ਹੋਮ / ਖੇਤੀ / ਨਿੰਬੂ ਜਾਤੀ ਦੇ ਫ਼ਲਾਂ ਦੀ ਕਾਸ਼ਤ / ਨਿੰਬੂ ਜਾਤੀ ਦੀ ਸੁੰਡੀ / ਨਿੰਬੂ ਜਾਤੀ ਦੀਆਂ ਨਿਸ਼ਾਨੀਆਂ ਅਤੇ ਰੋਕਥਾਮ
ਸਾਂਝਾ ਕਰੋ
Views
  • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਨਿੰਬੂ ਜਾਤੀ ਦੀਆਂ ਨਿਸ਼ਾਨੀਆਂ ਅਤੇ ਰੋਕਥਾਮ

ਇਹ ਬਿਮਾਰੀ ਉਹਨਾਂ ਬਾਗਾਂ ਵਿੱਚ ਜ਼ਿਆਦਾ ਫੈਲਦੀ ਹੈ, ਜਿਹਨਾਂ ਦੀ ਸਹੀ ਢੰਗ ਨਾਲ ਦੇਖ - ਭਾਲ ਨਾਂ ਕੀਤੀ ਜਾਂਦੀ ਹੋਵੇ।

ਨਿਸ਼ਾਨੀਆਂ:

(੧) ਰੋਗੀ ਟਾਹਣੀਆਂ, ਪੱਤਿਆਂ ਅਤੇ ਫ਼ਲਾਂ ਦੀਆਂ ਡੰਡੀਆਂ ਤੇ ਉੱਲੀ ਦੇ ਕਾਲੇ ਰੰਗ ਦੇ ਟਿਮਕਣੇ ਲੱਗੇ ਹੁੰਦੇ ਹਨ।

(੨) ਕੱਚੇ ਫ਼ਲ ਪੀਲੇ ਪੈ ਜਾਂਦੇ ਹਨ। ਰੋਗੀ ਫ਼ਲ ਪਿਚਕੇ, ਸਖ਼ਤ ਤੇ ਭੁਰਭੁਰੇ ਹੁੰਦੇ ਹਨ।

(੩) ਜੇਕਰ ਬਿਮਾਰੀ ਦਾ ਹਮਲਾ ਲੇਟ ਹੋਵੇ ਤਾਂ ਫ਼ਲ ਸੁੰਗੜ ਕੇ ਕਾਲੇ ਰੰਗ ਦੇ ਹੋ ਜਾਂਦੇ ਹਨ ਅਤੇ ਬੂਟੇ ਦੇ ਨਾਲ ਲਟਕਦੇ ਰਹਿੰਦੇ ਹਨ।

(੪) ਰੋਗੀ ਬੂਟਿਆਂ ਦੀਆਂ ਟਾਹਣੀਆਂ ਉੱਪਰੋਂ ਸੁੱਕ ਜਾਂਦੀਆਂ ਹਨ।

ਰੋਕਥਾਮ:

(੧) ਰੋਗੀ ਟਾਹਣੀਆਂ, ਜਨਵਰੀ - ਫ਼ਰਵਰੀ ਦੇ ਮਹੀਨੇ ਕੱਟ ਕੇ ਨਸ਼ਟ ਕਰ ਦਿਓ। ਕੱਟੇ ਹੋਏ ਥਾਵਾਂ ਉੱਤੇ ਬੋਰਡੋ ਪੇਸਟ ਲਗਾ ਦਿਓ।

(੨) ਹੇਠਾਂ ਡਿੱਗੇ ਫ਼ਲਾਂ ਨੂੰ ਅਤੇ ਬੂਟੇ ਉੱਤੇ ਲਟਕਦੇ ਫ਼ਲਾਂ ਨੂੰ ਤੋੜ ਕੇ ਇਕੱਠਾ ਕਰਨਾ ਅਤੇ ਜ਼ਮੀਨ ਵਿੱਚ ਟੋਏ ਪੁੱਟ ਕੇ ਦੱਬਣਾ ਜਾਂ ਸਾੜਨਾ ਲਾਹੇਵੰਦ ਹੁੰਦਾ ਹੈ ਕਿਉਂ ਕਿ ਇਹਨਾਂ ਫ਼ਲਾਂ ਤੋਂ ਵੀ ਬਿਮਾਰੀ ਬਹੁਤ ਫੈਲਦੀ ਹੈ।

