ਡੂੰਘੀ ਵਹਾਈ (ਸਬ ਸਾਇਲਿੰਗ): ਗੰਨੇ ਲਈ ਖੇਤ ਤਿਆਰ ਕਰਨ ਤੋਂ ਪਹਿਲਾਂ ਤਿੰਨ ਚਾਰ ਸਾਲਾਂ ਬਾਅਦ ਇੱਕ ਮੀਟਰ ਦੀ ਦੂਰੀ ਤੇ ਦੋ ਤਰਫ਼ਾ ਡੂੰਘੀ ਵਹਾਈ ਕਰਨੀ ਚਾਹੀਦੀ ਹੈ। ਇਹ ਡੂੰਘੀ ਵਹਾਈ ਟਰੈਕਟਰ ਨਾਲ ਚੱਲਣ ਵਾਲੇ ਸਬ ਸਾਇਲਰ ਨੂੰ ੪੫ - ੫੦ ਸੈਂਟੀਮੀਟਰ ਡੂੰਘਾ ਚਲਾਉਣ ਨਾਲ ਕੀਤੀ ਜਾਂਦੀ ਹੈ। ਸਬ ਸਾਇਲਰ ਚਲਾਉਣ ਤੋਂ ਬਾਅਦ ਮਿੱਟੀ ਦੇ ਢੇਲਿਆਂ ਨੂੰ ਸੁਹਾਗਾ ਮਾਰ ਕੇ ਤੋੜ ਦੇਣਾ ਚਾਹੀਦਾ ਹੈ ਅਤੇ ਉਸ ਤੋਂ ਬਾਅਦ ਆਮ ਵਾਂਗ ਖੇਤ ਦੀ ਤਿਆਰੀ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਡੂੰਘਾ ਵਾਹੁਣ ਨਾਲ ਜ਼ਮੀਨ ਹੇਠਾਂ ਬਣੀ ਸਖਤ ਤਹਿ ਟੁੱਟ ਜਾਂਦੀ ਹੈ। ਪਾਣੀ ਦੀ ਜੀਰਨ ਸ਼ਕਤੀ ਵਧਦੀ ਹੈ ਅਤੇ ਗੰਨੇ ਦੀਆਂ ਜੜ੍ਹਾਂ ਨੂੰ ਡੂੰਘਾ ਜਾਣ ਵਿੱਚ ਮਦਦ ਮਿਲਦੀ ਹੈ।
ਜ਼ਮੀਨ ਦੀ ਤਿਆਰੀ: ਚਾਰ ਤੋਂ ਛੇ ਵਾਰੀ ਵਾਹੁਣ ਨਾਲ ਜ਼ਮੀਨ ਚੰਗੀ ਬਰੀਕ ਤਿਆਰ ਹੋ ਜਾਵੇਗੀ। ਇਹ ਜ਼ਰੂਰੀ ਹੈ ਕਿ ਹਰ ਵਾਹੀ ਪਿਛੋਂ ਸੁਹਾਗਾ ਫੇਰਿਆ ਜਾਵੇ। ਪਹਿਲੀ ਵਾਹੀ ਉਲਟਾਵੇਂ ਹਲ ਨਾਲ ਕਰੋ। ਜੇਕਰ ਕਮਾਦ ਚਾਰੇ ਵਾਲੀ ਸੇਂਜੀ ਦੀ ਫ਼ਸਲ ਤੋਂ ਬਾਅਦ ਬੀਜਣਾ ਹੋਵੇ ਤਾਂ ਫਿਰ ੩ - ੪ ਵਾਰ ਵਾਹੁਣਾ ਕਾਫ਼ੀ ਹੈ।
ਬੀਜ ਦੀ ਚੋਣ: ਬਿਜਾਈ ਲਈ ਗੰਨੇ ਦਾ ਉਪਰਲਾ ਦੋ ਤਿਹਾਈ ਨਰੋਆ ਹਿੱਸਾ ਹੀ ਵਰਤੋ ਜਿਹੜਾ ਕੀੜੇ ਅਤੇ ਬਿਮਾਰੀਆਂ ਦਾ ਸ਼ਿਕਾਰ ਨਾ ਹੋਇਆ ਹੋਵੇ। ਬੀਜ ਖ਼ਾਸ ਕਰਕੇ ਰੱਤੇ ਰੋਗ, ਛੋਟੀਆਂ ਪੋਰੀਆਂ ਦੇ ਰੋਗ ਅਤੇ ਕਾਂਗਿਆਰੀ ਤੋਂ ਬਚਿਆ ਹੋਵੇ। ਕੋਰੇ ਦੇ ਅਸਰ ਵਾਲੇ ਗੰਨੇ ਬਿਲਕੁਲ ਨਾ ਵਰਤੋ।
