ਜੁਲਾਈ ਤੋਂ ਅਕਤੂਬਰ ਦੇ ਮਹੀਨਿਆਂ ਦੌਰਾਨ ਕਈ ਪ੍ਰਕਾਰ ਦੀਆਂ ਸੁੰਡੀਆਂ ਜਿਵੇਂ ਪੱਤਾ ਲਪੇਟ, ਕੁੰਡ ਮਰੋੜ, ਭੱਬੂ ਕੁੱਤੇ ਤੇ ਡੋਡੀ ਦੇ ਪਤੰਗੇ ਆਦਿ ਵੀ ਕਦੀਂ ਕਦਾਈਂ ਪ੍ਰਗਟ ਹੋ ਕੇ ਫਸਲ ਨੂੰ ਨੁਕਸਾਨ ਕਰਦੇ ਹਨ। ਨਰਮੇਂ ਕਪਾਹ ਦੇ ਅਸਰਦਾਇਕ ਬਚਾਅ ਲਈ ਅੱਗੇ ਲਿਖੇ ਸਰਵਪੱਖੀ ਉਪਾਅ ਕਰਨੇ ਜ਼ਰੂਰੀ ਹਨ:
(੧) ਵੇਲਾਈ ਸਮੇਂ ਦੀ ਸਾਰੀ ਬਚ-ਖੁਚ ਸਾੜ ਦਿਓ। ਅਪ੍ਰੈਲ ਦੇ ਅਖੀਰ ਤੱਕ ਵੇਲਾਈ ਮਸ਼ੀਨਾਂ ਵਿੱਚੋਂ ਸਭ ਤਰ੍ਹਾਂ ਦੇ ਬੀਜ ਬਾਹਰ ਕੱਢ ਦਿਓ। ਜਿਹੜਾ ਬੀਜ ਤੇਲ ਮਿਲ੍ਹਾਂ ਵਿੱਚ ਪੀੜਿਆ ਨਾ ਗਿਆ ਹੋਵੇ ਉੇਸ ਨੂੰ ਮਈ ਦੇ ਅਖੀਰ ਤੱਕ ਹਵਾਬੰਦ ਕਮਰਿਆਂ ਵਿੱਚ ਦਵਾਈ ਦਾ ਧੂੰਆਂ ਦਿਓ। ਇੱਕ ਘਣ ਮੀਟਰ ਥਾਂ ਲਈ ਸੈਲਫਾਸ ਜਾਂ ਫਾਸਟੋਕਸਨ ਜਾਂ ਡੈਲੀਸ਼ੀਆ ਦੀ ਤਿੰਨ ਗਰਾਮ ਦੀ ਗੋਲੀ ਕਾਫ਼ੀ ਹੈ। ਗੋਲੀ ਪਾਉਣ ਬਾਅਦ ੪੮ ਘੰਟੇ ਤੱਕ ਕਮਰੇ ਨੂੰ ਹਵਾ ਬੰਦ ਰੱਖੋ। ਜੇ ਇਤਨੀ ਹੀ ਥਾਂ ਵਾਸਤੇ ਦੋ ਗੋਲੀਆਂ ਵਰਤੀਆਂ ਹੋਣ ਤਾਂ ੨੪ ਘੰਟੇ ਹੀ ਹਵਾ ਬੰਦ ਰੱਖਣਾ ਕਾਫੀ ਹੈ। ਅਣ-ਸੋਧੇ ਬੀਜ ਨੂੰ ਨਾ ਤਾਂ ਵੇਲਾਈ ਮਸ਼ੀਨਾਂ ਵਾਲੇ ਆਪਣੇ ਪਾਸ ਰੱਖਣ ਅਤੇ ਨਾ ਹੀ ਆਮ ਮੰਡੀ ਵਿੱਚ ਵੇਚਣ। ਪਸ਼ੂਆਂ ਨੂੰ ਵੜੇਵਿਆਂ ਦੀ ਖਲ੍ਹ ਹੀ ਪਾਉਣੀ ਚਾਹੀਦੀ ਹੈ ਅਤੇ ਵੜੇਵੇਂ ਨਹੀਂ ਰੱਖਣੇ ਚਾਹੀਦੇ।