(੩) ਅਗਸਤ ਦੇ ਪਹਿਲੇ ਹਫ਼ਤੇ ਤੋਂ ਸ਼ੁਰੂ ਕਰਕੇ ੧੫ ਦਿਨਾਂ ਦੇ ਵਕਫ਼ੇ ਤੇ ਬੂਟਿਆਂ ਤੇ ਚਾਰ ਛਿੜਕਾਅ ੨੦ ਗ੍ਰਾਮ ਔਰੀਓਫੰਜ਼ਿਨ ਜਾਂ ੫੦੦ ਗ੍ਰਾਮ ਬਾਵਿਸਟਨ ਨੂੰ ੫੦੦ ਲਿਟਰ ਪਾਣੀ ਵਿੱਚ ਘੋਲ ਕੇ  ਪ੍ਰਤੀ ਏਕੜ ਜਾਂ ਬੋਰਡੋ ਮਿਸ਼ਰਣ (੨:੨:੨੫੦) ਦੇ ਕਰੋ।

ਟਾਹਣੀਆਂ ਦਾ ਸੌਕਾ ਅਤੇ ਪੱਤਿਆਂ ਦੇ ਧੱਬੇ:

ਇਹ ਬਿਮਾਰੀ ਕਿੰਨੂ, ਕਾਗਜ਼ੀ ਨਿੰਬੂ ਅਤੇ ਗਰੇਪਫ਼ਰੂਟ ਨੂੰ ਵਧੇਰੇ ਲੱਗਦੀ ਹੈ।

ਬਿਮਾਰੀ ਦੇ ਵਾਧੇ ਲਈ ਅਨੁਕੂਲ ਹਾਲਤਾਂ:

ਇਹ ਬਿਮਾਰੀ ਉਹਨਾਂ ਬਾਗਾਂ ਵਿੱਚ ਜ਼ਿਆਦਾ ਫੈਲਦੀ ਹੈ, ਜਿਹਨਾਂ ਦੀ ਸਹੀ ਢੰਗ ਨਾਲ ਦੇਖ - ਭਾਲ ਨਾਂ ਕੀਤੀ ਜਾਂਦੀ ਹੋਵੇ। ਜ਼ਿਆਦਾ ਸਿੱਲ੍ਹ, ੨੫ ਡਿਗਰੀ ਸੈਂਟੀਗਰੇਡ ਤਾਪਮਾਨ ਅਤੇ ਹਵਾ ਇਸ ਬਿਮਾਰੀ ਦੇ ਫੈਲਾਅ ਲਈ ਅਨੁਕੂਲ ਹਨ।

ਨਿਸ਼ਾਨੀਆਂ:

(੧) ਇਹ ਦੇਖਿਆ ਗਿਆ ਹੈ ਕਿ ਇਹ ਬਿਮਾਰੀ ਕਈ ਤਰ੍ਹਾਂ ਦੀਆਂ ਨਿਸ਼ਾਨੀਆਂ ਦੇ ਰੂਪ ਵਿੱਚ ਬੂਟੇ ਤੇ ਹਮਲਾ ਕਰਦੀ ਹੈ, ਜਿਵੇਂ ਕਿ ਟਾਹਣੀਆਂ ਦਾ ਸੋਕਾ, ਪੱਤਿਆਂ ਦੇ ਧੱਬੇ, ਫ਼ਲਾਂ ਦਾ ਗਲਣਾ ਅਤੇ ਧਰਤੀ ਤੇ ਡਿੱਗਣਾ ਆਦਿ।

