ੪੦੮ ਏ) ਦੇ ਗੁਣ ਹੇਠ ਲਿਖੇ ਹਨ।

ਪੀ ਬੀ ੪੦੮ ਏ: ਇਸ ਮਾਦਾ ਲਾਈਨ ਦੇ ਪੌਦਿਆਂ ਦੀ ਔਸਤ ਉਚਾਈ ੧੪੦ ਸੈਂਟੀਮੀਟਰ ਹੁੰਦੀ ਹੈ। ਇਸ ਦੇ ਸਿੱਟੇ ੩੦ ਸੈਂਟੀਮੀਟਰ ਤੋਂ ਛੋਟੇ ਹੁੰਦੇ ਹਨ। ਇਸ ਦੇ ੫੦ ਪ੍ਰਤੀਸ਼ਤ ਸਿੱਟੇ ੫੫ ਦਿਨਾਂ ਵਿੱਚ ਨਿਕਲ ਆਉਂਦੇ ਹਨ ਅਤੇ ਇਹ ਲਾਈਨ ੮੦ ਦਿਨਾਂ ਵਿੱਚ ਪੱਕ ਜਾਂਦੀ ਹੈ।

ਪੀ ਆਈ ਬੀ ੨੧੩: ਇਸ ਨਰ ਲਾਈਨ ਦੇ ਬੂਟੇ ੧੫੦ ਸੈਂਟੀਮੀਟਰ ਉੱਚੇ ਹੁੰਦੇ ਹਨ। ਇਸ ਦੇ ਸਿੱਟਿਆਂ ਦੀ ਲੰਬਾਈ ਤਕਰੀਬਨ ੩੧-੩੫ ਸੈਂਟੀਮੀਟਰ ਹੁੰਦੀ ਹੈ। ਇਸਦੇ ੫੦% ਸਿੱਟੇ ੫੮ ਦਿਨਾਂ ਵਿੱਚ ਨਿਕਲ ਆਉਂਦੇ ਹਨ। ਇਹ ਲਾਈਨ ਤਕਰੀਬਨ ੯੦ ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਦੋਗਲੇ ਅਤੇ ਕੰਪਾਜ਼ਿਟ ਕਿਸਮਾਂ ਦਾ ਸ਼ੁੱਧ ਬੀਜ ਪੈਦਾ ਕਰਨ ਲਈ ਦਾਣਿਆਂ ਵਾਲੇ ਬਾਜਰੇ ਦਾ ਬੀਜ ਪੈਦਾ ਕਰਨ ਵਾਲੀ ਵਿਧੀ ਹੀ ਅਪਨਾਉ।

ਪੌਦ ਸੁਰੱਖਿਆ (ੳ) ਕੀੜੇ-ਮਕੌੜੇ

ਜੜ੍ਹ ਦਾ ਕੀੜਾ: ਇਹ ਕੀੜਾ ਦੱਖਣ-ਪੱਛਮੀ ਜ਼ਿਲ੍ਹਿਆਂ ਵਿਚ ਕਾਫ਼ੀ ਨੁਕਸਾਨ ਕਰਦਾ ਹੈ। ਜਿਥੇ ਇਸ ਕੀੜੇ ਦਾ ਹਮਲਾ ਹੋਵੇ ਉਥੇ ਖੜ੍ਹੀ ਫ਼ਸਲ ਵਿਚ ੨ ਲਿਟਰ ਮੈਲਾਥੀਆਨ ੫੦ ਈ ਸੀ ੧੦੦ ਲਿਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਮੁੱਢਾਂ ਵੱਲ ਕਰਕੇ ਛਿੜਕੋ ਅਤੇ ਛਿੜਕਾਅ ਤੋਂ ਬਾਅਦ ਪਾਣੀ ਲਾ ਦਿਓੁ।

ਘਾਹ ਦੇ ਟਿੱਡੇ: ਇਨ੍ਹਾਂ ਦੀ ਰੋਕਥਾਮ ਲਈ ਮੈਲਾਥੀਆਨ ੫ ਫੀਸਦੀ ਧੂੜਾ ੧੦ ਕਿਲੋ।

ਪ੍ਰਤੀ ਏਕੜ ਦੇ ਹਿਸਾਬ ਧੂੜੋ।

ਸਲੇਟੀ ਭੂੰਡੀ, ਘੋੜਾ: ਮੱਕੀ ਵਿਚ ਦੱਸੀਆਂ ਸਿਫ਼ਾਰਸ਼ਾਂ ਤੇ ਅਮਲ ਕਰੋ।

(ਅ) ਪੰਛੀ: ਵੇਖੋ ਅਧਿਆਇ ਫ਼ਸਲਾਂ ਦਾ ਪੰਛੀਆਂ ਤੋਂ ਬਚਾਅ।

(ੲ) ਬਿਮਾਰੀਆਂ:

ਹਰੇ ਸਿੱਟਿਆਂ ਦਾ ਰੋਗ (ਧੋਾਨੇ ਮਲਿਦੲਾ): ਇਹ ਰੋਗ ਇਕ ਉੱਲੀ ਕਰਕੇ ਹੁੰਦਾ ਹੈ। ਬਿਮਾਰ ਬੂਟੇ ਦੇ ਪੱਤੇ ਰੰਗ ਛੱਡ ਜਾਂਦੇ ਹਨ ਅਤੇ ਪੀਲੇ ਚਿੱਟੇ ਜਾਪਦੇ ਹਨ। ਨਮੀਂ ਵਾਲੀਆਂ ਹਾਲਤਾਂ ਵਿਚ ਪੱਤਿਆਂ ਦੇ ਹੇਠਲੇ ਪਾਸੇ ਸਫ਼ੈਦ ਰੰਗ ਦਾ ਜ਼ਾਲਾ ਨਜ਼ਰ ਆਉਂਦਾ ਹੈ, ਪੱਤੇ ਪਾਟ ਜਾਂਦੇ ਹਨ ਅਤੇ ਸਿੱਟੇ ਛੋਟੀ ਛੋਟੀ ਹਰੀ ਪੱਤੀਆਂ ਵਿਚ ਬਦਲ ਜਾਂਦੇ ਹਨ। ਇਸ ਦੀ ਰੋਕਥਾਮ ਲਈ ਸਿਫ਼ਾਰਸ਼ ਕੀਤੀਆਂ ਗਈਆਂ ਕਿਸਮਾਂ ਹੀ ਬੀਜੋ।

ਦਾਣਿਆਂ ਦੀ ਕਾਂਗਿਆਰੀ: ਇਸ ਰੋਗ ਨਾਲ ਸਿੱਟੇ ਵਿਚ ਦਾਣਿਆਂ ਦੀ ਥਾਂ ਕਾਲੇ ਰੰਗ ਦਾ ਧੂੜਾ ਬਣ ਜਾਂਦਾ ਹੈ। ਇਸ ਧੂੜੇ ਦਾ ਬਾਹਰਲਾ ਪੜਦਾ ਫਟ ਜਾਂਦਾ ਹੈ ਅਤੇ ਇਹ ਧੂੜਾ ਖਿਲਰ ਕੇ ਬਾਕੀ ਨਰੋਏ ਦਾਣਿਆਂ ਨਾਲ ਚਿੰਬੜ ਜਾਂਦਾ ਹੈ। ਇਸ ਬਿਮਾਰੀ ਦਾ ਹਮਲਾ ਹਵਾ ਵਿਚ ਨਮੀ ਮੁਤਾਬਿਕ ਹੁੰਦਾ ਹੈ। ਇਸ ਦੀ ਰੋਕਥਾਮ ਲਈ ਬਿਮਾਰੀ ਵਾਲੇ ਸਿੱਟੇ ਮੌਸਮ ਦੇ ਸ਼ੁਰੂ ਵਿਚ ਚੁਣ ਕੇ ਨਸ਼ਟ ਕਰ ਦਿਓ। ਬੀਜ ਨੂੰ ਪ੍ਰਤੀ ਕਿਲੋ ਦੇ ਹਿਸਾਬ ੨.੫ ਗ੍ਰਾਮ ਸੈਰੀਸਨ ਜਾਂ ਐਗਰੋਸਨ ਜਾਂ ਤਿੰਨ ਗ੍ਰਾਮ ਥੀਰਮ ਜਾਂ ਕੈਪਟਨ ਦਵਾਈ ਨਾਲ ਸੋਧ ਕੇ ਬੀਜੋ।

ਗੂੰਦੀਆ ਰੋਗ: ਇਹ ਬਿਮਾਰੀ ਵੀ ਇੱਕ ਉੱਲੀ ਕਰਕੇ ਲੱਗਦੀ ਹੈ। ਸਿੱਟੇ ਨਿਕਲਣ ਸਮੇਂ ਸਿੱਟਿਆਂ ਦੀਆਂ ਵੱਖ-ਵੱਖ ਥਾਵਾਂ ਤੇ ਫੁੱਲਾਂ ਦੀਆਂ ਪੱਤੀਆਂ ਵਿਚੋਂ ਜਾਮਨੀ ਰੰਗ ਦਾ ਸੰਘਣਾ ਮਾਦਾ ਨਿਕਲਦਾ ਹੈ ਅਤੇ ਬਾਅਦ ਵਿਚ ਗਾੜ੍ਹੀ ਗੂੰਦ ਵਰਗੇ ਚਟਾਖ਼ ਪੈ ਜਾਂਦੇ ਹਨ ਅਤੇ ਸਿੱਟਿਆਂ ਵਿਚ ਦਾਣਿਆਂ ਦੀ ਥਾਂ ਗੂੜ੍ਹੇ ਰੰਗ ਦਾ ਮਾਦਾ ਜਿਹਾ ਪੈ ਜਾਂਦਾ ਹੈ। ਬੀਜ ਬਹੁਤ ਘੱਟ ਪੈਂਦਾ ਹੈ ਜਾਂ ਪੈਂਦਾ ਹੀ ਨਹੀਂ। ਇਸ ਬਿਮਾਰੀ ਵਾਲੀ ਉੱਲੀ ਬੀਜ ਅਤੇ ਜ਼ਮੀਨ ਰਾਹੀਂ ਆਉਂਦੀ ਹੈ। ਇਸ ਰੋਗ ਵਾਲੇ ਸਿੱਟੇ ਚਾਰਨ ਨਾਲ ਡੰਗਰਾਂ ਅਤੇ ਦਾਣੇ ਖਾਣ ਨਾਲ ਮਨੁੱਖਾਂ ਨੂੰ ਜ਼ਹਿਰ ਚੜ੍ਹ ਸਕਦਾ ਹੈ।

ਇਸਦੀ ਰੋਕਥਾਮ ਲਈ ਹੇਠ ਲਿਖੇ ਤਰੀਕੇ ਵਰਤੋ:

੧. ਬੀਜ ਨੂੰ ੧੦ ਪ੍ਰਤੀਸ਼ਤ ਨਮਕ ਵਾਲੇ ਘੋਲ ਵਿਚ ਡੋਬ ਕੇ ਇਸ ਬਿਮਾਰੀ ਵਾਲੇ ਦਾਣੇ ਵੱਖ ਕਰ ਲਉ। ਫੇਰ ਬੀਜ ਸਾਫ਼ ਤੇ ਸਾਦੇ ਪਾਣੀ ਨਾਲ ਧੋ ਕੇ ਸੁਕਾ ਲਉ ਅਤੇ ਬਾਅਦ ਵਿਚ ਬੀਜ ਨੂੰ ਦਵਾਈ ਨਾਲ ਸੋਧੋ, ਜਿਵੇਂ ਦਾਣਿਆਂ ਦੀ ਕਾਂਗਿਆਰੀ ਦੇ ਸਿਰਲੇਖ ਹੇਠ ਦੱਸਿਆ ਗਿਆ ਹੈ।

੨. ਜੇਕਰ ਸਿੱਟਿਆਂ ਉਪਰ ਸ਼ਹਿਦ ਵਰਗੇ ਤੁਪਕੇ ਨਜ਼ਰ ਆਉਣ ਤਾਂ ਛੇਤੀ ਹੀ ਅਜਿਹੇ ਸਿੱਟੇ ਚੁਣ ਕੇ ਸਾੜ ਦਿਉ।

੩. ਗੋਭ ਦੀ ਅਵਸਥਾ ਤੇ ਫ਼ਸਲ ਉਪਰ ਜ਼ੀਰਮ (ਕਿਉਮਨ ਐੱਲ ੨੭ ਪ੍ਰਤੀਸ਼ਤ) ਦਾ (੫੦੦ ਗ੍ਰਾਮ ਦਵਾਈ ੧੦੦ ਲਿਟਰ ਪਾਣੀ ਵਿਚ ਪ੍ਰਤੀ ਏਕੜ) ਘੋਲ ਦੋ ਤੋਂ ਤਿੰਨ ਵਾਰ ੫ ਦਿਨਾਂ ਦੇ ਵਕਫ਼ੇ ਨਾਲ ਛਿੜਕੋ।

ਦੋਗਲਾ ਨੇਪੀਅਰ ਬਾਜਰਾ

ਇਹ ਘਾਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਚ ਤਿਆਰ ਕੀਤਾ ਗਿਆ ਹੈ। ਇਹ ਬਾਜਰੇ ਵਰਗਾ ਘਾਹ ਹੈ ਅਤੇ ਇਸਦਾ ਵਾਧਾ ਕਲਮਾਂ ਅਤੇ ਜੜ੍ਹਾਂ ਰਾਹੀਂ ਹੁੰਦਾ ਹੈ। ਇਹ ਬਹੁ-ਸਾਲੀ ਫ਼ਸਲ ਹੈ ਪਰ ਬਹੁਤਾ ਚਾਰਾ ਮਾਰਚ ਤੋਂ ਨਵੰਬਰ ਤੱਕ ਮਿਲਦਾ ਹੈ। ਇਕ ਵਾਰ ਲਗਾਈ ਫ਼ਸਲ ੨-੩ ਸਾਲ ਰਹਿੰਦੀ ਹੈ।

