(੧) ਕੀੜੇ-ਮਕੌੜੇ (ਬੀ ਟੀ ਕਪਾਹ) ਬੀ ਟੀ ਕਪਾਹ ਰਸ ਚੂਸਣ ਵਾਲੇ ਕੀੜਿਆਂ ਦੀ ਰੋਕਥਾਮ ਲਈ ਸਹਾਈ ਨਹੀਂ ਹੈ।
ਰਸ ਚੂਸਣ ਵਾਲੇ ਕੀੜੇ : ਰਸ ਚੂਸਣ ਵਾਲੇ ਕੀੜਿਆਂ ਵਿਚੋਂ ਤੇਲਾ, ਚੇਪਾ, ਚਿੱਟੀ ਮੱਖੀ ਅਤੇ ਮੀਲੀ ਬੱਗ ਬਹੁਤ ਖ਼ਤਰਨਾਕ ਹਨ ਅਤੇ ਇਹ ਜੁਲਾਈ ਤੋਂ ਸਤੰਬਰ ਦੇ ਮਹੀਨੇ ਬੀ.ਟੀ. ਕਪਾਹ ਦਾ ਬਹੁਤ ਨੁਕਸਾਨ ਕਰਦੇ ਹਨ। ਤੇਲੇ ਦੇ ਬੱਚੇ ਅਤੇ ਬਾਲਗ ਬੀ.ਟੀ. ਕਪਾਹ ਦੇ ਪੱਤਿਆਂ ਦਾ ਰਸ ਚੂਸਦੇ ਹਨ ਅਤੇ ਜ਼ਿਆਦਾ ਹਮਲੇ ਦੌਰਾਨ ਪੱਤੇ ਝੜ ਜਾਂਦੇ ਹਨ। ਚਿੱਟੀ ਮੱਖੀ ਦੇ ਬਾਲਗ ਅਤੇ ਬੱਚੇ ਨਰਮੇਂ ਦੇ ਪੱਤਿਆਂ ਦਾ ਰਸ ਚੂਸਦੇ ਹਨ ਅਤੇ ਪੱਤਿਆਂ ਉੱਤੇ ਸ਼ਹਿਦ ਦੇ ਤੁਪਕਿਆਂ ਵਰਗਾ ਮਲ ਕੱਢਦੇ ਹਨ ਜੋ ਚਿਪਚਿਪਾ ਜਿਹਾ ਹੁੰਦਾ ਹੈ। ਇਸ ਨਾਲ ਪੱਤਿਆਂ ਅਤੇ ਖਿੜੇ ਹੋਏ ਨਰਮੇ ਉੱਪਰ ਉੱਲੀ ਪੈਦਾ ਹੋ ਜਾਂਦੀ ਹੈ ਤੇ ਇਹ ਕਾਲੇ ਰੰਗ ਦੇ ਹੋ ਜਾਂਦੇ ਹਨ। ਚਿੱਟੀ ਮੱਖੀ ਨਰਮੇ ਵਿੱਚ ਪੱਤਾ-ਮਰੋੜ (ਲੀਫ਼ ਕਰਲ) ਬੀਮਾਰੀ ਵੀ ਫੈਲਾਉਂਦੀ ਹੈ। ਇਸ ਫ਼ਸਲ ਤੇ ਚੇਪੇ ਦਾ ਹਮਲਾ ਵੀ ਹੋ ਜਾਂਦਾ ਹੈ। ਚੇਪੇ ਦੇ ਬੱਚੇ ਅਤੇ ਬਾਲਗ ਪੱਤਿਆਂ ਦਾ ਰਸ ਚੂਸਦੇ ਹਨ ਅਤੇ ਪੱਤਿਆਂ ਉੱਤੇ ਸ਼ਹਿਦ ਦੇ ਤੁਪਕਿਆਂ ਵਰਗਾ ਮਲ ਕੱਢਦੇ ਹਨ ਜਿਸ ਉੱਤੇ ਕਾਲੀ ਉੱਲੀ ਪੈਦਾ ਹੋ ਜਾਂਦੀ ਹੈ। ਮੀਲੀ ਬੱਗ ਦੇ ਬੱਚੇ ਅਤੇ ਜਵਾਨ ਕੀੜੇ ਪੱਤਿਆਂ, ਟਹਿਣੀਆਂ, ਡੋਡੀਆਂ ਅਤੇ ਤਣੇ ਦੇ ਨਰਮ ਹਿੱਸੇ ਤੋਂ ਰਸ ਚੂਸਦੇ ਹਨ। ਜ਼ਿਆਦਾ ਹਮਲੇ ਦੀ ਸੂਰਤ ਵਿੱਚ ਪੱਤਿਆਂ, ਫੁੱਲਾਂ, ਡੋਡੀਆਂ ਅਤੇ ਟੀਂਡਿਆਂ ਤੇ ਕਾਲੀ ਉੱਲੀ ਜੰਮ ਜਾਂਦੀ ਹੈ। ਪੱਤੇ ਡਿੱਗ ਜਾਂਦੇ ਹਨ ਅਤੇ ਬੂਟੇ ਦਾ ਵਾਧਾ ਰੁਕ ਜਾਂਦਾ ਹੈ। ਫ਼ਸਲ ਦੇ ਅਖੀਰ ਵਿੱਚ ਕਈ ਵਾਰ ਟੀਂਡੇ ਦੀ ਚਿਤਕਬਰੀ ਸੁੰਡੀ, ਗੁਲਾਬੀ ਸੁੰਡੀ ਅਤੇ ਅਮਰੀਕਣ ਸੁੰਡੀ ਦਾ ਹਮਲਾ ਹੋ ਜਾਂਦਾ ਹੈ। ਇਨ੍ਹਾਂ ਟੀਂਡੇ ਕਾਣੇ ਕਰਨ ਵਾਲੀਆਂ ਸੁੰਡੀਆਂ ਦੇ ਹਮਲੇ ਕਾਰਨ ਫੁੱਲ ਅਤੇ ਟੀਂਡੇ ਝੜ ਸਕਦੇ ਹਨ।
ਬੀ.ਟੀ. ਕਪਾਹ ਦੇ ਅਸਰਦਾਇਕ ਬਚਾਅ ਲਈ ਹੇਠ ਲਿਖੇ ਸਰਵਪੱਖੀ ਉਪਾਅ ਕਰਨੇ ਜਰੂਰੀ ਹਨ :
(ੳ) ਰੋਕਥਾਮ ਦੇ ਆਮ ਢੰਗ।
(੧) ਸਿਰਫ਼ ਸਿਫ਼ਾਰਸ਼ ਕੀਤੀਆਂ ਕਿਸਮਾਂ ਹੀ ਬੀਜੋ।
(੨) ਤੰਬਾਕੂ ਦੀ ਸੁੰਡੀ ਦੀ ਸਹੀ ਰੋਕਥਾਮ ਲਈ ਅਰਿੰਡ, ਮੂੰਗੀ, ਜੰਤਰ ਅਤੇ ਭਿੰਡੀ ਨੂੰ ਬੀ.ਟੀ. ਕਪਾਹ ਦੇ ਖੇਤਾਂ ਵਿੱਚ ਅਤੇ ਆਲੇ ਦੁਆਲੇ ਬੀਜਣ ਤੋਂ ਸੰਕੋਚ ਕਰੋ । ਇਹ ਫ਼ਸਲਾਂ ਤੰਬਾਕੂ ਸੁੰਡੀ ਦੇ ਹਮਲੇ ਨੂੰ ਵਧਾਉਂਦੀਆਂ ਹਨ।
(੩) ਬੀ.ਟੀ. ਕਪਾਹ ਦੇ ਖੇਤਾਂ ਵਿੱਚ ਨਦੀਨ ਨਾ ਹੋਣ ਦਿਓ। ਇਟਸਿਟ ਤੰਬਾਕੂ ਸੁੰਡੀ ਦੇ ਬਦਲਵੇਂ ਪੌਦੇ ਦਾ ਕੰਮ ਕਰਦੀ ਹੈ।
(੪) ਤੰਬਾਕੂ ਦੀ ਸੁੰਡੀ ਦੇ ਆਂਡੇ ਅਤੇ ਛੋਟੀਆਂ ਸੁੰਡੀਆਂ ਜੋ ਕਿ ਪੱਤਿਆਂ ਨੂੰ ਝੁੰਡਾਂ ਵਿੱਚ ਖਾਂਦੀਆਂ ਹਨ, ਪੱਤਿਆਂ ਸਮੇਤ ਨਸ਼ਟ ਕਰ ਦਿਓ।
ਸਰੋਤ : ਖੇਤੀ ਭਵਨ ਮੋਹਾਲੀ (ਪੰਜਾਬ)
ਆਖਰੀ ਵਾਰ ਸੰਸ਼ੋਧਿਤ : 6/15/2020