(੨) ਟਾਹਣੀਆਂ ਉੱਪਰੋਂ ਹੇਠਾਂ ਨੂੰ ਸੁੱਕਣ ਲੱਗ ਜਾਂਦੀਆਂ ਹਨ। ਇਹਨਾਂ ਸੁੱਕੀਆਂ ਹੋਈਆਂ ਟਾਹਣੀਆਂ ਉੱਤੇ ਉੱਲੀ ਦੇ ਕਾਲੇ ਟਿਮਕਣੇ ਜਿਵੇ ਪੈਦਾ ਹੋ ਜਾਂਦੇ ਹਨ।

(੩) ਪੱਤੇ ਹਰੇ ਰੰਗ ਦੇ ਧੱਬੇ ਜਿਹੇ ਦਰਸਾਉਂਦੇ ਹਨ, ਜਿਹੜੇ ਕਿ ਬਾਅਦ ਵਿੱਚ ਭੂਰੇ ਰੰਗ ਦੇ ਅਤੇ ਅਖ਼ੀਰ ਵਿੱਚ ਵਿਚਕਾਰੋਂ ਅਸਮਾਨੀ ਅਤੇ ਪਾਸਿਆਂ ਤੋਂ ਭੂਰੇ ਰੰਗ ਦੇ ਹੋ ਜਾਂਦੇ ਹਨ। ਇਹਨਾਂ ਧੱਬਿਆਂ ਦੀ ਅਸਮਾਨੀ ਥਾਂ ਤੇ ਕਾਲੇ ਰੰਗ ਦੇ ਟਿਮਕਣੇ ਚੱਕਰਾਂ ਵਿੱਚ ਨਜ਼ਰ ਆਉਂਦੇ ਹਨ।

(੪) ਇਸ ਰੋਗ ਦੀ ਉੱਲੀ ਫ਼ਲਾਂ ਦੀ ਡੰਡੀ ਤੇ ਵੀ ਅਸਰ ਕਰਦੀ ਹੈ। ਸਿੱਟੇ ਵਜੋਂ ਡੰਡੀ ਸੁੱਕ ਜਾਂਦੀ ਹੈ ਅਤੇ ਇਸ ਨਾਲ ਲੱਗਦੇ ਹਿੱਸੇ ਦਾ ਫ਼ਲ ਵੀ ਗਲ ਕੇ ਡਿੱਗ ਜਾਂਦਾ ਹੈ।

ਰੋਕਥਾਮ:

(੧) ਫ਼ਰਵਰੀ ਮਹੀਨੇ ਸੁੱਕੀਆਂ ਟਾਹਣੀਆਂ ਨੂੰ ਕੱਟ ਕੇ ਨਸ਼ਟ ਕਰ ਦਿਓ ਤਾਂ ਕਿ ਬਿਮਾਰੀ ਅੱਗੇ ਨਾਂ ਫ਼ੈਲ ਸਕੇ।

(੨) ਮਾਰਚ, ਜੁਲਾਈ ਅਤੇ ਸਤੰਬਰ ਦੇ ਮਹੀਨੇ ਬੂਟਿਆਂ ਤੇ ਬੋਰਡੋ ਮਿਸ਼ਰਣ (੨:੨:੨੫੦) ਜਾਂ ਕਾਪਰ ਔਕਸੀਕਲੋਰਾਈਡ ੫੦ ਘੁਲਣਸ਼ੀਲ (੩੦੦ ਗ੍ਰਾਮ ੧੦੦ ਲਿਟਰ ਪਾਣੀ ਵਿੱਚ) ਦਾ ਛਿੜਕਾਅ ਕਰੋ।

