- ਕੀੜਿਆਂ ਦੇ ਹਮਲੇ ਬਾਰੇ ਜਾਨਣ ਲਈ ਫਸਲ ਦਾ ਲਗਾਤਾਰ ਸਰਵੇਖਣ ਕਰੋ।
- ਕੀਟਨਾਸ਼ਕ ਪ੍ਰਤੀਰੋਧੀ ਪ੍ਰਬੰਧ ਨੂੰ ਅਸਰਦਾਰ ਬਣਾਉਣ ਲਈ ਇੱਕੋ ਗਰੁੱਪ ਦੀਆਂ ਜ਼ਹਿਰਾਂ ਦਾ ਇੱਕ ਤੋਂ ਵੱਧ ਛਿੜਕਾਅ ਨਾ ਕਰੋ।
- ਕੀੜੇਮਾਰ ਜ਼ਹਿਰਾਂ ਦੇ ਮਿਸ਼ਰਣ ਨਾ ਵਰਤੋ ਕਿਉਂਕਿ ਇਹ ਕੀੜਿਆਂ ਵਿੱਚ ਜ਼ਹਿਰਾਂ ਪ੍ਰਤੀ ਸਹਿਣਸ਼ਕਤੀ ਪੈਦਾ ਕਰਦੇ ਹਨ ਅਤੇ ਕੀੜਿਆਂ ਦਾ ਪੁਨਰ ਉਥਾਨ ਕਰਦੇ ਹਨ।
- ਟੀਂਡੇ ਦੀਆਂ ਸੁੰਡੀਆਂ ਦੀ ਰੋਕਥਾਮ ਲਈ ਅੱਧ ਸਤੰਬਰ ਤੋਂ ਪਿੱਛੋਂ, ਸਿੰਥੈਟਿਕ ਪਰਿਥਰਾਇਡ ਜ਼ਹਿਰਾਂ ਦੀ ਵਰਤੋਂ ਨਾ ਕਰੋ।
- ਜੇਕਰ ਛਿੜਕਾਅ ਕਰਨ ਤੋਂ ੨੪ ਘੰਟੇ ਦੇ ਅੰਦਰ ਅੰਦਰ ਵਰਖਾ ਹੋ ਜਾਵੇ ਤਾਂ ਛਿੜਕਾਅ ਦੁਬਾਰਾ ਕਰੋ।
- ਜੇਕਰ ਕਦੇ ਵਾਲਾਂ ਵਾਲੀ ਸੁੰਡੀ ਨੁਕਸਾਨ ਕਰੇ ਤਾਂ ੫੦੦ ਮਿਲੀਲਿਟਰ ਕੁਇਨਲਫਾਸ ੨੫ ਈ ਸੀ ਜਾਂ ੨੦੦ ਮਿਲੀਲਿਟਰ ਨੁਵਾਨਫ਼ਡੀ ਡੀ ਵੀ ਪੀ ੧੦੦ ਨੂੰ ੧੦੦ ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕੋ।
- ਜ਼ਹਿਰਾਂ ਵੇਚਣ ਵਾਲਿਆਂ ਦੀ ਗਲਤ ਸਲਾਹ ਕਦੀ ਨਾ ਮੰਨੋ।
