ਮੈਗਨੀਜ਼ ਦੀ ਘਾਟ ਨਾਲ ਨਾੜਾਂ ਦਾ ਵਿਚਲਾ ਹਿੱਸਾ ਪੀਲਾ ਹੋ ਜਾਂਦਾ ਹੈ ਅਤੇ ਨਾੜਾਂ ਹਰੀਆਂ ਰਹਿੰਦੀਆਂ ਹਨ। ਨਵੇਂ ਪੱਤਿਆਂ ਵਿੱਚ ਹਲਕੇ ਰੰਗ ਦੇ ਪੱਤੇ ਉਪਰ ਗੂੜੇ ਰੰਗ ਦੀਆਂ ਨਾੜਾਂ ਦਾ ਜਾਲ ਨਜ਼ਰ ਆਉਂਦਾ ਰਹਿੰਦਾ ਹੈ। ਇਸ ਤੱਤ ਦੀ ਘਾਟ ਨਾਲ ਪੱਤਿਆਂ ਦੇ ਆਕਾਰ ਤੇ ਕੋਈ ਅਸਰ ਨਹੀਂ ਪੈਂਦਾ। ਪੂਰੀ ਤਰ੍ਹਾਂ ਵਿਕਸਿਤ ਹੋਏ ਪੱਤਿਆਂ ਵਿੱਚ ਨਾੜੀਆਂ ਦੇ ਨਾਲ - ਨਾਲ ਹਰੀ ਪੱਟੀ ਨਜ਼ਰ ਆਉਂਦੀ ਹੈ। ਮੈਗਨੀਜ਼ ਦੀ ਬਹੁਤ ਜ਼ਿਆਦਾ ਘਾਟ ਨਾਲ ਪੱਤੇ ਦਾ ਰੰਗ ਗੂੜ੍ਹਾ ਹਰਾ ਤੋਂ ਫਿੱਕਾ ਹਰਾ ਹੋ ਜਾਂਦਾ ਹੈ। ਪੱਤੇ ਪਤਲੇ ਹੋ ਜਾਂਦੇ ਹਨ ਅਤੇ ਸਮੇਂ ਤੋਂ ਪਹਿਲਾਂ ਝੜ ਜਾਂਦੇ ਹਨ। ਇਸ ਤੱਤ ਦੀ ਘਾਟ ਵਾਲੇ ਰੁੱਖਾਂ ਦਾ ਵਾਧਾ ਘਟ ਜਾਂਦਾ ਹੈ। ਮੈਗਨੀਜ਼ ਦੀ ਘਾਟ ਖਾਰੇ ਮਾਦੇ ਵਾਲੀਆਂ ਜ਼ਮੀਨਾਂ ਵਿੱਚ ਜ਼ਿਆਦਾ ਆਉਂਦੀ ਹੈ। ਇਹਨਾਂ ਜ਼ਮੀਨਾਂ ਵਿੱਚ ਮੈਗਨੀਜ਼ ਹੋਣ ਦੇ ਬਾਵਜੂਦ ਵੀ ਬੂਟੇ ਨੂੰ ਨਹੀਂ ਮਿਲਦਾ। ਖਾਰੇ ਮਾਦੇ ਵਾਲੀਆਂ ਜ਼ਮੀਨਾਂ ਵਿੱਚ ਮੈਗਨੀਜ਼ ਸਿੱਧਾ ਪਾਉਣ ਦਾ ਕੋਈ ਅਸਰ ਨਹੀਂ ਹੁੰਦਾ ਜਦਕਿ ਪੱਤਿਆਂ ਤੇ ਛਿੜਕਾਅ ਕਰਨ ਨਾਲ ਨਵੇਂ ਪੱਤਿਆਂ ਵਿਚੋਂ ਘਾਟ ਛੇਤੀ ਖਤਮ ਹੋ ਜਾਂਦੀ ਹੈ ਅਤੇ ਪੂਰਾਨੇ ਪੱਤਿਆਂ ਵਿੱਚ ਕੁੱਝ ਜ਼ਿਆਦਾ ਸਮਾਂ ਲਗਦਾ ਹੈ। ਮੈਗਨੀਜ਼ ਦੀ ਘਾਟ ਦੂਰ ਕਰਨ ਲਈ ਅਪ੍ਰੈਲ ਅਤੇ ਅਗਸਤ ਦੌਰਾਨ ੦.