(੨) ਮਿਲ੍ਹਾਂ ਵਾਲਿਆਂ ਨੂੰ ਚਾਹੀਦਾ ਹੈ ਕਿ ਉਹ ਨਰਮੇਂ ਦਾ ਬੀਜ ਵੇਚਣ ਤੋਂ ਪਹਿਲਾਂ ਤੇਜ਼ਾਬ ਨਾਲ ਉਸਦੇ ਲੂੰ ਲਾਹ ਦੇਣ। ਇਸ ਤਰ੍ਹਾਂ ਸੋਧੇ ਗਏ ਬੀਜ ਵਿੱਚੋਂ ਟੀਂਡੇ ਦੀਆਂ ਗੁਲਾਬੀ ਸੁੰਡੀਆਂ ਅਤੇ ਪੱਤਿਆਂ ਦੇ ਕੋਨੇਦਾਰ ਧੱਬੇ ਦੇ ਰੋਗ ਦੇ ਕਿਟਾਣੂ ਨਸ਼ਟ ਹੋ ਜਾਂਦੇ ਹਨ ਤੇ ਸੋਧੇ ਹੋਏ ਬੀਜ ਦੀ ਡਰਿਲ ਦੁਆਰਾ ਬਿਜਾਈ ਵੀ ਅਸਾਨ ਹੋ ਜਾਂਦੀ ਹੈ।
(੩) ਕਈ ਵਾਰ ਸਮੇਂ ਦੇ ਤੰਦਰੁਸਤ ਲੱਗ ਰਹੇ ਬੀਜਾਂ ਵਿੱਚ ਵੀ ਟੀਂਡੇ ਦੀਆਂ ਗੁਲਾਬੀ ਸੁੰਡੀ ਦੇ ਸੁੰਡ ਛੁਪੇ ਰਹਿੰਦੇ ਹਨ। ਇਸ ਲਈ ਕਿਸਾਨਾਂ ਨੂੰ ਚਾਹੀਦਾ ਹੈ ਕਿ ਮਾਰਚ ਦੇ ਅਖੀਰ ਤੱਕ ਨਰਮੇਂ ਨੂੰ ਵੇਲ ਲੈਣ ਅਤੇ ਵੜੇਵੇਂ ਪਸ਼ੂਆਂ ਨੂੰ ਚਾਰ ਦੇਣ। ਜੇ ਇਨ੍ਹਾਂ ਵੜੇਵਿਆਂ ਨੂੰ ਬੀਜ ਵਰਤਣਾ ਹੋਵੇ ਤਾਂ ਇਨ੍ਹਾਂ ਬੀਜਾਂ ਉੱਪਰੋਂ ਵੀ ਲੂੰ ਤੇਜ਼ਾਬ ਨਾਲ ਲਾਹ ਦੇਣੇ ਚਾਹੀਦੇ ਹਨ ਜਾਂ ਬੰਦ ਕਮਰਿਆਂ ਵਿੱਚ ਧੂਣੀ ਦਿੱਤੀ ਜਾਵੇ ਜਾਂ ਫਿਰ ਲਗਾਤਾਰ 3-4 ਦਿਨ ਪਤਲੀ ਤਹਿ ਵਿਛਾ ਕੇ ਇਨ੍ਹਾਂ ਨੂੰ ਧੁੱਪੇ ਸੁਕਾਉਣਾ ਚਾਹੀਦਾ ਹੈ।
(੪) ਸਿਰਫ ਸਿਫਾਰਸ਼ ਕੀਤੀਆਂ ਕਿਸਮਾਂ ਹੀ ਬੀਜੋ ਕਿਉਂਕਿ ਇਨ੍ਹਾਂ ਨੂੰ ਤੇਲਾ ਘੱਟ ਪੈਂਦਾ ਹੈ। ਇਹ ਕਿਸਮਾਂ ਛੇਤੀ ਪੱਕਦੀਆਂ ਹਨ। ਇਸ ਲਈ ਫਸਲ ਟੀਂਡੇ ਦੀ ਸੁੰਡੀ ਦੇ ਪਛੇਤੇ ਹਮਲੇ ਤੋਂ ਵੀ ਬੱਚ ਜਾਂਦੀ ਹੈ ਜੋ ਕਿ ਬਹੁਤ ਨੁਕਸਾਨਦੇਹ ਹੁੰਦਾ ਹੈ।
