ਜਦੋਂ ਪਨੀਰੀ ਵਾਲੇ ਬੂਟੇ ਔਸਤਨ ੧੦ -੧੨ ਸੈ.ਮੀ. ਉੱਚਾਈ ਦੇ ਹੋ ਜਾਣ ਤਾਂ ਇਹਨਾਂ ਨੂੰ ਪੁੱਟ ਕੇ ਨਰਸਰੀ ਦੇ ਵੱਡੇ ਕਿਆਰਿਆਂ ਵਿੱਚ ਲਗਾ ਦੇਵੋ। ਸਤੰਬਰ ਵਿੱਚ ਬੀਜੇ ਬੀਜਾਂ ਤੋਂ ਬੂਟੇ ਫਰਵਰੀ - ਮਾਰਚ ਵਿੱਚ ਪੁੱਟ ਕੇ ਵੱਡੀਆਂ ਕਿਆਰੀਆਂ ਵਿੱਚ ਲਗਾਉਣ ਯੋਗ ਹੋ ਜਾਂਦੇ ਹਨ ਅਤੇ ਜੇਕਰ ਵਾਧੇ ਲਈ ਸਹੀ ਹਾਲਾਤ ਹੋਣ ਤਾਂ ਅਗਲੇ ਸਤੰਬਰ ਤੱਕ ਇਹਨਾਂ ਬੂਟਿਆਂ ਦੀ ਮੁਟਾਈ ਪਿਉਂਦ ਕਰਨ ਯੋਗ ਹੋ ਜਾਂਦੀ ਹੈ। ਬੂਟਿਆਂ ਨੂੰ ਨਰਸਰੀ ਦੇ ਵੱਡੇ ਕਿਆਰਿਆਂ ਵਿੱਚ ਲਗਾਉਣ ਲਈ ਜੁਲਾਈ - ਅਗਸਤ ਦਾ ਸਮਾਂ ਵੀ ਚੰਗਾ ਹੁੰਦਾ ਹੈ।
ਇੱਕੋ ਜਿਹੇ ਵਾਧੇ ਅਤੇ ਫੈਲਾਅ ਵਾਲੇ ਬੂਟੇ ਹੀ ਵੱਡੇ ਕਿਆਰਿਆਂ ਵਿੱਚ ਲਗਾਉਣੇ ਚਾਹੀਦੇ ਹਨ। ਲਗਭਗ ੨੫ ਪ੍ਰਤੀਸ਼ਤ ਬੂਟੇ ਜੋ ਬਹੁਤ ਛੋਟੇ ਜਾਂ ਬਹੁਤ ਲੰਮੇ ਹੋਣ ਜਾਂ ਗੁੱਛਾ - ਮੁੱਛਾ ਹੋਈਆਂ ਜੜਾਂ ਵਾਲੇ ਹੋਣ, ਚੋਣ ਵੇਲੇ ਬਾਹਰ ਕੱਢ ਦੇਣੇ ਚਾਹੀਦੇ ਹਨ। ਇਸ ਤਰ੍ਹਾਂ ਕਰਨ ਨਾਲ ਜੜ੍ਹ - ਮੁੱਢ ਦੀ ਇੱਕ ਸਾਰਤਾ ਅਤੇ ਮੁੱਢਲੇ ਸ਼ੁਧ ਪੌਦਿਆਂ ਦੀ ਚੋਣ ਯਕੀਨੀ ਬਣਾਉਂਦੀ ਹੈ। ਪਨੀਰੀ ਲਗਾਉਣ ਸਮੇਂ ਧਿਆਨ ਰੱਖਣਾ ਚਾਹੀਦਾ ਹੈ ਕਿ ਜੜ੍ਹਾਂ ਇੱਕਠੀਆਂ ਜਾਂ ਦੋਹਰੀਆਂ ਨਾਂ ਹੋ ਜਾਣ। ਜੇ ਜਰੂਰੀ ਹੋਵੇ ਤਾਂ ਪਨੀਰੀ ਲਗਾਉਣ ਤੋਂ ਪਹਿਲਾਂ ਜੜ੍ਹਾਂ ਥੋੜ੍ਹੀਆਂ ਕੱਟ ਦੇਣੀਆਂ ਚਾਹੀਦੀਆਂ ਹਨ। ਪਨੀਰੀ ਲਗਾਉਣ ਸਮੇਂ ਪੌਦਿਆਂ ਦੇ ਆਲੇ ਦੁਆਲੇ ਦੀ ਮਿੱਟੀ ਨੂੰ ਚੰਗੀ ਤਰ੍ਹਾਂ ਦਬ ਦੇਣਾ ਚਾਹੀਦਾ ਹੈ ਅਤੇ ਹਲਕਾ ਪਾਣੀ ਦੇਣਾ ਚਾਹੀਦਾ ਹੈ।
ਨਰਸਰੀ ਵਿੱਚ ਜੱਟੀ - ਖੱਟੀ ਦੀ ਪੌਦ ਉਪਰ ੧.੫ ਪ੍ਰਤੀਸ਼ਤ ਯੂਰੀਏ ਦਾ ਛਿੜਕਾਅ ਮਾਰਚ ਤੋਂ ਸ਼ੁਰੂ ਕਰਕੇ ਦਸੰਬਰ ਤੱਕ ਇੱਕ ਮਹੀਨੇ ਦੇ ਫ਼ਰਕ ਨਾਲ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਜੱਟੀ - ਖੱਟੀ ਦੇ ਜ਼ਿਆਦਾ ਬੂਟੇ ਅੱਖ ਚਾੜ੍ਹਣ ਲਈ ਛੇਤੀ ਤਿਆਰ ਹੋ ਜਾਂਦੇ ਹਨ ਅਤੇ ਕਿੰਨੋ ਦੇ ਨਰੋਏ ਬੂਟੇ ਤਿਆਰ ਹੁੰਦੇ ਹਨ। ਯੂਰੀਏ ਦੀ ਸਪਰੇ ਉਦੋਂ ਸ਼ੁਰੂ ਕਰਨੀ ਚਾਹੀਦੀ ਹੈ ਜਦੋਂ ਖੱਟੀ ਦੇ ਬੂਟੇ ਨਰਸਰੀ ਵਿੱਚ ਚੰਗੀ ਤਰ੍ਹਾਂ ਸਥਾਪਤ ਹੋ ਜਾਣ। ਸਮੇਂ - ਸਮੇਂ ਤੇ ਜੜ੍ਹ - ਮੁੱਢ ਤੋਂ ਫੁਟਾਰਾ ਤੋੜਦੇ ਰਹਿਣਾ ਚਾਹੀਦਾ ਹੈ।
ਖੇਤ ਜਾਂ ਬਗੀਚੀ ਵਾਲੀ ਨਰਸਰੀ ਵਿੱਚੋਂ ਮਿੱਟੀ ਵਿੱਚੋਂ ਉੱਲੀ ਰੋਗਾਂ ਨੂੰ ਖਤਮ ਕਰਨਾ ਬਹੁਤ ਜ਼ਿਆਦਾ ਮੁਸ਼ਕਿਲ ਹੈ, ਨਤੀਜੇ ਵਜੋਂ ਅੱਜਕਲ ਲਿਫ਼ਾਫਿਆਂ ਵਿੱਚ ਬੂਟੇ ਬਨਾਉਣ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਲਿਫ਼ਾਫਿਆਂ ਵਿੱਚ ਬੂਟੇ ਤਿਆਰ ਕਰਨ ਲਈ ਸ਼ੁਰੂਆਤ ਲਿਫਾਫਿਆਂ ਵਿੱਚ ਭਰੇ ਜਾਣ ਵਾਲੇ ਮਿਸ਼ਰਣ ਨੂੰ ਤਿਆਰ ਕਰਨ ਅਤੇ ਜੀਵਾਣੂ ਮੁਕਤ ਕਰਨ ਨਾਲ ਹੁੰਦੀ ਹੈ। ਇਸ ਮਿਸ਼ਰਣ ਵਿੱਚ ਪੈਣ ਵਾਲੀਆਂ ਚੀਜ਼ਾਂ, ਉਪਲਭਧਤਾ ਮੁਤਾਬਿਕ ਅਲਗ - ਅਲਗ ਹੋ ਸਕਦੀਆਂ ਹਨ। ਪਰ ਮਿੱਟੀ ਸਦਾ ਉਸ ਖੇਤ ਵਿੱਚੋਂ ਲੈਣੀ ਚਾਹੀਦੀ ਹੈ ਜਿਥੇ ਪਹਿਲਾਂ ਨਿੰਬੂ ਜਾਤੀ ਦੇ ਬੂਟਿਆਂ ਦੀ ਕਾਸ਼ਤ ਨਾਂ ਹੁੰਦੀ ਹੋਵੇ।
ਸੂਰਜ ਦੀ ਗਰਮੀ ਨਾਲ ਮਿਸ਼ਰਣ ਨੂੰ ਜੀਵਾਣੂ ਰਹਿਤ ਕਰਨ ਲਈ ਮਿਸ਼ਰਨ ਨੂੰ ਚੰਗੀ ਤਰ੍ਹਾਂ ਮਿਲਾਇਆ ਜਾਂਦਾ ਹੈ ਅਤੇ ਸੀਮੇਂਟ ਦੇ ਬਣੇ ਫਰਸ਼ ਉੱਤੇ ਇਸਦੀ ੪੫ ਸੈ.ਮੀ. ਮੋਟੀ ਤਹਿ ਵਿਛਾ ਦਿੱਤੀ ਜਾਂਦੀ ਹੈ। ਮਿਸ਼ਰਣ ਨੂੰ ਚੰਗੀ ਤਰ੍ਹਾਂ ਪਾਣੀ ਨਾਲ ਗੜੁਚ ਕਰਨ ਤੋਂ ਬਾਅਦ ੧੦੦ ਮਾਇਕਰੌਨ (ਮਚਿਰੋਨ) ਮੋਟੀ ਪਾਰਦਰਸ਼ੀ ਪਲਾਸਟਿਕ ਦੀ ਚਾਦਰ ਨਾਲ ਮਈ – ਜੂਨ ਵਿੱਚ ਢੱਕ ਦਿੱਤਾ ਜਾਂਦਾ ਹੈ। ਇਹਨਾਂ ਮਹੀਨਿਆਂ ਵਿੱਚ ਤਾਪਮਾਨ ਬਹੁਤ ਜ਼ਿਆਦਾ ਹੋਣ ਕਾਰਨ ਮਿੱਟੀ ਚੰਗੀ ਤਰ੍ਹਾਂ ਜੀਵਾਣੂ ਮੁੱਕਤ ਹੋ ਜਾਂਦੀ ਹੈ। ਪਲਾਸਟਿਕ ਦੀ ਚਾਦਰ ਦੇ ਸਿਰੇ ਚੰਗੀ ਤਰ੍ਹਾਂ ਬੰਦ ਕਰ ਦੇਣੇ ਚਾਹੀਦੇ ਹਨ ਜਿਸ ਨਾਲ ਗਰਮ ਹਵਾ ਅਤੇ ਨਮੀ ਬਾਹਰ ਨਾਂ ਨਿਕਲ ਸਕੇ। ਮਿੱਟੀ ਨੂੰ ਜੀਵਾਣੂ ਰਿਹਤ ਹੋਣ ਵਿੱਚ ੪ ਤੋਂ ੬ ਹਫਤੇ ਲੱਗ ਜਾਂਦੇ ਹਨ।
