ਤਿਲਹਲੀ ਫਸਲਾਂ ਵਿਚ ਵੱਧ ਤੋਂ ਵੱਧ ਓਮੇਗਾ-੩ (ਅਲਫ਼ਾ-ਲਿਨੋਲੇਨਿਕ ਅਮਲ) ਹੋਣ ਦੇ ਕਾਰਨ, ਅਲਸੀ ਦਾ ਮਹੱਤਵ ਦਿਨ ਪ੍ਰਤੀ ਦਿਨ ਵੱਧਦਾ ਜਾ ਰਿਹਾ ਹੈ। ਸਾਬਤ ਅਲਸੀ ‘ਚ ਚਰਬੀ (੩੫-੪੦ ਫੀਸਦੀ) ਦੇ ਨਾਲ-ਨਾਲ ਪ੍ਰੋਟੀਨ (੨੦-੨੬ ਫੀਸਦੀ) ਅਤੇ ਖਾਧ ਰੇਸ਼ੇ ਵੀ ਕਾਫੀ ਮਾਤਰਾ ਵਿੱਚ ਪਾਏ ਜਾਂਦੇ ਹਨ। ਅਲਸੀ ਵਿੱਚ ਓਮੇਗਾ - ੩ ਖਾਸ ਕਰਕੇ ਅਲਫ਼ਾ ਲਿਨੋਲੇਨਿਕ ਅਮਲ ਦੀ ਭਰਪੂਰ ਮਾਤਰਾ (੪੫ ਤੋਂ ੫੨ ਫੀਸਦੀ ਤੱਕ, ਚਰਬੀ ਦੇ ਆਧਾਰ ‘ਤੇ) ਹੋਣ ਦੇ ਕਾਰਨ ਪੋਲਟਰੀ ਉਤਪਾਦਕਾਂ ਦਾ ਧਿਆਨ ਇਸ ਵੱਲ ਆਕਰਸ਼ਿਤ ਹੋ ਰਿਹਾ ਹੈ। ਅਧਿਐਨਾਂ ਤੋਂ ਪਤਾ ਚੱਲਿਆ ਹੈ ਕਿ ਜੇਕਰ ਕੋਈ ਵਿਅਕਤੀ ਓਮੇਗਾ - ੩ ਨਾਲ ਭਰਪੂਰ ੩-੧੪ ਆਂਡੇ ਵੀ ਹਰ ਰੋਜ਼ ਖਾਂਦਾ ਹੈ ਤਾਂ ਵੀ ਉਸ ਦੇ ਖੂਨ ‘ਚ ਚਰਬੀ ਦੀ ਮਾਤਰਾ ‘ਤੇ ਹਾਨੀਕਾਰਕ ਪ੍ਰਭਾਵ ਨਹੀਂ ਪੈਂਦਾ ਹੈ। ਅਧਿਐਨ ਤੋਂ ਇਹ ਵੀ ਪਤਾ ਚੱਲਿਆ ਹੈ ਕਿ ਜੇਕਰ ਮੁਰਗੀਆਂ ਨੂੰ ਓਮੇਗਾ - ੩ ਯੁਕਤ ਰਾਸ਼ਨ ਖਿਲਾਇਆ ਜਾਵੇ ਤਾਂ ਉਨ੍ਹਾਂ ਨੂੰ ਓਮੇਗਾ-੩ ਯੁਕਤ ਆਂਡੇ ਪ੍ਰਾਪਤ ਹੋ ਸਕਦੇ ਹਨ ਕਿਉਂਕਿ ਮੁਰਗੀਆਂ ਦੇ ਰਾਸ਼ਨ ਦਾ ਆਂਡੇ ਵਿੱਚ ਮੌਜੂਦ ਚਰਬੀ ਉੱਪਰ ਬਹੁਤ ਪ੍ਰਭਾਵ ਪੈਂਦਾ ਹੈ। ਆਂਡਿਆਂ ਦੇ ਨਾਲ-ਨਾਲ ਬ੍ਰਾਇਲਰ ਉਤਪਾਦ ‘ਚ ਵੀ ਓਮੇਗਾ-3 ਵਧਾਉਣ ਲਈ ਓਮੇਗਾ-੩ ਨਾਲ ਭਰਪੂਰ ਖਾਧ ਪਦਾਰਥਾਂ ਦਾ ਉਪਯੋਗ ਕੀਤਾ ਜਾ ਸਕਦਾ ਹੈ ਜਿਵੇਂ ਕਿ ਮੱਛੀ ਦਾ ਤੇਲ ਪਰ ਹਰ ਜਗ੍ਹਾ ਪੋਲਟਰੀ ਉਤਪਾਦਕਾਂ ਨੂੰ ਮੱਛੀ ਦਾ ਤੇਲ ਆਸਾਨੀ ਨਾਲ ਪ੍ਰਾਪਤ ਨਹੀਂ ਹੋ ਸਕਦਾ ਹੈ। ਨਾਲ ਹੀ ਮੱਛੀ ਦਾ ਤੇਲ ਮਹਿੰਗਾ ਵੀ ਹੋ ਸਕਦਾ ਹੈ। ਕਈ ਦੇਸ਼ਾਂ ਜਿਵੇਂ ਕਿ ਕੈਨੇਡਾ ਆਦਿ ਦੇਸ਼ਾਂ ਵਿੱਚ ਹੋਏ ਖੋਜ-ਕਾਰਜਾਂ ਤੋਂ ਪਤਾ ਚੱਲਿਆ ਹੈ ਕਿ ਪੋਲਟਰੀ ਉਤਪਾਦਾਂ ਵਿੱਚ ਓਮੇਗਾ - ੩ ਖਾਸ ਕਰਕੇ ਅਲਫ਼ਾ ਲਿਨੋਲੇਨਿਕ ਅਮਲ ਦੀ ਮਾਤਰਾ ਨੂੰ ਅਲਸੀ ਯੁਕਤ ਰਾਸ਼ਨ ਤੋਂ ਸਫਲਤਾਪੂਰਵਕ ਵਧਾਇਆ ਜਾ ਸਕਦਾ ਹੈ।