ਜਲਵਾਯੂ ਅਤੇ ਜ਼ਮੀਨ:

ਇਸ ਨੂੰ ਗਰਮ ਅਤੇ ਸਿੱਲ੍ਹਾ ਜਲਵਾਯੂ ਚਾਹੀਦਾ ਹੈ ਅਤੇ ਪੰਜਾਬ ਦੇ ਸਾਰੇ ਸੇਂਜੂ ਰਕਬੇ ਵਿਚ ਉਗਾਇਆ ਜਾ ਸਕਦਾ ਹੈ। ਇਹ ਚਾਰਾ ਹਰ ਕਿਸਮ ਦੀ ਜ਼ਮੀਨ ਵਿਚ ਉਗਾਇਆ ਜਾ ਸਕਦਾ ਹੈ ਪਰ ਜ਼ਿਆਦਾ ਚਾਰਾ ਲੈਣ ਲਈ ਭਾਰੀ ਜ਼ਮੀਨ ਵਿਚ ਬੀਜਣਾ ਚਾਹੀਦਾ ਹੈ।

ਉੱਨਤ ਕਿਸਮਾਂ:

ਪੀ ਬੀ ਐੱਨ ੨੩੩ (੨੦੦੦): ਇਹ ਲੂੰ-ਰਹਿਤ, ਲੰਮੀ, ਮੁਲਾਇਮ, ਚੌੜੇ ਪੱਤਿਆਂ ਵਾਲੀ ਕਿਸਮ ਹੈ। ਇਹ ਕਿਸਮ ਪੀ ਬੀ ਐੱਨ ੮੩ ਨਾਲੋਂ ਵਧੇਰੇ ਸਮੇਂ ਤੱਕ ਵਧਦੀ ਰਹਿੰਦੀ ਹੈ, ਕਿਉਂਕਿ ਇਹ ਬਹਾਰ ਰੁੱਤ ਵਿਚ ਅਗੇਤੀ ਫੁੱਟਣੀ ਸ਼ੁਰੂ ਹੋ ਜਾਂਦੀ ਹੈ ਅਤੇ ਸਰਦੀ ਸ਼ੁਰੂ ਹੋਣ ਤੱਕ ਵਧਦੀ ਰਹਿੰਦੀ ਹੈ। ਇਸ ਦਾ ਸਰਦੀਆਂ ਵਿਚ ਸਿੱਥਲ ਅਵਸਥਾ ਦਾ ਸਮਾਂ ਪੀ ਬੀ ਐਨ ੮੩ ਨਾਲੋਂ ਤਕਰੀਬਨ ੧੫ ਦਿਨ ਘੱਟ ਹੈ। ਇਹ ਕਿਸਮ ੧੧੦੦ ਕੁਇੰਟਲ ਪ੍ਰਤੀ ਏਕੜ ਹਰਾ ਚਾਰਾ ਦਿੰਦੀ ਹੈ।

ਪੀ ਬੀ ਐੱਨ ੮੩ (੧੯੮੪): ਇਹ ਇਕ ਲੂੰ ਰਹਿਤ ਕੂਲੇ ਪੱਤਿਆਂ ਵਾਲੀ, ਛੇਤੀ ਵੱਧਣ ਵਾਲੀ ਅਤੇ ਪਛੇਤੀ ਨਿਸਰਣ ਵਾਲੀ ਦੋਗਲੀ ਕਿਸਮ ਹੈ। ਇਸ ਦਾ ਵਾਧਾ ਹਮੇਸ਼ਾ ਚੰਗਾ ਹੁੰਦਾ ਹੈ। ਸਰਦੀਆਂ ਵਿਚ ਪਛੇਤੀ ਵਧਦੀ ਰਹਿੰਦੀ ਹੈ ਅਤੇ ਬਹਾਰ ਰੁੱਤੇ ਛੇਤੀ ਫੁੱਟਦੀ ਹੈ। ਇਸ ਲਈ ਇਹ ਕਿਸਮ ਘੱਟ ਸਮਾਂ ਸਿੱਥਲ ਅਵਸਥਾ ਵਿਚ ਰਹਿੰਦੀ ਹੈ । ਇਸ ਦੇ ਹਰੇ ਚਾਰੇ ਦਾ ਝਾੜ ੯੬੦ ਕੁਇੰਟਲ ਪ੍ਰਤੀ ਏਕੜ ਹੈ।

ਕਾਸ਼ਤ ਦੇ ਢੰਗ:

ਜ਼ਮੀਨ ਦੀ ਤਿਆਰੀ: ਖੇਤ ਨਦੀਨਾਂ ਤੋਂ ਮੁਕਤ ਹੋਵੇ। ਜ਼ਮੀਨ ਚੰਗੀ ਤਰ੍ਹਾਂ ਤਿਆਰ ਹੋਵੇ। ਖੇਤ ਨੂੰ ਪਹਿਲੀ ਵਾਰ ਤਵੀਆਂ ਨਾਲ ਵਾਹੋ। ਫੇਰ ਦੋ ਵਾਰ ਕਲਟੀਵੇਟਰ ਨਾਲ ਵਾਹੋ। ਹਰ ਵਾਹੀ ਪਿਛੋਂ ਸੁਹਾਗਾ ਦਿਓ।

ਬਿਜਾਈ ਦਾ ਸਮਾਂ ਅਤੇ ਢੰਗ: ਇਹ ਫ਼ਰਵਰੀ ਦੇ ਅੰਤਲੇ ਹਫ਼ਤੇ ਤੋਂ ਲੈ ਕੇ ਮਈ ਤੱਕ ਲਾਇਆ ਜਾ ਸਕਦਾ ਹੈ। ਇਸਦੀ ਬਿਜਾਈ ਅੱਧ ਅਪ੍ਰੈਲ ਤੱਕ ਖ਼ਤਮ ਕਰ ਲਓ ਤਾਂ ਕਿ ਬਹੁਤੀਆਂ ਜੜ੍ਹਾਂ ਮਰਨ ਤੋਂ ਬਚਾਈਆਂ ਜਾ ਸਕਣ। ਮਈ ਵਿਚ ਬੀਜੀ ਫ਼ਸਲ ਸਾਉਣੀ ਦੇ ਮੌਸਮ ਵਿਚ ਪੂਰਾ ਚਾਰਾ ਨਹੀਂ ਦੇਂਦੀ। ਇਹ ਜੜ੍ਹਾਂ ਅਤੇ ਕਲਮਾਂ ਤੋਂ ਉਗਾਇਆ ਜਾਂਦਾ ਹੈ। ਜੜ੍ਹਾਂ ੩੦ ਸੈਂਟੀਮੀਟਰ ਲੰਬੀਆਂ ਅਤੇ ਕਲਮਾਂ ਉੱਤੇ ੨ ਤੋਂ ੩ ਗੰਢਾਂ ਹੋਣੀਆਂ ਚਾਹੀਦੀਆਂ ਹਨ। ਇਕ ਏਕੜ ਲਾਉਣ ਲਈ ੧੧,੦੦੦ ਜੜ੍ਹਾਂ ਜਾਂ ਕਲਮਾਂ ਕਾਫ਼ੀ ਹਨ। ਬੀਜਣ ਸਮੇਂ ਜੜ੍ਹਾਂ ਦਾ ਥੋੜ੍ਹਾ ਜਿਹਾ ਉਪਰਲਾ ਹਿੱਸਾ ਜ਼ਮੀਨ ਤੋਂ ਬਾਹਰ ਰੱਖਣਾ ਚਾਹੀਦਾ ਹੈ, ਪਰ ਕਲਮਾਂ ਕਮਾਦ ਵਾਂਗ ੭ ਤੋਂ ੮ ਸੈਂਟੀਮੀਟਰ ਡੂੰਘੀਆਂ ਬੀਜੀਆਂ ਜਾਂਦੀਆਂ ਹਨ। ਬੂਟਿਆਂ ਅਤੇ ਕਤਾਰਾਂ ਵਿਚ ਫ਼ਾਸਲਾ ੯੦&੪੦ ਸੈਂਟੀਮੀਟਰ ਜਾਂ ੬੦&੬੦ ਸੈਂਟੀਮੀਟਰ ਰੱਖੋ। ਬਿਜਾਈ ਚੰਗੀ ਸਿੱਲ੍ਹ ਵਿਚ ਕਰੋ।

ਨਦੀਨਾਂ ਦੀ ਰੋਕਥਾਮ: ਦੋਗਲੇ ਨੇਪੀਅਰ ਬਾਜਰੇ ਦੀ ਕਲਮਾਂ ਲਗਾਉਣ ਤੋਂ ਬਾਅਦ ਜੇਕਰ ਦੋ ਗੋਡੀਆਂ ੨੧ ਅਤੇ ੪੨ ਦਿਨਾਂ ਬਾਅਦ ਕਰੋ ਤਾਂ ਮੌਸਮੀ ਨਦੀਨਾਂ ਤੇ ਕਾਬੂ ਪਾਇਆ ਜਾ ਸਕਦਾ ਹੈ।

ਖਾਦਾਂ: ਬਹੁਤ ਉਪਜਾਊ ਜ਼ਮੀਨਾਂ ਵਿਚ ਇਹ ਫ਼ਸਲ ਬਹੁਤ ਵਧਦੀ ਹੈ। ਬੀਜਣ ਤੋਂ ਪਹਿਲਾਂ ੨੦ ਟਨ ਰੂੜੀ ਦੀ ਖਾਦ ਅਤੇ ਬੀਜਣ ਤੋਂ ੧੫ ਦਿਨ ਪਿਛੋਂ ੩੦ ਕਿਲੋ ਨਾਈਟ੍ਰੋਜਨ (੬੬ ਕਿਲੋ ਯੂਰੀਆ) ਪ੍ਰਤੀ ਏਕੜ ਦੇ ਹਿਸਾਬ ਪਾਓ। ਯੂਰੀਏ ਦੀ ਏਨੀ ਹੀ ਮਾਤਰਾ ਹਰ ਕਟਾਈ ਤੋਂ ਪਿਛੋਂ ਪਾਓ। ੩੮ ਕਿਲੋ ਫ਼ਾਸਫੋਰਸ (੨੪੦ ਕਿਲੋ ਸੁਪਰਫ਼ਾਸਫੇਟ) ਦੋ ਕਿਸ਼ਤਾਂ ਵਿਚ ਹਰੇਕ ਸਾਲ ਪਾਓ। ਪਹਿਲੀ ਕਿਸ਼ਤ ਮੌਸਮ ਬਹਾਰ ਅਤੇ ਦੂਜੀ ਬਾਰਸ਼ਾਂ ਵਿਚ ਪਾਓ।

ਸਿੰਚਾਈ: ਇਸ ਚਾਰੇ ਨੂੰ ਛੇਤੀ-ਛੇਤੀ ਪਾਣੀ ਦੇਣ ਦੀ ਲੋੜ ਹੈ। ਬਹੁਤਾ ਚਾਰਾ ਲੈਣ ਲਈ ਗਰਮ ਅਤੇ ਖੁਸ਼ਕ ਮਹੀਨਿਆਂ ਵਿਚ ਜ਼ਮੀਨ ਗਿੱਲੀ ਰੱਖੋ ਅਤੇ ਮੌਸਮ ਅਨੁਸਾਰ ੧੦ ਤੋਂ ੧੫ ਦਿਨਾਂ ਬਾਅਦ ਪਾਣੀ ਦਿੰਦੇ ਰਹੋ। ਜੇਕਰ ਲੋੜ ਪਵੇ ਤਾਂ ਮੀਂਹ ਦੇ ਦਿਨਾਂ ਵਿਚ ਪਾਣੀ ਖੇਤ ਵਿਚੋਂ ਬਾਹਰ ਕੱਢ ਦਿਓ।

ਕਟਾਈ: ਪਹਿਲੀ ਕਟਾਈ ਲਈ ਚਾਰਾ, ਬਿਜਾਈ ਤੋਂ 50 ਦਿਨਾਂ ਪਿਛੋਂ ਤਿਆਰ ਹੋ ਜਾਂਦਾ ਹੈ ਅਤੇ ਬਾਅਦ ਦੀਆਂ ਕਟਾਈਆਂ ਜਦੋਂ ਇਸ ਦੇ ਬੂਟੇ ਇਕ ਮੀਟਰ ਲੰਮੇ ਹੋਣ, ਲੈਣੀਆਂ ਚਾਹੀਦੀਆਂ ਹਨ। ਜੇ ਪੌਦੇ ਵਧੇਰੇ ਵਧਣ ਦਿੱਤੇ ਜਾਣ ਤਾਂ ਇਨ੍ਹਾਂ ਦੇ ਖ਼ੁਰਾਕੀ ਤੱਤ ਘੱਟ ਜਾਂਦੇ ਹਨ। ਜੇਕਰ ਚਾਰਾ ਠੀਕ ਸਮੇਂ ਤੇ ਨਾ ਕੱਟਿਆ ਜਾਵੇ ਅਤੇ ਇਸ ਦੀ ਉਚਾਈ ੨ ਮੀਟਰ ਤੋਂ ਵੱਧ ਹੋ ਜਾਵੇ ਤਾਂ ਇਸ ਚਾਰੇ ਨੂੰ ਨਰੋਲ ਨਾ ਪਾਇਆ ਜਾਵੇ ਕਿਉਂਕਿ ਇਸ ਤਰ੍ਹਾਂ ਦੇ ਚਾਰੇ ਨੂੰ ਪਚਾਉਣ ਲਈ ਪਸ਼ੂ ਨੂੰ ਮੁਸ਼ਕਿਲ ਆਉਂਦੀ ਹੈ। ਇਸ ਨਾਲ ਪਸ਼ੂ ਨੂੰ ਬੰਨ੍ਹ ਪੈ ਸਕਦਾ ਹੈ ਅਤੇ ਪਸ਼ੂ ਨੂੰ ਕਬਜ਼ ਕਰਕੇ ਅਫਰੇਵਾਂ ਹੋ ਜਾਂਦਾ ਹੈ। ਕੁਝ ਹਾਲਤਾਂ ਵਿਚ ਪਸ਼ੂ ਨੂੰ ਗੋਹੇ ਨਾਲ ਖੂਨ ਵੀ ਆਉਣ ਲੱਗ ਜਾਂਦਾ ਹੈ।

