(ੲ) ਟਿਊਬਵੈੱਲਾਂ ਦੇ ਖੂਹਾਂ ਵਿਚ ਗੈਸ ਦੀ ਸਮੱਸਿਆ ਕਈ ਥਾਵਾਂ ਤੇ ਦੇਖਿਆ ਗਿਆ ਹੈ ਕਿ ਗੈਸ ਖ਼ਾਸ ਕਰਕੇ ਕਾਰਬਨਡਾਈਆਕਸਾਈਡ ਖੂਹੀ ਵਿਚ ਜਮ੍ਹਾ ਹੋ ਜਾਂਦੀ ਹੈ। ਜਦੋਂ ਕੋਈ ਆਦਮੀ ਪੰਪ ਨੂੰ ਠੀਕ ਕਰਨ ਲਈ ਖੂਹ ਵਿਚ ਉਤਰਦਾ ਹੈ ਤਾਂ ਉਸਨੂੰ ਸਾਹ ਲੈਣਾ ਔਖਾ ਹੁੰਦਾ ਹੈ ਅਤੇ ਕੁਝ ਮਿੰਟਾਂ ਵਿਚ ਉਹ ਬੇਹੋਸ਼ ਹੋ ਜਾਂਦਾ ਹੈ, ਜੇਕਰ ਕਿਸੇ ਨਾਲ ਅਜਿਹਾ ਵਾਪਰੇ ਤਾਂ ਉਸ ਨੂੰ ਖੂਹੀ ਵਿਚੋਂ ਉਸੇ ਸਮੇਂ ਬਾਹਰ ਨਿਕਲ ਆਉਣਾ ਚਾਹੀਦਾ ਹੈ। ਗੈਸ ਦੀ ਪਰਖ ਕਰਨ ਲਈ, ਮਿੱਟੀ ਤੇ ਤੇਲ ਵਾਲ ਲੈਂਪ ਬਾਲ ਕੇ ਇਸ ਨੂੰ ਹੌਲੀ-ਹੌਲੀ ਖੂਹ ਵਿਚ ਉਤਾਰੋ। ਜਿਥੇ ਜਾ ਕੇ ਇਹ ਲੈਂਪ ਬੁਝ ਜਾਵੇ ਤਾਂ ਸਮਝੋ ਉਸ ਤੋਂ ਥੱਲੇ ਕਾਰਬਨਡਾਈਆਕਸਾਈਡ ਗੈਸ ਹੈ। ਇਸ ਗੈਸ ਨੂੰ ਹੇਠ ਲਿਖੇ ਤਰੀਕਿਆਂ ਨਾਲ ਖ਼ਤਮ ਕੀਤਾ ਜਾ ਸਕਦਾ ਹੈ।
(੧) ਹਵਾ ਬਾਹਰ ਕੱਢਣ ਵਾਲੇ ਪੱਖੇ ਦੀ ਵਰਤੋਂ ਕਰੋ ਜਿਸ ਨੂੰ ਹੇਠਾਂ ਤੱਕ ਲਿਜਾ ਕੇ ਇਸ ਨਾਲ ਪੀ ਵੀ ਸੀ ਪਾਈਪ ਜੋੜ ਦਿਓ।
(੨) ਖਾਲੀ ਬੋਰੀ ਜਾਂ ਬਾਲਟੀ ਜਾਂ ਛੱਤਰੀ ਨਾਲ ਗੈਸ ਕੱਢਣ ਲਈ, ਇਨ੍ਹਾਂ ਨੂੰ ਖੂਹ ਵਿੱਚ ਹੇਠਾਂ ਉੱਤੇ ਕਰੋ।
(੩) ਜੇਕਰ ਪੰਪ ਪਟੇ ਨਾਲ ਚਲਦਾ ਹੋਵੇ ਤਾਂ ਪੰਪ ਨੂੰ ੧੫ ਮਿੰਟ ਤੱਕ ਖਾਲੀ ਚਲਾਓ। ਇਸ ਤਰ੍ਹਾਂ ਗੈਸ ਬਾਹਰ ਨਿਕਲ ਜਾਵੇਗੀ।