ਭਾਰਤ ਵਿੱਚ ਅਲਸੀ ਦਾ ਉਪਯੋਗ ਮੁੱਖ ਤੌਰ ਤੇ ਇਸ ਦਾ ਤੇਲ ਕੱਢਣ ਲਈ ਕੀਤਾ ਜਾਂਦਾ ਹੈ ਜਿਸ ਨੂੰ ਪੇਂਟ ਬਣਾਉਣ ਦੇ ਕੰਮ ਵਿੱਚ ਲਿਆਇਆ ਜਾਂਦਾ ਹੈ ਅਤੇ ਜੋ ਇਸ ਦੀ ਖਲ ਬਚਦੀ ਹੈ, ਉਸ ਦਾ ਉਪਯੋਗ ਪਸ਼ੂ ਖੁਰਾਕ ਵਿੱਚ ਕੀਤਾ ਜਾਂਦਾ ਹੈ। ਅੰਕੜੇ ਦੱਸਦੇ ਹਨ ਕਿ ਆਂਡੇ ਦੇਣ ਵਾਲੀਆਂ ਮੁਰਗੀਆਂ ਨੂੰ ੨੬ ਦਿਨ ਤਕ ਲਗਾਤਾਰ ੧੦ ਫੀਸਦੀ ਅਲਸੀ ਯੁਕਤ ਰਾਸ਼ਨ ਦੇਣ ਨਾਲ, ਉਨ੍ਹਾਂ ਤੋਂ ਪ੍ਰਾਪਤ ਆਂਡਿਆਂ ਵਿਚ ਓਮੇਗਾ-3 ਦੀ ਮਾਤਰਾ ੩੦੦ ਮਿ . ਗ੍ਰਾ . ਪ੍ਰਤੀ ੧੦੦ ਗ੍ਰਾਮ ਪਾਈਆਂ ਗਈਆਂ। ਅਧਿਐਨ ਵਿੱਚ ਇਹ ਵੀ ਦੇਖਿਆ ਗਿਆ ਹੈ ਕਿ ਸਾਬਤ ਅਲਸੀ ਦੀ ਤੁਲਨਾ ਵਿੱਚ ਪਿਸੀ ਹੋਈ ਅਲਸੀ ਨੂੰ ਮੁਰਗੀਆਂ ਦੇ ਰਾਸ਼ਨ ਵਿੱਚ ੫ ਤੋਂ ੧੫ ਫੀਸਦੀ ਤੱਕ ਦੇਣ ਤੋਂ ਪ੍ਰਾਪਤ ਆਂਡਿਆਂ ਵਿਚ ਓਮੇਗਾ - ੩ ਦੀ ਮਾਤਰਾ ਨੂੰ ਮਹੱਤਵਪੂਰਣ ਢੰਗ ਨਾਲ ਵਧਾਇਆ ਜਾ ਸਕਦਾ ਹੈ।
ਅਲਸੀ ਵਿੱਚ ਓਮੇਗਾ-੩ ਖਾਸ ਕਰਕੇ ਅਲਫ਼ਾ ਲਿਨੋਲੇਨਿਕ ਅਮਲ ਦੀ ਜ਼ਿਆਦਾ ਮਾਤਰਾ ਹੋਣ ਦੇ ਕਾਰਨ ਭਾਰਤੀ ਪੋਲਟਰੀ ਉਤਪਾਦਕ ਵੀ ਇਸ ਤੇਲ ਦਾ ਉਪਯੋਗ ਓਮੇਗਾ-੩ ਪ੍ਰਬਲੀਕ੍ਰਿਤ ਆਂਡਿਆਂ ਦਾ ਉਤਪਾਦਨ ਕਰਕੇ ਸਿਹਤ ਪ੍ਰਤੀ ਜਾਗਰੂਕ ਉਪਭੋਗਤਾਵਾਂ ਦੀ ਮੰਗ ਨੂੰ ਪੂਰਾ ਕਰ ਸਕਦੇ ਹਨ। ਅਧਿਐਨ ‘ਚ ਦੇਖਿਆ ਗਿਆ ਹੈ ਕਿ ੧੦ ਤੋਂ ੧੫ ਫੀਸਦੀ ਤੋਂ ਵੱਧ ਅਲਸੀ ਦੀ ਮਾਤਰਾ ਜੇਕਰ ਬ੍ਰਾਇਲਰ ਉਤਪਾਦਨ ਵਿਚ, ਚੂਜਿਆਂ ਨੂੰ ਉਨ੍ਹਾਂ ਦੇ ਰਾਸ਼ਨ ਵਿੱਚ ਦਿੱਤੀ ਗਈ ਤਾਂ ਉਨ੍ਹਾਂ ਦੇ ਭਾਰ ਵਿੱਚ ਕਮੀ ਆਈ ਸੀ। ਇਸੇ ਤਰ੍ਹਾਂ ਜੇ ਚਰਬੀ ਵਾਲੇ ਅਲਸੀ ਦੀ ਇੰਨੀ ਹੀ ਮਾਤਰਾ ਆਂਡੇ ਦੇਣ ਵਾਲੀ ਮੁਰਗੀਆਂ ਦੇ ਰਾਸ਼ਨ ਵਿੱਚ ਦਿੱਤੀ ਜਾਵੇ ਤਾਂ ਆਂਡਿਆਂ ਦਾ ਉਤਪਾਦਨ ਵੀ ਪ੍ਰਭਾਵਿਤ ਹੋ ਸਕਦਾ ਹੈ। ਇਨ੍ਹਾਂ ਤੱਥਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਭਾਰਤੀ ਪੋਲਟਰੀ ਉਤਪਾਦਕਾਂ ਨੂੰ ਜਾਣਕਾਰੀ ਉਪਲਬਧ ਕਰਾਉਣ ਲਈ ਸੀਫੇਟ, ਲੁਧਿਆਣਾ ਵਿਖੇ ਪੋਲਟਰੀ ਉਤਪਾਦਾਂ ਵਿੱਚ ਓਮੇਗਾ - ੩ ਵਧਾਉਣ ਲਈ ਅਲਸੀ ਦੇ ਉਪਯੋਗ ‘ਤੇ ਅਧਿਐਨ ਕੀਤੇ ਗਏ।