ਰਲਵੀਂ ਫ਼ਸਲ ਬੀਜਣਾ: ਸਰਦੀਆਂ ਦੇ ਮਹੀਨਿਆਂ ਵਿਚ ਜਦ ਇਸ ਦਾ ਵਾਧਾ ਨਹੀਂ ਹੁੰਦਾ ਤਾਂ ਇਸ ਵਿਚ ਜਵੀ ਜਾਂ ਸੇਂਜੀ ਜਾਂ ਮੇਥੇ ਜਾਂ ਸਰ੍ਹੋਂ ਬੀਜੋ।

ਗਿੰਨੀ ਘਾਹ

ਇਹ ਕਈ ਲੌਅ ਦੇਣ ਵਾਲਾ ਗਰਮੀ ਰੁੱਤ ਦਾ ਵਧੀਆ ਚਾਰਾ ਹੈ। ਇਸ ਦੇ ਪੌਦੇ ਨੂੰ ਭਰਪੂਰ ਪੜਸੂਏ ਤੇ ਪੱਤੇ ਫੁੱਟਦੇ ਹਨ। ਇਸ ਦੀ ਕਾਸ਼ਤ ਹਰ ਸਾਲ ਕੀਤੀ ਜਾਂਦੀ ਹੈ।

ਜਲਵਾਯੂ ਅਤੇ ਜ਼ਮੀਨ - ਇਹ ਚਾਰਾ ਸਾਰੇ ਪ੍ਰਾਂਤ ਵਿਚ ਬੀਜਿਆ ਜਾ ਸਕਦਾ ਹੈ। ਪਾਣੀ ਦੇ ਚੰਗੇ ਨਿਕਾਸ ਵਾਲੀ ਜ਼ਮੀਨ ਇਸ ਲਈ ਸਭ ਤੋਂ ਵੱਧ ਢੁੱਕਵੀਂ ਹੈ। ਇਸ ਨੂੰ ਬੀਜਣ ਵੇਲੇ ਹਲਕਾ ਪਾਣੀ ਦੇਣਾ ਚਾਹੀਦਾ ਹੈ, ਖ਼ਾਸ ਕਰਕੇ ਭਾਰੀਆਂ ਜ਼ਮੀਨਾਂ ਵਿਚ, ਜ਼ਿਆਦਾ ਅਧਿਕ ਸਿੱਲ੍ਹ ਇਸ ਦੀ ਫੋਟ ਨੂੰ ਮਾਰ ਦਿੰਦੀ ਹੈ।

ਉੱਨਤ ਕਿਸਮਾਂ:

ਪੰਜਾਬ ਗਿੰਨੀ ਘਾਹ ੫੧੮ (੧੯੯੮): ਇਸਦੇ ਪੌਦੇ ਸਿੱਧੇ ਖੜ੍ਹੇ, ਜ਼ਿਆਦਾ ਬੂਝਾ ਮਾਰਨ ਵਾਲੇ ਅਤੇ ਪੱਤੇਦਾਰ ਹੁੰਦੇ ਹਨ। ਇਹਦੇ ਪੱਤੇ ਪੀ ਜੀ ਜੀ ੧੦੧ ਨਾਲੋਂ ਲੰਬੇ ਅਤੇ ਚੌੜੇ ਹੁੰਦੇ ਹਨ। ਇਹ ਕਿਸਮ ਪੀ ਜੀ ਜੀ ੧੦੧ ਨਾਲੋਂ ੫-੭ ਦਿਨ ਪਛੇਤੇ ਫੁੱਲ ਕੱਢਦੀ ਹੈ। ਇਸ ਦੀ ਵਿਸ਼ੇਸ਼ਤਾ ਇਹ ਹੈ ਕਿ ਜੇਕਰ ਕਟਾਈ ਵਿਚ ਕਿਸੇ ਕਾਰਨ ਕਰਕੇ ਦੇਰੀ ਹੋ ਜਾਵੇ ਤਾਂ ਇਸ ਦੇ ਚਾਰੇ ਵਿਚ ਖ਼ੁਰਾਕੀ ਤੱਤ ਕਾਇਮ ਰਹਿੰਦੇ ਹਨ। ਇਸ ਦੀ ਕਟਾਈ ਗੋਭ ਵਾਲੀ ਹਾਲਤ ਵਿਚ ਕਰਨ ਨਾਲ ਜ਼ਿਆਦਾ ਤੋਂ ਜ਼ਿਆਦਾ ਖ਼ੁਰਾਕੀ ਤੱਤ ਮਿਲਦੇ ਹਨ। ਇਸ ਦੇ ਬੀਜ ਘੱਟ ਝੜਦੇ ਹਨ। ਇਸ ਦੇ ਸਿੱਟਿਆਂ ਦਾ ਰੰਗ ਸ਼ੁਰੂ ਵਿਚ ਚਿੱਟਾ ਅਤੇ ਪੱਕਣ ਉਪਰੰਤ ਹਲਕਾ ਪੀਲਾ ਹੋ ਜਾਂਦਾ ਹੈ। ਇਸ ਦੀਆਂ ਮਈ ਤੋਂ ਨਵੰਬਰ ਤੱਕ ੫-੬ ਕਟਾਈਆਂ ਲਈਆਂ ਜਾ ਸਕਦੀਆਂ ਹਨ ਅਤੇ ਇਕ ਏਕੜ ਵਿਚੋਂ ੭੫੦ ਕੁਇੰਟਲ ਹਰਾ ਚਾਰਾ ਮਿਲ ਜਾਂਦਾ ਹੈ।

ਪੰਜਾਬ ਗਿੰਨੀ ਘਾਹ ੧੦੧ (੧੯੯੧): ਇਹ ਕਿਸਮ ਬੂਝਾ ਭਾਰਾ ਮਾਰਦੀ ਹੈ ਅਤੇ ਇਸਦੇ ਪੱਤੇ ਬਹੁਤ ਹੁੰਦੇ ਹਨ। ਇਹ ਕਿਸਮ ਦੇਰ ਨਾਲ ਫੁੱਲਾਂ ਤੇ ਆਉਂਦੀ ਹੈ ਜਿਸ ਕਾਰਨ ਇਸਦੇ ਚਾਰੇ ਦੇ ਖ਼ੁਰਾਕੀ ਤੱਤ ਨਹੀਂ ਘਟਦੇ। ਜੇਕਰ ਕਿਸੇ ਕਾਰਨ ਕਟਾਈ ਵਿਚ ਦੇਰੀ ਹੋ ਜਾਵੇ ਤਾਂ ਵੀ ਇਸ ਕਿਸਮ ਦੇ ਖ਼ੁਰਾਕੀ ਤੱਤ ਨਸ਼ਟ ਨਹੀ ਹੁੰਦੇ। ਇਸ ਕਿਸਮ ਦੇ ਬੀਜ ਮੋਟੇ ਹੁੰਦੇ ਹਨ ਜਿਸ ਕਰਕੇ ਇਹ ਚੰਗੀ ਜੰਮਦੀ ਹੈ। ਸੁਆਦਲਾ ਅਤੇ ਖ਼ੁਰਾਕੀ ਤੱਤਾਂ ਨਾਲ ਭਰਪੂਰ ਚਾਰੇ ਲਈ ਇਸਨੂੰ ਫੁੱਲ ਆਉਣ ਤੋਂ ਪਹਿਲਾਂ ਕੱਟ ਲੈਣਾ ਚਾਹੀਦਾ ਹੈ। ਇਹ ਕਿਸਮ ਮਈ ਤੋਂ ਨਵੰਬਰ ਤੱਕ ੫-੬ ਕਟਾਈਆਂ ਵਿਚ ੬੭੫ ਕੁਇੰਟਲ ਹਰੇ ਚਾਰੇ ਦਾ ਝਾੜ ਦਿੰਦੀ ਹੈ।

ਕਾਸ਼ਤ ਦੇ ਢੰਗ:

ਬਿਜਾਈ ਦਾ ਸਮਾਂ ਤੇ ਤਰੀਕਾ: ਇਸ ਫ਼ਸਲ ਦੀ ਬਿਜਾਈ ਅੱਧ ਮਾਰਚ ਤੋਂ ਅੱਧ ਮਈ ਤੱਕ ਕੀਤੀ ਜਾ ਸਕਦੀ ਹੈ। ਇਸਦਾ ੬-੮ ਕਿਲੋ ਪ੍ਰਤੀ ਏਕੜ ਬੀਜ ੨੫ ਸੈਂਟੀਮੀਟਰ ਵਿੱਥ ਤੇ ਸਿਆੜਾਂ ਵਿਚ ਕੇਰੇ ਨਾਲ ਬੀਜਿਆ ਜਾਂਦਾ ਹੈ। ਜੇਕਰ ਖੇਤ ਟ੍ਰੈਕਟਰ ਨਾਲ ਵਾਹਿਆ ਹੋਵੇ, ਤਾ ਇਸ ਦੇ ਬੀਜ ਦਾ ਛੱਟਾ ਵੀ ਦਿੱਤਾ ਜਾ ਸਕਦਾ ਹੈ ਇਸ ਤੋਂ ਪਿਛੋਂ ਹਲਕਾ ਜਿਹਾ ਜਿੰਦਰਾ ਫੇਰ ਦਿਉ। ਬਿਜਾਈ ਤੋਂ ਛੇਤੀ ਪਿਛੋਂ ਖੇਤ ਨੂੰ ਪਾਣੀ ਲਾ ਦਿਉ।

ਨਦੀਨਾਂ ਦੀ ਰੋਕਥਾਮ: ਬੀਜਣ ਤੋਂ ਛੇਤੀ ਹੀ ਬਾਅਦ ੫੦੦ ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਐਟਰਾਟਾਫ਼ ੫੦ ਡਬਲਯੂ ਪੀ (੨੦੦ ਲਿਟਰ ਪਾਣੀ ਵਿਚ ਘੋਲ ਕੇ) ਦਾ ਛਿੜਕਾਅ ਕਰਨਾ ਬਹੁਤ ਜ਼ਰੂਰੀ ਹੈ ਤਾਂ ਕਿ ਪੁੰਗਰ ਰਹੇ ਬੀਜਾਂ ਨੂੰ ਨਦੀਨ ਮਾਰ ਨਾ ਦੇਣ।

ਖਾਦਾਂ: ਇਹ ਕਈ ਲੌਆਂ ਵਾਲਾ ਹੋਣ ਕਰਕੇ ਖਾਦਾਂ ਨੂੰ ਬਹੁਤ ਮੰਨਦਾ ਹੈ। ਇਸ ਕਰਕੇ ਖੇਤ ਤਿਆਰ ਕਰਨ ਤੋਂ ਪਹਿਲਾਂ ਖੇਤ ਵਿਚ ੨੦ ਟਨ ਰੂੜੀ ਦੀ ਖਾਦ ਪਾ ਲਓ ਅਤੇ ਬਿਜਾਈ ਤੋਂ ੨੦ ਦਿਨਾਂ ਬਾਅਦ ੨੦ ਕਿਲੋ ਨਾਈਟ੍ਰੋਜਨ (੪੪ ਕਿਲੋ ਯੂਰੀਆ) ਅਤੇ ੩੫ ਦਿਨਾਂ ਬਾਅਦ ੧੦ ਕਿਲੋ ਨਾਈਟ੍ਰੋਜਨ (੨੨ ਕਿਲੋ ਯੂਰੀਆ) ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉ। ਹਰ ਲੌਅ ਲੈਣ ਤੋਂ ਬਾਅਦ ਪਹਿਲੇ ਪਾਣੀ ਨਾਲ ੩੦ ਕਿਲੋ ਨਾਈਟ੍ਰੋਜਨ (੬੬ ਕਿਲੋ ਯੂਰੀਆ) ਪ੍ਰਤੀ ਏਕੜ ਪਾਉ।

ਸਿੰਚਾਈ: ਗਿੰਨੀ ਘਾਹ ਨੂੰ ਪਹਿਲਾ ਪਾਣੀ ਬੀਜਣ ਤੋਂ ਫੌਰਨ ਬਾਅਦ ਲਾਉ। ਦੂਜਾ ਹਲਕਾ ਜਿਹਾ ਪਾਣੀ ਪਹਿਲੇ ਪਾਣੀ ਤੋਂ ੪-੬ ਦਿਨਾਂ ਬਾਅਦ ਜਿਉਂ ਹੀ ਜ਼ਮੀਨ ਉਪਰੋਂ ਸੁੱਕ ਜਾਵੇ ਲਾਉਣਾ ਚਾਹੀਦਾ ਹੈ ਜੋ ਉੱਗਣ ਲਈ ਜ਼ਰੂਰੀ ਹੈ। ਬਾਕੀ ਪਾਣੀ ਗਰਮੀਆਂ ਵਿਚ ੭ ਦਿਨਾਂ ਦੇ ਵਕਫ਼ੇ ਨਾਲ ਅਤੇ ਸਤੰਬਰ ਤੋਂ ਨਵੰਬਰ ਤੱਕ ੧੦ ਦਿਨਾਂ ਦੇ ਫ਼ਰਕ ਨਾਲ ਲਾਉਂਦੇ ਰਹੋ। ਵਰਖਾ ਰੁੱਤ ਵਿਚ ਲੋੜ ਅਨੁਸਾਰ ਪਾਣੀ ਲਾਉ। ਜਦੋਂ ਫ਼ਸਲ ਉੱਗ ਰਹੀ ਹੋਵੇ, ਉਸ ਵੇਲੇ ਖ਼ਾਸ ਤੌਰ ਤੇ ਭਾਰੀਆਂ ਜ਼ਮੀਨਾਂ ਵਿਚ ਬਹੁਤਾ ਪਾਣੀ ਨਾ ਖੜ੍ਹਨ ਦਿਉ।