ਬੀਜ ਦੀ ਮਾਤਰਾ: ਇਕ ਏਕੜ ਕਮਾਦ ਬੀਜਣ ਲਈ ਤਿੰਨ ਅੱਖਾਂ ਵਾਲੀਆਂ ੨੦ ਹਜ਼ਾਰ ਗੁੱਲੀਆਂ ਜਾਂ ਚਾਰ ਅੱਖਾਂ ਵਾਲੀਆਂ ੧੫ ਹਜ਼ਾਰ ਗੁੱਲੀਆਂ ਜਾਂ ੫ ਅੱਖਾਂ ਵਾਲੀਆਂ ੧੨ ਹਜ਼ਾਰ ਗੁੱਲੀਆਂ ਕਾਫ਼ੀ ਹਨ। ਬਰਾਨੀ ਖੇਤੀ ਲਈ ਲੰਮੀਆਂ ਗੁੱਲੀਆਂ ਵਧੇਰੇ ਚੰਗੀਆਂ ਰਹਿੰਦੀਆਂ ਹਨ। ਦੂਸਰੇ ਸ਼ਬਦਾਂ ਵਿੱਚ ਇਕ ਏਕੜ ਦੀ ਬਿਜਾਈ ਲਈ ਕਮਾਦ ਦੀ ਕਿਸਮ ਅਨੁਸਾਰ ੩੦ ਤੋਂ ੩੫ ਕੁਇੰਟਲ ਬੀਜ ਦੀ ਜ਼ਰੂਰਤ ਹੈ।
ਨੋਟ: ਸੀ ਓ ੧੧੮ ਅਤੇ ਸੀ ਓ ਜੇ ੮੫ ਕਿਸਮ ਵਿਚ ਤੋਲ ਅਨੁਸਾਰ ੧੦% ਬੀਜ ਵੱਧ ਲੱਗਦਾ ਹੈ।
ਬੀਜ ਦੀ ਸੋਧ: ਫ਼ਸਲ ਦੇ ਜੰਮ ਨੂੰ ਚੰਗੇਰਾ ਕਰਨ ਲਈ ਕਮਾਦ ਦੇ ਬੀਜ ਨੂੰ ੦.੨੫% ਐਮੀਸਾਨ 6 ਜਾਂ ਬੈਗਾਲੋਲ ੬ ਜਾਂ ਟਿਲਟ ੨੫ ਈ ਸੀ ਦੇ ਘੋਲ ਵਿਚ ਬੀਜਣ ਤੋਂ ਪਹਿਲਾਂ ਡੋਬ ਲਓ। ਘੋਲ ਬਣਾਉਣ ਲਈ ੨੫੦ ਗ੍ਰਾਮ ਐਮੀਸਾਨ ੬ ਜਾਂ ਬੈਗਾਲੋਲ ੬ ਜਾਂ ੨੫੦ ਮਿਲੀਲਿਟਰ ਟਿਲਟ ੨੫ ਈ ਸੀ ਦਾ ੧੦੦ ਲਿਟਰ ਪਾਣੀ ਵਿਚ ਬਣਿਆ ਘੋਲ ਇਕ ਏਕੜ ਦੀਆਂ ਗੁੱਲੀਆਂ ਲਈ ਕਾਫੀ ਹੈ। ਗੁੱਲੀਆਂ ਨੂੰ ਘੋਲ ਵਿਚ ਡੋਬਣ ਪਿਛੋਂ ਉਸੇ ਵੇਲੇ ਬਾਹਰ ਕੱਢ ਲਓ ਜਾਂ ਗੁੱਲੀਆਂ ਨੂੰ ਬੀਜਣ ਤੋਂ ਪਹਿਲਾਂ ੨੪ ਘੰਟੇ ਪਾਣੀ ਵਿਚ ਡੋਬ ਲਓ।
ਕੀੜੇਮਾਰ ਦਵਾਈਆਂ ਦੀ ਜ਼ਮੀਨ ਵਿੱਚ ਵਰਤੋ: ਉੱਗ ਰਹੀ ਫ਼ਸਲ ਨੂੰ ਸਿਉਂਕ ਤੋਂ ਬਚਾਉਣ ਲਈ ਅਤੇ ਨਾਈਟ੍ਰੋਜਨ ਵਾਲੀ ਖਾਦ ਤੋਂ ਵਧੇਰੇ ਲਾਭ ਲੈਣ ਲਈ ਦੋ ਲਿਟਰ ਲਿੰਡੇਨ/ਕੈਨੋਡਾਨ/ਮਾਰਕਡੇਨ/ਗਾਮੈਕਸ ੨੦ ਈ ਸੀ (ਗਾਮਾ ਬੀ ਐਚ ਸੀ) ੫੦੦ ਲਿਟਰ ਪਾਣੀ ਵਿੱਚ ਘੋਲ ਕੇ ਫੁਆਰੇ ਨਾਲ ਸਿਆੜਾਂ ਵਿੱਚ ਪਈਆਂ ਗੁੱਲੀਆਂ ਉਪਰ ਛਿੜਕੋ ਜਾਂ ੭.