ਸੂਰਜ ਨਾਲ ਜਿਵਾਣੂ ਰਹਿਤ ਹੋਏ ਮਿਸ਼ਰਣ ਵਿੱਚ ੫੦ ਗ੍ਰਾਮ ਬਾਸਾਮਿਡ (ਧੳਜ਼ੋਮੲਟ) ੪੫ ਸੈ.ਮੀ. ਮੋਟੀ ਤਹਿ ਦੇ ਪ੍ਰਤੀ ਵਰਗ ਮੀਟਰ ਵਿੱਚ ਚੰਗੀ ਤਰ੍ਹਾਂ ਮਿਲਾ ਦਿੱਤਾ ਜਾਂਦਾ ਹੈ। ਬਾਸਾਮਿਡ ਨਮੀ ਨਾਲ ਮਿਲਣ ਤੇ ਬਹੁਤ ਜ਼ਹਰੀਲੀ ਗੈਸ ਮਿਥਾਇਲ ਆਇਸੋ ਸਾਇਆਨਾਈਡ ਛੱਡਦੀ ਹੈ ਜੋ ਮਿੱਟੀ ਵਿੱਚ ਮੌਜੂਦ ਹਰ ਤਰ੍ਹਾਂ ਦੇ ਜੀਵ, ਬੀਜ, ਆਦਿ ਨੂੰ ਖਤਮ ਕਰ ਦਿੰਦੀ ਅਤੇ ਮਿੱਟੀ ਪੂਰੀ ਤਰ੍ਹਾਂ ਜਿਵਾਣੂ ਰਹਿਤ ਹੋ ਜਾਂਦੀ ਹੈ। ਸੂਰਜ ਦੀ ਗਰਮੀ ਅਤੇ ਗੈਸਾਂ ਨਾਲ ਪੂਰੀ ਤਰ੍ਹਾਂ ਜਿਵਾਣੂ ਰਹਿਤ ਮਿੱਟੀ ਦੇ ਮਿਸ਼ਰਣ ਨੂੰ ਟਰੇਆਂ ਅਤੇ ਲਿਫ਼ਾਫੇ ਭਰਨ ਲਈ ਵਰਤਿਆ ਜਾਂਦਾ ਹੈ।
ਜ਼ਿਆਦਾ ਤਰ ਨਰਸਰੀਆਂ ਵਿੱਚ ਨਿੰਬੂ ਜਾਤੀ ਦੇ ਫ਼ਲਾਂ ਦੇ ਬੂਟੇ ਪਿਉਂਦ ਚਾੜ੍ਹ ਕੇ ਤਿਆਰ ਕੀਤੇ ਜਾਂਦੇ ਹਨ। ਪਰ ੩੦ ਤਰ੍ਹਾਂ ਦੇ ਰੋਗਾਣੂ ਪਿਉਂਦ ਰਾਹੀਂ ਫੈਲ ਸਕਦੇ ਹਨ। ਪਿਉਂਦ ਨਾਲ ਫੈਲਣ ਵਾਲੀਆਂ ਮੁੱਖ ਬਿਮਾਰੀਆਂ ਹਨ ਗਰੀਨਿੰਗ, ਟ੍ਰਿਸਟੇਜਾ, ਐਕਜ਼ੋਕੌਰਟਿਸ, ਗੋਲ ਧੱਬਿਆਂ ਦਾ ਰੋਗ, ਆਦਿ। ਜੇਕਰ ਬੂਟੇ ਨੂੰ ਇੱਕ ਵਾਰ ਇਹ ਬਿਮਾਰੀ ਲੱਗ ਜਾਵੇ ਤਾਂ ਇਸ ਨਾਲ ਝਾੜ, ਬੂਟੇ ਦੇ ਵਾਧੇ ਅਤੇ ਬੂਟੇ ਦੀ ਉਮਰ ਤੇ ਬਹੁਤ ਮਾੜਾ ਅਸਰ ਪੈਂਦਾ ਹੈ।