੨੮ ਪ੍ਰਤੀਸ਼ਤ ਮੈਗਨੀਜ਼ ਸਲਫ਼ੇਟ ੨੮੦ ਗ੍ਰਾਮ ਮੈਗਨੀਜ਼ ਸਲਫ਼ੇਟ ਨੂੰ ੧੦੦ ਲਿਟਰ ਪਾਣੀ ਵਿੱਚ ਦਾ ਛਿੜਕਾਅ ਕਰੋ।
ਕਿੰਨੋ ਦੇ ਬਾਗਾਂ ਲਈ ਪਤਿਆਂ ਵਿੱਚ ਖੁਰਾਕੀ ਤੱਤਾਂ ਦੇ ਨੀਯਤ ਕੀਤੇ ਗਏ ਮਿਆਰ :-
ਤੱਤ | ਘਾਟ ਦੀ ਮਾਤਰਾ | ਆਦਰਸ਼ ਮਾਤਰਾ | ਜ਼ਿਆਦਾ ਮਾਤਰਾ |
---|---|---|---|
ਨਾਈਟ੍ਰੋਜਨ (%) | <੨.੩ | ੨.੩ - ੨.੮ | >੨.੮ |
ਫ਼ਾਸਫ਼ੋਰਸ (%) | <੦.੦੯ | ੦.੦੯ - ੦.੧੫ | >੦.੧੫ |
ਪੋਟਾਸ਼ੀਅਮ (%) |
<੦.੭੨ | ੦.੭੨ - ੧.੫੭ | >੧.੫੭ |
ਸਲਫਰ (%) |
<੦.੧੭ | ੦.੧੭ - ੦.੩੪ | >੦.੩੪ |
ਮੈਗਨੀਜ਼ (ਪੀ ਪੀ ਐਮ) |
<੨੧ | ੨੧ - ੩੮ | >੩੮ |
ਜਿਸਤ (ਪੀ ਪੀ ਐਮ) |
<੧੭ | ੨੫ - ੧੦੦ | >੩੦੦ |
ਤਾਂਬਾ (ਪੀ ਪੀ ਐਮ) |
<੪ | ੪ - ੯.੮ | >੯.੮ |
ਲ਼ੋਹਾ (ਪੀ ਪੀ ਐਮ) |
<੬੧.੨ | ੬੧.੨ - ੧੦੨.੭ | >੧੦੨.੭ |
ਬੋਰੋਨ (ਪੀ ਪੀ ਐਮ) |
<੨੧ | ੨੧ - ੧੦੯ | >੧੦੯ |
ਰੂੜੀ ਅਤੇ ਰਸਾਣਿਕ ਖਾਦਾਂ ਨਿੰਬੂ ਜਾਤੀ ਦੇ ਫ਼ਲਾਂ ਦੀ ਸੁਚੱਜੀ ਸਾਂਭ-ਸੰਭਾਲ ਅਤੇ ਚੰਗੀ ਪੈਦਾਵਾਰ ਲੈਣ ਲਈ ਰੂੜੀ, ਰਸਾਇਣਿਕ ਖਾਦਾਂ ਅਤੇ ਛੋਟੇ ਤੱਤਾਂ ਦੀ ਸੰਤੁਲਿਤ ਵਰਤੋਂ ਬਹੁਤ ਜ਼ਰੂਰੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਹੇਠ ਲਿਖੀਆਂ ਖੁਰਾਕਾਂ ਦੇਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਖਾਦਾਂ ਦੀ ਮਾਤਰਾ ਇਹਨਾਂ ਸਿਫਾਰਿਸ਼ਾਂ ਨਾਲੋਂ ਮਿੱਟੀ ਅਤੇ ਪੱਤਾ ਪਰਖ ਰਿਪੋਰਟ ਅਨੁਸਾਰ ਵਧਾ - ਘਟਾ ਲੈਣੀ ਚਾਹੀਦੀ ਹੈ।
ਨਿੰਬੂ ਜਾਤੀ ਦੇ ਰੁੱਖਾਂ ਨੂੰ ਫ਼ਰਵਰੀ ਵਿੱਚ ਨਵੇਂ ਪੱਤੇ ਲਗਦੇ ਹਨ ਅਤੇ ਕੁੱਝ ਸਮੇ ਬਾਦ ਫ਼ੁੱਲਾਂ ਦਾ ਨਿਕਲਣਾ ਅਤੇ ਖਿੜਨਾ ਆਦਿ ਸ਼ੁਰੂ ਹੋ ਜਾਂਦਾ ਹੈ। ਇਸ ਸਮੇ ਰੁੱਖਾਂ ਨੂੰ ਵਿਕਾਸ ਲਈ ਅਤੇ ਯੋਗ ਮਾਤਰਾ ਵਿੱਚ ਫੁੱਲ ਨਿਕਲਣ ਅਤੇ ਫ਼ਲ ਲੱਗਣ ਲਈ ਨਾਈਟ੍ਰੋਜਨ ਤਿਆਰ ਅਤੇ ਛੇਤੀ ਪ੍ਰਾਪਤ ਹੋਣ ਵਾਲੇ ਰੂਪ ਵਿੱਚ ਚਾਹੀਦੀ ਹੈ। ਰੂੜੀ ਵਿੱਚ ਮੌਜੂਦ ਖੁਰਾਕੀ ਤੱਤ, ਰੂੜੀ ਨੂੰ ਜ਼ਮੀਨ ਵਿੱਚ ਮਿਲਾਉਣ ਤੋਂ ਕੁੱਝ ਹਫ਼ਤੇ ਪਿਛੋਂ ਪੌਦਿਆਂ ਨੂੰ ਪ੍ਰਾਪਤ ਹੁੰਦੇ ਹਨ। ਇਸ ਲਈ ਇਹ ਰੂੜੀ ਦਸੰਬਰ - ਜਨਵਰੀ ਦੇ ਮਹੀਨੇ ਖੇਤ ਵਿੱਚ ਪਾ ਦੇਣੀ ਚਾਹੀਦੀ ਹੈ, ਤਾਂ ਜੋ ਇਸ ਦੇ ਖੁਰਾਕੀ ਤੱਤ ਬਸੰਤ ਰੁਤ ਤੱਕ ਬੂਟਿਆਂ ਨੂੰ ਪ੍ਰਾਪਤ ਹੋ ਸਕਣ। ਅਜੀਵਕ ਨਾਈਟ੍ਰੋਜਨ ਰੁੱਖਾਂ ਨੂੰ ਛੇਤੀ ਹੀ ਪ੍ਰਾਪਤ ਹੋ ਜਾਂਦੀ ਹੈ ਅਤੇ ਨਾਈਟ੍ਰੋਜਨ ਦੀ ਖੁਰਾਕ ਨੂੰ ਦੋ ਬਰਾਬਰ ਹਿੱਸਿਆਂ ਵਿੱਚ ਵੰਡ ਲੈਣਾ ਚਾਹੀਦਾ ਹੈ। ਇੱਕ ਹਿੱਸਾ ਫ਼ੁੱਲ ਨਿਕਲਣ ਤੋਂ ਦੋ ਹਫਤੇ ਪਹਿਲਾਂ ਫ਼ਰਵਰੀ ਵਿੱਚ ਪਾ ਦੇਣਾ ਚਾਹੀਦਾ ਹੈ ਅਤੇ ਦੂਜਾ ਅੱਧਾ ਅਪ੍ਰੈਲ ਵਿੱਚ ਫ਼ਲ ਲੱਗਣ ਤੋਂ ਪਿਛੋਂ ਪਾਉਣਾ ਚਾਹੀਦਾ ਹੈ। ਕਿੰਨੋ ਵਿੱਚ ਫ਼ਾਸਫ਼ੋਰਸ, ਨਾਈਟ੍ਰੋਜਨ ਦੇ ਪਹਿਲੇ ਹਿਸੇ ਨਾਲ ਪਾ ਦਿਓ। ਇਹਨਾਂ ਤੱਤਾਂ ਨੂੰ ਬਾਜ਼ਾਰ ਵਿੱਚ ਮਿਲ ਰਹੀਆਂ ਹੋਰ ਖਾਦਾਂ ਤੋਂ ਵੀ ਲੋੜ ਅਨੁਸਾਰ ਲਿਆ ਜਾ ਸਕਦਾ ਹੈ।
ਜਦੋਂ ਬੂਟੇ ਛੋਟੇ ਹੋਣ, ਖਾਦ ਅਤੇ ਰੂੜੀ ਰੁੱਖਾਂ ਦੁਆਲੇ ਸਿੰਚਾਈ ਲਈ ਬਣਾਏ ਦੌਰ ਵਿੱਚ ਇਕਸਾਰ ਮਿਲਾ ਦੇਣੀ ਚਾਹੀਦੀ ਹੈ। ਜਿਵੇਂ ਰੁੱਖ ਵੱਡੇ ਹੁੰਦੇ ਜਾਂਦੇ ਹਨ ਅਤੇ ਜੜ੍ਹ ਪ੍ਰਣਾਲੀ ਵਿੱਚ ਵਾਧਾ ਹੁੰਦਾ ਜਾਂਦਾ ਹੈ ਦੌਰਾਂ ਦਾ ਆਕਾਰ ਵੀ ਖਾਦਾਂ ਅਤੇ ਸਿੰਚਾਈ ਦੀ ਸਹੀ ਵਰਤੋਂ ਲਈ ਵਧਾ ਦੇਣਾ ਚਾਹੀਦਾ ਹੈ। ਪੂਰੇ ਵਿਕਸਿਤ ਨਿੰਬੂ ਜਾਤੀ ਦੇ ਬਾਗਾਂ ਵਿੱਚ ਬੂਟਿਆਂ ਦੀ ਜੜ੍ਹ - ਪ੍ਰਣਾਲੀ ਸਾਰੇ ਖੇਤ ਵਿੱਚ ਫੈਲ ਜਾਂਦੀ ਹੈ। ਪੂਰੇ ਵਿਕਸਿਤ ਨਿੰਬੂ ਜਾਤੀ ਦੇ ਬਾਗਾਂ ਵਿੱਚ ਖਾਦ ਜਾਂ ਰੂੜੀ ਸਾਰੇ ਬਾਗ ਵਿੱਚ ਖਿਲਾਰ ਕੇ ਚੰਗੀ ਤਰ੍ਹਾਂ ਰਲਾ ਦੇਣੀ ਚਾਹੀਦੀ ਹੈ। ਖਾਦ ਜਾਂ ਰੂੜੀ ਪਾਉਣ ਤੋਂ ਇਕਦਮ ਬਾਅਦ ਹਲਕਾ ਜਿਹਾ ਪਾਣੀ ਦੇਣਾ ਬਹੁਤ ਜ਼ਰੂਰੀ ਹੈ।
ਸਰੋਤ : ਏ ਬੂਕਸ ਓਨ੍ਲਿਨੇ
ਆਖਰੀ ਵਾਰ ਸੰਸ਼ੋਧਿਤ : 11/19/2019