ਪਨੀਰੀ ਨੂੰ ਖੇਤਾਂ ਵਿੱਚ ਪੁੱਟ ਕੇ ਲਾਉਣ ਦਾ ਸਹੀ ਸਮਾਂ ਝੋਨੇ ਦੇ ਝਾੜ ਉੱਤੇ ਬਹੁਤ ਅਸਰ ਪਾਉਂਦਾ ਹੈ। ਇਸ ਕਰਕੇ ਵਧੇਰੇ ਝਾੜ ਲੈਣ ਅਤੇ ਖੇਤਾਂ ਨੂੰ ਕਣਕ ਦੀ ਬਿਜਾਈ ਲਈ ਵੇਲੇ ਸਿਰ ਵਿਹਲਾ ਕਰਨ ਵਾਸਤੇ ਝੋਨੇ ਦੀ ਲੁਆਈ ਦਾ ਠੀਕ ਸਮਾਂ ਜੂਨ ਦਾ ਦੂਜਾ ਪੰਦਰ੍ਹਵਾੜਾ ਹੈ। ਪਰ ਪੀ ਆਰ ੧੧੫ ਕਿਸਮ ਦੀ ਲੁਆਈ ਪਛੇਤੀਆਂ ਹਾਲਤਾਂ ਵਿੱਚ ਕਰੋ।
ਜਦੋਂ ਪਨੀਰੀ ੩੦ ਦਿਨਾਂ ਦੀ ਹੋ ਗਈ ਹੋਵੇ ਤਾਂ ਉਸ ਨੂੰ ਖੇਤ ਵਿੱਚ ਲਾਉਣ ਲਈ ਪੁੱਟਣਾ ਸ਼ੁਰੂ ਕਰੋ। ਥੋੜ੍ਹਾ ਸਮਾਂ ਲੈਣ ਵਾਲੀਆਂ ਕਿਸਮਾਂ (ਪੀ ਆਰ ੧੨੪, ਪੀ ਆਰ ੧੧੧ ਅਤੇ ਪੀ ਆਰ ੧੧੫) ਲਈ ੨੫ - ੩੦ ਦਿਨਾਂ ਦੀ ਪਨੀਰੀ ਵਰਤੋ। ਲੰਮਾ ਸਮਾਂ ਲੈਣ ਵਾਲੀਆਂ ਕਿਸਮਾਂ ਲਈ ੩੦ - ੫੫ ਦਿਨਾਂ ਦੀ ਪਨੀਰੀ ਵਰਤੀ ਜਾ ਸਕਦੀ ਹੈ।
ਪਨੀਰੀ ਨੂੰ ਪੁੱਟਣ ਤੋਂ ਪਹਿਲਾ ਪਾਣੀ ਲਾ ਦਿਉ। ਪਨੀਰੀ ਦੀਆਂ ਜੜ੍ਹਾਂ ਨਾਲੋਂ ਮਿੱਟੀ ਲਾਹੁਣ ਲਈ ਜੜਾਂ ਨੂੰ ਪਾਣੀ ਵਿੱਚ ਧੋ ਦਿਉ।
ਪਨੀਰੀ ਲਾਈਨਾਂ ਵਿੱਚ ਲਾਉ। ਚੰਗੇ ਕੱਦੂ ਕੀਤੇ ਖੇਤ ਵਿੱਚ ਇੱਕ ਥਾਂ ੨ ਬੂਟੇ ਲਾਉ। ਵੇਲੇ ਸਿਰ ਬਿਜਾਈ ਸਮੇਂ ਲਾਈਨਾਂ ਤੇ ਬੂਟਿਆਂ ਵਿਚਕਾਰ ਫ਼ਾਸਲਾ ੨੦ ਅਤੇ ੧੫ ਸੈਂਟੀਮੀਟਰ (੩੩ ਬੂਟੇ ਪ੍ਰਤੀ ਵਰਗ ਮੀਟਰ) ਅਤੇ ਪਛੇਤੀ ਬਿਜਾਈ ੧੫ ਅਤੇ ੧੫ ਸੈਂਟੀਮੀਟਰ (੪੪ ਬੂਟੇ ਪ੍ਰਤੀ ਵਰਗ ਮੀਟਰ) ਰੱਖੋ। ਬੂਟੇ ਸਿੱਧੇ ਉਪਰ ਨੂੰ ਅਤੇ ੨-੩ ਸੈਂਟੀਮੀਟਰ ਡੂੰਘੇ ਲਾਉ। ਇਸ ਤਰ੍ਹਾਂ ਕਰਨ ਨਾਲ ਬੂਟੇ ਚੰਗਾ ਜਾੜ ਮਾਰਦੇ ਹਨ ਅਤੇ ਬੂਟਿਆਂ ਦਾ ਬੂਝਾ ਛੇਤੀ ਬਣਦਾ ਹੈ।