- ਨਰਮੇਂ ਦੀ ਫਸਲ ਤੇ ੨, ੪ - ਡੀ ਦਵਾਈ ਦਾ ਬਹੁਤ ਮਾੜਾ ਅਸਰ ਹੋ ਜਾਂਦਾ ਹੈ। ਕਈ ਕਿਸਾਨ ਨਰਮੇਂ ਨੇੜੇ ਮੱਕੀ ਦੇ ਖੇਤਾਂ ਵਿੱਚ ਨਦੀਨ ਮਾਰਨ ਲਈ ੨, ੪ - ਡੀ ਐਸਟਰ ਦੀ ਸਪਰੇ ਕਰਦੇ ਹਨ। ਇਸ ੨, ੪ - ਡੀ ਐਸਟਰ ਦਵਾਈ ਦੇ ਬੁਖਾਰਾਤ ਬਣ ਜਾਂਦੇ ਹਨ ਜੋ ਹਵਾ ਨਾਲ ਕਾਫੀ ਦੂਰ ਤੱਕ ਖਿੱਲਰ ਜਾਂਦੇ ਹਨ ਅਤੇ ਨਰਮੇਂ ਦੀ ਫਸਲ ਦਾ ਬਹੁਤ ਨੁਕਸਾਨ ਕਰਦੇ ਹਨ। ਇਸ ਕਰਕੇ ਨਰਮੇਂ ਦੇ ਨੇੜਲੇ ਖੇਤਾਂ ਤੇ ਇਸ ਦਵਾਈ ਦਾ ਛਿੜਕਾਅ ਨਾ ਕਰੋ।
- ਕਿਸੇ ਫਸਲ ਉੱਪਰ ੨, ੪ - ਡੀ ਸਪਰੇ ਕਰਨ ਤੋਂ ਬਾਅਦ ਸ਼ਾਮ ਨੂੰ ਸਪਰੇ ਪੰਪ, ਟੱਬ, ਨੋਜ਼ਲਾਂ ਅਤੇ ਬਾਲਟੀ ਆਦਿ ਨੂੰ ੦.੫ ਪ੍ਰਤੀਸ਼ਤ ਸੋਢੇ ਦੇ ਪਾਣੀ ਨਾਲ ਭਰ ਦਿਓ (੫੦੦ ਗ੍ਰਾਮ ਸੋਢਾ ੧੦੦ ਲਿਟਰ ਪਾਣੀ) ਅਤੇ ਸਵੇਰੇ ਇਸ ਸਮਾਨ ਨੂੰ ਸਾਫ ਪਾਣੀ ਨਾਲ ਧੋ ਲਵੋ।
- ਮਿਲਾਵਟ ਵਾਲੀ ਜ਼ਹਿਰ ਦੀ ਵਰਤੋਂ ਤੋਂ ਬਚਣ ਲਈ ਇਹ ਬਹੁਤ ਜ਼ਰੂਰੀ ਹੈ ਕਿ ਸਪਰੇ ਕਰਨ ਤੋਂ ਦੋ ਕੁ ਹਫਤੇ ਪਹਿਲਾਂ ਇਸ ਜ਼ਹਿਰ ਨੂੰ ਕੁੱਝ ਬੂਟਿਆਂ ਉੱਪਰ ਛਿੜਕ ਕੇ ਦੇਖ ਲਓ। ਜੇਕਰ ਜ਼ਹਿਰ ਵਿੱਚ ੨, ੪ - ਡੀ ਜ਼ਹਿਰ ਦਾ ਰਲਾ ਹੋਵੇਗਾ ਤਾਂ ੧੦ ਦਿਨਾਂ ਦੇ ਅੰਦਰ ਫਸਲ ਦੇ ਕੂਲੇ ਪੱਤੇ ਅਤੇ ਟਹਿਣੀਆਂ ਖਰਾਬ ਹੋ ਜਾਣਗੇ ਜਾਂ ਪੱਤੇ ਝੱੜ ਜਾਣਗੇ। ਅਜਿਹੀਆਂ ਜ਼ਹਿਰਾਂ ਨਾ ਵਰਤੋਂ ਜਿਸ ਨਾਲ ਫਸਲ ਤੇ ਕੋਈ ਮਾੜਾ ਅਸਰ ਹੋਵੇ।
ਸਰੋਤ : ਖੇਤੀ ਭਵਨ ਮੋਹਾਲੀ (ਪੰਜਾਬ)
ਆਖਰੀ ਵਾਰ ਸੰਸ਼ੋਧਿਤ : 8/16/2020