ਸਾਂਝਾ ਕਰੋ
Views
  • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਬੀਮਾਰੀਆਂ

ਫ਼ਲਦਾਰ ਬੂਟਿਆਂ ਵਿਚੋਂ ਨਿੰਬੂ ਜਾਤੀ ਦੇ ਬੂਟਿਆਂ ਨੂੰ ਬਹੁਤ ਜ਼ਿਆਦਾ ਬਿਮਾਰੀਆਂ ਦਾ ਟਾਕਰਾ ਕਰਨਾ ਪੈਂਦਾ ਹੈ।

ਫ਼ਲਦਾਰ ਬੂਟਿਆਂ ਵਿਚੋਂ ਨਿੰਬੂ ਜਾਤੀ ਦੇ ਬੂਟਿਆਂ ਨੂੰ ਬਹੁਤ ਜ਼ਿਆਦਾ ਬਿਮਾਰੀਆਂ ਦਾ ਟਾਕਰਾ ਕਰਨਾ ਪੈਂਦਾ ਹੈ। ਸਿੱਟੇ ਵਜੋਂ ਇਹ ਬੀਮਾਰੀਆਂ ਨਿੰਬੂ ਜਾਤੀ ਦੀ ਇੰਡਸਟਰੀ ਦਾ ਨਾਸ਼ ਵੀ ਕਰ ਸਕਦੀਆਂ ਹਨ। ਬਹੁਤ ਸਾਰੀਆਂ ਹਾਲਤਾਂ ਜਿਵੇਂ ਕਿ ਜ਼ਮੀਨ ਦਾ ਹਵਾਦਾਰ ਅਤੇ ਚੰਗੇ ਜਲ ਨਿਕਾਸ ਵਾਲੀ ਨਾਂ ਹੋਣਾ, ਰੋਗੀ ਪਿਉਂਦੀ ਅੱਖਾਂ ਦੀ ਵਰਤੋਂ ਕਰਨਾ, ਵਿਸ਼ਾਣੂ ਰੋਗਾਂ ਨੂੰ ਫ਼ੈਲਾਉਣ ਵਾਲੇ ਕੀੜਿਆਂ ਦਾ ਜ਼ਿਆਦਾ ਗਿਣਤੀ ਵਿੱਚ ਹੋਣਾ, ਸੋਕਾ, ਮਿੱਟੀ ਵਿੱਚ ਅਤੇ ਟਾਹਣੀਆਂ ਤੇ ਉੱਲੀ ਦਾ ਪਲਦੇ ਰਹਿਣਾ, ਬਾਗ ਦੀ ਸਹੀ ਢੰਗ ਨਾਲ ਦੇਖ - ਭਾਲ ਨਾਂ ਕਰਨਾ ਆਦਿ ਦੀ ਸੂਰਤ ਵਿੱਚ ਨਿੰਬੂ ਜਾਤੀ ਦੇ ਬੂਟਿਆਂ ਤੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਹਮਲਾ ਹੋ ਜਾਂਦਾ ਹੈ। ਜਿਸ ਕਾਰਨ ਟਾਹਣੀਆਂ ਸੁੱਕਣ ਲੱਗ ਪੈਂਦੀਆਂ ਹਨ ਅਤੇ ਬੂਟਿਆਂ ਦਾ ਵਾਧਾ ਰੁੱਕ ਜਾਂਦਾ ਹੈ। ਮੁੱਖ ਤੌਰ ਤੇ ਨਿੰਬੂ ਜਾਤੀ ਦੇ ਬੂਟਿਆ ਦਾ ਜ਼ਿਆਦਾ ਨੁਕਸਾਨ ਕਰਨ ਵਾਲੀਆਂ ਬਿਮਾਰੀਆਂ, ਜਿਵੇਂ ਕਿ ਪੈਰ੍ਹੋਂ ਗਲਣ ਦਾ ਰੋਗ, ਫ਼ਲਾਂ ਦਾ ਕੇਰਾ, ਟਾਹਣੀਆਂ ਦਾ ਸੁੱਕਣਾ ਅਤੇ ਪੱਤਿਆਂ ਦੇ ਧੱਬੇ, ਗਰੀਨਿੰਗ ਅਤੇ ਰਿੰਗ ਸਪੌਟ ਆਦਿ ਹਨ। ਬਾਗਬਾਨ ਭਰਾਵਾਂ ਵਾਸਤੇ ਇਹਨਾਂ ਪ੍ਰਮੁੱਖ ਬੀਮਾਰੀਆਂ ਦੀਆਂ ਨਿਸ਼ਾਨੀਆਂ ਅਤੇ ਰੋਕਥਾਮ ਵਿਸਥਾਰ ਸਹਿਤ ਇਸ ਪ੍ਰਕਾਰ ਹਨ:

(੧) ਪੈਰੋਂ ਗਲਣ ਦਾ ਰੋਗ/ਗੂੰਦੀਆਂ ਰੋਗ ਸਰਵੇਖਣ ਦੌਰਾਨ ਇਹ ਪਾਇਆ ਗਿਆ ਹੈ ਕਿ ਇਹ ਬਿਮਾਰੀ ਹੁਸ਼ਿਆਰਪੁਰ ਅਤੇ ਅਬੋਹਰ ਇਲਾਕੇ ਵਿੱਚ ਕਿੰਨੂੰ ਦੇ ਬਾਗਾਂ ਨੂੰ ਬਹੁਤ ਨੁਕਸਾਨ ਪਹੁੰਚਾਉਂਦੀ ਹੈ। ਇਸ ਉੱਲੀ ਦੇ ਕਣ ਜ਼ਮੀਨ ਵਿੱਚ ਪਾਏ ਜਾਂਦੇ ਹਨ, ਜਿਸ ਕਾਰਨ ਇਹ ਉੱਲੀ ਜ਼ਮੀਨ ਦੇ ਅੰਦਰ - ਅੰਦਰ ਹੀ ਖ਼ੁਰਾਕੀ ਜੜ੍ਹਾਂ ਨੂੰ ਖ਼ਤਮ ਕਰ ਦਿੰਦੀ ਹੈ। ਇਸ ਛਿਪੇ ਹੋਏ ਹਮਲੇ ਨਾਲ ਕਿੰਨੂੰ ਦੇ ਬਾਗ ਸਮੇਂ ਤੋਂ ਪਹਿਲਾਂ ਹੀ ਮਰ ਜਾਂਦੇ ਹਨ ਅਤੇ ਝਾੜ ਤੇ ਮਾੜਾ ਅਸਰ ਪੈਂਦਾ ਹੈ|

ਬਿਮਾਰੀ ਦੇ ਵਾਧੇ ਲਈ ਅਨੁਕੂਲ ਹਾਲਤਾਂ ਭਾਰੀਆਂ ਜ਼ਮੀਨਾਂ:

ਜਿੱਥੇ ਪਾਣੀ ਬਹੁਤਾ ਖਲੋਂਦਾ ਹੋਵੇ ਜਾਂ ਪਿਉਂਦੀ ਅੱਖ ਜ਼ਮੀਨ ਵਿੱਚ ਡੂੰਘੀ ਦੱਬੀ ਹੋਵੇ ਜਾਂ ਪਾਣੀ ਦਾ ਖੁੱਲ੍ਹਾ ਲਗਾਉਣਾ ਜਾਂ ਗੋੋਡੀ ਕਰਦੇ ਸਮੇਂ ਮੁੱਢ ਅਤੇ ਜੜ੍ਹਾਂ ਤੇ ਜ਼ਖਮਾਂ ਦਾ ਹੋਣਾ ਜਾਂ ਬੂਟੇ ਦੇ ਤਣੇ ਦੇ ਨੇੜੇ ਰੂੜੀ ਦੇ ਢੇਰ ਲਗਾਉਣਾ ਜਾਂ ਬੂਟੇ ਦੇ ਹੇਠ ਨਦੀਨਾਂ ਦਾ ਹੋਣਾ ਜਾਂ ਬੂਟੇ ਦੇ ਤਣੇ ਦੁਆਲੇ ਜ਼ਿਆਦਾ ਮਿੱਟੀ ਚੜ੍ਹਾਈ ਹੋਵੇ ਆਦਿ, ਅਜਿਹੀਆਂ ਹਾਲਤਾਂ ਇਸ ਬਿਮਾਰੀ ਦੇ ਵਾਧੇ ਲਈ ਅਨੁਕੂਲ ਹੁੰਦੀਆਂ ਹਨ। ੨੫ - ੨੮ ਡਿਗਰੀ ਸੈਂਟੀਗਰੇਡ ਤਾਪਮਾਨ ਤੇ ਬਿਮਾਰੀ ਵਧੇਰੇ ਫੈਲਦੀ ਹੈ।

ਨਿਸ਼ਾਨੀਆਂ:

(੧) ਪਨੀਰੀ ਦਾ ਮੁਰਝਾਉਣਾ, ਬਾਗ ਵਿੱਚ ਬੂਟਿਆਂ ਦੇ ਪੈਰਾਂ ਦਾ ਗਲਣਾ, ਗੂੰਦ ਨਿਕਲਣਾ, ਖੁਰਾਕੀ ਜੜ੍ਹਾਂ ਦਾ ਗਾਲਾ, ਪੱਤਿਆਂ ਦਾ ਝੜਣਾ ਅਤੇ ਫ਼ਲਾਂ ਦਾ ਗਾਲਾ ਇਸ ਬਿਮਾਰੀ ਦੀਆਂ ਮੁੱਖ ਨਿਸ਼ਾਨੀਆਂ ਹਨ।

(੨) ਤਣੇ ਦੇ ਪਿਉਂਦ ਵਾਲੇ ਹਿੱਸੇ ਨੇੜਿਉਂ ਗੂੰਦ ਨਿਕਲਣਾ ਇਸ ਬਿਮਾਰੀ ਦੀ ਮੁੱਢਲੀ ਨਿਸ਼ਾਨੀ ਹੈ। ਜਿਵੇਂ - ਜਿਵੇਂ ਜ਼ਖਮ ਵੱਡੇ ਹੁੰਦੇ ਹਨ, ਛਿੱਲ ਵਿੱਚ ਲੰਬੇ ਰੁਖ ਤਰੇੜਾਂ ਪੈ ਜਾਂਦੀਆਂ ਹਨ। ਉੱਲੀ ਤਣੇ ਦੇ ਚਾਰੇ ਪਾਸੇ ਘੁੰਮ ਜਾਂਦੀ ਹੈ, ਜਿਸ ਕਾਰਨ ਬੂਟੇ ਦਾ ਵਾਧਾ ਰੁਕ ਜਾਂਦਾ ਹੈ ਅਤੇ ਬੂਟਾ ਮਰਨਾ ਸ਼ੁਰੂ ਹੋ ਜਾਂਦਾ ਹੈ।

(੩) ਇਸ ਬਿਮਾਰੀ ਦੇ ਹਮਲੇ ਨਾਲ ਪੱਤੇ ਹਲਕੇ ਹਰੇ ਪੀਲੇ ਰੰਗ ਦੇ ਹੋ ਜਾਂਦੇ ਹਨ।

(੪) ਇਸ ਬਿਮਾਰੀ ਨਾਲ ਪ੍ਰਭਾਵਿਤ ਬੂਟਿਆਂ ਨੂੰ ਬਹੁਤ ਫ਼ੁੱਲ ਆਉਂਦੇ ਹਨ ਜੋ ਫ਼ਲ ਦੇ ਬਨਣ ਤੋਂ ਪਹਿਲਾਂ ਹੀ ਡਿੱਗ ਜਾਂਦੇ ਹਨ ਅਤੇ ਬੂਟੇ ਫ਼ਲ ਦੇ ਪੱਕਣ ਤੋਂ ਪਹਿਲਾਂ ਹੀ ਮਰ ਜਾਂਦੇ ਹਨ।

