ਪਰ-ਪਰਾਗਣ ਨਾਲ ਪ੍ਰਾਪਤ ਕੀਤੇ ਟੀਂਡਿਆਂ ਤੋਂ ਪ੍ਰਾਪਤ ਹੋਈ ਕਪਾਹ ਨੂੰ ਚੁਗ ਕੇ ਵੱਖਰਾ ਰੱਖੋ। ਇਸ ਦੀ ਵੇਲਾਈ ਤੋਂ ਬਾਅਦ ਬੀਜ ਨੂੰ ਕਿਸੇ ਕੱਪੜੇ ਦੀ ਥੈਲੀ ਜਾਂ ਬੋਰੀ ਵਿਚ ਪਾ ਕੇ ਲੇਬਲ ਲਾ ਦਿਉ ਅਤੇ ਸਾਫ਼ ਅਤੇ ਖੁਸ਼ਕ ਥਾਂ ਰੱਖੋ। ਅਗਲੇ ਸਾਲ ਬੀਜਣ ਤੋਂ ਪਹਿਲਾਂ ਇਸ ਦੀ ਸ਼ੁੱਧਤਾ ਅਤੇ ਉੱਗਣ ਸ਼ਕਤੀ ਨੂੰ ਪਰਖ ਲਵੋ। ਦੇਸੀ ਕਪਾਹ ਦੀਆਂ ਦੋਗਲੀਆਂ ਕਿਸਮਾਂ (ਪੀ ਏ ਯੂ ੬੨੬ ਐਚ ਅਤੇ ਐਫ ਐਮ ਡੀ ਐਚ ੯)।
ਐੱਫ ਐਮ ਡੀ ਐਚ ੯ ਦੋ ਮਾਪਿਆਂ ਡੀ ਐਸ ੫ (ਮਾਦਾ) ਅਤੇ ਐਚ ਡੀ ੪੦੨ (ਨਰ) ਦੇ ਮੇਲ ਤੋਂ ਬਣਾਈ ਗਈ ਹੈ। ਡੀ ਐਸ ੫ ਪਰਾਗਕਣ ਰਹਿਤ (ਖੱਸੀ) ਹੈ। ਇਸ ਲਈ ਇਸ ਦੇ ਪਰਾਗ ਕਣ ਹਟਾਉਣ (ਖੱਸੀ ਕਰਨ) ਦੀ ਜ਼ਰੂਰਤ ਨਹੀਂ ਪੈਂਦੀ। ਪਰ ਪਰਾਗਣ ਕਰਨ ਲਈ ਨਰ ਮਾਪੇ ਐਚ ਡੀ ੪੦੨ ਦੇ ਤਾਜੇ ਖਿੜੇ ਫੁੱਲਾਂ ਤੋਂ ਪਰਾਗ ਕਣ ਲੈ ਕੇ ਮਾਦਾ ਬੂਟੇ (ਡੀ ਐਸ ੫) ਦੇ ਤਾਜੇ ਖਿੜੇ ਫੁੱਲਾਂ ਦੇ ਸਟਿਗਮਾ ਉਤੇ ਲਗਾਇਆ ਜਾਂਦਾ ਹੈ ਅਤੇ ਦੋਗਲਾ ਬੀਜ ਤਿਆਰ ਕੀਤਾ ਜਾਂਦਾ ਹੈ।
ਡੀ ਐਸ ੫ - ਮਾਦਾ ਮਾਪੇ ਕਿਸਮ ਦੇ ਅੱਧੇ ਬੂਟੇ ਖੱਸੀ ਹੁੰਦੇ ਹਨ। ਖੱਸੀ ਬੂਟਿਆਂ ਦੀ ਪਹਿਚਾਣ ਉਨ੍ਹਾਂ ਦੇ ਨਿੱਕੇ, ਚਿੱਟੇ ਅਤੇ ਮਰੂਏ ਜਿਹੇ ਪਰਾਗਕੋਸ਼ਾਂ ਤੋਂ ਹੁੰਦੀ ਹੈ। ਜਦ ਕਿ ਪਰਾਗ ਕਣ (ਪੋਲਨ) ਪੈਦਾ ਕਰਨ ਵਾਲੇ ਬੂਟਿਆਂ ਦੇ ਪਰਾਗਕੋਸ਼ ਭਰਵੇਂ ਅਤੇ ਗੂੜੇ ਪੀਲੇ ਪਰਾਗਕਣਾਂ (ਪੋਲਨ) ਨਾਲ ਭਰਪੂਰ ਹੁੰਦੇ ਹਨ। ਇਸ ਕਿਸਮ ਦਾ ਬੀਜ ਤਿਆਰ ਕਰਨ ਲਈ ਪਰਾਗਕਣ ਵਾਲੇ ਬੂਟਿਆਂ ਤੋਂ ਤਾਜ਼ੇ ਖਿੜੇ ਫੁੱਲ ਦੇ ਪਰਾਗਕੋਸ਼ਾਂ (ਪੋਲਨ) ਨੂੰ ਸਵੇਰੇ ੯ ਤੋਂ ੧੧ ਵਜੇ ਤੱਕ ਖੱਸੀ ਬੂਟਿਆਂ ਦੇ ਤਾਜ਼ੇ ਖਿੜੇ ਫੁੱਲਾਂ ਦੇ ਸਟਿਗਮਾਂ ਉਤੇ ਰਗੜਿਆ ਜਾਂਦਾ ਹੈ। ਇਸ ਤਰ੍ਹਾਂ ਪਰ ਪਰਾਗਣ ਕੀਤੇ ਫੁੱਲਾਂ/ਟੀਂਡਿਆਂ ਦੀ ਪਹਿਚਾਣ ਲਈ ਫੁੱਲ ਦੀ ਡੰਡੀ ਨਾਲ ਚਿੱਟਾ ਧਾਗਾ ਨਿਸ਼ਾਨੀ ਵਜੋਂ ਬੰਨ੍ਹ ਦਿੱਤਾ ਜਾਂਦਾ ਹੈ।
ਐਚ ਡੀ ੪੦੨ - ਇਨ੍ਹਾਂ ਕਿਸਮਾਂ ਦੇ ਫੁੱਲਾਂ ਵਿਚ ਨਰ ਅਤੇ ਮਾਦਾ ਭਾਗ ਪੂਰੀ ਤਰ੍ਹਾਂ ਵਿਕਸਿਤ ਹੁੰਦੇ ਹਨ। ਇਨ੍ਹਾਂ ਕਿਸਮਾਂ ਦਾ ਬੀਜ ਆਮ ਕਿਸਮਾਂ ਵਾਂਗ ਹੀ ਤਿਆਰ ਅਤੇ ਪ੍ਰਮਾਣਿਤ ਹੁੰਦਾ ਹੈ। ਸ਼ੁੱਧ ਦੋਗਲਾ ਬੀਜ ਤਿਆਰ ਕਰਨ ਲਈ ਕਿਸਮ ਦੀ ਸ਼ੁੱਧਤਾ ਰੱਖਣੀ ਬਹੁਤ ਜ਼ਰੂਰੀ ਹੈ।
ਡੀ ਐਸ ੫ - ਇਸ ਮਾਦਾ ਕਿਸਮ ਦੇ ੫੦ ਪ੍ਰਤੀਸ਼ਤ ਬੂਟੇ ਖੱਸੀ ਹੁੰਦੇ ਹਨ। ਅਜਿਹੇ ਬੂਟਿਆਂ ਦੀ ਪਹਿਚਾਣ ਉਨ੍ਹਾਂ ਦੇ ਨਿੱਕੇ, ਸਫੈਦ ਅਤੇ ਮਰੂਏ ਜਿਹੇ ਪਰਾਗਕੋਸ਼ਾਂ ਤੋਂ ਹੁੰਦੀ ਹੈ। ਇਸ ਕਿਸਮ ਦੇ ਬੂਟੇ ਅਤੇ ਪੱਤੇ ਹਰੇ ਰੰਗ ਦੇ ਹੁੰਦੇ ਹਨ। ਪੱਤੇ ਤਿੱਖੇ ਅਤੇ ਡੂੰਘੇ ਕਟਾਵਾਂ ਵਾਲੇ ਅਤੇ ਫੁੱਲ ਹਲਕੇ ਕਰੀਮ ਰੰਗ ਦੇ ਹੁੰਦੇ ਹਨ।
ਐੱਚ ਡੀ ੪੦੨ - ਇਸ ਨਰ ਕਿਸਮ ਦੇ ਬੂਟੇ ਹਰੇ ਰੰਗ ਦੇ ਹੁੰਦੇ ਹਨ। ਇਸ ਦੇ ਪੱਤੇ ਡੂੰਘੇ ਕਟਾਵਾਂ ਵਾਲੇ, ਫੁੱਲ ਸਫੈਦ ਅਤੇ ਫੁੱਲਾਂ ਦੀਆਂ ਪੱਤੀਆਂ ਦੇ ਅੰਦਰ ਲਾਲ ਰੰਗ ਦਾ ਨਿਸ਼ਾਨ ਹੁੰਦਾ ਹੈ।
ਸਰੋਤ : ਖੇਤੀ ਭਵਨ ਮੋਹਾਲੀ (ਪੰਜਾਬ)
ਆਖਰੀ ਵਾਰ ਸੰਸ਼ੋਧਿਤ : 8/23/2020