ਪਿਉਂਦ ਵਾਸਤੇ ਅੱਖ ਵਾਲੀ ਲਕੜੀ ਸਹੀ ਕਿਸਮ ਦੇ ਚੰਗਾ ਝਾੜ ਦੇਣ ਵਾਲੇ ਅਤੇ ਰੋਗ ਰਹਿਤ ਰੁੱਖਾਂ ਤੋਂ ਲੈਣੀ ਚਾਹੀਦੀ ਹੈ। ਮਾਂ ਰੁੱਖਾਂ ਨੂੰ ੪੦ ਮੈਸ਼ ਦੀ ਜਾਲੀ ਨਾਲ ਬਣੇ ਜਾਲੀਦਾਰ ਘਰਾਂ ਵਿੱਚ ਉਗਾਓ। ਮਾਂ ਰੁੱਖਾਂ ਦੀ ਗਰੀਨਿੰਗ ਅਤੇ ਹੋਰ ਵਿਸ਼ਾਣੂ ਰੋਗਾਂ ਤੋਂ ਰਹਿਤ ਹੋਣ ਲਈ ਸਮੇਂ - ਸਮੇਂ ਸਿਰ ਜਾਂਚ ਕਰਾਉਂਦੇ ਰਹੋ। ਪਿਉਂਦ ਵਾਲੀ ਲਕੜ ਹਰੀ, ਗੋਲ ਅਤੇ ਨਰਮ ਛਿੱਲ ਵਾਲੀ ਹੋਣੀ ਚਾਹੀਦੀ ਹੈ ਅਤੇ ਵਟਾਂ ਵਾਲੀ ਪਿਉਂਦੀ ਲਕੜ ਦੀ ਵਰਤੋਂ ਨਹੀਂ ਕਰਨੀ ਚਾਹਿਦੀ। ਟਾਹਣੀ ਦੇ ਸਭ ਤੋਂ ਥੱਲੇ ਵਾਲੀਆਂ ਦੋ - ਤਿੰਨ ਅੱਖਾਂ, ਜੋ ਅਕਸਰ ਪੂਰੀ ਤਰ੍ਹਾਂ ਵਿਕਸਿਤ ਨਹੀਂ ਹੁੰਦੀਆਂ, ਪਿਉਂਦ ਲਈ ਨਹੀਂ ਵਰਤਣੀਆਂ ਚਾਹੀਦੀਆਂ। ਪਿਉਂਦ ਵਾਲੀ ਲੱਕੜ ਨੂੰ ਸੁਕਣ ਤੋਂ ਬਚਾਉਣ ਲਈ ਪੱਤੇ ਉਤਾਰ ਦੇਣੇ ਚਾਹੀਦੇ ਹਨ। ਜੇਕਰ ਪਿਉਂਦੀ ਲਕੜ ਦੀ ਉਸੇ ਵੇਲੇ ਜ਼ਰੂਰਤ ਨਾਂ ਹੋਵੇ ਤਾਂ ਇਸ ਨੂੰ ਪਲਾਸਟਿਕ ਦੇ ਲਿਫਾਫੇ ਵਿੱਚ ਲਪੇਟ ਕੇ ਫਰਿਜ਼ ਵਿੱਚ ਰੱਖ ਦੇਣਾ ਚਾਹੀਦਾ ਹੈ। ਜੇਕਰ ਪਿਉਂਦੀ ਲਕੜ ਦਾ ਭੰਡਾਰਣ ਜ਼ਿਆਦਾ ਸਮੇਂ ਲਈ ਕਰਨਾ ਹੋਵੇ ਤਾਂ ਇਹਨਾਂ ਨੂੰ ਗਿਲੇ ਅਖਬਾਰ ਵਿੱਚ ਲਪੇਟ ਕੇ ਪਲਾਸਟਿਕ ਦੇ ਲਿਫਾਫੇ ਵਿੱਚ ਚੰਗੀ ਤਰ੍ਹਾਂ ਬੰਦ ਕਰਕੇ ਫਰਿਜ਼ ਵਿੱਚ ਰੱਖੋ।
ਸਰੋਤ : ਏ ਬੂਕਸ ਓਨ੍ਲਿਨੇ
ਆਖਰੀ ਵਾਰ ਸੰਸ਼ੋਧਿਤ : 2/6/2020