ਕਟਾਈ: ਪਹਿਲਾ ਲੌਅ ਬਿਜਾਈ ਤੋਂ ੫੫ ਦਿਨਾਂ ਬਾਅਦ ਤਿਆਰ ਹੋ ਜਾਂਦਾ ਹੈ। ਬਾਕੀ ਲੌਅ ੨੫-੩੦ ਦਿਨਾਂ ਦੇ ਫ਼ਰਕ ਨਾਲ ਲਏ ਜਾਂਦੇ ਹਨ। ਕਟਾਈ ਜ਼ਮੀਨ ਤੋਂ ੫-੭ ਸੈਂਟੀਮੀਟਰ ਉੱਚੀ ਕਰਨੀ ਚਾਹੀਦੀ ਹੈ। ਜੇਕਰ ਕਟਾਈ ਨੀਵੀਂ ਕੀਤੀ ਜਾਵੇ ਤਾਂ ਅਗਲਾ ਲੌਅ ਪਛੇਤਾ ਹੋ ਜਾਂਦਾ ਹੈ ਅਤੇ ਮੀਂਹਾਂ ਵਿਚ ਕਈ ਮੁੱਢ ਮਰ ਵੀ ਜਾਂਦੇ ਹਨ।

ਬੀਜ ਉਤਪਾਦਨ - ਚਾਰੇ ਲਈ ਬੀਜੀ ਗਈ ਫ਼ਸਲ ਅਗਸਤ ਦੇ ਆਖ਼ਰੀ ਹਫ਼ਤੇ, ਬੀਜ ਲਈ ਛੱਡ ਦਿੱਤੀ ਜਾਂਦੀ ਹੈ। ਅੱਧ ਅਕਤੂਬਰ ਤੱਕ ਬੀਜ ਪੱਕ ਜਾਂਦਾ ਹੈ ਪਰ ਪੌਦਾ ਅਜੇ ਹਰਾ ਹੀ ਹੁੰਦਾ ਹੈ। ਬੀਜ ਵਾਲੀ ਫ਼ਸਲ ਉਸ ਸਮੇਂ ਕੱਟਣ ਲਈ ਤਿਆਰ ਹੋ ਜਾਂਦੀ ਹੈ ਜਦੋਂ ਸਿੱਟੇ ਦੇ ਸਿਰੇ ਤੋਂ ਬੀਜ ਝੜਨ ਲੱਗ ਪੈਣ। ਸਾਰੇ ਸਿੱਟੇ ਇਕੱਠੇ ਡੁੰਗ ਲਉ ਅਤੇ ਬਾਕੀ ਬਚੇ ਹਰੇ ਪੌਦੇ ਪਸ਼ੂਆਂ ਨੂੰ ਚਾਰ ਲਉ। ਇਕ ਏਕੜ ਵਿਚੋਂ ੨.੫ ਕੁਇੰਟਲ ਬੀਜ ਮਿਲ ਜਾਂਦਾ ਹੈ। ਉਸੇ ਫ਼ਸਲ ਤੋਂ ਚਾਰੇ ਦਾ ਇਕ ਹੋਰ ਲੌਅ ਨਵੰਬਰ ਵਿਚ ਲਿਆ ਜਾ ਸਕਦਾ ਹੈ।

ਗੁਆਰਾ

ਗੁਆਰਾ ਪ੍ਰਾਂਤ ਦਾ ਇਕ ਬੜਾ ਲਾਭਦਾਇਕ ਚਾਰਾ ਹੈ। ਚਰ੍ਹੀ ਅਤੇ ਗੁਆਰੇ ਦਾ ਰਲਵਾਂ ਚਾਰਾ ਪ੍ਰਾਂਤ ਵਿਚ ਬੜਾ ਮਸ਼ਹੂਰ ਹੈ। ਇਸ ਦੀਆਂ ਸੁੱਕੀਆਂ ਫਲੀਆਂ ਅਤੇ ਟਾਂਗਰ/ਨੀਰਾ ਪਸ਼ੂ ਬੜੇ ਸਵਾਦ ਨਾਲ ਖਾਂਦੇ ਹਨ। ਫ਼ਲੀਦਾਰ ਹੋਣ ਕਰਕੇ ਇਹ ਚੰਗੇ ਆਹਾਰ ਵਾਲਾ ਹੁੰਦਾ ਹੈ। ਇਸ ਨਾਲ ਭੂਮੀ ਦੀ ਉਪਜਾਊ ਸ਼ਕਤੀ ਵੀ ਵੱਧਦੀ ਹੈ।

ਜ਼ਮੀਨ

ਗੁਆਰਾ ਹਰ ਪ੍ਰਕਾਰ ਦੀ ਜ਼ਮੀਨ ਵਿਚ ਚੰਗਾ ਹੁੰਦਾ ਹੈ। ਪਰ ਚੰਗੇ ਜਲ ਨਿਕਾਸ ਵਾਲੀ ਦਰਮਿਆਨੀ ਜਾਂ ਹਲਕੀ ਜ਼ਮੀਨ ਇਸ ਦੀ ਕਾਸ਼ਤ ਲਈ ਵਧੇਰੇ ਚੰਗੀ ਹੈ।

ਉੱਨਤ ਕਿਸਮ

ਗੁਆਰਾ ੮੦ (੧੯੮੨): ਇਹ ਕਿਸਮ ਸਾਰੇ ਪ੍ਰਾਂਤ ਵਿਚ ਬਰਾਨੀ ਅਤੇ ਸੇਂਜੂ ਹਾਲਤਾਂ ਵਿਚ ਬੀਜਣ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ । ਇਹ ਛੇਤੀ ਵਧਣ ਵਾਲੀ ਅਤੇ ਭਰਪੂਰ ਟਹਿਣੀਆਂ ਵਾਲੀ ਹੁੰਦੀ ਹੈ । ਇਸ ਨੂੰ ਪੱਤਿਆਂ ਦਾ ਝੁਲਸ ਰੋਗ ਵੀ ਨਹੀਂ ਲੱਗਦਾ ਅਤੇ ਤਣਾ ਵੀ ਘੱਟ ਟੁੱਟਦਾ ਹੈ । ਇਸ ਕਿਸਮ ਦੇ ਪੌਦੇ ਦੀ ਹਰ ਗੰਢ ਤੇ ਗੁੱਛੇ ਨਹੀਂ ਲੱਗਦੇ ਇਹ ਪਛੇਤੀ ਪੱਕਦੀ ਹੈ । ਇਹ ਕਿਸਮ ਔਸਤਨ ੧੨੫ ਕੁਇੰਟਲ ਪ੍ਰਤੀ ਏਕੜ ਹਰਾ ਚਾਰਾ ਦਿੰਦੀ ਹੈ ।

ਕਾਸ਼ਤ ਦੇ ਢੰਗ

ਜ਼ਮੀਨ ਦੀ ਤਿਆਰੀ: ਕੇਵਲ ੧-੨ ਵਾਹੀਆਂ ਅਤੇ ਸੁਹਾਗੇ ਕਾਫ਼ੀ ਹਨ ।

ਬੀਜ ਦੀ ਮਾਤਰਾ ਅਤੇ ਬਿਜਾਈ ਦਾ ਤਰੀਕਾ: ਇਕ ਏਕੜ ਲਈ ੧੮-੨੦ ਕਿਲੋ ਬੀਜ ਦੀ ਵਰਤੋਂ ਕਰੋ। ਇਹ ਫ਼ਸਲ ਮਈ ਤੋਂ ਅੱਧ ਅਗਸਤ ਤੱਕ ਬੀਜੀ ਜਾ ਸਕਦੀ ਹੈ । ਬਿਜਾਈ ਡਰਿਲ, ਪੋਰੇ ਜਾਂ ਕੇਰੇ ਨਾਲ ੩੦ ਸੈਂਟੀਮੀਟਰ ਫ਼ਰਕ ਦੀਆਂ ਲਾਈਨਾਂ ਵਿਚ ਕਰੋ । ਗੁਆਰੇ ਨੂੰ ਬਿਨਾਂ ਵਹਾਏ ਜੀਰੋ ਟਿੱਲ ਡਰਿੱਲ ਨਾਲ ਵਾਹ ਕੇ ਅਤੇ ਬਿਨਾਂ ਵਹਾਏ ਬੀਜੀ ਕਣਕ ਤੋਂ ਬਾਅਦ ਬੀਜ ਸਕਦੇ ਹਾਂ।

ਖਾਦਾਂ: ਸੇਂਜੂ ਜ਼ਮੀਨਾਂ ਵਿਚ ੯ ਕਿਲੋ ਨਾਈਟ੍ਰੋਜਨ (੨੦ ਕਿਲੋ ਯੂਰੀਆ) ਅਤੇ ੨੪ ਕਿਲੋ ਫ਼ਾਸਫੋਰਸ (੧੫੦ ਕਿਲੋ ਸਿੰਗਲ ਸੁਪਰਫ਼ਾਸਫੇਟ) ਪ੍ਰਤੀ ਏਕੜ ਬਿਜਾਈ ਤੋਂ ਪਹਿਲਾਂ ਡਰਿਲ ਕਰੋ ।

ਨਦੀਨਾਂ ਦੀ ਰੋਕਥਾਮ: ਨਦੀਨ ਖ਼ਾਸ ਕਰਕੇ ਚੁਪੱਤੀ/ਇਟਸਿਟ ਦੀ ਰੋਕਥਾਮ ਲਈ ੭੫੦ ਮਿਲੀਲਿਟਰ ਸਟੌਂਪ ੩੦ ਈ ਸੀ ਨੂੰ ੨੦੦ ਲਿਟਰ ਪਾਣੀ/ਏਕੜ ਵਿਚ ਘੋਲ ਕੇ ਬਿਜਾਈ ਤੋਂ ਬਾਅਦ ੨੪ ਘੰਟਿਆਂ ਦੇ ਅੰਦਰ-ਅੰਦਰ ਫਲੱਡ ਜੈਟ/ਫਲੈਟ ਫੈਨ ਨੋਜ਼ਲ ਵਾਲੇ ਸਪਰੇ ਪੰਪ ਨਾਲ ਛਿੜਕਾਅ ਕਰੋ ।

ਸਿੰਚਾਈ: ਜੇਕਰ ਬਾਰਸ਼ਾਂ ਠੀਕ ਹੋਣ ਤਾਂ ਪਾਣੀ ਦੇਣ ਦੀ ਲੋੜ ਨਹੀਂ ਪੈਂਦੀ, ਪਰ ਜੇ ਬਾਰਸ਼ਾਂ ਠੀਕ ਨਾ ਹੋਣ ਤਾਂ ੧-੨ ਪਾਣੀ ਕਾਫ਼ੀ ਹਨ।

ਕਟਾਈ: ਕਟਾਈ ਲਈ ਚਾਰਾ ੯੦-੧੦੦ ਦਿਨਾਂ ਵਿਚ (ਜਦੋਂ ਪੂਰੇ ਫੁੱਲ ਨਿਕਲ ਚੁੱਕੇ ਹੋਣ ਤੋਂ ਫਲੀਆਂ ਪੈਣ ਤੱਕ) ਤਿਆਰ ਹੋ ਜਾਂਦਾ ਹੈ।

ਬੀਜ ਪੈਦਾ ਕਰਨਾ: ਬੀਜ ਵਾਲੀ ਫ਼ਸਲ ਲਈ ਦਿੱਤੀਆਂ ਗਈਆਂ ਸਿਫ਼ਾਰਸ਼ਾਂ ਅਪਨਾਓ ।

ਪੌਦ ਸੁਰੱਖਿਆ:

ਕੀੜੇ-ਮਕੌੜੇ: ਵਾਲਾਂ ਵਾਲੀ ਸੁੰਡੀ (ਭੱਬੂ ਕੁੱਤਾ, ਭਹਿੳਰ ਹੳਰਿੇ ਚੳਟੲਰਪਲਿਲੳਰ) ਸਤੰਬਰ-ਅਕਤੂਬਰ ਵਿਚ ਹਮਲਾ ਕਰਦੀ ਹੈ । ਇਸ ਨੂੰ ਮਾਰਨ ਲਈ ਛੋਟੀਆਂ ਸੁੰਡੀਆਂ ਜਦੋਂ ਝੁੰਡ ਦੇ ਰੂਪ ਵਿਚ ਹੋਣ, ਇਕੱਠੀਆਂ ਕਰਕੇ ਨਸ਼ਟ ਕਰ ਦੇਣੀਆਂ ਚਾਹੀਦੀਆਂ ਹਨ।

ਰਵਾਂਹ

ਪੰਜਾਬ ਦੇ ਸੇਂਜੂ ਇਲਾਕਿਆ ਵਿਚ ਇਸ ਦੀ ਕਾਸ਼ਤ ਕਰਨ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ । ਇਹ ਆਮ ਕਰਕੇ ਜੁਆਰ, ਬਾਜਰਾ ਅਤੇ ਮੱਕੀ ਨਾਲ ਰਲਾ ਕੇ ਬੀਜੀ ਜਾਂਦੀ ਹੈ । ਇਹ ਦੁੱਧ ਦੇਣ ਲਈ ਡੰਗਰਾਂ ਨੂੰ ਗਰਮ ਖੁਸ਼ਕ ਮੌਸਮ ਵਿਚ ਲਗਾਤਾਰ ਚੰਗਾ ਦੁੱਧ ਲੈਣ ਲਈ ਚਾਰਨਾ, ਬਹੁਤ ਲਾਭਦਾਇਕ ਹੈ ।