ਰੋਕਥਾਮ:

(੧) ਬਾਗ ਲਗਾਉਣ ਲਈ ਬੂਟੇ ਰੋਗ ਰਹਿਤ ਨਰਸਰੀ ਤੋਂ ਲਓ।

(੨) ਬੂਟੇ ਲਗਾਉਣ ਸਮੇਂ ਉਸਦੀ ਪਿਉਂਦੀ ਅੱਖ ਨੂੰ ਜ਼ਮੀਨ ਤੋਂ ੯ ਇੰਚ ਉੱਚਾ ਰੱਖੋ।

(੩) ਖੁੱਲ੍ਹਾ ਪਾਣੀ ਲਗਾਉਣ ਤੋਂ ਗੁਰੇਜ਼ ਕਰੋ। ਪਾਣੀ ਦੇ ਨਿਕਾਸ ਦਾ ਚੰਗਾ ਪ੍ਰਬੰਧ ਕਰੋ। ਸਿੰਚਾਈ ਸਮੇਂ ਰੋਗੀ ਬੂਟੇ ਨੂੰ ਵੱਟਾ ਬਣਾ ਕੇ ਪਾਣੀ ਦੇਣਾ ਜ਼ਿਆਦਾ ਲਾਹੇਵੰਦ ਹੁੰਦਾ ਹੈ ਕਿਉਂਕਿ ਪਾਣੀ ਰਾਹੀ ਬਿਮਾਰੀ ਇਸ ਤੋਂ ਅੱਗੇ ਨਾਂ ਫੈਲ ਸਕੇ।

(੪) ਬੂਟੇ ਦੇ ਘੇਰੇ ਨੂੰ ਸਾਫ਼ ਰੱਖੋ। ਗੋਡੀ ਤੇ ਵਹਾਈ ਕਰਦੇ ਸਮੇਂ ਤਣੇ ਅਤੇ ਜੜ੍ਹਾਂ ਨੂੰ ਜ਼ਖਮੀ ਹੋਣ ਤੋਂ ਬਚਾਓ|

(੫) ਬਿਮਾਰੀ ਵਾਲੇ ਹਿੱਸੇ ਨਾਲ ਥੋੜ੍ਹਾ ਜਿਹਾ ਤੰਦਰੁਸਤ ਹਿੱਸਾ ਵੀ ਖੁਰਚ ਦਿਓ। ਜ਼ਖਮ ਨੂੰ ਕਿਰਮ ਰਹਿਤ ਘੋਲ ਨਾਲ ਸਾਫ ਕਰੋ ਤੇ ਬੋਰਡੋ ਪੇਸਟ ਲਾ ਦਿਓ। ਰੋਗੀ ਛਿੱਲ ਨੂੰ ਇਕੱਠਾ ਕਰਕੇ ਨਸ਼ਟ ਕਰ ਦਿਓ ਤਾਂ ਕਿ ਉੱਲੀ ਮਿੱਟੀ ਵਿੱਚ ਫੈਲ ਨਾਂ ਸਕੇ। ਸਾਫ਼ ਕੀਤੇ ਜ਼ਖਮਾਂ ਤੇ ੨ ਗ੍ਰਾਮ ਮੈਟਕੋ ੮ - ੬੪ ਜਾਂ ਰਿਡੋਮਿਲ ਐਮ ਜ਼ੈੱਡ ਨੂੰ ੧੦੦ ਮਿਲੀਲਿਟਰ ਅਲਸੀ ਦੇ ਤੇਲ ਵਿੱਚ ਘੋਲ ਕੇ ਜਾਂ ਬੋਰਡੋ ਪੇਂਟ ਦੋ ਵਾਰ (ਫ਼ਰਵਰੀ - ਮਾਰਚ ਅਤੇ ਜੁਲਾਈ - ਅਗਸਤ) ਜ਼ਖਮਾਂ ਤੇ ਮਲ ਦਿਓ। ਬਾਅਦ ਵਿੱਚ ਦੋ ਵਾਰ ਫ਼ਰਵਰੀ - ਮਾਰਚ ਅਤੇ ਜੁਲਾਈ - ਅਗਸਤ ਵਿੱਚ ੨੫ ਗ੍ਰਾਮ ਰਿਡੋਮਿਲ ਐਮ.ਜ਼ੈੱਡ ਜਾਂ ਮੈਟਕੋ ੮ - ੬੪ ਨੂੰ ੧੦ ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਬੂਟੇ ਦੇ ਹਿਸਾਬ ਨਾਲ ਤਣੇ ਅਤੇ ਨਾਲ ਲੱਗਦੀ ਮਿੱਟੀ ਨੂੰ ਚੰਗੀ ਤਰ੍ਹਾਂ ਗੁੱਡ ਕੇ ਗੜੁੱਚ ਕਰ ਦਿਉ। ਇਸ ਤੋਂ ਇਲਾਵਾ ਦੋ ਵਾਰ, ਅਪ੍ਰੈਲ ਅਤੇ ਸਤੰਬਰ ਦੇ ਮਹੀਨੇ ਏਲੀਅਟ (੦.੨੫%) ਦਾ ਛਿੜਕਾਅ ਕਰੋ।