ਸੀਫੇਟ ਲੁਧਿਆਣਾ ਵਿਖੇ ਭਾਰਤ ਸਰਕਾਰ ਦੇ ਵਿਗਿਆਨ ਅਤੇ ਤਕਨਾਲੋਜੀ ਵਿਭਾਗ (ਭਾਰਤ ਸਰਕਾਰ) ਦੁਆਰਾ ਪ੍ਰਦਾਨ ਕੀਤੇ ਮਾਲੀ ਸਹਾਇਤਾ ਪ੍ਰੋਜੈਕਟ ਦੇ ਅੰਤਰਗਤ ਬ੍ਰਾਇਲਰ ਉਤਪਾਦਨ ਵਿਚ ਅਲਸੀ ਦੇ ਉਪਯੋਗ ‘ਤੇ ਅਧਿਐਨ ਕੀਤੇ ਗਏ। ਇਹ ਅਧਿਐਨ ਗੁਰੂ ਅੰਗਦ ਲੁਧਿਆਣਾ ਦੇ ਪੋਲਟਰੀ ਫਾਰਮ ‘ਤੇ ਕੀਤਾ ਗਿਆ। ਇਸ ਅਧਿਐਨ ਦੇ ਲਈ ਇੱਕ ਦਿਨ ਦੀ ਉਮਰ ਦੇ ੨੦੦ ਬ੍ਰਾਇਲਰ ਚੂਜਿਆਂ ਨੂੰ 5 ਵਿਭਿੰਨ ਸਮੂਹਾਂ ਵਿੱਚ ਵੰਡ ਕੇ, ਉਨ੍ਹਾਂ ਨੂੰ ਵਿਗਿਆਨਕ ਆਧਾਰ ‘ਤੇ ਯਕੀਨੀ ਉਚਿਤ ਵਾਤਾਵਰਣ ਪ੍ਰਦਾਨ ਕੀਤਾ ਗਿਆ। ਇਨ੍ਹਾਂ ਚੂਜਿਆਂ ਨੂੰ ਭਾਰਤੀ ਮਾਪਦੰਡ ਬਿਊਰੋ ਦੇ ਮਾਪਦੰਡਾਂ ਦੇ ਆਧਾਰ ‘ਤੇ ਮੱਕੀ ਅਤੇ ਹੋਰ ਜ਼ਰੂਰੀ ਤੱਤਾਂ ਨਾਲ ਯੁਕਤ ਰਾਸ਼ਨ ਦਿੱਤਾ ਗਿਆ। ਇਸ ਰਾਸ਼ਨ ਵਿੱਚ ੦, ੨.੫, ੫.੦, ੭.੫ ਅਤੇ ੧੦ ਪ੍ਰਤੀਸ਼ਤ ਦੀ ਦਰ ਨਾਲ ਸਾਬਤ ਅਲਸੀ ਨੂੰ ਦਰਦਰਾ ਪੀਸ ਕੇ ਮਿਲਾਇਆ ਗਿਆ। ਇਸ ਤਰ੍ਹਾਂ ਨਾਲ ਪੰਜ ਵਿਭਿੰਨ ਰਾਸ਼ਨ ਬਣਾਏ ਗਏ। ਜਿਨ੍ਹਾਂ ਨੂੰ ਬਣਾਉਂਦੇ ਸਮੇਂ ਸਾਰੇ ਪੋਸ਼ਕ ਤੱਤਾਂ ਦੀ ਮਾਤਰਾ ਦੇ ਨਾਲ-ਨਾਲ ਪ੍ਰੋਟੀਨ ਅਤੇ ਊਰਜਾ ਦੀ ਮਾਤਰਾ ‘ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ। ਚੂਜਿਆਂ ਦੇ ਉਚਿਤ ਵਿਕਾਸ ਦੇ ਲਈ ਉਨ੍ਹਾਂ ਦੇ ਰਾਸ਼ਨ ਵਿਚ ਪ੍ਰੋਟੀਨ ਅਤੇ ਊਰਜਾ ਦੀ ਮਾਤਰਾ ਉਨ੍ਹਾਂ ਦੀ ਉਮਰ ਦੇ ਆਧਾਰ ‘ਤੇ ਦਿੱਤੀ ਜਾਂਦੀ ਹੈ। ਇਸ ਲਈ ਇਸ ਛੇ ਹਫ਼ਤੇ ਦੇ ਅਧਿਐਨ ਵਿੱਚ ਸਾਰੇ ਸਮੂਹ ਦੇ ਚੂਜਿਆਂ ਨੂੰ ੦ ਤੋਂ ੧੪ ਦਿਨ ਤੱਕ ੨੨ ਫੀਸਦੀ ਪ੍ਰੋਟੀਨ ਅਤੇ ੨੯੦੦ ਕਿਲੋ ਕੈਲੋਰੀ ਊਰਜਾ, ੧੫ ਤੋਂ ੨੮ ਦਿਨ ਦੀ ਉਮਰ ਤਕ ੨੦ ਫੀਸਦੀ ਪ੍ਰੋਟੀਨ ਅਤੇ ੨੯੦੦ ਕਿਲੋ ਕੈਲੋਰੀ ਊਰਜਾ ਅਤੇ ੨੯ ਤੋਂ ੪੨ ਦਿਨ ਦੀ ਉਮਰ ਤਕ ੧੮ ਫੀਸਦੀ ਪ੍ਰੋਟੀਨ ਅਤੇ ੩੦੦੦ ਕਿਲੋ ਕੈਲੋਰੀ ਊਰਜਾ ਯੁਕਤ ਰਾਸ਼ਨ ਦਿੱਤਾ ਗਿਆ। ਸਾਰੇ ਸਮੂਹਾਂ ਦੇ ਚੂਜਿਆਂ ਨੂੰ ਅਲਸੀ ਯੁਕਤ ਰਾਸ਼ਨ ਅਤੇ ਸ਼ੁੱਧ ਤਾਜ਼ਾ ਪਾਣੀ ਹਰ ਸਮੇਂ ਉਪਲਬਧ ਕਰਾਇਆ ਗਿਆ।
ਅਧਿਐਨ ਦੇ ਦੌਰਾਨ ਸਾਰੇ ਬ੍ਰਾਇਲਰਸ ਦਾ ਹਫਤਾਵਾਰੀ ਭਾਰ, ਖੁਰਾਕ ਖਪਤ ਅਤੇ ਹੋਰ ਜ਼ਰੂਰੀ ਜਾਣਕਾਰੀ ਰਿਕਾਰਡ ਕੀਤੀ ਗਈ। ਅਧਿਐਨ ਦੇ ਅੰਤ ਵਿੱਚ ਅਰਥਾਤ ਛੇ ਹਫ਼ਤੇ ਦੇ ਬਾਅਦ ਮਾਸ ਦੀਆਂ ਵਿਸ਼ੇਸ਼ਤਾਵਾਂ ਨੂੰ ਜਾਨਣ ਦੇ ਲਈ ਸਾਰੇ ਪੰਜੇ ਸਮੂਹਾਂ ਨਾਲ, ੪ ਬ੍ਰਾਇਲਰਸ ਪ੍ਰਤੀ ਸਮੂਹ ਨਾਲ ਪ੍ਰਾਪਤ ਮਾਸ ਦਾ ਅਧਿਐਨ ਕੀਤਾ ਗਿਆ। ਇਨ੍ਹਾਂ ਦੀ ਛਾਤੀ ਤੇ ਜੰਘ ਤੋਂ ਪ੍ਰਾਪਤ ਮਾਸ ਦੇ ਨਮੂਨਿਆਂ ਵਿੱਚ ਪ੍ਰੋਟੀਨ, ਚਰਬੀ, ਖਣਿਜ ਲੂਣ ਅਤੇ ਅਲਫ਼ਾ ਲਿਨੋਲੇਨਿਕ ਅਮਲ ਦੀ ਫੀਸਦੀ ਅਤੇ ਸੰਵੇਦੀ ਮੁਲਾਂਕਣ ਕੀਤਾ ਗਿਆ।
ਅਧਿਐਨ ਦੇ ਦੌਰਾਨ ਪਹਿਲੇ ਹਫਤੇ ਵਿੱਚ ਬ੍ਰਾਇਲਰਸ ਦੇ ਭਾਰ ਤੇ ਅਲਸੀ ਦਾ ਕੋਈ ਅਸਰ ਨਹੀਂ ਦੇਖਿਆ ਗਿਆ ਪਰ ਚੌਥੇ ਹਫਤੇ ਤੋਂ ਛੇਵੇਂ ਹਫ਼ਤੇ ਦੇ ਦੌਰਾਨ ਅਲਸੀ ਰਹਿਤ ਰਾਸ਼ਨ ਦੀ ਤੁਲਨਾ ਵਿੱਚ ੫ ਤੋਂ ੧੦ ਫੀਸਦੀ ਅਲਸੀ ਯੁਕਤ ਰਾਸ਼ਨ ਖਾਣ ਵਾਲੇ ਸਮੂਹ ਵਿੱਚ ਬ੍ਰਾਇਲਰ ਦਾ ਭਾਰ ਘੱਟ ਪਾਇਆ ਗਿਆ। ਪਰ ਅਲਸੀ ਖੁਰਾਕ ਵਾਲੇ ਸਮੂਹਾਂ ਵਿੱਚ ਵੀ ਬ੍ਰਾਇਲਰ ਨੇ ਅਲਸੀ ਯੁਕਤ ਖੁਰਾਕ ਓਨਾ ਹੀ ਖਾਧਾ ਜਿੰਨਾ ਕਿ ਬਿਨਾਂ ਅਲਸੀ ਯੁਕਤ ਬ੍ਰਾਇਲਰ ਦੇ ਸਮੂਹ ਨੇ ਰਾਸ਼ਨ ਖਾਧਾ। ਅਧਿਐਨ ਦੇ ਅੰਤ ਵਿੱਚ ਪਾਇਆ ਗਿਆ ਕਿ ੨.੫ ਫੀਸਦੀ ਅਲਸੀ ਯੁਕਤ ਰਾਸ਼ਨ ਸਮੂਹ ਵਿੱਚ ਬ੍ਰਾਇਲਰ ਦਾ ਵਜ਼ਨ ੫ ਤੋਂ ੧੦ ਫੀਸਦੀ ਅਲਸੀ ਯੁਕਤ ਰਾਸ਼ਨ ਖਾਣ ਵਾਲੇ ਦੇ ਸਮੂਹ ਤੋਂ ਜ਼ਿਆਦਾ ਸੀ। ਇਸ ਸਮੂਹ ਵਿੱਚ ਬ੍ਰਾਇਲਰ (੨.੫ ਫੀਸਦੀ ਅਲਸੀ ਯੁਕਤ ਰਾਸ਼ਨ) ਵਿਚ ਖੁਰਾਕ ਦੇ ਸਰੀਰਕ ਭਾਰ ਵਿੱਚ ਬਦਲਣ ਦੀ ਦਰ (ਐਫ.ਸੀ.ਆਰ), ਪ੍ਰੋਟੀਨ ਦੇ ਸਰੀਰਕ ਭਾਰ ਵਿੱਚ ਬਦਲਣ ਦੀ ਦਰ (ਪੀ.ਸੀ.ਆਰ) ਅਤੇ ਊਰਜਾ ਦੇ ਸਰੀਰਕ ਭਾਰ ਵਿੱਚ ਬਦਲਣ ਦੀ ਦਰ (ਈ.ਈ.ਆਰ.) ਵੀ ੫-੧੦ ਫੀਸਦੀ ਅਲਸੀ ਯੁਕਤ ਰਾਸ਼ਨ ਖਾਣ ਵਾਲੀ ਬ੍ਰਾਇਲਰ ਤੋਂ ਬਿਹਤਰ ਪਾਈ ਗਈ। ਇਸ ਲਈ ਕਿਹਾ ਜਾ ਸਕਦਾ ਹੈ ਕਿ ਅਲਸੀ ਦੀ ਰਾਸ਼ਨ ਵਿੱਚ ਹਾਜ਼ਰੀ ਦੇ ਕਾਰਨ ਬ੍ਰਾਇਲਰ ਰਾਹੀਂ ਰਾਸ਼ਨ ਵਿੱਚ ਮੌਜੂਦ ਪ੍ਰੋਟੀਨ ਅਤੇ ਊਰਜਾ ਦਾ ਚਪਾਪਚਯ ਪ੍ਰਭਾਵਿਤ ਹੋਇਆ। ਨਾਲ ਹੀ ੧੦ ਫੀਸਦੀ ਅਲਸੀ ਯੁਕਤ ਰਾਸ਼ਨ ਖਾਣ ਵਾਲੇ ਬ੍ਰਾਇਲਰ ਦੇ ਸਮੂਹ ਵਿੱਚ, ਬਿਨਾਂ ਅਲਸੀ ਵਾਲੇ ਸਮੂਹ ਦੀ ਤੁਲਨਾ ਵਿੱਚ ਭਾਰ ਵਾਧੇ ਵਿੱਚ ਲਗਭਗ ੧੦ ਫੀਸਦੀ ਦੀ ਕਮੀ ਦੇਖੀ ਗਈ। ਬ੍ਰਾਇਲਰ ਤੋਂ ਪ੍ਰਾਪਤ ਹੋਣ ਵਾਲੇ ਮਾਸ ਦੀਆਂ ਵਿਸ਼ੇਸ਼ਤਾਵਾਂ ਦੇ ਅਧਿਐਨ ਤੋਂ ਇਹ ਸਾਰ ਨਿਕਲਦਾ ਹੈ ਕਿ ਛਾਤੀ ਤੋਂ ਪ੍ਰਾਪਤ ਮਾਸ (ਬਰੇਸਟ ਈਲਡ) ਅਲਸੀ ਯੁਕਤ ਖੁਰਾਕ ਖਾਣ ਵਾਲੇ ਬ੍ਰਾਇਲਰਸ ਵਿੱਚ, ਬਿਨਾਂ ਅਲਸੀ ਵਾਲਾ ਰਾਸ਼ਨ ਖਾਣ ਵਾਲੇ ਬ੍ਰਾਇਲਰ ਦੀ ਤੁਲਨਾ ਵਿਚ ਘੱਟ ਸੀ। ਬ੍ਰਾਇਲਰ ਦੇ ਛਾਤੀ ਅਤੇ ਜੰਘ ਤੋਂ ਪ੍ਰਾਪਤ ਮਾਸ ਦੇ ਨਮੂਨਿਆਂ ਵਿੱਚ ਮੁੱਖ ਪੋਸ਼ਕ ਤੱਤਾਂ ਦੇ ਅਧਿਐਨ ਤੋਂ ਪਤਾ ਚੱਲਿਆ ਹੈ ਕਿ ਜੰਘ ਤੋਂ ਪ੍ਰਾਪਤ ਮਾਸ ਵਿੱਚ, ਛਾਤੀ ਤੋਂ ਪ੍ਰਾਪਤ ਮਾਸ ਦੀ ਤੁਲਨਾ ‘ਚ ਚਰਬੀ ਦੀ ਮਾਤਰਾ ਜ਼ਿਆਦਾ ਸੀ। ਪਰ ਬ੍ਰਾਇਲਰ ਰਾਸ਼ਨ ਵਿੱਚ ਅਲਸੀ ਦੇ ਵਿਭਿੰਨ ਪੱਧਰਾਂ ਦੇ ਕਾਰਨ ਛਾਤੀ ਅਤੇ ਜੰਘ ਦੇ ਮਾਸ ਦੇ ਨਮੂਨੇ ਦੇ ਪ੍ਰੋਟੀਨ, ਚਰਬੀ ਅਤੇ ਖਣਿਜ ਲੂਣ ‘ਤੇ ਅਸਰ ਨਹੀਂ ਦੇਖਿਆ ਗਿਆ। ਅਲਸੀ ਯੁਕਤ ਰਾਸ਼ਨ ਖਾਣ ਵਾਲੇ ਬ੍ਰਾਇਲਰ ਦੇ ਸਾਰੇ ਸਮੂਹਾਂ ਦੇ ਛਾਤੀ ਤੋਂ ਪ੍ਰਾਪਤ ਮਾਸ ਦਾ ਸੂਚਕ (ਇੰਦ੍ਰੀਯ) ਮੁਲਾਂਕਣ ਵਿੱਚ ਉਨ੍ਹਾਂ ਦੇ ਰੰਗ ਅਤੇ ਸੁਗੰਧ ‘ਤੇ ਕੋਈ ਪ੍ਰਭਾਵ ਨਹੀਂ ਦੇਖਿਆ ਗਿਆ। ਇਹ ਵੀ ਦੇਖਿਆ ਗਿਆ ਕਿ ੧੦ ਫੀਸਦੀ ਅਲਸੀ ਯੁਕਤ ਰਾਸ਼ਨ ਖਾਣ ਵਾਲੇ ਬ੍ਰਾਇਲਰਸ ਦੇ ਮਾਸ ਦੀ ਕੋਮਲਤਾ ਅਤੇ ਸਰਲਤਾ, ਨਿਯੰਤਰਣ ਸਮੂਹ ਦੀ ਤੁਲਨਾ ਵਿੱਚ ਬਿਹਤਰ ਸੀ ਪਰ ਸਟੈਟਿਕਸ ਰੂਪ ਨਾਲ ਸਵਾਦ ਆਦਿ ਵਿੱਚ ਕੋਈ ਅੰਤਰ ਨਹੀਂ ਪਾਇਆ ਗਿਆ ਸੀ। ਪ੍ਰਾਪਤ ਨਤੀਜੇ ਦਰਸਾਉਂਦੇ ਹਨ ਕਿ ਜਿਵੇਂ-ਜਿਵੇਂ ਅਲਸੀ ਦਾ ਪ੍ਰਤੀਸ਼ਤ ਬ੍ਰਾਇਲਰ ਰਾਸ਼ਨ ਵਿੱਚ ਵਧਦਾ ਗਿਆ ਮਾਸ ਨੂੰ ਓਮੇਗਾ - ੩ ਅਰਥਾਤ ਅਲਫ਼ਾ ਲਿਨੋਨੇਨਿਕ ਅਮਲ ਦੀ ਮਾਤਰਾ ਵੀ ਵਧਦੀ ਹੋਈ ਪਾਈ ਗਈ, ਨਾਲ ਹੀ ਲਿਨੋਲੇਇਕ ਅਮਲ ਦੀ ਮਾਤਰਾ ਵੀ ਮਾਸ ਵਿੱਚ ਘੱਟ ਹੋਈ।
ਇਸ ਲਈ ਇਹ ਸਿੱਟਾ ਕੱਢਿਆ ਜਾ ਸਕਦਾ ਹੈ ਕਿ ਬ੍ਰਾਇਲਰ ਚੂਜਿਆਂ ਨੂੰ ਅਲਸੀ ਯੁਕਤ ਖੁਰਾਕ ਦੇਣ ਨਾਲ ਉਨ੍ਹਾਂ ਦਾ ਭਾਰ ਵਾਧਾ ਘੱਟ ਹੋਇਆ ਪਰ ਅਲਸੀ ਯੁਕਤ ਰਾਸ਼ਨ, ਬ੍ਰਾਇਲਰ ਮਾਸ ਵਿੱਚ ਓਮੇਗਾ-3 (ਅਲਫ਼ਾ ਲਿਨੋਲੇਨਿਕ ਅਮਲ) ਦੇ ਵਾਧੇ ਲਈ ਪ੍ਰਭਾਵਕਾਰੀ ਸਿੱਧ ਹੋਇਆ ਹੈ। ਇਸ ਲਈ ਇਹ ਕਿਹਾ ਜਾ ਸਕਦਾ ਹੈ ਕਿ ਉੱਚ ਓਮੇਗਾ-3 ਯੁਕਤ ਬ੍ਰਾਇਲਰਸ ਮਾਸ ਪ੍ਰਾਪਤ ਕਰਨ ਦੇ ਲਈ ਕੁੱਲ ਚਰਬੀ ਯੁਕਤ ਅਲਸੀ ਦੀ ਵਰਤੋਂ ਤੋਂ ਪਹਿਲਾਂ, ਪੋਲਟਰੀ ਉਤਪਾਦਕਾਂ ਨੂੰ ਇਹ ਨਿਸ਼ਚਿਤ ਕਰਨ ਦੀ ਲੋੜ ਹੈ ਕਿ ਉਪਭੋਗਤਾ ਇਸ ਦੇ ਲਈ ਪ੍ਰੀਮੀਅਮ ਕੀਮਤ ਦੇਣ ਦੇ ਲਈ ਤਿਆਰ ਹਨ ਜਾਂ ਨਹੀਂ। ਜੇਕਰ ਬਜ਼ਾਰ ਵਿੱਚ ਪ੍ਰੀਮੀਅਮ ਕੀਮਤ ਮਿਲ ਸਕਦੀ ਹੈ ਤਾਂ ਚਰਬੀ ਯੁਕਤ ਅਲਸੀ ਵਾਲੇ ਰਾਸ਼ਨ ਤੋਂ ਬ੍ਰਾਇਲਰਸ ਦੇ ਭਾਰ ਵਾਧਾ ਉੱਤੇ ਪੈਣ ਵਾਲੇ ਫੀਸਦੀ ਤੋਂ ਪੋਲਟਰੀ ਉਤਪਾਦਕ ਨੂੰ ਕੋਈ ਆਰਥਿਕ ਨੁਕਸਾਨ ਵੀ ਨਹੀਂ ਹੋਵੇਗਾ, ਨਾਲ ਹੀ ਉਪਭੋਗਤਾਵਾਂ ਨੂੰ ਗੁਣਵੱਤਾ ਭਰਪੂਰ ਬ੍ਰਾਇਲਰਸ ਮਾਸ ਵੀ ਪ੍ਰਾਪਤ ਹੋ ਸਕੇਗਾ।
ਸੀਫੇਟ ਲੁਧਿਆਣਾ ਵੱਲੋਂ ਕੀਤੇ ਗਏ 9 ਹਫਤੇ ਦੀ ਮਿਆਦ ਦੇ ਇਸ ਅਧਿਐਨ ਨੂੰ ਵੀ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਜ਼, ਯੂਨੀਵਰਸਿਟੀ, ਲੁਧਿਆਣਾ ਦੇ ਪੋਲਟਰੀ ਫਾਰਮ ‘ਤੇ ਕੀਤਾ ਗਿਆ ਸੀ। ਇਸ ਅਧਿਐਨ ਦੇ ਲਈ 38 ਹਫਤੇ ਦੀ ਉਮਰ ਵਾਲੀਆਂ ੧੨੦ ਮੁਰਗੀਆਂ ਨੂੰ (ਸਫੈਦ ਲੇਘਾਰਨ) ਪੰਜ ਵਿਭਿੰਨ ਸਮੂਹਾਂ ਵਿੱਚ ਵੰਡ ਕੇ ਉਨ੍ਹਾਂ ਨੂੰ ਵਿਗਿਆਨਕ ਆਧਾਰ ‘ਤੇ ਯਕੀਨੀ ਸਮੁੱਚਾ ਵਾਤਾਵਰਣ ਪ੍ਰਦਾਨ ਕੀਤਾ ਗਿਆ। ਇਸ ਦੇ ਲਈ ਭਾਰਤੀ ਮਾਪਦੰਡ ਬਿਊਰੋ (੧੯੯੨) ਦੇ ਦੁਆਰਾ ਨਿਰਧਾਰਤ ਮਾਪਦੰਡਾਂ ਦੇ ਆਧਾਰ ‘ਤੇ ਮੱਕੀ, ਸੋਇਆਬੀਨ ਅਤੇ ਚਰਬੀ ਰਹਿਤ ਚਾਵਲ ਦੀ ਫੱਕ ਆਧਾਰਿਤ ਜ਼ਰੂਰੀ ਵਿਟਾਮਿਨ, ਖਣਿਜ ਲੂਣ ਅਤੇ ਹੋਰ ਤੱਤਾਂ ਨਾਲ ਯੁਕਤ ਰਾਸ਼ਨ ਦਿੱਤਾ ਗਿਆ। ਜਿਸ ਵਿਚ ਸੋਇਆਬੀਨ ਦੀ ਜਗ੍ਹਾ ੦, ੨. ੫, ੫.੦, ੭.੫ ਅਤੇ ੧੦ ਪ੍ਰਤੀਸ਼ਤ ਦੀ ਦਰ ਨਾਲ ਦਰਦਰੀ ਪਿਸੀ ਹੋਈ ਅਲਸੀ ਮਿਲਾ ਕੇ ਪੰਜ ਵਿਭਿੰਨ ਰਾਸ਼ਨ ਬਣਾਏ ਗਏ। ਜਿਨ੍ਹਾਂ ਵਿਚ ਪ੍ਰੋਟੀਨ ਅਤੇ ਊਰਜਾ (ਮੇਟਾਬੋਲਾਇਜੈਬਲ ਊਰਜਾ) ਦੀ ਮਾਤਰਾ ਕ੍ਰਮਵਾਰ ੧੮ ਫੀਸਦੀ ਅਤੇ ੨੫੯੦ ਕਿਲੋ ਕੈਲੋਰੀ ਪ੍ਰਤੀ ਕਿਲੋਗ੍ਰਾਮ ਸੀ। ਆਂਡਾ ਦੇਣ ਵਾਲੀਆਂ ਸਾਰੀਆਂ ਮੁਰਗੀਆਂ ਨੂੰ ੨ ਟਿਅਰ ਪਿੰਜਰੇ ਪ੍ਰਣਾਲੀ ਵਿੱਚ, ਅਤੇ ਹਰੇਕ ਪਿੰਜਰੇ ਵਿੱਚ ਦੋ ਮੁਰਗੀਆਂ ਨੂੰ ਰੱਖਿਆ ਗਿਆ ਹੈ। ਮੁਰਗੀਆਂ ਦੇ ਅਲਸੀ ਯੁਕਤ ਰਾਸ਼ਨ ਦਿੱਤੇ ਜਾਣ ਵਾਲੇ ਪੰਜਾਂ ਸਮੂਹਾਂ ਨੂੰ ਰਾਸ਼ਨ ਅਤੇ ਤਾਜ਼ਾ ਪਾਣੀ ਹਰ ਸਮੇਂ ਉਪਲਬਧ ਕਰਾਇਆ ਗਿਆ। ਅਧਿਐਨ ਦੇ ਦੌਰਾਨ ਖੁਰਾਕ ਦੀ ਖਪਤ ਅਤੇ ਆਂਡਿਆਂ ਦੀ ਫੀਸਦੀ ਦਰ ਨੂੰ ਰੋਜ਼ਾਨਾ ਰਿਕਾਰਡ ਕੀਤਾ ਗਿਆ। ਅਤੇ ਇਨ੍ਹਾਂ ਦਾ ਤੁਲਨਾਤਮਕ ਅਧਿਐਨ ਕੀਤਾ ਗਿਆ। ਅਧਿਐਨ ਤੋਂ ਪ੍ਰਾਪਤ ਅੰਕੜੇ ਦਰਸਾਉਂਦੇ ਹਨ ਕਿ ੯ ਹਫਤਿਆਂ ਦੇ ਅੰਤ ਵਿੱਚ ਮੁਰਗੀਆਂ ਦੇ ਸਾਰੇ ਸਮੂਹਾਂ ਦੇ ਭਾਰ ਵਿੱਚ ਵਾਧਾ ਪਾਇਆ ਗਿਆ। ਨਾਲ ਹੀ ਮੁਰਗੀਆਂ ‘ਚ ਅਲਸੀ ਦਾ ਕੋਈ ਪ੍ਰਤੀਕੂਲ ਪ੍ਰਭਾਵ ਵੀ ਨਹੀਂ ਪਾਇਆ ਗਿਆ। ਇਸ ਦੇ ਨਾਲ ਹੀ ਹੈਰਾਨੀਜਨਕ ਗੱਲ ਇਹ ਹੋਈ ਕਿ ਅਲਸੀ ਯੁਕਤ ਖੁਰਾਕ ਦੇਣ ਨਾਲ ਰੋਜ਼ਾਨਾ ਦੇ ਆਧਾਰ ‘ਤੇ ਆਂਡਿਆਂ ਦੇ ਉਤਪਾਦਨ ਵਿਚ ਵੀ ਵਾਧਾ ਪਾਇਆ ਗਿਆ। ਅਧਿਐਨ ਦੇ ਆਖਰੀ ਤਿੰਨ ਹਫ਼ਤਿਆਂ ਵਿੱਚ, ਆਂਡਿਆਂ ਦੇ ਉਤਪਾਦਨ ਵਿਚ ਨਿਯੰਤਰਿਤ ਸਮੂਹ (ਰਾਸ਼ਨ ਵਿੱਚ ਅਲਸੀ ਦੀ ਮਾਤਰਾ ਸਿਫਰ) ਦੀ ਤੁਲਨਾ ਵਿੱਚ ੨.੫, ੫.੦, ੭.੫ ਅਤੇ ੧੦ ਫੀਸਦੀ ਅਲਸੀ ਪ੍ਰਾਪਤ ਰਾਸ਼ਨ ਖਾਣ ਵਾਲੇ ਮੁਰਗੀਆਂ ਦੇ ਸਮੂਹ ਦੁਆਰਾ ਲੜੀਵਾਰ ੧੦.੦੪ ਫੀਸਦੀ, ੧੦.੪੮ ਫੀਸਦੀ ੧੫.੭੧ ਫੀਸਦੀ ਅਤੇ ੧੫.੭੧ ਫੀਸਦੀ ਜ਼ਿਆਦਾ ਵਾਧਾ ਪਾਇਆ ਗਿਆ। ਪਰ ਆਂਡਿਆਂ ਦੇ ਔਸਤ ਭਾਰ ਤੇ ਅਲਸੀ ਯੁਕਤ ਰਾਸ਼ਨ ਦਾ ਕੋਈ ਅਸਰ ਨਹੀਂ ਦੇਖਿਆ ਗਿਆ। ਪੂਰੇ ੯ ਹਫ਼ਤੇ ਦੇ ਦੌਰਾਨ ਮੁਰਗੀਆਂ ਦੇ ਨਿਯੰਤਰਿਤ ਸਮੂਹ ਦੀ ਤੁਲਨਾ ਵਿੱਚ ਅਲਸੀ ਯੁਕਤ ਰਾਸ਼ਨ ਖਾਣ ਵਾਲੇ ਸਮੂਹਾਂ ਵਿਚ ਖੁਰਾਕ ਖਪਤ ਜ਼ਿਆਦਾ ਸੀ। ਪਰ ਕਈ ਅਲਸੀਯੁਕਤ ਰਾਸ਼ਨ (੨.੫ ਤੋਂ ੧੦ ਪ੍ਰਤੀਸ਼ਤ ਤਕ) ਸਮੂਹਾਂ ਵਿੱਚ ਸਾਂਖਿਅਕੀ ਦ੍ਰਿਸ਼ਟੀ ਤੋਂ ਖੁਰਾਕ ਦੀ ਖਪਤ ਦੀ ਦਰ ਸਮਾਨ ਸੀ। ਆਹਾਰ (ਐਫ. ਸੀ.ਆਰ.) ਅਤੇ ਪ੍ਰੋਟੀਨ (ਪੀ. ਸੀ.ਆਰ.) ਰੂਪਾਂਤਰਨ ਦੀ ਦਰ ਵੀ ਨਿਯੰਤ੍ਰਿਤ ਅਤੇ ਅਲਸੀਯੁਕਤ ਰਾਸ਼ਨ ਖਾਣ ਵਾਲੀਆਂ ਮੁਰਗੀਆਂ ਦੇ ਸਮੂਹਾਂ ਵਿਚ ਇਕਸਾਰ ਪਾਈਆਂ ਗਈਆਂ। ਆਂਡਿਆਂ ਦੀ ਗੁਣਵੱਤਾ ਸੰਬੰਧੀ ਵਿਸ਼ੇਸ਼ਤਾਵਾਂ ਜਿਵੇਂ- ਵਿਸ਼ੇਸ਼ ਗੁਰੂਤੱਵ, ਆਂਡੇ ਦੀ ਸ਼ੈਲ (ਬਾਹਰੀ ਪਰਤ), ਹੌਗ ਯੂਨਿਟ, ਆਂਡੇ ਦੀ ਜਰਦੀ (ਯੋਕ) ਦਾ ਰੰਗ ਅਤੇ ਸੂਚਕਾਂਕ (ਇੰਡੈਕਸ) ‘ਤੇ ਵੀ ਅਲਸੀਯੁਕਤ ਰਾਸ਼ਨ ਦਾ ਨਿਯੰਤ੍ਰਿਤ ਰਾਸ਼ਨ ਦੀ ਤੁਲਨਾ ਵਿੱਚ ਕੋਈ ਪ੍ਰਤੀਕੂਲ ਪ੍ਰਭਾਵ ਨਹੀਂ ਪਿਆ। ਨਾਲ ਹੀ ਵਿਭਿੰਨ ਸਮੂਹਾਂ ਤੋਂ ਪ੍ਰਾਪਤ ਆਂਡਿਆਂ ਵਿਚ ਕੁੱਲ ਚਰਬੀ ਦੀ ਮਾਤਰਾ ਵੀ ਸਮਾਨ ਸੀ। ਪਰ ਜਿਵੇਂ-ਜਿਵੇਂ ਅਲਸੀ ਦੀ ਮਾਤਰਾ ਰਾਸ਼ਨ ਵਿੱਚ ਵਧਦੀ ਗਈ, ਆਂਡਿਆਂ ਦੀ ਜਰਦੀ ਵਿੱਚ ਓਮੇਗਾ - ੩ (ਅਲਫ਼ਾ-ਲਿਨੋਲੇਨਿਕ) ਦੀ ਮਾਤਰਾ ਵੀ ਵਧਦੀ ਹੋਈ ਪਾਈ ਗਈ। ਨਾਲ ਹੀ ਸੰਵੇਦੀ ਮੁਲਾਂਕਣ ਦੇ ਦੌਰਾਨ ਸਾਰੇ ਸਮੂਹਾਂ ਤੋਂ ਪ੍ਰਾਪਤ ਆਂਡਿਆਂ ਦੀ ਸਵੀਕਾਰਤਾ ਵੀ ਚੰਗੀ ਪਾਈ ਗਈ।
ਵਰਤਮਾਨ ਅਧਿਐਨ ਦੇ ਆਧਾਰ ‘ਤੇ ਕਿਹਾ ਜਾ ਸਕਦਾ ਹੈ ਕਿ ਆਂਡਾ ਦੇਣ ਵਾਲੀਆਂ ਮੁਰਗੀਆਂ ਨੂੰ ਅਲਸੀਯੁਕਤ ਰਾਸ਼ਨ ਖਵਾਉਣ ਤੋਂ ਪ੍ਰਾਪਤ ਆਂਡਿਆਂ ਵਿਚ ਮਹੱਤਵਪੂਰਨ ਢੰਗ ਨਾਲ ਓਮੇਗਾ-3 ਦਾ ਵਾਧਾ ਹੋਇਆ ਹੈ, ਨਾਲ ਹੀ ਆਂਡਿਆਂ ਦੀ ਬਾਹਰੀ ਗੁਣਵੱਤਾ ਸੰਵੇਦੀ ਸਵੀਕਾਰਤਾ ਅਤੇ ਆਂਡਾ ਉਤਪਾਦਨ ਦੀ ਦਰ ਵੀ ਪ੍ਰਭਾਵਿਤ ਨਹੀਂ ਹੋਈ। ਇਸ ਲਈ ਉਪਭੋਗਤਾਵਾਂ ਦੇ ਸਿਹਤ ਲਾਭ ਦੇ ਲਈ ਓਮੇਗਾ - ੩ ਨਾਲ ਭਰਪੂਰ ਆਂਡੇ ਦੇ ਉਤਪਾਦਨ ਦੇ ਲਈ ਪੋਲਟਰੀ ਉਤਪਾਦਕ ਦੁਆਰਾ ਮੁਰਗੀਆਂ ਦੇ ਰਾਸ਼ਨ ਵਿੱਚ ੧੦ ਪ੍ਰਤੀਸ਼ਤ ਪਿਸੀ ਹੋਈ ਚਰਬੀ ਯੁਕਤ ਅਲਸੀ ਨੂੰ ਮਿਲਾਇਆ ਜਾ ਸਕਦਾ ਹੈ ਅਤੇ ਆਰਥਿਕ ਲਾਭ ਕਮਾਇਆ ਜਾ ਸਕਦਾ ਹੈ।
ਸ੍ਰੋਤ : ਸੀਫੇਟ ਨਿਊਜ਼ਲੈਟਰ, ਲੁਧਿਆਣਾ (ਮ੍ਰਿਦੁਲਾ ਡੀ., ਦਲਜੀਤ ਕੌਰ, ਪੀ. ਬਰਨਵਾਲ ਅਤੇ ਕੇ. ਕੇ. ਸਿੰਘ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਜ਼, ਯੂਨੀਵਰਸਿਟੀ, ਲੁਧਿਆਣਾ, ਖੇਤੀਬਾੜੀ ਇੰਜੀਨੀਅਰਿੰਗ ਵਿਭਾਗ, ਭਾਰਤੀ ਖੇਤੀ ਖੋਜ ਪ੍ਰੀਸ਼ਦ, ਨਵੀਂ ਦਿੱਲੀ)
ਆਖਰੀ ਵਾਰ ਸੰਸ਼ੋਧਿਤ : 6/15/2020