ਨਿੰਬੂ ਜਾਤੀ ਦੇ ਬਾਗਾਂ ਨੂੰ ਮੁਨਾਫੇ ਯੋਗ ਫ਼ਲ ਲੱਗਣ ਵਿੱਚ ਕਾਫੀ ਸਮਾਂ ਲਗਦਾ ਹੈ। ਪਹਿਲੇ ਚਾਰ - ਪੰਜ ਸਾਲਾਂ ਦੌਰਾਨ ਕਿਸਾਨ ਨੂੰ ਆਪਣੀ ਆਮਦਨ ਵਧਾਉਣ ਲਈ ਬਾਗ ਵਿੱਚ ਜਲਦੀ ਤਿਆਰ ਹੋਣ ਵਾਲੀਆਂ ਫਸਲਾਂ ਦੀ ਕਾਸ਼ਤ ਕਰਨੀ ਚਾਹੀਦੀ ਹੈ। ਜੇਕਰ ਬਾਗ ਵਿੱਚ ਉਗਾਈਆਂ ਜਾਣ ਵਾਲੀਆਂ ਅੰਤਰ ਫਸਲਾਂ ਦੀ ਸਹੀ ਚੋਣ ਕੀਤੀ ਜਾਵੇ ਅਤੇ ਫਸਲਾਂ ਨੂੰ ਸਹੀ ਢੰਗ ਨਾਲ ਉਗਾਇਆ ਜਾਵੇ ਤਾਂ ਇਹਨਾਂ ਫਸਲਾਂ ਤੋਂ ਨਾਂ ਸਿਰਫ ਚੰਗੀ ਆਮਦਨ ਮਿਲਦੀ ਹੈ ਸਗੋਂ ਇਹ ਫਸਲਾਂ ਨਦੀਨਾਂ ਨੂੰ ਵਧਣ ਤੋਂ ਰੋਕਦੀਆਂ ਹਨ ਅਤੇ ਚੰਗੀ ਮਾਤਰਾ ਵਿੱਚ ਜੈਵਿਕ ਪਦਾਰਥ ਮਿੱਟੀ ਵਿੱਚ ਮਿਲਾਉਣ ਲਈ ਤਿਆਰ ਹੋ ਜਾਂਦਾ ਹੈ। ਬਾਗਬਾਨ ਨੂੰ ਸਦਾ ਫ਼ਲਦਾਰ ਬੂਟਿਆਂ ਦੀ ਸਿਹਤ ਅਤੇ ਵਾਧੇ ਵੱਲ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ। ਫ਼ਲਦਾਰ ਬੂਟਿਆਂ ਦੇ ਚੰਗੇ ਵਾਧੇ ਲਈ ਸਦਾ ਯੋਗ ਹਾਲਾਤ ਬਣਾਏ ਰੱਖਣੇ ਚਾਹੀਦੇ ਹਨ ਅਤੇ ਕੀੜੇ, ਬਿਮਾਰੀਆਂ ਦੀ ਰੋਕਥਾਮ ਸਮੇਂ ਸਿਰ ਕਰਨੀ ਚਾਹੀਦੀ ਹੈ। ਘੱਟ ਉਚਾਈ ਵਾਲੀਆਂ ਫ਼ਲੀਦਾਰ ਫਸਲਾਂ ਜਿਵੇਂ ਕਿ ਮੂੰਗੀ, ਮਾਂਹ, ਛੋਲੇ, ਮਟਰ, ਮੁੰਗਫ਼ਲੀ, ਆਦਿ ਨਿੰਬੂ ਜਾਤੀ ਦੇ ਬਾਗਾਂ ਵਿੱਚ ਕਾਮਯਾਬੀ ਨਾਲ ਉਗਾਈਆਂ ਜਾ ਸਕਦੀਆਂ ਹਨ। ਗੁਆਰਾ - ਕਣਕ ਦਾ ਫਸਲੀ ਚਕਰ, ਗੁਆਰੇ ਨੂੰ ਹਰੀ ਖਾਦ ਵਜੋਂ ਵਰਤ ਕੇ ਮਾਲਟੇ ਦੇ ਬਾਗ ਵਿੱਚ ੫ - ੬ ਸਾਲ ਚੱਲ ਸਕਦਾ ਹੈ, ਪਰ ਮਾਲਟੇ ਦੇ ਬੂਟਿਆਂ ਦੇ ਵਧਣ ਲਈ ਲੋੜੀਂਦੀ ਜਗ੍ਹਾ ਛੱਡ ਦੇਣੀ ਚਾਹੀਦੀ ਹੈ। ਜਿਨ੍ਹਾਂ ਫਸਲਾਂ ਨੂੰ ਨਿੰਬੂ ਜਾਤੀ ਦੇ ਬੂਟਿਆਂ ਨਾਲੋਂ ਜ਼ਿਆਦਾ ਪਾਣੀ ਦੀ ਲੋੜ ਹੋਵੇ ਉਹ ਬਾਗ ਵਿੱਚ ਨਹੀਂ ਉਗਾਉਣੀਆਂ ਚਾਹੀਦੀਆਂ, ਖਾਸ ਕਰਕੇ ਬਰਸੀਮ ਅਤੇ ਆਲੂ। ਉਹ ਫਸਲਾਂ ਜੋ ਬਹੁਤ ਉਚੀਆਂ ਹੋ ਕੇ ਫ਼ਲਦਾਰ ਬੂਟਿਆਂ ਨੂੰ ਛਾਂ ਕਰਦੀਆਂ ਹਨ ਅਤੇ ਵਲਾਂ ਵਾਲੀਆਂ ਫਸਲਾਂ ਜੋ ਦਰਖਤ ਉਪਰ ਚੜ੍ਹ ਜਾਂਦੀਆਂ ਹਨ|ਬਾਗ ਵਿੱਚ ਨਹੀਂ ਲਗਾਉਣੀਆਂ ਚਾਹੀਦੀਆਂ। ਬਾਗ ਵਿੱਚ ਹੋਰ ਫਸਲਾਂ ਬੀਜਣ ਲੱਗਿਆ ਬੂਟਿਆਂ ਦੇ ਵਾਧੇ ਲਈ ਜਗ੍ਹਾ ਛੱਡ ਦੇਣੀ ਚਾਹੀਦੀ ਹੈ। ਜਿਸ ਫਸਲ ਦੀ ਕਾਸ਼ਤ ਕਰਨੀ ਹੋਵੇ, ਉਸਨੂੰ ਲੋੜ ਅਨੁਸਾਰ ਵਾਧੂ ਖਾਦ ਪਾਉਣੀ ਚਾਹੀਦੀ ਹੈ। ਫ਼ਲਦਾਰ ਬੂਟੇ ਅਤੇ ਉਹਨਾਂ ਵਿੱਚ ਬੀਜੀਆਂ ਫਸਲਾਂ ਦੀ ਸਿੰਚਾਈ ਪ੍ਰਬੰਧ ਵੱਖਰ - ਵੱਖਰਾ ਹੋਣਾ ਚਾਹੀਦਾ ਹੈ।
ਸੰਤਰੇ ਦੀ ਕਿੰਨੋ ਕਿਸਮ ਬਹੁਤ ਚੰਗਾ ਝਾੜ ਦਿੰਦੀ ਹੈ, ਪਰ ਇਸ ਕਿਸਮ ਦੀ ਇਹ ਖੂਬੀ ਬੂਟੇ ਦੇ ਪਹਿਲੇ ੩ - ੪ ਸਾਲਾਂ ਵਿੱਚ ਕੁਝ ਸਮਸਿਆਵਾਂ ਪੈਦਾ ਕਰ ਦਿੰਦੀ ਹੈ। ੩ - ੪ ਸਾਲ ਦੀ ਉਮਰ ਦੇ ਹੋ ਜਾਣ ਤੇ ਕਿੰਨੋ ਦੇ ਬੂਟਿਆਂ ਨੂੰ ਭਰਵਾਂ ਫ਼ਲ ਪੈਂਦਾ ਹੈ। ਕਈ ਵਾਰ ਇਸ ਉਮਰ ਦੇ ਬੂਟਿਆਂ ਨੂੰ ੪੦੦ - ੫੦੦ ਫ਼ਲ ਲੱਗਦੇ ਹਨ। ਜੇ ਇਹ ਸਾਰਾ ਫ਼ਲ ਬੂਟਿਆਂ ਤੇ ਰਹਿਣ ਦਿੱਤਾ ਜਾਵੇ ਤਾਂ ਉਹਨਾਂ ਦੀ ਸਿਹਤ ਤੇ ਬੁਰਾ ਅਸਰ ਪੈਂਦਾ ਹੈ। ਉਹਨਾਂ ਵਿੱਚੋਂ ਕੁਝ ਬੂਟੇ ਤਾਂ ਮਰ ਵੀ ਜਾਂਦੇ ਹਨ। ਇਸ ਲਈ ਬੂਟਿਆਂ ਦੀ ਚੰਗੀ ਸਹਿਤ ਨੂੰ ਕਾਇਮ ਰੱਖਣ ਲਈ ਅਤੇ ਅਉਣ ਵਾਲੇ ਸਮੇਂ ਵਿੱਚ ਚੰਗਾ ਫ਼ਲ ਪ੍ਰਾਪਤ ਕਰਨ ਲਈ ਮਈ ਦੇ ਮਹੀਨੇ ਕਿੰਨੋ ਦੇ ਇਹਨਾਂ ਫ਼ਲੇ ਹੋਏ ਬੂਟਿਆਂ ਤੇ ਪਏ ਫ਼ਲ ਨੂੰ ਬੜੀ ਸੂਝ - ਬੂਝ ਨਾਲ ਵਿਰਲਾ ਕਰਨਾ ਚਾਹੀਦਾ ਹੈ।
ਨਦੀਨ ਨਿੰਬੂ ਜਾਤੀ ਦੇ ਰੱਖਾਂ ਨਾਲ ਖੁਰਾਕੀ ਤੱਤਾਂ, ਰੋਸ਼ਨੀ, ਪਾਣੀ ਅਤੇ ਵਧਣ ਦੀ ਜਗ੍ਹਾ ਵਾਸਤੇ ਜਦੋ ਜਹਿਦ ਕਰਦੇ ਹਨ। ਇਸ ਤੋਂ ਇਲਾਵਾ ਕਈ ਬਿਮਾਰੀਆਂ, ਕੀੜੇ ਅਤੇ ਚੂਹੇ ਇਹਨਾਂ ਦੀ ਆੜ ਵਿੱਚ ਰਹਿੰਦੇ ਹਨ। ਨਿੰਬੂ ਜਾਤੀ ਦੇ ਬਾਗਾਂ ਵਿੱਚ ਨਦੀਨਾਂ ਦੀ ਰੋਕਥਾਮ ਨਾਲ ਝਾੜ ਵਿੱਚ ਵਾਧਾ ਹੁੰਦਾ ਹੈ। ਨਦੀਨਾ ਦੀ ਕਾਮਯਾਬੀ ਨਾਲ ਰੋਕਥਾਮ, ਨਦੀਨਾਂ ਦੀ ਸਹੀ ਪਹਿਚਾਣ ਅਤੇ ਉਹਨਾਂ ਦੀ ਰੋਕਥਾਮ ਲਈ ਸਹੀ ਤਰੀਕਿਆਂ ਦੀ ਚੋਣ ਤੇ ਨਿਰਭਰ ਕਰਦੀ ਹੈ। ਨਦੀਨਾਂ ਦੀ ਰੋਕਥਾਮ ਰਸਾਇਣਕ ਅਤੇ ਮਸ਼ੀਨੀ ਢੰਗ ਨਾਲ ਕੀਤੀ ਜਾ ਸਕਦੀ ਹੈ। ਨਿੰਬੂ ਜਾਤੀ ਦੇ ਬੂਟਿਆਂ ਦੀਆਂ ਜੜ੍ਹਾਂ ਜ਼ਿਆਦਾ ਡੂੰਘੀਆਂ ਨਹੀਂ ਹੁੰਦੀਆਂ ਅਤੇ ਡੂੰਘਾ ਹੱਲ ਚਲਾਉਣ ਨਾਲ ਜਖਮੀ ਹੋ ਜਾਂਦੀਆਂ ਹਨ, ਇਸ ਲਈ ਨਿੰਬੂ ਜਾਤੀ ਦੇ ਬਾਗਾਂ ਵਿੱਚ ਵਾਹੀ ਹਲਕੀ ਤੇ ਲੋੜ ਅਨੁਸਾਰ ਕਰਨੀ ਚਾਹੀਦੀ ਹੈ। ਨਦੀਨ ਨਾਸ਼ਕ ਦਵਾਈਆਂ ਨਾਲ ਵੀ ਨਿੰਬੂ ਜਾਤੀ ਦੇ ਬਾਗਾਂ ਵਿੱਚ ਨਦੀਨਾਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ ਅਤੇ ਇਹ ਢੰਗ ਬਾਗਬਾਨਾਂ ਵਿੱਚ ਕਾਫੀ ਮਸ਼ਹੂਰ ਹੋ ਰਿਹਾ ਹੈ। ਨਦੀਨ ਨਾਸ਼ਕਾਂ ਦੀ ਵਰਤੋਂ ਬਹੁਤ ਧਿਆਨ ਨਾਲ ਕਰਨੀ ਚਾਹੀਦੀ ਹੀ, ਗਲਤ ਵਰਤੋਂ ਨਾਲ ਕਾਫੀ ਨੁਕਸਾਨ ਵੀ ਹੋ ਸਕਦਾ ਹੈ। ਛਿੜਕਾਅ ਕਰਦੇ ਸਮੇਂ ਧਿਆਨ ਰੱਖੋ ਕਿ ਨਦੀਨ ਨਾਸ਼ਕ ਰੁੱਖਾਂ ਉਪਰ ਨਾਂ ਪਵੇ। ਵੱਡੇ ਬਾਗਾਂ ਵਿੱਚ ਮਾਰਚ ਦੇ ਦੂਸਰੇ ਪੰਦਰਵਾੜ੍ਹੇ ਨਦੀਨ ਉੱਗਣ ਤੋਂ ਬਾਅਦ ਗਲਾਈਸਿਲ ੪੧ ਐਸ.ਐਲ.(ਗਲਾਈਫੋਸੇਟ) ਦਾ ੧.੬ ਲਿਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਪਹਿਲਾ ਛਿੜਕਾਅ ਕਰੋ ਅਤੇ ਫਿਰ ਜੁਲਾਈ ਦੇ ਦੂਸਰੇ ਪੰਦਰਵਾੜ੍ਹੇ ਵਿੱਚ ਗਲਾਈਸਿਲ ੪੧ ਐਸ.ਐਲ. ਜਾਂਗਰਾਮੋਕਸੋਨ ੨੪ ਡਬਲਯੂ ਐਸ.ਸੀ (ਪੈਰਾਕੁਆਏਟ) ੧.੨ ਲਿਟਰ ਪ੍ਰਤੀ ਏਕੜ ਦਾ ਦੂਸਰਾ ਛਿੜਕਾਅ ੨੦੦ ਲਿਟਰ ਪਾਣੀ ਵਿੱਚ ਘੋਲ ਕੇ ਕਰਨ ਨਾਲ ਨਦੀਨਾਂ ਤੇ ਕਾਬੂ ਪਾਇਆ ਜਾ ਸਕਦਾ ਹੈ। ਨਦੀਨ ਨਾਸ਼ਕਾਂ ਦਾ ਛਿੜਕਾਅ ਕਰਦੇ ਸਮੇਂ ਇਸ ਗੱਲ ਦਾ ਧਿਆਨ ਰੱਖੋ ਕਿ ਨਦੀਨ ਨਾਸ਼ਕ ਫ਼ਲਦਾਰ ਬੂਟਿਆਂ ਦੇ ਪੱਤਿਆਂ ਤੇ ਨਾਂ ਪਵੇ।
ਸਰੋਤ : ਏ ਬੂਕਸ ਓਨ੍ਲਿਨੇ
ਆਖਰੀ ਵਾਰ ਸੰਸ਼ੋਧਿਤ : 11/19/2019