ਉੱਨਤ ਕਿਸਮਾਂ:

ਸੀ ਐਲ ੩੬੭ (੨੦੦੫): ਇਹ ਕਿਸਮ ਚਾਰੇ ਤੇ ਦਾਲ ਦੋਵਾਂ ਮੰਤਵਾਂ ਲਈ ਢੁੱਕਵੀਂ ਹੈ। ਇਸ ਦੇ ਬੂਟੇ ਸਿੱਧੇ ਖੜ੍ਹੇ ਰਹਿੰਦੇ ਹਨ ਅਤੇ ਪੱਤੇ ਗੂੜ੍ਹੇ ਹਰੇ ਰੰਗ ਦੇ ਹੁੰਦੇ ਹਨ । ਇਸ ਵਿਚ ਵਾਇਰਸ (ਪੀਲੇ ਪੱਤਿਆਂ ਦਾ ਰੋਗ) ਅਤੇ ਐਂਥਰਾਕਨੋਜ਼ ਬਿਮਾਰੀ ਦਾ ਟਾਕਰਾ ਕਰਨ ਦੀ ਸਮਰੱਥਾ ਹੈ । ਇਸ ਦੇ ਚਾਰੇ ਦੀ ਗੁਣਵੱਤਾ ਕੁਲ ਪਚਣਯੋਗ ਤੱਤ ਅਤੇ ਪਚਣਯੋਗ ਪ੍ਰੋਟੀਨ ਦੇ ਹਿਸਾਬ ਨਾਲ ਬਹੁਤ ਵਧੀਆ ਹੈ । ਇਸ ਦੇ ਬੂਟੇ ਨੂੰ ਬਹੁਤ ਜ਼ਿਆਦਾ ਫ਼ਲੀਆਂ ਲੱਗਦੀਆਂ ਹਨ । ਇਸ ਦੇ ਬੀਜ ਛੋਟੇ ਤੇ ਚਿੱਟੇ ਕਰੀਮ ਰੰਗ ਦੇ ਹੁੰਦੇ ਹਨ । ਇਹ ਕਿਸਮ ਦਾਲ ਬਣਾਉਣ ਲਈ ਢੁੱਕਵੀਂ ਹੈ

ਕਿਉਂਕਿ ਇਸ ਦੀ ਪਕਾਉਣ ਦੀ ਗੁਣਵੱਤਾ ਬਹੁਤ ਵਧੀਆ ਹੈ । ਔਸਤਨ ਇਹ ਕਿਸਮ ੧੦੮ ਕੁਇੰਟਲ ਪ੍ਰਤੀ ਏਕੜ ਹਰੇ ਚਾਰੇ ਦਾ ਝਾੜ ਦਿੰਦੀ ਹੈ ਅਤੇ ਇਸ ਤੋਂ ਪ੍ਰਤੀ ਏਕੜ ੪.੯ ਕੁਇੰਟਲ ਦਾਣੇ ਮਿਲ ਜਾਂਦੇ ਹਨ ।

ਰਵਾਂਹ ੮੮ (੧੯੯੦): ਇਹ ਕਿਸਮ ਚਾਰਾ ਅਤੇ ਦਾਲ ਪੈਦਾ ਕਰਨ ਲਈ ਬਹੁਤ ਚੰਗੀ ਹੈ । ਇਹ ਇਕ ਚੌੜੇ ਪੱਤਿਆਂ ਵਾਲੀ ਸਿੱਧੀ ਵਧਣ ਵਾਲੀ ਕਿਸਮ ਹੈ ਜਿਹੜੀ ਕਿ ਚਾਰੇ ਦੀ ਰਲਵੀਂ ਫ਼ਸਲ ਨਾਲ ਵਲੇਵੇਂ ਨਹੀਂ ਮਾਰਦੀ । ਇਸ ਨੂੰ ਵਾਇਰਸ (ਪੀਲੇ ਪੱਤਿਆਂ ਦਾ ਰੋਗ) ਨਹੀਂ ਲਗਦਾ ਅਤੇ ਐਥਰਾਕਨੋਜ਼ ਬਿਮਾਰੀ ਬਹੁਤ ਹੀ ਘੱਟ ਲੱਗਦੀ ਹੈ। ਇਸ ਦੀਆਂ ਫਲੀਆਂ ਵੱਡੀਆਂ ਅਤੇ ਦਾਣੇ ਮੋਟੇ ਹੁੰਦੇ ਹਨ । ਇਸ ਦੇ ਦਾਣਿਆਂ ਦਾ ਰੰਗ ਚਾਕਲੇਟੀ ਭੂਰਾ ਹੁੰਦਾ ਹੈ। ਇਹ ਅਕਤੂਬਰ ਦੇ ਦੂਜੇ ਪੰਦਰ੍ਹਵਾੜੇ ਵਿਚ ਇਕਸਾਰ ਪੱਕ ਜਾਂਦੀ ਹੈ ਅਤੇ ਇਸ ਪਿਛੋਂ ਕਣਕ ਅਤੇ ਹਾੜ੍ਹੀ ਦੀਆਂ ਹੋਰ ਫ਼ਸਲਾਂ ਆਸਾਨੀ ਨਾਲ ਬੀਜੀਆਂ ਜਾ ਸਕਦੀਆਂ ਹਨ । ਔਸਤਨ ਇਹ ਕਿਸਮ ੧੦੦ ਕੁਇੰਟਲ ਪ੍ਰਤੀ ਏਕੜ ਹਰੇ ਚਾਰੇ ਦਾ ਝਾੜ ਦਿੰਦੀ ਹੈ ਅਤੇ ਇਸ ਤੋਂ ਪ੍ਰਤੀ ਏਕੜ ੪.੩ ਕੁਇੰਟਲ ਦਾਣੇ ਮਿਲ ਜਾਂਦੇ ਹਨ ।

ਕਾਸ਼ਤ ਦੇ ਢੰਗ:

ਜ਼ਮੀਨ ਦੀ ਤਿਆਰੀ: ਦੋ ਵਾਰ ਹਲ ਵਾਹੁਣਾ ਅਤੇ ਹਰ ਵਾਹੀ ਪਿਛੋਂ ਸੁਹਾਗਾ ਫੇਰਨਾ ਕਾਫ਼ੀ ਹੈ ।

ਬੀਜ ਦੀ ਮਾਤਰਾ, ਬੀਜ ਦੀ ਸੋਧ ਅਤੇ ਬਿਜਾਈ: ਹਰੇ ਚਾਰੇ ਲਈ ਇਸ ਫ਼ਸਲ ਦੀ ਬਿਜਾਈ ਮਾਰਚ ਤੋਂ ਅੱਧ ਜੁਲਾਈ ਤੱਕ ਕਰਨੀ ਚਾਹੀਦੀ ਹੈ। ਚਾਰੇ ਦੀ ਫ਼ਸਲ ਲਈ ਪੋਰ ਜਾਂ ਖਾਦ-ਬੀਜ ਡਰਿਲ ਨਾਲ ਰਵਾਂਹ ੮੮ ਦਾ ੨੦ - ੨੫ ਕਿਲੋ ਅਤੇ ਰਵਾਂਹ ੩੬੭ ਦਾ ੧੨ ਕਿਲੋ ਬੀਜ ਪ੍ਰਤੀ ਏਕੜ ਵਰਤੋ । ਕਤਾਰਾਂ ਵਿਚਕਾਰ ਫ਼ਾਸਲਾ ੩੦ ਸੈਂਟੀਮੀਟਰ ਰੱਖੋ । ਬਿਜਾਈ ਪਿਛੋਂ ਸੁਹਾਗਾ ਦਿਓ ਤਾਂ ਜੋ ਨਮੀ ਬਰਕਰਾਰ ਰਹੇ। ਜੇਕਰ ਇਸ ਨੂੰ ਮੱਕੀ ਵਿਚ ਬੀਜਣਾ ਹੋਵੇ ਤਾਂ ਮੱਕੀ ਦੇ ੧੫ ਕਿਲੋ ਬੀਜ ਵਿਚ ਰਵਾਂਹ ੮੮ ਦਾ ੧੫ ਕਿਲੋ ਬੀਜ ਜਾਂ ਸੀ ਐਲ ੩੬੭ ਦਾ ੬ ਕਿਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ । ਬੀਜ ਨੂੰ ਐਮੀਸਾਨ ੨.੫ ਗ੍ਰਾਮ ਜਾਂ ਬਾਵਿਸਟਨ ੨ ਗ੍ਰਾਮ

ਪ੍ਰਤੀ ਕਿਲੋ ਨਾਲ ਸੋਧ ਕੇ ਬੀਜੋ । ਰਵਾਂਹ ਨੂੰ ਬਿਨਾਂ ਵਹਾਏ ਜੀਰੋ ਟਿੱਲ ਡਰਿੱਲ ਨਾਲ ਵਾਹ ਕੇ ਅਤੇ ਬਿਨਾਂ ਵਹਾਏ ਬੀਜੀ ਕਣਕ ਤੋਂ ਬਾਅਦ ਬੀਜ ਸਕਦੇ ਹਾਂ।

ਨਦੀਨਾਂ ਦੀ ਰੋਕਥਾਮ: ਬਿਜਾਈ ਤੋਂ ੨੪ ਘੰਟੇ ਦੇ ਅੰਦਰ, ਨਦੀਨ ਉੱਗਣ ਤੋਂ ਪਹਿਲਾਂ ਸਟੌਂਪ 30 ਈ ਸੀ (ਪੈਂਡੀਮੈਥਾਲਿਨ) ੭੫੦ ਮਿਲੀਲਿਟਰ ਪ੍ਰਤੀ ਏਕੜ ਦੇ ਹਿਸਾਬ ੨੦੦ ਲਿਟਰ ਪਾਣੀ ਵਿਚ ਘੋਲ ਕੇ ਛਿੜਕੋ । ਇਸ ਨਾਲ ਮੌਸਮੀ ਨਦੀਨ ਜਿਵੇਂ ਇੱਟਸਿਟ/ਚੁਪੱਤੀ ਆਦਿ ਤੇ ਕਾਬੂ ਪਾਇਆ ਜਾ ਸਕਦਾ ਹੈ ।

ਖਾਦਾਂ: ੭.੫ ਕਿਲੋ ਨਾਈਟ੍ਰੋਜਨ (੧੬.੫ ਕਿਲੋ ਯੂਰੀਆ) ਅਤੇ ੨੨ ਕਿਲੋ ਫ਼ਾਸਫੋਰਸ (੧੪੦ ਕਿਲੋ ਸੁਪਰਫ਼ਾਸਫੇਟ) ਪ੍ਰਤੀ ਏਕੜ ਬਿਜਾਈ ਸਮੇਂ ਪਾਓ । ਜੇਕਰ ਰਵਾਂਹ ਦਾ ਚਾਰਾ ਕਣਕ ਪਿਛੋਂ ਬੀਜਣਾ ਹੋਵੇ ਜਿਸ ਨੂੰ ਫ਼ਾਸਫੋਰਸ ਦੀ ਸਿਫ਼ਾਰਸ਼ ਕੀਤੀ ਮਾਤਰਾ ਪਾਈ ਗਈ ਹੋਵੇ, ਤਾਂ ਫ਼ਾਸਫੋਰਸ ਤੱਤ ਪਾਉਣ ਦੀ ਲੋੜ ਨਹੀਂ ।

ਪਾਣੀ ਅਤੇ ਜਲ ਨਿਕਾਸ: ਮਈ ਵਿਚ ਬੀਜੀ ਫ਼ਸਲ ਨੂੰ ਹਰ ੧੫ ਦਿਨਾਂ ਪਿਛੋਂ ਪਾਣੀ ਦਿਓ ਜਦੋਂ ਤੱਕ ਬਾਰਸ਼ਾਂ ਸ਼ੁਰੂ ਨਾ ਹੋਣ । ਕੁਲ ੪ ਤੋਂ ੫ ਪਾਣੀ ਕਾਫ਼ੀ ਹਨ। ਚੰਗੇ ਜਲ ਨਿਕਾਸ ਦੀ ਹਾਲਤ ਵਿਚ ਫ਼ਸਲ ਵਧੇਰੇ ਹੁੰਦੀ ਹੈ।

ਕਟਾਈ: ਹਰੇ ਚਾਰੇ ਦੀ ਕਟਾਈ ਬਿਜਾਈ ਤੋਂ ੫੫-੬੫ ਦਿਨ ਤੱਕ ਫੁੱਲ ਪੈਣ ਤੋਂ ਪਹਿਲਾਂ ਜਾਰੀ ਰੱਖੀ ਜਾ ਸਕਦੀ ਹੈ। ਇਹ ਚਾਰਾ ਚੰਗੀ ਕੁਆਲਿਟੀ ਦਾ ਹੁੰਦਾ ਹੈ। ਬੀਜ ਪੈਦਾ ਕਰਨਾ ਬੀਜ ਵਾਲੀ ਫ਼ਸਲ ਲਈ ਸੀ ਐਲ ੩੬੭ ਦਾ ੮ ਕਿਲੋ ਬੀਜ ਪ੍ਰਤੀ ਏਕੜ ਅਗਸਤ ਦੇ ਪਹਿਲੇ ਹਫ਼ਤੇ ਅਤੇ ਰਵਾਂਹ ੮੮ ਦੇ ੧੬ ਕਿਲੋ ਬੀਜ ਪ੍ਰਤੀ ਏਕੜ ਨੂੰ ਜੁਲਾਈ ਦੇ ਆਖਰੀ ਹਫ਼ਤੇ ਤੋਂ ਅਗਸਤ ਦੇ ਸ਼ੁਰੂ ਤੱਕ ਬੀਜੋ । ਬਿਜਾਈ ਕਤਾਰਾਂ ਵਿਚ ੩੦ ਸੈਂਟੀਮੀਟਰ ਫ਼ਾਸਲੇ ਤੇ ਕਰੋ । ਚਾਰੇ ਦੀ ਫ਼ਸਲ ਲਈ ਦੱਸੀਆਂ ਗਈਆਂ ਖਾਦਾਂ ਹੀ ਪਾਓ ।

