ਪੰਜਾਬ ਵਿੱਚ ਸਾਲ ੨੦੧੩ - ੨੦੧੪ ਦੌਰਾਨ ੨੮.੫੧ ਲੱਖ ਹੈਕਟੇਅਰ ਰਕਬੇ ਵਿੱਚੋਂ ਝੋਨੇ ਦੀ ਕੁੱਲ ਉੱਪਜ ੧੬੯.੧ ਲੱਖ ਟਨ (੧੧੨.੬੭ ਲੱਖ ਟਨ ਚੌਲ) ਹੋਈ। ਝੋਨੇ ਦਾ ਔਸਤ ਝਾੜ ੨੩.੭ ਕੁਇੰਟਲ ਪ੍ਰਤੀ ਏਕੜ ਰਿਹਾ।
੧. ਝੋਨੇ ਦੀ ਕਾਸ਼ਤ ਰੇਤਲੀਆਂ ਜ਼ਮੀਨਾਂ ਵਿੱਚ ਨਾ ਕਰੋ।
੨. ਕੱਦੂ ਕਰਨ ਤੋਂ ਪਹਿਲਾਂ ਖੇਤ ਨੂੰ ਲੇਜ਼ਰ ਵਾਲੇ ਕਰਾਹੇ ਨਾਲ ਬਹੁਤ ਹੀ ਬਾਰੀਕੀ ਅਤੇ ਵਧੀਆ ਢੰਗ ਨਾਲ ਪੱਧਰ ਕਰ ਲਵੋ ਤਾਂ ਕਿ ਖੇਤ ਵਿੱਚ ਪਾਣੀ ਅਤੇ ਹੋਰ ਖਾਦ ਪਦਾਰਥਾਂ ਦੀ ਸੁਚੱਜੀ ਵਰਤੋਂ ਕੀਤੀ ਜਾ ਸਕੇ।
੩. ਝੋਨੇ ਦੀ ਵਧੀਆ ਕੁਆਲਿਟੀ ਅਤੇ ਪਾਣੀ ਦੀ ਬੱਚਤ ਕਰਨ ਲਈ ਪਨੀਰੀ ਮਈ ਦੇ ਦੂਜੇ ਪੰਦਰ੍ਹਵਾੜੇ ਵਿੱਚ ਬੀਜੋ ਅਤੇ ਇਸ ਦੀ ਲੁਆਈ ਜੂਨ ਦੇ ਦੂਜੇ ਪੰਦਰ੍ਹਵਾੜੇ ਦਰਮਿਆਨ ਕਰੋ। ਇਸ ਨਾਲ ਤਣੇ ਦੇ ਗੜੂੰਏਂ ਦਾ ਹਮਲਾ ਵੀ ਘੱਟ ਹੁੰਦਾ ਹੈ।
੪. ਖਾਦਾਂ ਦੀ ਵਰਤੋਂ ਭੂਮੀ ਪਰਖ ਦੀਆਂ ਸਿਫ਼ਾਰਸ਼ਾਂ ਅਨੁਸਾਰ ਹੀ ਕਰੋ, ਜੇਕਰ ਕਣਕ ਨੂੰ ਸਿਫ਼ਾਰਸ਼ ਕੀਤੀ ਫਾਸਫੋਰਸ ਦੀ ਖਾਦ ਪਾਈ ਹੋਵੇ ਤਾਂ ਦਰਮਿਆਨੀਆਂ ਜ਼ਮੀਨਾਂ ਵਿੱਚ ਝੋਨੇ ਨੂੰ ਫਾਸਫੋਰਸ ਖਾਦ (ਡੀ ਏ ਪੀ) ਪਾਉਣ ਦੀ ਲੋੜ ਨਹੀਂ। ਨਾਈਟ੍ਰੋਜਨ ਖਾਦ ਦੀ ਲੋੜ ਅਨੁਸਾਰ ਵਰਤੋਂ ਲਈ ਪੱਤਾ ਰੰਗ ਚਾਰਟ ਅਪਣਾਓ। ਨਾਈਟ੍ਰੋਜਨ ਵਾਲੀ ਖਾਦ ਦੀ ਵਧੇਰੇ ਵਰਤੋਂ ਨਾਲ ਕੀੜੇ (ਚਿੱਟੀ ਪਿੱਠ ਵਾਲੇ ਟਿੱਡੇ ਦਾ ਪੀ ਆਰ ੧੧੪ ਤੇ) ਦਾ ਹਮਲਾ ਵਧੇਰੇ ਹੁੰਦਾ ਹੈ।
੫. ਭੂਰੇ ਧੱਬਿਆਂ, ਤਣੇ ਦੁਆਲੇ ਪੱਤੇ ਦੇ ਝੁਲਸ ਰੋਗ, ਤਣੇ ਦੁਆਲੇ ਪੱਤੇ ਦਾ ਗਲਣਾ, ਝੂਠੀ ਕਾਂਗਿਆਰੀ, ਬੰਟ ਅਤੇ ਚਿੱਟੀ ਪਿੱਠ ਵਾਲੇ ਟਿੱਡੇ ਦੀ ਰੋਕਥਾਮ ਲਈ ਸਿਫ਼ਾਰਸ਼ ਕੀਤੀਆਂ ਦਵਾਈਆਂ ਦਾ ਛਿੜਕਾਅ ਠੀਕ ਸਮੇ ਤੇ ਕਰੋ (ਦੇਖੋ ਪੰਨਾ ਨੰਬਰ ੧੫-੧੯)। ਝੁਲਸ ਰੋਗ ਤੋਂ ਬਚਣ ਲਈ ਝੋਨੇ ਦੀਆਂ ਪੀ ਆਰ ੧੨੪, ਪੀ ਆਰ ੧੨੩, ਪੀ ਆਰ ੧੨੨, ਪੀ ਆਰ ੧੨੧, ਪੀ ਆਰ ੧੧੫, ਪੀ ਆਰ ੧੧੩ ਅਤੇ ਪੀ ਆਰ ੧੧੧ ਕਿਸਮਾਂ ਲਾਓ, ਜੋ ਝੁਲਸ ਰੋਗ ਦੇ ਜੀਵਾਣੂ ਦੀਆਂ ਪਾਈਆਂ ਜਾਣ ਵਾਲੀਆਂ ਜਿਆਦਾਤਰ ਕਿਸਮਾਂ ਦਾ ਟਾਕਰਾ ਕਰ ਸਕਦੀਆਂ ਹਨ ਜਾਂ ਪੀ ਆਰ ੧੧੮ ਅਤੇ ਪੀ ਆਰ ੧੧੪ ਕਿਸਮਾਂ ਲਾਓ ਜਿਹੜੀਆਂ ਝੁਲਸ ਰੋਗ ਦੇ ਪਾਏ ਜਾਣ ਵਾਲੇ ਕੁਝ ਜੀਵਾਣੂੰਆਂ ਦਾ ਟਾਕਰਾ ਕਰ ਸਕਦੀਆਂ ਹਨ।
੬. ਝੂਠੀ ਕਾਂਗਿਆਰੀ ਦੀ ਰੋਕਥਾਮ ਲਈ ਸਿਫ਼ਾਰਸ਼ ਕੀਤੇ ਉੱਲੀਨਾਸ਼ਕਾਂ ਦਾ ਛਿੜਕਾਅ ਫ਼ਸਲ ਦੇ ਗੋਭ ਵਿੱਚ ਹੋਣ ਤੇ ਕਰੋ।
੭. ਪੌਦਿਆਂ ਦੇ ਟਿੱਡੇ ਤਣੇ ਦੇ ਮੁੱਢਾਂ ਕੋਲ ਹੀ ਰਸ ਚੂਸਦੇ ਹਨ ਅਤੇ ਅਕਸਰ ਦਿਖਾਈ ਨਹੀਂ ਦਿੰਦੇ। ਨੁਕਸਾਨ ਦਾ ਉੇਦੋਂ ਹੀ ਪਤਾ ਲੱਗਦਾ ਹੈ ਜਦੋਂ ਬੂਟਾ ਸੜ ਜਾਂਦਾ ਹੈ। ਇਸ ਕਰਕੇ ਇਨ੍ਹਾਂ ਟਿੱਡਿਆਂ ਦੇ ਨੁਕਸਾਨ ਤੋਂ ਬਚਣ ਲਈ ਫ਼ਸਲ ਉੱਤੇ ਇਨ੍ਹਾਂ ਦੀ ਹੋਂਦ ਨੂੰ ਸਮੇਂ ਸਿਰ ਵੇਖਦੇ ਰਹਿਣਾ ਜ਼ਰੂਰੀ ਹੈ।
੮. ਸਿੰਥੈਟਿਕ ਪਰਿਥਰਾਇਡ ਜ਼ਹਿਰਾਂ ਦੀ ਵਰਤੋਂ ਨਾਲ ਚਿੱਟੀ ਪਿੱਠ ਵਾਲੇ ਅਤੇ ਭੂਰੇ ਟਿੱਡਿਆਂ ਦੀ ਗਿਣਤੀ ਵੱਧ ਜਾਂਦੀ ਹੈ । ਇਸ ਲਈ ਝੋਨੇ ਦੀ ਫ਼ਸਲ ਉੱਪਰ ਇਨ੍ਹਾਂ ਜ਼ਹਿਰਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ।
੯. ਪਾਣੀ ਦੀ ਬੱਚਤ ਲਈ ਅਗੇਤੀ ਪੱਕਣ ਵਾਲੀ ਪੀ ਆਰ ੧੧੫ ਕਿਸਮ ਦੀ ਕਾਸ਼ਤ ਕਰੋ।
੧੦. ਫ਼ਸਲ ਪੱਕਣ ਤੋਂ ੧੫ ਦਿਨ ਪਹਿਲਾਂ ਸਿੰਚਾਈ ਬੰਦ ਕਰ ਦਿਉ।
੧੧. ਫ਼ਸਲ ਦੀ ਕਟਾਈ ਪੂਰੀ ਪੱਕਣ ਤੇ ਹੀ ਕਰੋ। ਕਿਸਮ ਅਨੁਸਾਰ ਫ਼ਸਲ ਨੂੰ ਹੱਥਾਂ ਨਾਲ ਝਾੜਨ ਨਾਲ ਕੁਆਲਿਟੀ ਵਧੀਆ ਹੁੰਦੀ ਹੈ।
ਸਰੋਤ : ਖੇਤੀ ਭਵਨ ਮੋਹਾਲੀ (ਪੰਜਾਬ)
ਆਖਰੀ ਵਾਰ ਸੰਸ਼ੋਧਿਤ : 8/12/2020