ਇਨ੍ਹਾਂ ਤਰੀਕਿਆਂ ਦੀ ਵਰਤੋਂ ਪਿਛੋਂ ਖੂਹ ਵਿਚ ਉਤਰਨ ਵਿਚੋਂ ਪਹਿਲਾਂ ਖੂਹ ਵਿਚ ਗੈਸ ਦੀ ਹੋਂਦ ਦਾ ਪਤਾ, ਮਿੱਟੀ ਦੇ ਤੇਲ ਵਾਲੀ ਲੈਂਪ ਨਾਲ ਲਾ ਲੈਣਾ ਚਾਹੀਦਾ ਹੈ।
ਸਿੰਚਾਈ ਦੇ ਕਈ ਢੰਗ ਹਨ - ਖੁੱਲਾ ਪਾਣੀ ਲਾਉਣਾ (ਕਿਆਰਾ ਵਿਧੀ), ਖਾਲੀਆਂ ਵਿੱਚ ਪਾਣੀ ਲਾਉਣਾ, ਫੁਆਰਾ ਵਿਧੀ ਅਤੇ ਤੁਪਕਾ ਪ੍ਰਣਾਲੀ। ਅਨਾਜੀ ਫ਼ਸਲਾਂ ਵਾਸਤੇ ਕਿਸਾਨ ਆਮ ਤੌਰ ਤੇ ਕਿਆਰਾ ਵਿਧੀ ਦੀ ਵਰਤੋਂ ਕਰਦੇ ਹਨ। ਸਿੰਚਾਈ ਪਾਣੀ ਦੀ ਸੁਚੱਜੀ ਵਰਤੋਂ ਲਈ ਇਹ ਜ਼ਰੂਰੀ ਹੈ ਕਿ ਖੇਤ ਵਿੱਚ ਲਗਾਏ ਪਾਣੀ ਦਾ ਜ਼ਿਆਦਾ ਹਿੱਸਾ ਫ਼ਸਲ ਦੀਆਂ ਜੜ੍ਹਾਂ ਤੱਕ ਪਹੁੰਚੇ। ਇਹ ਮਿੱਟੀ ਦੀ ਕਿਸਮ, ਖੇਤ ਦੀ ਢਲਾਨ, ਖੇਤ ਦਾ ਖੇਤਰਫ਼ਲ, ਪਾਣੀ ਦੀ ਮਾਤਰਾ ਅਤੇ ਫ਼ਸਲ ਤੇ ਨਿਰਭਰ ਕਰਦਾ ਹੈ। ਸਿੰਚਾਈ ਪਾਣੀ ਦੇ ਠੀਕ ਪ੍ਰਯੋਗ ਲਈ, ਸਿੰਚਾਈ ਤਰੀਕੇ ਦੀ ਚੋਣ ਸਹੀ ਹੋਣੀ ਚਾਹੀਦੀ ਹੈ।
ਇਸ ਵੇਲੇ ਸਿੰਚਾਈ ਨਿਪੁੰਨਤਾ ੩੦-੪੦% ਹੈ ਜੋ ਸਹੀ ਸਿੰਚਾਈ ਢੰਗ ਅਪਣਾਅ ਕੇ ੬੦-੭੦% ਕੀਤੀ ਜਾ ਸਕਦੀ ਹੈ। ਅਲੱਗ - ਅਲੱਗ ਖੇਤਾਂ ਦੀ ਸਥਿਤੀ ਅਨੁਸਾਰ ਕਿਆਰਾ ਸਿੰਚਾਈ ਵਿਧੀ ਦੁਆਰਾ ਸਿਫ਼ਾਰਸ਼ ਕੀਤੇ ਗਏ ਕਿਆਰਿਆਂ ਦੀ ਗਿਣਤੀ ਸਾਰਣੀ ੧ ਵਿੱਚ ਦਿੱਤੀ ਗਈ ਹੈ। ਖਾਲੀਆਂ ਦੁਆਰਾ ਪਾਣੀ ਲਗਾਉਣ ਦਾ ਤਰੀਕਾ ਕਪਾਹ, ਮੱਕੀ, ਸੋਇਆਬੀਨ, ਸੂਰਜਮੁਖੀ ਅਤੇ ਗੰਨੇ ਆਦਿ ਫ਼ਸਲਾਂ ਲਈ ਹਰੇਕ ਤਰ੍ਹਾਂ ਦੀ ਮਿੱਟੀ ਵਾਸਤੇ ਵਰਤਿਆ ਜਾਂਦਾ ਹੈ। ਫੁਆਰਾ ਵਿਧੀ ਟਿੱਬਿਆਂ, ਹਲਕੀਆਂ ਜ਼ਮੀਨਾਂ ਅਤੇ ਘੱਟ ਪਾਣੀ ਵਾਲੇ ਖੇਤਰ ਵਿੱਚ ਵਰਤੀ ਜਾ ਸਕਦੀ ਹੈ ਪਰ ਇਸ ਤਰੀਕੇ ਦੀ ਮੁਢਲੀ ਕੀਮਤ ਜ਼ਿਆਦਾ ਹੁੰਦੀ ਹੈ। ਤੁਪਕਾ ਸਿੰਚਾਈ ਪ੍ਰਣਾਲੀ ਕਤਾਰ ਫ਼ਸਲਾਂ ਜਿਵੇਂ ਕਿ ਕਪਾਹ, ਗੰਨਾ ਆਦਿ ਵਾਸਤੇ ਹਲਕੀਆਂ ਜ਼ਮੀਨਾਂ, ਮਾੜੇ ਪਾਣੀ ਅਤੇ ਉੱਚੀ ਨੀਵੀਂ ਜ਼ਮੀਨ ਵਾਸਤੇ ਵਰਤੀ ਜਾ ਸਕਦੀ ਹੈ ਪਰ ਇਸ ਤਰੀਕੇ ਦੀ ਮੁਢਲੀ ਕੀਮਤ ਵੀ ਜ਼ਿਆਦਾ ਹੁੰਦੀ ਹੈ।
ਲੇਜ਼ਰ ਲੈਵਲਿੰਗ ਪਾਣੀ ਦੀ ਸੁਚੱਜੀ ਵਰਤੋਂ ਕਰਨ ਲਈ ਇੱਕ ਅਜਿਹੀ ਤਕਨੀਕ ਹੈ ਜਿਸ ਨਾਲ ਫ਼ਸਲ ਦੀ ਸਿੰਚਾਈ ਲਈ ਲੋੜੀਂਦਾ ਸਮਾਂ ਹੀ ਨਹੀਂ ਘਟਦਾ ਸਗੋਂ ਇਸ ਨਾਲ ਪਾਣੀ ਅਤੇ ਦੂਸਰੀਆਂ ਖੇਤੀ ਉਪਜਾਂ ਦੀ ਵੀ ਸੁਚੱਜੀ ਵਰਤੋਂ ਹੁੰਦੀ ਹੈ। ਲੇਜ਼ਰ ਲੈਵਲਰ ਟਰੈਕਟਰ ਨਾਲ ਚੱਲਣ ਵਾਲੀ ਮਸ਼ੀਨ ਹੈ, ਜਿਸ ਨਾਲ ਲੋੜੀਂਦੀ ਢਲਾਣ ਮੁਤਾਬਕ ਬਹੁਤ ਹੀ ਵਧੀਆ ਲੈਵਲਿੰਗ ਕੀਤੀ ਜਾ ਸਕਦੀ ਹੈ। ਇਸ ਦੋ ਮੀਟਰ ਚੌੜੀ ਮਸ਼ੀਨ ਨੂੰ ਕਿਸੇ ਵੀ ੫੦ ਜਾਂ ਇਸ ਤੋਂ ਵੱਧ ਹਾਰਸ ਪਾਵਰ ਵਾਲੇ ਟਰੈਕਟਰ ਨਾਲ ਚਲਾਇਆ ਜਾ ਸਕਦਾ ਹੈ। ਇਸ ਮਸ਼ੀਨ ਦੇ ਚਾਰ ਮੁੱਖ ਹਿੱਸੇ ਹਨ ਜਿਨ੍ਹਾਂ ਵਿੱਚ ਲੇਜ਼ਰ ਇੰਮੀਟਰ, ਲੇਜ਼ਰ ਰਸੀਵਰ, ਕੰਟਰੋਲ ਬਾਕਸ ਅਤੇ ਹਾਈਡਰੌਲਿਕ ਨਾਲ ਚੱਲਣ ਵਾਲਾ ਕਰਾਹਾ ਹੈ। ਲੇਜ਼ਰ ਲੈਵਲਰ ੩੦੦ ਤੋਂ ੪੦੦ ਮੀਟਰ ਤੱਕ ਦੀ ਦੂਰੀ ਤੱਕ ਚਾਰ ਚੁਫੇਰੇ ਇਕ ਸੈਟਿੰਗ ਵਿੱਚ ਚਲਾਇਆ ਜਾ ਸਕਦਾ ਹੈ। ਇਸ ਮਸ਼ੀਨ ਨਾਲ ਕਰਾਹਾ ਆਪਣੇ ਆਪ ਉੱਚੀ ਅਤੇ ਨੀਵੀਂ ਜ਼ਮੀਨ ਤੋਂ ਮਿੱਟੀ ਚੁੱਕਦਾ ਅਤੇ ਪਾਉਂਦਾ ਹੈ। ਮਸ਼ੀਨ ਚਲਾਉਣ ਤੋਂ ਪਹਿਲਾਂ ਖੇਤ ਦਾ ਸਰਵੇ ਕੀਤਾ ਜਾਂਦਾ ਹੈ ਅਤੇ ਇਸ ਦੇ ਅਨੁਸਾਰ ਖੇਤ ਦਾ ਲੋੜੀਂਦਾ ਔਸਤ ਲੈਵਲ ਲੱਭ ਕੇ ਇਸ ਸੈਟਿੰਗ ਤੇ ਮਸ਼ੀਨ ਨੂੰ ਖੇਤ ਵਿੱਚ ਚਲਾਇਆ ਜਾਂਦਾ ਹੈ। ਇਹ ਮਸ਼ੀਨ ਕੰਟਰੋਲ ਬਾਕਸ ਰਾਹੀਂ ਲੋੜੀਂਦਾ ਲੈਵਲ, ਮਿੱਟੀ ਚੁੱਕ ਕੇ ਜਾਂ ਛੱਡ ਕੇ ਆਪਣੇ ਆਪ ਬਣਾਉਂਦੀ ਰਹਿੰਦੀ ਹੈ। ਮਸ਼ੀਨ ਦੀ ਸਮਰਥਾ ਖੇਤ ਦੇ ਉੱਚਾ ਨੀਵਾਂ ਹੋਣ ਅਤੇ ਖੇਤ ਦੀ ਬਣਤਰ ਤੇ ਨਿਰਭਰ ਕਰਦੀ ਹੈ। ਇਹ ਦੇਖਣ ਵਿੱਚ ਆਇਆ ਹੈ ਕਿ ਵਰਗਾਕਾਰ ਖੇਤਾਂ ਵਿੱਚ ਲੇਜ਼ਰ ਲੈਵਲਿੰਗ ਛੇਤੀ ਹੁੰਦੀ ਹੈ। ਜੇਕਰ ਖੇਤ ਦੇ ਲੈਵਲ ਵਿੱਚ ੮ ਤੋਂ ੧੦ ਸੈਂਟੀਮੀਟਰ ਦਾ ਫ਼ਰਕ ਹੈ ਤਾਂ ਆਮ ਤੌਰ ਤੇ ਇਸ ਨੂੰ ਬਿਲਕੁਲ ਪੱਧਰਾ ਕਰਨ ਲਈ ੧.੫ ਤੋਂ ੨.੫ ਘੰਟੇ ਪ੍ਰਤੀ ਏਕੜ ਸਮਾਂ ਲੱਗਦਾ ਹੈ।
ਇਸ ਮਸ਼ੀਨ ਦੀ ਮੌਜੂਦਾ ਕੀਮਤ ਚਾਰ ਲੱਖ ਰੁਪਏ ਹੈ। ਸਿਰਫ਼ ੨ ਤੋਂ ੩ ਦਿਨਾਂ ਦੀ ਸਿਖਲਾਈ ਤੋਂ ਬਾਅਦ ਕੋਈ ਵੀ ਟਰੈਕਟਰ ਚਲਾਉਣ ਵਾਲਾ ਵਿਅਕਤੀ ਇਸ ਮਸ਼ੀਨ ਨੂੰ ਅਸਾਨੀ ਨਾਲ ਚਲਾ ਸਕਦਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਸ਼ੁਰੂ ਤੋਂ ਹੀ ਮਹਿੰਗੀਆਂ ਮਸ਼ੀਨਾਂ ਨੂੰ ਸਹਿਕਾਰਤਾ ਰਾਹੀਂ ਜਾਂ ਕਿਰਾਏ ਤੇ ਕਿਸਾਨਾਂ ਨੂੰ ਮੁਹੱਈਆ ਕਰਵਾਉਣ ਦੀ ਵਕਾਲਤ ਕਰਦੀ ਆਈ ਹੈ ਕਿਉਂਕਿ ਇਸ ਤਰ੍ਹਾਂ ਹੀ ਮਸ਼ੀਨ ਦੀ ਸਲਾਨਾ ਵਰਤੋਂ ਵਧਾਈ ਜਾ ਸਕਦਾ ਹੈ ਅਤੇ ਖੇਤੀ ਖਰਚਿਆਂ ਨੂੰ ਘਟਾਇਆ ਜਾ ਸਕਦਾ ਹੈ। ਇਹ ਤਕਨੀਕ ਨਾ ਸਿਰਫ਼ ਕਿਸਾਨ ਭਰਾਵਾਂ ਅਤੇ ਪੰਜਾਬ ਸੂਬੇ ਲਈ ਫਾਇਦੇਮੰਦ ਸਿੱਧ ਹੋਵੇਗੀ ਬਲਕਿ ਹੋਰ ਕਿਸਾਨਾਂ ਨੂੰ ਵੀ ਖੇਤ ਪੱਧਰ ਤੇ ਪਾਣੀ ਦੀ ਸਹੀ ਅਤੇ ਸੁਚੱਜੀ ਵਰਤੋਂ ਕਰਨ ਲਈ ਉਤਸ਼ਾਹਿਤ ਕਰੇਗੀ ਤਾਂ ਕਿ ਇਸ ਵਡਮੁੱਲੇ ਕੁਦਰਤੀ ਸੋਮੇ (ਪਾਣੀ) ਨੂੰ ਆਉਣ ਵਾਲੀਆਂ ਪੀੜੀਆਂ ਲਈ ਬਚਾਇਆ ਜਾ ਸਕੇ।
ਸਰੋਤ : ਖੇਤੀ ਭਵਨ ਮੋਹਾਲੀ (ਪੰਜਾਬ)
ਆਖਰੀ ਵਾਰ ਸੰਸ਼ੋਧਿਤ : 8/12/2020