(੨) ਫ਼ਲ ਦਾ ਕੇਰਾ (ਪੌਥਾਲੋਜੀਕਲ ਡਰਾਪ)

ਇਹ ਬਿਮਾਰੀ ਫ਼ਲ ਤੋੜਣ ਤੋਂ ਪਹਿਲਾਂ ਹੀ ਸ਼ੁਰੂ ਹੋ ਜਾਂਦੀ ਹੈ ਅਤੇ ਫ਼ਲ ਤੋੜਣ ਤੱਕ ਲਗਾਤਾਰ ਪੈਂਦੀ ਰਹਿੰਦੀ ਹੈ। ਇਸ ਬਿਮਾਰੀ ਦੇ ਹਮਲੇ ਨਾਲ ਝਾੜ ਤੇ ਬਹੁਤ ਮਾੜਾ ਅਸਰ ਪੈਂਦਾ ਹੈ। ਡਿੱਗੇ ਹੋਏ ਫ਼ਲ ਮੰਡੀਕਰਨ ਦੇ ਯੋਗ ਵੀ ਨਹੀਂ ਰਹਿੰਦੇ। ਬਾਗਬਾਨਾਂ ਨੂੰ ਇਸ ਬਿਮਾਰੀ ਦੇ ਹਮਲੇ ਦਾ ਪਤਾ ਨਹੀਂ ਚਲਦਾ। ਅਸਲ ਵਿੱਚ ਇਹ ਬਿਮਾਰੀ ਫ਼ਰਵਰੀ - ਮਾਰਚ ਦੇ ਮਹੀਨੇ ਰੋਗੀ ਟਾਹਣੀਆਂ ਤੋਂ ਸ਼ੁਰੂ ਹੁੰਦੀ ਹੈ ਅਤੇ ਫ਼ਲ ਵਧਣ ਦੇ ਨਾਲ ਹੀ ਚੱਲਦੀ ਰਹਿੰਦੀ ਹੈ। ਬਿਮਾਰੀ ਦੇ ਵਾਧੇ ਲਈ ਅਨੁਕੂਲ ਹਾਲਤਾਂ ਵਾਤਾਵਰਣ ਵਿੱਚ ਬਹੁਤੀ ਸਿੱਲ੍ਹ ਅਤੇ ਮੀਂਹ ਬਿਮਾਰੀ ਦੇ ਵਾਧੇ ਲਈ ਬਹੁਤ ਅਨੁਕੂਲ ਹੁੰਦੇ ਹਨ।

ਸਰੋਤ : ਏ ਬੂਕਸ ਓਨ੍ਲਿਨੇ

3.18539325843
ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
Back to top