ਪੌਦ ਸੁਰੱਖਿਆ (ੳ) ਕੀੜੇ-ਮਕੌੜੇ

ਇਸ ਫ਼ਸਲ ਤੇ ਆਮ ਕਰਕੇ ਤੇਲਾ (ਝੳਸਸਦਿ) ਤੇ ਕਾਲਾ ਚੇਪਾ (ਭਲੳਚਕ ੳਪਹਦਿ) ਹਮਲਾ ਕਰਦਾ ਹੈ । ਇਸਦੀ ਰੋਕਥਾਮ ਲਈ ੨੦੦ ਮਿਲੀਲਿਟਰ ਮੈਲਾਥੀਆਨ ੫੦ ਤਾਕਤ ਵਾਲੀ ੮੦ ਲਿਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਛਿੜਕੋ । ਦਵਾਈ ਛਿੜਕਣ ਤੋਂ ਦੋ ਹਫ਼ਤੇ ਤੱਕ ਫ਼ਸਲ ਕੱਟ ਕੇ ਪਸ਼ੂਆਂ ਨੂੰ ਨਾ ਚਾਰੋ ।

ਵਾਲਾਂ ਵਾਲੀ ਸੁੰਡੀ (ਭੱਬੂ ਕੁੱਤਾ, ਭਹਿੳਰ ਹੳਰਿੇ ਚੳਟੲਰਪਲਿਲੳਰ): ਰਵਾਂਹ ਉਪਰ ਅਗਸਤ ਤੋਂ ਨਵੰਬਰ ਤੱਕ ਹਮਲਾ ਕਰਦੀ ਹੈ । ਰਵਾਂਹ ਦੀ ਫ਼ਸਲ ਨੂੰ ਇਸ ਕੀੜੇ ਦੇ ਹਮਲੇ ਤੋਂ ਬਚਾਉਣ ਲਈ ਰਵਾਂਹ ਦੀ ਬਿਜਾਈ ਸਮੇਂ ਖੇਤ ਦੁਆਲੇ ਤਿਲਾਂ ਦੀ ਇੱਕ ਲਾਈਨ ਲਗਾਓ । ਮਦੀਨ ਪ੍ਰਵਾਨੇ ਅੰਡੇ ਦੇਣ ਲਈ ਤਿਲਾਂ ਨੂੰ ਰਵਾਂਹ ਤੋਂ ਵੱਧ ਪਸੰਦ ਕਰਦੇ ਹਨ । ਅੰਡਿਆਂ ਵਿਚੋਂ ਨਿਕਲਦੀਆਂ ਸੁੰਡੀਆਂ ਜੋ ਤਿਲਾਂ ਉਪਰ ਝੁੰਡ ਵਿਚ ਮਿਲਦੀਆ ਹਨ ਇਕੱਠੀਆਂ ਕਰਕੇ ਨਸ਼ਟ ਕਰ ਦਿਓ ।

ਗੁਦਾਮ ਵਿਚ ਲੱਗਣ ਵਾਲੇ ਕੀੜੇ: ਗੁਦਾਮ ਵਿਚ ਰੱਖੇ ਰਵਾਂਹ ਦੇ ਦਾਣਿਆਂ ਦਾ ਢੋਰਾ (ਫੁਲਸੲ ਬੲੲਟਲੲ) ਬਹੁਤ ਨੁਕਸਾਨ ਕਰਦਾ ਹੈ । ਇਸ ਦੀ ਰੋਕਥਾਮ ਲਈ ਦੇਖੋ ਅੰਤਿਕਾ ੨ ੲ. ਪੰਛੀਆਂ ਤੋਂ ਬਚਾਅ ਕਾਂ, ਉੱਗ ਰਹੇ (ਪੁੰਗਰੇ) ਬੀਜਾਂ ਨੂੰ ਪੁੱਟ ਦਿੰਦੇ ਹਨ । 'ਫ਼ਸਲਾਂ ਦਾ ਪੰਛੀਆਂ ਤੋਂ ਬਚਾਅ' ਅਧਿਆਇ ਹੇਠ ਦੇਖੋ।

(ਅ). ਬਿਮਾਰੀਆਂ:

ਬੀਜ ਸੜਨਾ ਅਤੇ ਪੌਦਾ ਝੁਲਸਣਾ (ਸ਼ੲੲਦ ਰੋਟ ੳਨਦ ਸ਼ੲੲਦਲਨਿਗ ਮੋਰਟੳਲਟਿੇ): ਇਹ ਬਿਮਾਰੀ ਬੀਜ ਰਾਹੀਂ ਫੈਲਣ ਵਾਲੇ ਕੀਟਾਣੂੰਆਂ ਨਾਲ ਹੁੰਦੀ ਹੈ । ਬਿਮਾਰੀ ਵਾਲੇ ਬੀਜ ਘੱਟ ਉੱਗਦੇ ਹਨ । ਬੂਟਿਆਂ ਦਾ ਵਾਧਾ ਰੁੱਕ ਜਾਂਦਾ ਹੈ ਤੇ ਛੋਟੇ ਪੌਦੇ ਮਰਨੇ ਸ਼ੁਰੂ ਹੋ ਜਾਂਦੇ ਹਨ। ਇਸ ਦੀ ਰੋਕਥਾਮ ਲਈ ਬੀਜ ਨੂੰ ੨.੫ ਗ੍ਰਾਮ ਐਮੀਸਾਨ ੬ ਜਾਂ ੨ ਗ੍ਰਾਮ ਬਾਵਿਸਟਿਨ ੫੦ ਡਬਲਯੂ ਪੀ ਪ੍ਰਤੀ ਕਿਲੋ ਨਾਲ ਸੋਧ ਕੇ ਬੀਜੋ ।

ਮਿਸ਼ਰਤ ਚਾਰੇ

ਇਹ ਬਹੁਤ ਚੰਗਾ ਹੋਵੇਗਾ ਕਿ ਚਾਰੇ ਦੀ ਇਕੱਲੀ ਫ਼ਸਲ ਬੀਜਣ ਨਾਲੋਂ ਮਿਸ਼ਰਤ ਚਾਰੇ (ਰਲਵੇਂ ਚਾਰੇ) ਉਗਾਏ ਜਾਣ । ਮਿਸ਼ਰਤ ਚਾਰਿਆਂ ਵਿਚ ਫ਼ਲੀਦਾਰ ਜਿਵੇਂ ਕਿ ਰਵਾਂਹ, ਗੁਆਰਾ ਅਤੇ ਗ਼ੈਰ-ਫ਼ਲੀਦਾਰ ਜਿਵੇਂ ਜੁਆਰ, ਮੱਕੀ, ਬਾਜਰਾ ਆਦਿ ਦੀਆਂ ਫ਼ਸਲਾਂ ਰਲਾ ਕੇ ਉਗਾਉਣ ਨਾਲ ਪਸ਼ੂਆਂ ਨੂੰ ਚੰਗਾ ਤੇ ਸੰਤੁਲਤ ਚਾਰਾ ਮਿਲਦਾ ਹੈ। ਅਜਿਹੇ ਮਿਸ਼ਰਤ ਚਾਰੇ ਦੀਆਂ ਫ਼ਸਲਾਂ ਨੂੰ ਆਮ ਕਰਕੇ ਨਾਈਟ੍ਰੋਜਨ ਤੱਤ ਦੀ ਘੱਟ ਲੋੜ ਹੁੰਦੀ ਹੈ ਕਿਉਂਕਿ ਇਸ ਵਿਚ ਇਕ ਫ਼ਸਲ ਫ਼ਲੀਦਾਰ ਹੁੰਦੀ ਹੈ। ਅਜਿਹੇ ਕੁਝ ਮਿਸ਼ਰਤ ਚਾਰੇ ਸਾਉਣੀ ਵਿਚ ਇਕਤੋਂ ਵੱਧ ਵਾਰੀ ਉਗਾਏ ਜਾ ਸਕਦੇ ਹਨ ।

ਮੱਕੀ ਅਤੇ ਰਵਾਂਹ ਦੀ ਰਲਵੀਂ ਫ਼ਸਲ ਉਸ ਵੇਲੇ ਕੱਟੋ ਜਦੋਂ ਮੱਕੀ ਦੋਧੇ ਤੇ ਹੋਵੇ ਅਤੇ ਦਾਣੇ ਅਜੇ ਨਰਮ ਹੀ ਹੋਣ। ਜਵਾਰ ਤੇ ਗੁਆਰੇ ਦੀ ਰਲਵੀਂ ਫ਼ਸਲ ਉਦੋ ਕੱਟੋ ਜਦੋਂ ਜਵਾਰ ੧/੩ ਤੋਂ ੧/੨ ਹਿੱਸਾ ਨਿਸਰ ਪਵੇ । ਬਾਜਰੇ ਤੇ ਰਵਾਂਹ ਦੀ ਰਲਵੀਂ ਫ਼ਸਲ ਉਸ ਵੇਲੇ ਕੱਟੋ ਜਦ ਇਸ ਦੇ ਸਿੱਟੇ ਨਿਕਲਣੇ ਸ਼ੁਰੂ ਹੋਣ । ਬਾਜਰਾ ਤੇ ਚਰ੍ਹੀ ਬਤੌਰ ਇਕੱਠੀਆਂ ਫ਼ਸਲਾਂ ਜਾਂ ਗੁਆਰੇ ਤੇ ਰਵਾਂਹ ਨਾਲ ਰਲਾ ਕੇ ਕੰਢੀ ਇਲਾਕੇ ਦੇ ਬਰਾਨੀ ਰਕਬੇ ਵਿਚ, ਕਾਮਯਾਬੀ ਨਾਲ ਉਗਾਈਆਂ ਜਾ ਸਕਦੀਆਂ ਹਨ। ਗੁਆਰਾ ਅਤੇ ਰਵਾਂਹ ਬਤੌਰ ਇਕੱਲੇ ਚਾਰੇ ਦੀ ਫ਼ਸਲ ਦੇ ਇਸ ਇਲਾਕੇ ਦੀਆਂ ਢੁਕਵੀਆਂ ਚਾਰੇ ਦੀਆਂ ਫ਼ਸਲਾਂ ਹਨ ।

ਚਾਰੇ ਦਾ ਅਚਾਰ ਬਨਾਉਣਾ

ਨਵੰਬਰ-ਦਸੰਬਰ ਅਤੇ ਮਈ-ਜੂਨ ਦੇ ਮਹੀਨਿਆਂ ਵਿਚ ਪਸ਼ੂਆਂ ਲਈ ਹਰੇ ਚਾਰੇ ਦੀ ਸਖ਼ਤ ਘਾਟ ਨੂੰ ਚਾਰੇ ਦੇ ਅਚਾਰ ਨਾਲ ਪੂਰਾ ਕੀਤਾ ਜਾ ਸਕਦਾ ਹੈ । ਵਧੀਆ ਕਿਸਮ ਦਾ ਆਚਾਰ ਤਿਆਰ ਕਰਨ ਲਈ ਸਾਉਣੀ ਦੇ ਗ਼ੈਰ-ਫ਼ਲੀਦਾਰ ਚਾਰੇ ਜਿਵੇਂ ਮੱਕੀ, ਚਰ੍ਹੀ, ਬਾਜਰਾ, ਦੋਗਲਾ ਨੇਪੀਅਰ ਬਾਜਰਾ ਅਤੇ ਗਿੰਨੀ ਘਾਹ, ਜਿਨ੍ਹਾਂ ਵਿਚ ਨਿਸ਼ਾਸ਼ਤਾ ਜ਼ਿਆਦਾ ਅਤੇ ਪ੍ਰੋਟੀਨ ਘੱਟ ਮਾਤਰਾ ਵਿਚ ਹੁੰਦੀ ਹੈ, ਸਭ ਤੋਂ ਉੱਤਮ ਹਨ ।

ਕਟਾਈ: ਅਚਾਰ ਤਿਆਰ ਕਰਨ ਲਈ ਫ਼ਸਲ ਦੀ ਕਟਾਈ ਉਸ ਸਮੇਂ ਕਰੋ ਜਦੋਂ ਇਹ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੋਵੇ ਤੇ ਸੁੱਕੇ ਮਾਦੇ ਦੀ ਮਾਤਰਾ ਵੀ ਕਾਫ਼ੀ ਹੋਵੇ । ਜੇ ਚਾਰੇ ਵਿਚ ੩੦-੩੫ ਪ੍ਰਤੀਸ਼ਤ ਸੁੱਕਾ ਮਾਦਾ ਹੋਵੇ ਤਾਂ ਅਚਾਰ ਚੰਗਾ ਬਣਦਾ ਹੈ । ਅਚਾਰ ਤਿਆਰ ਕਰਨ ਲਈ ਫ਼ਸਲ ਦੀ ਕਟਾਈ ਦਾ ਢੁੱਕਵਾਂ ਸਮਾਂ ਨਿਮਨਲਿਖਤ ਹੈ :-

ਫ਼ਸਲ
ਕਟਾਈ ਦਾ ਸਮਾਂ
ਮੱਕੀ ਤੇ ਜੁਆਰ       
ਸੂਤ ਪੈਣ ਤੋਂ ਦੋਧੇ ਬਣਨ ਤੱਕ
ਬਾਜਰਾ         
ਨਿਸਰਨ ਵੇਲੇ
ਦੋਗਲਾ ਨੇਪੀਅਰ ਬਾਜਰਾ ਤੇ ਗਿੰਨੀ ਘਾਹ   
ਇਕ ਮੀਟਰ ਉੱਚਾ ਹੋਣ ਤੇ