(੪) ਗਰੀਨਿੰਗ: ਇਹ ਬਿਮਾਰੀ ਇੱਕ ਬੈਕਟੀਰੀਆ ਦੇ ਹਮਲੇ ਨਾਲ ਹੁੰਦੀ ਹੈ। ਸਰਵੇਖਣ ਦੌਰਾਨ ਇਹ ਦੇਖਿਆ ਗਿਆ ਹੈ ਕਿ ਇਹ ਬਿਮਾਰੀ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਕਿੰਨੂੰ ਦੇ ਬਾਗਾਂ ਨੂੰ ਵਧੇਰੇ ਨੁਕਸਾਨ ਪਹੁੰਚਾਉਂਦੀ ਹੈ। ਬਿਮਾਰੀ ਦੇ ਵਾਧੇ ਲਈ ਅਨੁਕੂਲ ਹਾਲਤਾਂ ਇਸ ਬਿਮਾਰੀ ਦਾ ਵਾਧਾ ਰੋਗੀ ਬੂਟੇ ਤੋਂ ਪਿਉਂਦੀ ਅੱਖ ਨਾਲ ਪਿਉਂਦ ਕਰਨ ਨਾਲ ਅਤੇ ਅੱਗੇ ਰੋਗੀ ਬੂਟੇ ਤੋਂ ਸਿੱਟ ਰਸ ਸਿੱਲੇ (ਕੀੜਾ) ਰਾਹੀਂ ਹੁੰਦਾ ਹੈ।

ਨਿਸ਼ਾਨੀਆਂ:

(੧) ਇਸ ਬਿਮਾਰੀ ਦੇ ਹਮਲੇ ਨਾਲ ਪੱਤਿਆਂ ਦਾ ਹਰਾ ਰੰਗ ਖ਼ਤਮ ਹੋ ਜਾਂਦਾ ਹੈ ਅਤੇ ਪੱਤੇ ਜ਼ਿੰਕ ਦੀ ਘਾਟ ਵਾਂਗ ਹੀ ਨਜ਼ਰ ਆਉਂਦੇ ਹਨ।

(੨) ਇਸ ਬਿਮਾਰੀ ਦੀ ਮੁੱਢਲੀ ਨਿਸ਼ਾਨੀ ਇਹ ਹੈ ਕਿ ਪੱਤੇ ਪੂਰੇ ਪੀਲੇ ਪੈ ਜਾਂਦੇ ਹਨ ਜਾਂ ਪੱਤਿਆਂ ਦੀਆਂ ਨਾੜੀਆਂ ਦੇ ਵਿਚਕਾਰਲਾ ਹਿੱਸਾ ਹੀ ਪੀਲਾ ਪੈਂਦਾ ਹੈ ਅਤੇ ਨਾੜੀਆਂ ਹਰੇ ਰੰਗ ਦੀਆਂ ਹੀ ਰਹਿ ਜਾਂਦੀਆਂ ਹਨ। ਪੱਤੇ ਦੇ ਪੀਲੇ ਪਣ ਵਿੱਚ ਹਰੇ ਰੰਗ ਦੇ ਧੱਬੇ ਨਜ਼ਰ ਆਉਂਦੇ ਹਨ।

(੩) ਰੋਗੀ ਪੱਤੇ ਛੋਟੇ ਅਤੇ ਮੋਟੇ ਹੋ ਜਾਂਦੇ ਹਨ ਅਤੇ ਉੱਪਰ ਵੱਲ ਨੂੰ ਖੜ੍ਹੇ ਰਹਿੰਦੇ ਹਨ। ਅਜਿਹੇ ਪੱਤੇ ਕੁ ਰੁੱਤੇ ਹੀ ਝੜ ਜਾਂਦੇ ਹਨ।

(੪) ਰੋਗੀ ਬੂਟਿਆਂ ਤੇ ਫ਼ੁੱਲ ਛੇਤੀ ਹੀ ਆ ਜਾਂਦੇ ਹਨ ਅਤੇ ਅਜਿਹੇ ਬੂਟੇ ਮਾੜੀ ਕਿਸਮ ਦੇ ਫ਼ਲ ਪੈਦਾ ਕਰਦੇ ਹਨ। ਇਹ ਫ਼ਲ ਧੁੱਪ ਦੇ ਉਲਟ ਵਾਲੇ ਪਾਸੇ ਤੋਂ ਹਰੇ ਰੰਗ ਦੇ ਰਹਿੰਦੇ ਹਨ।

ਰੋਕਥਾਮ:

(੧) ਨਵੇਂ ਬੂਟੇ ਤਿਆਰ ਕਰਨ ਲਈ ਬਿਮਾਰੀ ਰਹਿਤ ਪਿਉਂਦੀ ਅੱਖ ਦੀ ਵਰਤੋਂ ਕਰੋ।

(੨) ਰੋਗੀ ਟਾਹਣੀਆਂ ਨੂੰ ਕੱਟ ਕੇ ਸਾੜ ਦਿਓ ਤਾਂ ਕਿ ਇਸ ਬਿਮਾਰੀ ਦੇ ਫ਼ੈਲਾਅ ਨੂੰ ਅੱਗੇ ਵੱਧਣ ਤੋਂ ਰੋਕਿਆ ਜਾ ਸਕੇ।

(੩) ਨਿੰਬੂ ਜਾਤੀ ਦੇ ਸਿੱਲੇ ਦੀ ਰੋਕਥਾਮ ਲਈ ੨੦੦ ਮਿ.ਲੀ. ਇਮੀਡਾਕਲੋਪਰਿਡ (ਕੌਨਫ਼ੀਡੋਰ ੨੦੦ ਐਸ.ਐਲ.) ਜਾਂ ੧੦੦ ਮਿ.ਲੀ. ਆਕਸੀਡੈਮੇਟੋਨ ਮੀਥਾਈਲ (ਮੈਟਾਸਿਸਟਾਕਸ ੨੫ ਈ.ਸੀ.) ਜਾਂ ੧੨੫੦ ਮਿ.ਲੀ. ਡਾਈਮੈਥੋਏਟ (ਰੋਗੋਰ ੩੦ ਈ.ਸੀ.) ਨੂੰ ੫੦੦ ਲਿਟਰ ਪਾਣੀ ਵਿੱਚ ਘੋਲ ਕੇ ਮਾਰਚ - ਅਪ੍ਰੈਲ ਅਤੇ ਸਤੰਬਰ - ਅਕਤੂਬਰ ਵਿੱਚ ਉਸੇ ਵੇਲੇ ਛਿੜਕਾਅ ਕਰੋ ਜਦੋਂ ਬੂਟਿਆਂ ਉੱਤੇ ਕੀੜੇ ਦਾ ਹਮਲਾ ਨਜ਼ਰ ਆਵੇ।

ਸਰੋਤ : ਏ ਬੂਕਸ ਓਨ੍ਲਿਨੇ

3.17575757576
ਸਟਾਰਸ ਨੂੰ ਰੋਲ ਓਵਰ ਕਰੋ, ਅਤੇ ਫੇਰ ਰੇਟ ਕਰਨ ਲਈ ਕਲਿੱਕ ਕਰੋ।
ਗਗਨਦੀਪ ਸਿੰਘ Jan 23, 2020 02:10 PM

ਮੈ ਬਗੀਚੀ ਵਿੱਚ ਕਿੰਨੂ ਦਾ ਬੂਟਾ ਇਕ ਸਾਲ ਪਹਿਲਾ ਲਗਾਇਆ ਸੀ ।ਬੂਟਾ ਲਾਉਣ ਤੋ ਲੈਕੇ ਹੁਣ ਤੱਕ ਉਸਦੇ ਕੋਈ ਪੱਤਾ ਨਹੀ ਲੱਗਾ ਸੰਗੋ ਜੋ ਸੀ ਉਹ ਵੀ ਝੜ ਗਏ । ਟਹਿਣੀਆ ਵੀ ਸੁਕੀ ਜਾਦੀਆ ਹਨ । ਇਸ ਦਾ ਕੋਈ ਰੋਕਥਾਮ ਦੱਸੋ ਜੀ ।

ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
Back to top