ਭਾਰੀਆਂ ਜ਼ਮੀਨਾਂ ਉੱਤੇ ੩੦ ਦਿਨਾਂ ਦੀ ਪਨੀਰੀ ਨੂੰ ਕਣਕ ਲਈ ਵਰਤੇ ਜਾਂਦੇ ਬੈੱਡ ਪਲਾਂਟਰ ਨਾਲ ਤਿਆਰ ਕੀਤੇ ਬੈੱਡਾਂ ਦੀਆਂ ਢਲਾਨਾਂ ਦੇ ਅੱਧ ਵਿਚਕਾਰ ਲਾਓ। ਬਿਨਾਂ ਕੱਦੂ ਕੀਤੇ ਖੇਤ ਤਿਆਰ ਕਰਕੇ, ਬਿਜਾਈ ਵੇਲੇ ਸਿਫ਼ਾਰਸ਼ ਕੀਤੀਆਂ ਖਾਦਾਂ ਦਾ ਛੱਟਾ ਦੇਣ ਉਪਰੰਤ ਬੈੱਡ ਤਿਆਰ ਕਰੋ। ਖਾਲ਼ੀਆਂ ਵਿਚ ਪਾਣੀ ਲਾ ਕੇ ਤੁਰੰਤ ਬਾਅਦ ੯ ਸੈਂਟੀਮੀਟਰ ਦੇ ਫ਼ਾਸਲੇ ਤੇ ਬੂਟੇ ਲਾਓ ਤਾਂ ਜੋ ਬੂਟਿਆਂ ਦੀ ਗਿਣਤੀ ੩੩ ਬੂਟੇ ਪ੍ਰਤੀ ਵਰਗਮੀਟਰ ਰਹੇ। ਲੁਆਈ ਤੋਂ ਪਹਿਲੇ ਪੰਦਰਾਂ ਦਿਨਾਂ ਦੌਰਾਨ ੨੪ ਘੰਟੇ ਵਿਚ ਇਕ ਵਾਰ ਪਾਣੀ ਬੈੱਡਾਂ ਉੱਤੋਂ ਦੀ ਲੰਘਾ ਦਿਓ। ਇਸ ਤੋਂ ਬਾਅਦ ਪਾਣੀ ਕੇਵਲ ਖਾਲ਼ੀਆਂ ਵਿਚ ਹੀ ਪਹਿਲੇ ਪਾਣੀ ਦੇ ਜੀਰਨ ਤੋਂ ਦੋ ਦਿਨ ਬਾਅਦ ਲਾਓ। ਇਹ ਧਿਆਨ ਰਹੇ ਕਿ ਖਾਲ਼ੀਆਂ ਵਿਚ ਤਰੇੜਾਂ ਨਾ ਪੈਣ। ਇੰਜ ਕਰਨ ਨਾਲ ਝੋਨੇ ਦੀ ਫ਼ਸਲ ਨੂੰ ਲੱਗਣ ਵਾਲੇ ਕੁੱਲ ਪਾਣੀ ਦੀ ਤਕਰੀਬਨ ੨੫ ਪ੍ਰਤੀਸ਼ਤ ਦੀ ਬੱਚਤ ਹੁੰਦੀ ਹੈ ਅਤੇ ਝਾੜ ਤੇ ਵੀ ਕੋਈ ਮਾੜਾ ਅਸਰ ਨਹੀਂ ਪੈਂਦਾ। ਨਦੀਨਾਂ ਦੀ ਰੋਕਥਾਮ ਲਈ ਨੌਮਨੀਗੋਲਡ/ਵਾਸ਼ ਆਊਟ/ਤਾਰਕ/ਮਾਚੋ ੧੦ ਐਸ ਸੀ (ਬਿਸਪਾਇਰੀਬੈਕ) ੧੨੦ ਮਿਲੀਲਿਟਰ ਪ੍ਰਤੀ ਏਕੜ ੧੫੦ ਲਿਟਰ ਪਾਣੀ ਵਿੱਚ ਘੋਲ ਕੇ ਝੋਨੇ ਦੀ ਲੁਆਈ ਦੇ ੨੦-੨੫ ਦਿਨਾਂ ਬਾਅਦ ਛਿੜਕਾਅ ਕਰਨਾ ਚਾਹੀਦਾ ਹੈ। ਲੋੜ ਪੈਣ ਤੇ ਨਦੀਨ ਹੱਥਾਂ ਨਾਲ ਪੁੱਟ ਦਿਉ। ਬਾਕੀ ਕਾਸ਼ਤਕਾਰੀ ਸਿਫ਼ਾਰਸ਼ਾਂ ਕੱਦੂ ਕਰਕੇ ਰਵਾਇਤੀ ਪੱਧਰੀ ਲੁਆਈ ਅਨੁਸਾਰ ਹੀ ਰਹਿਣਗੀਆਂ।
ਝੋਨੇ ਦੀ ਮੈਟ ਵਾਲੀ ਪਨੀਰੀ ਨੂੰ ਮਸ਼ੀਨ ਨਾਲ ੩੦ ਣ ੧੨ ਸੈਂਟੀਮੀਟਰ ਦੇ ਫ਼ਾਸਲੇ ਤੇ ਲਾਉਣਾ ਚਾਹੀਦਾ ਹੈ।
ਸਰੋਤ : ਖੇਤੀ ਭਵਨ ਮੋਹਾਲੀ (ਪੰਜਾਬ)
ਆਖਰੀ ਵਾਰ ਸੰਸ਼ੋਧਿਤ : 6/15/2020