ਉੱਪਰ ਦੱਸੇ ਸਮੇਂ ਤੇ ਕੱਟੀਆਂ ਗਈਆਂ ਫ਼ਸਲਾਂ ਵਿਚ ਲੋੜੀਂਦਾ ਸੁਕਾ ਮਾਦਾ ਹੁੰਦਾ ਹੈ । ਫਿਰ ਵੀ ਦੋਗਲੇ ਨੇਪੀਅਰ ਬਾਜਰੇ ਅਤੇ ਗਿੰਨੀ ਘਾਹ ਨੂੰ ਕਟਾਈ ਤੋਂ ਬਾਅਦ ਖੇਤ ਵਿਚ ਇਕ ਦੋ ਦਿਨ ਸੁਕਾ ਲੈਣਾ ਚਾਹੀਦਾ ਹੈ । ਸਿੱਲ੍ਹ ਦੀ ਮਾਤਰਾ ਪਰਖਣ ਲਈ ਕੁਤਰੇ ਹੋਏ ਚਾਰੇ ਨੂੰ ਮਰੋੜ ਕੇ ਹੱਥਾਂ ਵਿਚ ਘੁੱਟੋ । ਜੇ ਹੱਥ ਨੂੰ ਸਿੱਲ੍ਹ ਮਹਿਸੂਸ ਨਹੀਂ ਹੁੰਦੀ ਤਾਂ ਸਮਝੋ ਕਿ ਸੁੱਕੇ ਮਾਦੇ ਦੀ ਲੋੜੀਂਦੀ ਮਾਤਰਾ ਇਸ ਵਿਚ ਮੌਜੂਦ ਹੈ ।

ਅਚਾਰ ਤਿਆਰ ਕਰਨ ਲਈ ਟੋਆ: ਟੋਏ ਦਾ ਆਕਾਰ, ਪਸ਼ੁਆਂ ਦੀ ਗਿਣਤੀ, ਹਰੇ ਚਾਰੇ ਦੀ ਮਿਕਦਾਰ ਅਤੇ ਉਸ ਨੂੰ ਜਿੰਨੇ ਸਮੇਂ ਲਈ ਚਾਰਨਾ ਹੈ, ਤੇ ਨਿਰਭਰ ਕਰਦਾ ਹੈ । ਆਮ ਤੌਰ ਤੇ ਇਕ ਘਣ ਮੀਟਰ ਥਾਂ ਤੇ ੫-੬ ਕੁਇੰਟਲ ਕੱਟਿਆ ਹੋਇਆ ਹਰਾ ਚਾਰਾ ਸੰਭਾਲਿਆ ਜਾ ਸਕਦਾ ਹੈ । ੧੦ ਮੀਟਰ ਲੰਮਾ, ੩ ਮੀਟਰ ਚੌੜਾ ਤੇ ੧.੫ ਮੀਟਰ ਡੂੰਘਾ ਟੋਆ ੩੫੦-੪੦੦ ਕੁਇੰਟਲ ਹਰਾ ਚਾਰਾ ਸੰਭਾਲਣ ਦੀ ਸਮਰੱਥਾ ਰੱਖਦਾ ਹੈ । ਟੋਏ ਦੀ ਲੰਬਾਈ, ਚੌੜਾਈ ਪਸ਼ੂਆਂ ਦੀ ਗਿਣਤੀ ਅਤੇ ਉਨ੍ਹਾਂ ਦੀ ਜ਼ਰੂਰਤ ਅਨੁਸਾਰ ਘੱਟ ਵੱਧ ਹੋ ਸਕਦੀ ਹੈ । ਪ੍ਰੰਤੂ ਡੂੰਘਾਈ ਹਮੇਸ਼ਾ ੧.੫ ਤੋਂ ੨ ਮੀਟਰ ਹੋਣੀ ਚਾਹੀਦੀ ਹੈ । ਟੋਆ ਪਸ਼ੂਆਂ ਦੇ ਢਾਰੇ ਦੇ ਨੇੜੇ ਉੱਚੀ ਥਾਂ ਤੇ ਬਣਾਉਣਾ ਚਾਹੀਦਾ ਹੈ । ਇਹ ਪੱਕਾ ਅਤੇ ਸੀਮਿੰਟ ਨਾਲ ਪਲੱਸਤਰ ਕੀਤਾ ਹੋਣਾ ਚਾਹੀਦਾ ਹੈ।

ਅਚਾਰ ਬਨਾਉਣ ਦੇ ਢੰਗ:

(੧) ਕੱਟੀ ਹੋਈ ਫ਼ਸਲ ਦਾ ੫ ਤੋਂ ੮ ਸੈਂਟੀਮੀਟਰ ਦੇ ਹਿਸਾਬ ਨਾਲ ਕੁਤਰਾ ਕਰ ਲਓ ਤੇ ਇਸ ਨੂੰ ਟੋਏ ਵਿਚ ਭਰ ਦਿਓ ।

(੨) ਟੋਏ ਵਿਚ ਕੁਤਰ ਕੇ ਪਾਏ ਚਾਰੇ ਨੂੰ ਟਰੈਕਟਰ ਜਾਂ ਬਲਦਾਂ ਦੀ ਸਹਾਇਤਾ ਨਾਲ ਚੰਗੀ ਤਰ੍ਹਾਂ ਦਬਾ ਦਿਓ ਤੇ ਇਸ ਨੂੰ ਜ਼ਮੀਨ ਦੀ ਸਤਹ ਤੋਂ ਇਕ ਮੀਟਰ ਉੱਚਾ ਰੱਖੋ । ਵਧੀਆ ਆਚਾਰ ਤਿਆਰ ਕਰਨ ਲਈ ਜ਼ਰੂਰੀ ਹੈ ਕਿ ਹਰ ਅੱਧ ਮੀਟਰ ਦੀ ਚਾਰੇ ਦੀ ਤਹਿ ਨੂੰ ਚੰਗੀ ਤਰ੍ਹਾਂ ਦਬਾਇਆ ਜਾਵੇ ।

(੩) ਇਸ ਨੂੰ ਉਪਰੋਂ ਕੜਬ ਜਾਂ ਤੂੜੀ ਦੀ ੧੦-੧੫ ਸੈਂਟੀਮੀਟਰ ਮੋਟੀ ਤਹਿ ਨਾਲ ਢੱਕ ਦਿਓ । ਫਿਰ ਇਸ ਉੱਪਰ ਮਿੱਟੀ ਪਾ ਕੇ ਲਿਪ ਦਿਉ । ਇਹ ਧਿਆਨ ਰੱਖੋ ਕਿ ਟੋਇਆ ਪੂਰੀ ਤਰ੍ਹਾਂ ਹਵਾ ਬੰਦ ਹੋਵੇ ।

(੪) ਇਸ ਕੰਮ ਲਈ ਦੱਬੇ ਹੋਏ ਚਾਰੇ ਉੱਪਰ ਪਲਾਸਟਿਕ ਦੀ ਚਾਦਰ ਵਿਛਾ ਕੇ ਇਸ ਦੇ ਕਿਨਾਰੇ ਗੋਹੇ ਰਲੀ ਮਿੱਟੀ ਨਾਲ ਵੀ ਬੰਦ ਕੀਤੇ ਜਾ ਸਕਦੇ ਹਨ ।

(੫) ਇਸ ਦੀ ਪੂਰੀ ਨਿਗਰਾਨੀ ਰੱਖੋ ਕਿ ਚਾਰੇ ਦੇ ਲੇਪ ਉੱਪਰ ਕੋਈ ਮੋਰੀ ਜਾਂ ਤ੍ਰੇੜ ਨਾ ਆਵੇ । ਜੇਕਰ ਅਜਿਹਾ ਹੋ ਜਾਵੇ ਤਾਂ ਇਸ ਨੂੰ ਛੇਤੀ ਬੰਦ ਕਰ ਦਿਓ । ਅਚਾਰ ੪੫ ਦਿਨਾਂ ਤੱਕ ਤਿਆਰ ਹੋ ਜਾਵੇਗਾ ।

(੬) ਵਰਤਣ ਵੇਲੇ ਅਚਾਰ ਦੇ ਟੋਏ ਨੂੰ ਇਕ ਪਾਸੇ ਤੋਂ ਖੋਲ੍ਹੋ । ਹਰ ਰੋਜ਼ ਦੀ ਵਰਤੋਂ ਅਨੁਸਾਰ ਚਾਰਾ ਕੱਢ ਕੇ ਬਾਕੀ ਰਹਿੰਦਾ ਚਾਰਾ ਚੰਗੀ ਤਰ੍ਹਾਂ ਬੰਦ ਕਰ ਦਿਉ । ਇਸ ਤਰ੍ਹਾਂ ਚਾਰਾ ਜ਼ਿਆਦਾ ਦੇਰ ਤੱਕ ਠੀਕ ਰਹੇਗਾ । ਪਸ਼ੂਆਂ ਨੂੰ ਅਚਾਰ ਖਵਾਉਣਾ : ਹੋ ਸਕਦਾ ਹੈ ਕਿ ਪਸ਼ੂ ਪਹਿਲੇ ਕੁਝ ਦਿਨ ਅਚਾਰ ਪਸੰਦ ਨਾ ਕਰਨ । ਇਸ ਲਈ ਪਹਿਲੇ ੫-੬ ਦਿਨ ੫-੧੦ ਕਿਲੋ ਅਚਾਰ ਹਰੇ ਚਾਰੇ ਵਿਚ ਰਲਾ ਕੇ ਉਨ੍ਹਾਂ ਨੂੰ ਪਾਓ । ਬਾਅਦ ਵਿਚ ਹਰ ਪਸ਼ੂ ਨੂੰ ੨੦-੩੦ ਕਿਲੋ ਅਚਾਰ ਰੋਜ਼ਾਨਾ ਦੂਸਰੇ ਚਾਰਿਆਂ ਨਾਲ ਮਿਲਾ ਕੇ ਦਿੱਤਾ ਜਾ ਸਕਦਾ ਹੈ ।

ਸੁਕਾਇਆ ਹੋਇਆ ਚਾਰਾ

ਚਾਰੇ ਨੂੰ ਸੁਕਾ ਕੇ ਸਾਂਭਣ ਦਾ ਭਾਵ ਹੈ ਕਿ ਉਸ ਵਿਚਲੀ ਸਿੱਲ੍ਹ ਦੀ ਮਾਤਰਾ ੧੫ ਪ੍ਰਤੀਸ਼ਤ ਤੋਂ ਜ਼ਿਆਦਾ ਨਾ ਰਹੇ ਅਤੇ ਉਸ ਦੇ ਪੌਸ਼ਟਿਕ ਤੱਤਾਂ ਵਿਚ ਕੋਈ ਘਾਟ ਨਾ ਆਵੇ । ਨਰਮ ਤਣਿਆਂ ਵਾਲੇ ਹਰੇ ਚਾਰੇ ਸੁਕਾਉਣ ਲਈ ਬਹੁਤ ਵਧੀਆ ਹਨ। ਫ਼ਲੀਦਾਰ ਚਾਰੇ ਜਿਵੇਂ ਬਰਸੀਮ, ਰਵਾਂਹ, ਲੂਸਣ ਆਦਿ ਨੂੰ ਸੁਕਾਉਣ ਵੇਲੇ ਪੱਤੇ ਝੜਨ ਤੋਂ ਬਚਾਉਣੇ ਜ਼ਰੂਰੀ ਹਨ । ਗ਼ੈਰ-ਫ਼ਲੀਦਾਰ ਚਾਰੇ ਜਿਵੇਂ ਮੱਕੀ, ਜੁਆਰ, ਬਾਜਰਾ ਆਦਿ ਸੁਕਾਏ ਚਾਰੇ ਨਾਲੋਂ, ਅਚਾਰ ਤਿਆਰ ਕਰਨ ਦੇ ਜ਼ਿਆਦਾ ਯੋਗ ਹਨ। ਸੁਕਾਇਆ ਚਾਰਾ ਤਿਆਰ ਕਰਨ ਲਈ ਫ਼ੁੱਲ ਪੈਣ ਸਮੇਂ ਫ਼ਸਲ ਦੀ ਕਟਾਈ ਕਰਨੀ ਚਾਹੀਦੀ ਹੈ । ਇਸ ਕੱਟੀ ਫ਼ਸਲ ਦਾ ੫ ਤੋਂ ੮ ਸੈਂਟੀਮੀਟਰ ਦੀ ਲੰਬਾਈ ਦਾ ਕੁਤਰਾ ਕਰ ਲਓ । ਫਿਰ ਇਸ ਕੁਤਰਾ ਕੀਤੇ ਚਾਰੇ ਨੂੰ ਸੁਕਾਉਣ ਲਈ ਸਧਾਰਨ ਪਿੜ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ । ਚਾਰੇ ਨੂੰ ਛੇਤੀ ਸੁਕਾਉਣ ਲਈ ਇਸ ਨੂੰ ਕਿਸੇ ਤਰੰਗਲੀ ਆਦਿ ਨਾਲ ਹਰ ਦੋ ਤਿੰਨ ਘੰਟਿਆਂ ਬਾਅਦ ਹਿਲਾਉਂਦੇ