੫ ਕਿਲੋ ਸੇਵੀਡੋਲ ੪:੪ ਜੀ (ਗਾਮਾ ਬੀ ਐਚ ਸੀ+ਕਾਰਬਰਿਲ) ਜਾਂ ੧੦ ਕਿਲੋ ਰੀਜੈਂਟ ੦.੩ ਜੀ (ਫਿਪਰੋਨਿਲ) ਪ੍ਰਤੀ ਏਕੜ ਦੀ ਵਰਤੋਂ ਕਰੋ ਅਤੇ ਬਾਅਦ ਵਿੱਚ ਸੁਹਾਗਾ ਫੇਰ ਕੇ ਗੁਲੀਆਂ ਨੂੰ ਢੱਕ ਦਿਓ। ਰੀਜੈਂਟ/ ਮੌਰਟੈਲ ੦.੩ ਜੀ (ਫਿਪਰੋਨਿਲ) ਦੀ ਵਰਤੋਂ ਫ਼ਸਲ ਨੂੰ ਅਗੇਤੀ ਫੋਟ ਦੇ ਗੜੂੰਏਂ ਤੋਂ ਵੀ ਬਚਾਉਂਦੀ ਹੈ ਜਾਂ ਫ਼ਸਲ ਦਾ ਜੰਮ ਪੂਰਾ ਹੋਣ ਤੋਂ ਬਾਅਦ (ਬਿਜਾਈ ਤੋਂ ੪੫ ਦਿਨਾਂ ਪਿਛੋਂ) ੧੦ ਕਿਲੋ ਰੀਜੈਂਟ/ਮੌਰਟੈਲ ੦.੩ ਜੀ (ਫਿਪਰੋਨਿਲ) ਜਾਂ ੧੦ ਕਿਲੋਪਦਾਨ/ਕੈਲਡਾਨ/ਕਰੀਟਾਪ ੪ ਜੀ ਦੇ ਕੈਪਸੂਲਾਂ ਨੂੰ ੨੦ ਕਿਲੋ ਮਿੱਟੀ/ਰੇਤਾ ਵਿੱਚ ਮਿਲਾ ਕੇ ਜਾਂ ੧੫੦ ਮਿਲੀਲਿਟਰ ਕੋਰਾਜਨ ੧੮.੫ ਐਸ ਸੀ (ਕਲੋਰਨਟਰੈਨੀਲੀਪਰੋਲ) (ਆਰਜੀ) ਜਾਂ ੪੫ ਮਿਲੀਲਿਟਰ ਇਮਿਡਾਗੋਲਡ ੧੭.੮ ਐਸ ਐਲ (ਇਮਿਡਾਕਲੋਪਰਿਡ) ਜਾਂ ੨ ਲਿਟਰ ਡਰਮਟ/ਕਲਾਸਿਕ/ਡਰਸਬਾਨ/ਮਾਰਕਪਾਈਰੀਫਾਸ ੨੦ ਈ ਸੀ (ਕਲੋਰਪਾਈਰੀਫਾਸ) ਨੂੰ ੪੦੦ ਲਿਟਰ ਪਾਣੀ ਵਿੱਚ ਘੋਲ ਕੇ ਫੁਆਰੇ ਨਾਲ ਗੰਨੇ ਦੀਆਂ ਕਤਾਰਾਂ ਦੇ ਨਾਲ ਪਾਉ ਅਤੇ ਹਲਕੀ ਮਿੱਟੀ ਚੜ੍ਹਾ ਕੇ ਪਤਲਾ ਪਾਣੀ ਦਿਓ । ਇਨ੍ਹਾਂ ਦਵਾਈਆਂ ਦੀ ਵਰਤੋਂ ਨਾਲ ਫ਼ਸਲ ਨੂੰ ਸਿਉਂਕ ਅਤੇ ਅਗੇਤੀ ਫੋਟ ਦੇ ਗੜੂੰਏਂ ਦੇ ਹਮਲੇ ਤੋਂ ਬਚਾਇਆ ਜਾ ਸਕਦਾ ਹੈ।
ਸਰੋਤ : ਖੇਤੀ ਭਵਨ ਮੋਹਾਲੀ (ਪੰਜਾਬ)
ਆਖਰੀ ਵਾਰ ਸੰਸ਼ੋਧਿਤ : 8/21/2020