ਲੋਹੇ ਦੀ ਘਾਟ: ਕਈ ਹਾਲਤਾਂ ਵਿੱਚ ਜਿਥੇ ਪਾਣੀ ਦੀ ਘਾਟ ਹੋਵੇ, ਪਨੀਰੀ ਲਾਉਣ ਤੋਂ ਕੁਝ ਦਿਨਾਂ ਬਾਅਦ ਬੂਟੇ ਦੇ ਨਵੇਂ ਨਿਕਲ ਰਹੇ ਪੱਤੇ ਪੀਲੇ ਪੈ ਜਾਂਦੇ ਹਨ। ਇਸ ਨਾਲ ਬੂਟੇ ਮਰ ਜਾਂਦੇ ਹਨ ਅਤੇ ਕਈ ਵਾਰੀ ਸਾਰੀ ਦੀ ਸਾਰੀ ਫ਼ਸਲ ਹੀ ਤਬਾਹ ਹੋ ਜਾਂਦੀ ਹੈ। ਜਦੋਂ ਅਜਿਹੇ ਪੀਲੇਪਨ ਦੀਆਂ ਨਿਸ਼ਾਨੀਆਂ ਨਜ਼ਰ ਆਉਣ ਤਾਂ ਛੇਤੀ-ਛੇਤੀ ਭਰਵੇਂ ਪਾਣੀ ਫ਼ਸਲ ਨੂੰ ਦਿਉ। ਇੱਕ ਹਫ਼ਤੇ ਦੀ ਵਿੱਥ ਰੱਖ ਕੇ ਇੱਕ ਪ੍ਰਤੀਸ਼ਤ ਲੋਹੇ ਦਾ ਛਿੜਕਾਅ ਪੱਤਿਆਂ ਉੱਪਰ ਕਰੋ। ਇਸ ਲਈ ਇੱਕ ਕਿਲੋ ਫੈਰਸ ਸਲਫੇਟ ਨੂੰ ੧੦੦ ਲਿਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਛਿੜਕੋ। ਅਜਿਹੇ ੨-੩ ਛਿੜਕਾਅ ਕਰਨ ਨਾਲ ਲੋਹੇ ਦੀ ਘਾਟ ਪੂਰੀ ਕੀਤੀ ਜਾ ਸਕਦੀ ਹੈ। ਇੱਥੇ ਧਿਆਨ ਯੋਗ ਗੱਲ ਇਹ ਹੈ ਕਿ ਲੋਹੇ ਦੀ ਜ਼ਮੀਨ ਰਾਹੀਂ ਪੂਰਤੀ ਅਸਰਦਾਰ ਨਹੀਂ ਹੈ।
ਫ਼ਸਲ ਦੀਆਂ ਮੁਂੰਜਰਾਂ ਜਦ ਪੱਕ ਜਾਣ ਅਤੇ ਪਰਾਲੀ ਦਾ ਰੰਗ ਪੀਲੇਪਨ ਵਿੱਚ ਬਦਲ ਜਾਵੇ ਤਾਂ ਫ਼ਸਲ ਦੀ ਕਟਾਈ ਕਰ ਲੈਣੀ ਚਾਹੀਦੀ ਹੈ। ਜੇਕਰ ਕਟਾਈ ਫ਼ਸਲ ਦੇ ਜ਼ਿਆਦਾ ਪੱਕਣ ਤੇ ਕੀਤੀ ਜਾਵੇ ਤਾਂ ਦਾਣੇ ਮੁੰਜਰਾਂ ਨਾਲੋਂ ਕਿਰ ਜਾਂਦੇ ਹਨ ਜਿਸ ਨਾਲ ਨੁਕਸਾਨ ਹੋ ਜਾਂਦਾ ਹੈ। ਦਾਣੇ ਝੜਣ ਵਾਲੇ ਗੁਣਾਂ ਵਿੱਚ ਵੀ ਫਰਕ ਪੈ ਜਾਂਦਾ ਹੈ।
ਕੰਬਾਈਨਾਂ ਦੇ ਨਾਲ ਝੋਨੇ ਦੀ ਕਟਾਈ ਚੰਗੇ ਜਲ ਨਿਕਾਸ ਵਾਲੇ ਖੇਤਾਂ ਵਿੱਚ ਕਾਮਯਾਬੀ ਨਾਲ ਕੀਤੀ ਜਾ ਸਕਦੀ ਹੈ। ਟਰੈਕਟਰ ਨਾਲ ਚੱਲਣ ਵਾਲੀ ਵਰਟੀਕਲ ਕਨਵੇਅਰ ਰੀਪਰ ਵਿੰਡਰੋਵਰ ਦੀ ਵਰਤੋਂ ਵੀ ਝੋਨੇ ਦੀ ਵਾਢੀ ਲਈ ਕੀਤੀ ਜਾ ਸਕਦੀ ਹੈ। ਕੱਟੀ ਹੋਈ ਫ਼ਸਲ ਨੂੰ ਉਸੇ ਵੇਲੇ ਝਾੜਨਾ ਚਾਹੀਦਾ ਹੈ ਅਤੇ ਇਸ ਫ਼ਸਲ ਉੱਪਰ ਤਰੇਲ ਨਹੀਂ ਪੈਣ ਦੇਣੀ ਚਾਹੀਦੀ। ਜੇਕਰ ਫ਼ਸਲ ਉਸ ਵੇਲੇ ਨਾ ਝਾੜੀ ਜਾ ਸਕੇ ਤਾਂ ਫ਼ਸਲ ਇਕੱਠੀ ਕਰ ਕੇ ਮੋਮਜਾਮੇ ਨਾਲ ਢੱਕ ਦੇਣੀ ਚਾਹੀਦੀ ਹੈ ਨਹੀਂ ਤਾਂ ਦਾਣਿਆਂ ਉੱਪਰ ਤਰੇੜਾਂ ਪੈ ਜਾਦੀਆਂ ਹਨ ਅਤੇ ਛੱੜਣ ਸਮੇਂ ਅਜਿਹੇ ਦਾਣੇ ਟੁੱਟ ਜਾਂਦੇ ਹਨ। ਝੋਨਾ ਝਾੜਨ ਦਾ ਕੰਮ ਕਟਾਈ ਤੋਂ ਬਾਅਦ ਮੁੰਜਰਾਂ ਨੂੰ ਸਖ਼ਤ ਸਤਹ ਤੇ ਮਾਰਨ ਨਾਲ ਜਾਂ ਫ਼ਸਲ ਨੂੰ ਸੁਕਾ ਕੇ ਬਲਦ ਫੇਰਨ ਨਾਲ ਕੀਤਾ ਜਾ ਸਕਦਾ ਹੈ। ਝੋਨਾ ਝਾੜਨ ਵਾਲੀਆਂ ਕਈ ਤਰ੍ਹਾਂ ਦੀਆਂ ਮਸ਼ੀਨਾਂ ਵੀ ਮਿਲਦੀਆਂ ਹਨ। ਕਣਕ ਤੇ ਝੋਨਾ ਗਾਹੁਣ ਲਈ ਬਹੁ-ਫ਼ਸਲੀ ਥਰੈਸ਼ਰ ਵੀ ਵਰਤਿਆ ਜਾ ਸਕਦਾ ਹੈ।
ਬੀਜ ਰੱਖਣ ਲਈ ਖੜ੍ਹੀ ਫ਼ਸਲ ਵਿੱਚੋਂ ਸੋਹਣਾ ਥਾਂ ਚੁਣੋ । ਇਸ ਥਾਂ ਵਿੱਚੋਂ ਬਿਮਾਰੀ ਵਾਲੇ ਮਾੜੇ ਅਤੇ ਹੋਰ ਕਿਸਮਾਂ ਦੇ ਬੂਟੇ ਪੁੱਟ ਸੁੱਟੋ ਅਤੇ ਫਿਰ ਇਸ ਥਾਂ ਦੀ ਫ਼ਸਲ ਵੱਖਰੀ ਕੱਟੋ ਅਤੇ ਵੱਖਰੀ ਹੀ ਝਾੜੋ । ਇਸ ਬੀਜ ਨੂੰ ਚੰਗੀ ਤਰ੍ਹਾਂ ਸੁਕਾ ਕੇ ਰੋਗ ਰਹਿਤ ਢੋਲਾਂ ਵਿੱਚ ਭਰ ਦਿਉ।
ਇਹ ਗੱਲ ਜ਼ਿਮੀਦਾਰ ਦੇ ਹੱਕ ਵਿੱਚ ਹੈ ਕਿ ਉਪਜ ਖੇਤਾਂ ਵਿੱਚੋਂ ਸਿੱਧੀ ਮੰਡੀ ਵਿੱਚ ਲਿਜਾਈ ਜਾਵੇ। ਇਸ ਨਾਲ ਕਿਸਾਨ ਨੂੰ ਉਪਜ ਸੁਕਾਉਣ ਅਤੇ ਗੁਦਾਮ ਵਿੱਚ ਰੱਖਣ ਲਈ ਮਜ਼ਦੂਰੀ ਨਹੀਂ ਦੇਣੀ ਪਵੇਗੀ। ਕਿਸਾਨ ਆਪਣੀ ਉੱਪਜ ਦੀ ਸਫਾਈ ਅਤੇ ਵਿਕਰੀ ਦਾ ਕੰਮ ਮੰਡੀ ਵਿੱਚ ਲੱਗੀਆਂ ਮਸ਼ੀਨਾਂ ਰਾਹੀਂ ਵੀ ਕਰ ਸਕਦਾ ਹੈ। ਇਸ ਨਾਲ ਸਮਾਂ ਵੀ ਬਚਦਾ ਹੈ ਅਤੇ ਅਜਿਹੀ ਉਪਜ ਦੀ ਪੰਜਾਬ ਮੰਡੀ ਬੋਰਡ ਤੋਂ ਕੀਮਤ ਵੀ ਵੱਧ ਮਿਲਦੀ ਹੈ। ਜਿਹੜਾ ਅਨਾਜ ਘਰ ਰੱਖਣਾ ਹੈ, ਉਸ ਨੂੰ ਇੱਕ ਹਫ਼ਤੇ ਲਈ ਧੁੱਪ ਵਿੱਚ ਚੰਗੀ ਤਰ੍ਹਾਂ ਸੁਕਾ ਕੇ ਗੁਦਾਮ ਵਿੱਚ ਰੱਖਣਾ ਜ਼ਰੂਰੀ ਹੈ। ਦਾਣਿਆਂ ਨੂੰ ਗੁਦਾਮ ਵਿੱਚ ਰੱਖਣ ਸਮੇਂ ਇਨ੍ਹਾਂ ਵਿੱਚ ਨਮੀਂ ਦੀ ਮਾਤਰਾ ੧੨ ਪ੍ਰਤੀਸ਼ਤ ਚਾਹੀਦੀ ਹੈ।
ਸਰੋਤ : ਅਗ੍ਰਿਛੁਲ੍ਤੁਰੇ , ਖੇਤੀ ਭਵਨ ਮੋਹਾਲੀ (ਪੰਜਾਬ)
ਆਖਰੀ ਵਾਰ ਸੰਸ਼ੋਧਿਤ : 6/15/2020