ਰਹੋ । ਜਦੋਂ ਚਾਰਾ-ਚੰਗੀ ਤਰ੍ਹਾਂ ਸੁੱਕ ਜਾਵੇ (ਇਸ ਕੰਮ ਲਈ ਆਮ ਤੌਰ ਤੇ ੨-੩ ਦਿਨ ਲੱਗ ਜਾਂਦੇ ਹਨ) ਤਾਂ ਸਟੋਰ ਕਰ ਲਓ। ਸਟੋਰ ਕਰਨ ਤੋਂ ਪਹਿਲਾਂ ਇਸ ਦੀ ਨਮੀ ਪਰਖਣ ਲਈ ਹੱਥ ਨਾਲ ਕੁਝ ਡਾਲਾਂ ਨੂੰ ਮਰੋੜੀ ਦਿਓ। ਜੇ ਇਹ ਸੌਖਿਆਂ ਹੀ ਟੁੱਟ ਜਾਣ ਤਾਂ ਸਮਝੋ ਕਿ ਚਾਰਾ ਸਟੋਰ ਕਰਨ ਲਈ ਤਿਆਰ ਹੈ । ਇਸ ਨੂੰ ਤੂੜੀ ਵਾਲੇ ਕੋਠੇ ਵਿਚ ਜਮ੍ਹਾਂ ਕੀਤਾ ਜਾ ਸਕਦਾ ਹੈ । ਇਕ ਕਿਲੋ ਸੁਕਾਇਆ ਹਰਾ ਚਾਰਾ ਜਿਸ ਵਿਚ ੯੦ ਪ੍ਰਤੀਸ਼ਤ ਸੁੱਕਾ ਮਾਦਾ ਹੁੰਦਾ ਹੈ ਉਹ ੬ ਕਿਲੋ ਹਰੇ ਚਾਰੇ ਦੇ ਬਰਾਬਰ ਹੈ ਜਿਸ ਵਿਚ ੧੫ ਪ੍ਰਤੀਸ਼ਤ ਸੁੱਕਾ ਮਾਦਾ ਹੁੰਦਾ ਹੈ ।

ਸੈਲੀਨੀਅਮ ਦਾ ਜ਼ਹਿਰੀਲਾਪਨ ਅਤੇ ਇਸ ਦਾ ਇਲਾਜ

ਪਸ਼ੂਆਂ ਦੀ ਸਿਹਤ ਵਾਸਤੇ ਸੈਲੀਨੀਅਮ ਇਕ ਬਹੁਤ ਹੀ ਜਰੂਰੀ ਤੱਤ ਹੈ । ਇਕ ਕਿਲੋਗ੍ਰਾਮ ਚਾਰੇ ਵਿੱਚ ੦.੦੫ ਮਿਲੀਗ੍ਰਾਮ ਸੈਲੀਨੀਅਮ ਦਾ ਹੋਣਾ ਪਸ਼ੂਆਂ ਵਾਸਤੇ ਬਹੁਤ ਹੀ ਨਿਰਣਾਇਕ ਹੈ । ਜੇ ਸੈਲੀਨੀਅਮ ਦੀ ਮਾਤਰਾ ਇਕ ਕਿਲੋ ਚਾਰੇ ਵਿਚ ੪ ਜਾਂ ੫ ਮਿਲੀਗ੍ਰਾਮ ਤੋਂ ਵੱਧ ਹੋ ਜਾਵੇ ਤਾਂ ਉਹ ਚਾਰੇ ਪਸ਼ੂਆਂ ਵਾਸਤੇ ਜ਼ਹਿਰੀਲੇ ਸਮਝੇ ਜਾਂਦੇ ਹਨ । ਪਸ਼ੂਆਂ ਵਿੱਚ ਸੈਲੀਨੀਅਮ ਦੇ ਜ਼ਹਿਰੀਲੇਪਨ ਦੀ ਬਿਮਾਰੀ ਹੁਸ਼ਿਆਰਪੁਰ ਤੇ ਨਵਾਂ ਸ਼ਹਿਰ ਜ਼ਿਲ੍ਹਿਆਂ ਦੇ ਕੁਝ ਪਿੰਡਾਂ ਵਿਚ ਪਾਈ ਗਈ ਹੈ। ਕਣਕ ਵਿਚ ਸੈਲੀਨੀਅਮ ਦੇ ਜ਼ਹਿਰੀਲੇਪਨ ਦੀਆਂ ਨਿਸ਼ਾਨੀਆਂ ਹਨ, ਬਰਫ ਚਿੱਟੇ ਪੱਤੇ ਅਤੇ ਇਨ੍ਹਾਂ ਦੇ ਹੇਠਲੇ ਹਿੱਸਿਆਂ ਤੇ ਗੁਲਾਬੀ ਰੰਗ ਦੀ ਭਾਅ ਮਾਰਦੀ ਹੈ। ਜਿਨ੍ਹਾਂ ਜ਼ਮੀਨਾਂ ਵਿਚ ਕਣਕ ਦੇ ਬੂਟਿਆਂ ਤੇ ਇਹੋ ਜਿਹੀਆਂ ਨਿਸ਼ਾਨੀਆਂ ਹੁੰਦੀਆਂ ਹਨ ਉਨ੍ਹਾਂ ਜ਼ਮੀਨਾਂ ਵਿੱਚ ਉਗਾਏ ਹੋਏ ਚਾਰੇ ਖਾਸ ਕਰਕੇ ਪਸ਼ੂਆਂ ਵਾਸਤੇ ਬਹੁਤ ਹੀ ਜ਼ਹਿਰੀਲੇ ਹੁੰਦੇ ਹਨ । ਇਹੋ ਜਿਹੇ ਚਾਰੇ ਖਾਣ ਨਾਲ ਕਈ ਪਸ਼ੂ ਮਰ ਵੀ ਜਾਂਦੇ ਹਨ। ਪਸ਼ੂਆਂ ਵਿੱਚ ਸੈਲੀਨੀਅਮ ਦੇ ਜ਼ਹਿਰੀਲੇਪਨ ਦੀਆਂ ਨਿਸ਼ਾਨੀਆਂ ਹਨ - ਵਧੇ ਹੋਏ ਖੁਰ ਅਤੇ ਉਨ੍ਹਾਂ ਵਿਚ ਤਰੇੜਾਂ ਆ ਕੇ ਹੌਲੀ-ਹੌਲੀ ਖੁਰਾਂ ਦਾ ਟੁੱਟ ਜਾਣਾ, ਛਿਲਤਾਂ ਉਤਰ ਉਤਰ ਕੇ ਸਿੰਗਾਂ ਦਾ ਝੜਨਾ, ਸਰੀਰ ਤੇ ਪੂੰਛ ਤੋਂ ਵਾਲਾਂ ਦਾ ਝੜਣਾ, ਪੂੰਛ ਦਾ ਸਿਰੇ ਤੋਂ ਗਲਣਾ, ਪਸ਼ੂਆਂ ਦਾ ਤੁਰਨ ਤੋਂ ਕੰਨੀ ਕਤਰਾਉਣਾ, ਭੁੱਖ ਨਾ ਲੱਗਣਾ ਅਤੇ ਸਰੀਰ ਬਹੁਤ ਹੀ ਕਮਜ਼ੋਰ ਲੱਗਣਾ ।

ਮਨੁੱਖਾਂ ਵਿੱਚ ਸੈਲੀਨੀਅਮ ਦੇ ਜ਼ਹਿਰੀਲੇਪਨ ਦੀਆਂ ਨਿਸ਼ਾਨੀਆਂ ਹਨ: ਸਿਰ ਅਤੇ ਬਾਕੀ ਸਰੀਰ ਤੋਂ ਵਾਲ ਝੜਨਾ, ਹੱਥਾਂ ਅਤੇ ਪੈਰਾਂ ਦੇ ਨਹੁੰਆਂ ਦਾ ਖਰਾਬ ਹੋ ਜਾਣਾ ਤੇ ਟੁੱਟ ਜਾਣਾ, ਨਹੁੰਆਂ ਵਿਚੋਂ ਖੂਨ ਦਾ ਵਗਦੇ ਰਹਿਣਾ ਅਤੇ ਸਿਹਤ ਦਾ ਹੌਲੀ-ਹੌਲੀ ਖਰਾਬ ਹੋ ਜਾਣਾ।

ਇਲਾਜ:

(੧) ਕੋਈ ਵੀ ਫ਼ਸਲ ਜੋ ਪਸ਼ੂਆਂ ਨੂੰ ਚਾਰੇ ਦੇ ਰੂਪ ਵਿਚ ਦੇਣੀ ਹੈ ਉਸਨੂੰ ੩੫੦ ਤੋਂ ੪੦੦ ਕਿਲੋ ਜਿਪਸਮ ਪ੍ਰਤੀ ਏਕੜ ਦੇ ਹਿਸਾਬ ਨਾਲ ਇਕ ਸਾਲ ਛੱਡ ਕੇ ਪਾ ਕੇ ਉਗਾਓ ।

(੨) ਬਰਸੀਮ ਨਾਲੋਂ ਜਵੀ ਦੇ ਚਾਰੇ ਨੂੰ ਪਹਿਲ ਦਿਉ ।

(੩) ਬਰਸੀਮ ਦਾ ਪਹਿਲਾ ਲੌਅ ਪਸ਼ੂਆਂ ਨੂੰ ਨਾ ਪਾਉ ।

(੪) ਚਾਰੇ ਵਾਸਤੇ ਮੱਕੀ, ਬਾਜਰਾ, ਜੁਆਰ ਅਤੇ ਗਿੰਨੀ ਘਾਹ ਦੀਆਂ ਫ਼ਸਲਾਂ ਨੂੰ ਪਹਿਲ ਦਿਉ ।

(੫) ਵਣ-ਖੇਤੀ ਦਰਖਤਾਂ ਵਿਚੋਂ ਪਾਪਲਰ/ਸਫ਼ੈਦਾ/ਤੂਤ ਤੇ ਦਰਖ਼ਤ ਜ਼ਿਆਦਾ ਸੈਲੀਨੀਅਮ ਵਾਲੇ ਖੇਤਾਂ ਵਿਚੋਂ ਇਸ ਤੱਤ ਨੂੰ ਘਟਾਉਣ ਵਿੱਚ ਸਹਾਈ ਹੁੰਦੇ ਹਨ।

(੬) ਜ਼ਹਿਰੀਲੀਆਂ ਜ਼ਮੀਨਾਂ ਵਿਚ ਸੈਲੀਨੀਅਮ ਦੀ ਮਾਤਰਾ ਘਟਾਉਣ ਵਾਸਤੇ ਰਾਇਆ/ਗੋਭੀ ਸਰ੍ਹੋਂ ਉਗਾਉਣ ਨੂੰ ਪਹਿਲ ਦਿਓ । ਇਸ ਦੇ ਤੇਲ ਵਿੱਚ ਸੈਲੀਨੀਅਮ ਦੀ ਮਾਤਰਾ ਕਾਫੀ ਘੱਟ ਹੁੰਦੀ ਹੈ ਅਤੇ ਇਹ ਬਿਨਾਂ ਝਿਜਕ ਵਰਤੋਂ ਵਿੱਚ ਲਿਆਂਦਾ ਜਾ ਸਕਦਾ ਹੈ ਪਰ ਖਲ ਵਿਚ ਸੈਲੀਨੀਅਮ ਦੀ ਮਾਤਰਾ ਬਹੁਤ ਜ਼ਿਆਦਾ ਹੋਣ ਕਰਕੇ ਪਸ਼ੂਆਂ ਲਈ ਨਹੀਂ ਵਰਤਣੀ ਚਾਹੀਦੀ ।

(੭) ਜ਼ਿਆਦਾ ਸੈਲੀਨੀਅਮ ਵਾਲੇ ਇਲਾਕੇ ਵਿਚ ਸਿੰਚਾਈ ਅਤੇ ਪੀਣ ਵਾਲੇ ਪਾਣੀ ਲਈ ਡੂੰਘੇ ਟਿਊਬਵੈੱਲ (੪੦੦ ਫੁੱਟ ਤੱਕ) ਲਗਾਏ ਜਾਣ ।

(੮) ਕਣਕ-ਝੋਨਾ ਦੀ ਬਜਾਏ ਕਣਕ-ਮੱਕੀ ਫ਼ਸਲੀ ਚੱਕਰ ਅਪਣਾਉ ।

(੯) ਜ਼ਹਿਰੀਲੀਆਂ ਜ਼ਮੀਨਾਂ ਵਿਚ ਉਗਾਏ ਹੋਏ ਕਿਸੇ ਵੀ ਕਿਸਮ ਦੇ ਦਾਣੇ ਘਾਹ ਜਾਂ ਚਾਰੇ ਦੀਆਂ ਫ਼ਸਲਾਂ ਨੂੰ ਮਨੁੱਖਾਂ ਜਾਂ ਪਸ਼ੂਆਂ ਦੀ ਖੁਰਾਕ ਵਿਚ ਕਦੀ ਵੀ ਸ਼ਾਮਲ ਨਹੀਂ ਕੀਤਾ ਜਾਣਾ ਚਾਹੀਦਾ ।

(੧੦) ਜ਼ਿਆਦਾ ਸੈਲੀਨੀਅਮ ਵਾਲਾ ਫ਼ਸਲੀ ਮਾਦਾ ੮ ਟਨ ਪ੍ਰਤੀ ਏਕੜ ਤੱਕ ਸੈਲੀਨੀਅਮ ਦੀ ਥੋੜ੍ਹ ਵਾਲੀਆਂ ਜ਼ਮੀਨਾਂ ਵਿੱਚ ਪਾਇਆ ਜਾ ਸਕਦਾ ਹੈ । ਪਰ ਹਰ ਸਾਲ ਇਕੋ ਹੀ ਖੇਤ ਵਿਚ ਨਹੀਂ ਪਾਉਣਾ ਚਾਹੀਦਾ ।

ਸਰੋਤ : ਅਗ੍ਰਿਛੁਲ੍ਤੁਰੇ , ਖੇਤੀ ਭਵਨ ਮੋਹਾਲੀ (ਪੰਜਾਬ)

ਆਖਰੀ ਵਾਰ ਸੰਸ਼ੋਧਿਤ : 8/12/2020



© C–DAC.All content appearing on the vikaspedia portal is through collaborative effort of vikaspedia and its partners.We encourage you to use and share the content in a respectful and fair manner. Please leave all source links intact and adhere to applicable copyright and intellectual property guidelines and laws.
English to Hindi Transliterate