(੫) ਗੁਲਾਬੀ ਸੁੰਡੀ ਦੇ ਹਮਲੇ ਨੂੰ ਅਗਲੇ ਸਾਲ ਠੱਲ੍ਹ ਪਾਉਣ ਲਈ ਜਿੱਥੇ ਤੀਕ ਹੋ ਸਕੇ ਫਸਲ ਦੀ ਚੁਣਾਈ ਜਲਦੀ ਕਰ ਦਿਓ ਪਰ ਇਸ ਤਰ੍ਹਾਂ ਕਰਦਿਆਂ ਮੁਨਾਫੇ ਤੇ ਕੋਈ ਫਰਕ ਨਹੀਂ ਪੈਣਾ ਚਾਹੀਦਾ। ਇਸ ਤਰ੍ਹਾਂ ਕਰਨ ਲਈ ਅਖੀਰਲਾ ਪਾਣੀ ਸਤੰਬਰ ਦੇ ਅਖੀਰ ਵਿੱਚ ਲਾ ਦਿਓ।
(੬) ਆਖਰੀ ਚੁਣਾਈ ਤੋਂ ਬਾਅਦ ਭੇਡਾਂ, ਬੱਕਰੀਆਂ ਜਾਂ ਹੋਰ ਪਸ਼ੂਆਂ ਨੂੰ ਫਸਲ ਦਾ ਬੱਚ-ਖੁਚ, ਪੱਤੇ ਅਤੇ ਅਣਖਿੜੇ ਟੀਂਡੇ ਖਾਣ ਲਈ ਕਪਾਹ ਦੇ ਖੇਤ ਵਿੱਚ ਛੱਡ ਦਿਓ।
(੭) ਕਪਾਹ ਦੀਆਂ ਛਿਟੀਆਂ ਇੱਕਠੀਆਂ ਕਰਕੇ ਛਾਵੇਂ ਜ਼ਮੀਨ ਦੇ ਸਮਾਨੰਤਰ ਰੱਖਣ ਨਾਲ ਸੁਸਤ ਹਾਲਤ ਵਿੱਚ ਟੀਂਡੇ ਦੀ ਗੁਲਾਬੀ ਸੁੰਡੀ ਗਰਮੀਆਂ ਵਿੱਚ ਘੱਟ ਮਰਦੀ ਹੈ। ਛਿਟੀਆਂ ਨੂੰ ਵੱਢ ਕੇ ਖੇਤ ਵਿੱਚ ਰੱਖਣ ਨਾਲ ਇਹ ਕੀੜੇ ਬਹੁਤ ਛੇਤੀ ਫਲਦੇ ਹਨ। ਨਰਮੇਂ ਦੀਆਂ ਛਿਟੀਆਂ ਦੇ ਢੇਰ ਖੇਤ ਵਿੱਚ ਨਾ ਲਗਾਓ, ਸਗੋਂ ਪਿੰਡ ਵਿੱਚ ਲਾਓ। ਛਿਟੀਆਂ ਦੀਆਂ ਭਰੀਆਂ ਦੇ ਢੇਰ ਖੜ੍ਹਵੇਂ ਰੁਖ ਦਰਖਤ ਆਦਿ ਦੀ ਛਾਂ ਤੋਂ ਪਰੇ ਲਾਓ। ਛਿਟੀਆਂ ਦੇ ਢੇਰ ਲਾਉਣ ਤੋਂ ਪਹਿਲਾਂ ਕੱਟੀਆਂ ਹੋਈਆਂ ਛਿਟੀਆਂ ਨੂੰ ਜ਼ਮੀਨ ਤੇ ਮਾਰ ਮਾਰ ਕੇ ਅਣਖਿੜੇ ਟੀਂਡੇ ਅਤੇ ਸਿੱਕਰੀਆਂ ਨੂੰ ਝਾੜ ਦਿਓ ਜਾਂ ਤੋੜ ਲਓ। ਇਸ ਤਰ੍ਹਾਂ ਇਕੱਠੀਆਂ ਹੋਈਆਂ ਸਿੱਕਰੀਆਂ ਅਤੇ ਟੀਂਡਿਆਂ ਦੇ ਢੇਰ ਨੂੰ ਜਲਦੀ ਜਲਾ ਦਿਓ।
(੮) ਜਦੋਂ ਹਾਲੇ ਕਪਾਹ ਦੀ ਰੁੱਤ ਨਾ ਆਈ ਹੋਵੇ ਤਾਂ ਕਪਾਹ ਦੇ ਖੇਤਾਂ ਵਿੱਚ ਵੱਟਾਂ, ਪਾਣੀ ਦੇ ਖਾਲਿਆਂ ਅਤੇ ਬੇਕਾਰ ਪਈ ਭੂਮੀ ਚੋਂ ਕੰਘੀ ਬੂਟੀ, ਪੀਲੀ ਬੂਟੀ ਨੂੰ ਨਾਸ਼ ਕਰ ਦਿਓ, ਕਿਉਂਕਿ ਇਨ੍ਹਾਂ ਬੂਟਿਆਂ ਉੱਪਰ ਟੀਂਡੇ ਦੀ ਚਿਤਕਬਰੀ ਸੁੰਡੀ ਪਲਦੀ ਹੈ।
(੯) ਟੀਂਡੇ ਦੀ ਅਮਰੀਕਣ, ਚਿਤਕਬਰੀ ਸੁੰਡੀ, ਤੰਬਾਕੂ ਸੁੰਡੀ, ਤੇਲੇ ਅਤੇ ਚਿੱਟੀ ਮੱਖੀ ਦੇ ਹਮਲੇ ਤੋਂ ਬਚਾਅ ਲਈ ਨਰਮੇਂ ਵਾਲੇ ਖੇਤਾਂ ਵਿੱਚ ਅਤੇ ਆਲੇ ਦੁਆਲੇ ਭਿੰਡੀ, ਮੂੰਗੀ, ਜੰਤਰ, ਅਰਿੰਡ ਜਾਂ ਅਰਹਰ ਨਾ ਬੀਜੋ। ਨਰਮੇਂ ਵਾਲੇ ਖੇਤਾਂ ਦੇ ਨੇੜੇ ਬੀਜੀਆਂ ਹੋਈਆਂ ਇਨ੍ਹਾਂ ਫਸਲਾਂ ਤੇ ਇਨ੍ਹਾਂ ਕੀੜਿਆਂ ਦੀ ਚੰਗੀ ਤਰ੍ਹਾਂ ਰੋਕਥਾਮ ਕਰੋ ਤਾਂਕਿ ਇਹ ਕਪਾਹ ਦੀ ਫਸਲ ਉੱਤੇ ਨਾ ਆ ਜਾਣ।
(੧੦) ਤੰਬਾਕੂ ਦੀ ਸੁੰਡੀ ਦੇ ਆਂਡੇ ਅਤੇ ਛੋਟੀਆਂ ਸੁੰਡੀਆਂ ਜੋ ਕਿ ਪੱਤਿਆਂ ਨੂੰ ਝੁੰਡਾਂ ਵਿਚ ਖਾਂਦੀਆਂ ਹਨ, ਪੱਤਿਆਂ ਸਮੇਤ ਨਸ਼ਟ ਕਰ ਦਿਓ।
ਸਰੋਤ : ਖੇਤੀ ਭਵਨ ਮੋਹਾਲੀ (ਪੰਜਾਬ)
ਆਖਰੀ ਵਾਰ ਸੰਸ਼ੋਧਿਤ : 6/15/2020