ਬੂਟੇ ਨੂੰ ਸ਼ੁਰੂਆਤ ਵਿੱਚ ਵਾਧੇ ਲਈ ਚੰਗੇ ਹਾਲਾਤ ਮਿਲਣ ਅਤੇ ਜੜ੍ਹਾਂ ਦਾ ਸਹੀ ਵਾਧਾ ਹੋ ਸਕੇ, ਇਸ ਲਈ ੧ ਮੀਟਰ ਵਿਆਸ ਵਲੇ ਅਤੇ ੧ ਮੀਟਰ ਡੰਘੇ ਟੋਏ ਪੁੱਟਣੇ ਚਾਹੀਦੇ ਹਨ। ਜੇਕਰ ਮਿੱਟੀ ਬਹੁਤ ਭਾਰੀ ਹੋਵੇ ਜਾਂ ਮਿੱਟੀ ਵਿੱਚ ਸਖਤ ਤਹਿ ਹੋਵੇ ਤਾਂ ਟੋਏ ਪੁੱਟਣੇ ਬਹੁਤ ਜ਼ਰੂਰੀ ਹੋ ਜਾਂਦੇ ਹਨ। ਟੋਇਆ ਪੁੱਟਣ ਸਮੇਂ ਉਪਰਲੇ ਅੱਧ ਦੀ ਮਿੱਟੀ ਇੱਕ ਪਾਸੇ ਅਤੇ ਹੇਠਲੇ ਅੱਧ ਦੀ ਮਿੱਟੀ ਅਲੱਗ ਰੱਖੀ ਜਾਂਦੀ ਹੈ। ਗਰਮੀਆਂ ਵਿੱਚ ਟੋਏ ੨ ਤੋਂ ੪ ਹਫਤੇ ਖੁਲ੍ਹੇ ਰਹਿਣ ਦਿੱਤੇ ਜਾਂਦੇ ਹਨ ਤਾਂ ਜੋ ਹਰ ਤਰ੍ਹਾਂ ਦੇ ਜੀਵ ਅਤੇ ਜਿਵਾਣੂ ਮਰ ਜਾਣ। ਟੋਇਆਂ ਨੂੰ ਇਕੋ ਜਿਹੀ ਮਾਤਰਾ ਵਿੱਚ ਵਾੜੇ ਦੀ ਖਾਦ ਅਤੇ ਉਪਰਲੀ ਮਿੱਟੀ ਨੂੰ ਚੰਗੀ ਤਰ੍ਹਾਂ ਮਿਲਾ ਕੇ ਜ਼ਮੀਨ ਤੋਂ ੫ - ੭ ਸੈਂਟੀਮੀਟਰ ਉੱਚਾ ਭਰੋ ਅਤੇ ਖੁਲ੍ਹਾ ਪਾਣੀ ਲਗਾਉ ਤਾਂ ਜੋ ਨਰਮ ਮਿੱਟੀ ਚੰਗੀ ਤਰ੍ਹਾਂ ਥੱਲੇ ਬੈਠ ਜਾਵੇ। ਹਰ ਟੋਏ ਵਿੱਚ ੫ ਮਿ.ਲੀ. ਕਲੋਰਪਾਈਰੀਫ਼ਾਸ ੨੦ ਈ.ਸੀ. ਜਾਂ ਲਿੰਨਡੇਨ ੫ ਪ੍ਰਤੀਸ਼ਤ ਧੂੜਾ ਦੋ ਕਿਲੋ ਮਿੱਟੀ ਵਿੱਚ ਮਿਲਾ ਕੇ ਟੋਇਆਂ ਵਿੱਚ ਸਿਉਂਕ ਦੀ ਰੋਕਥਾਮ ਲਈ ਪਾਉ। ਜਦੋਂ ਟੋਇਆ ਭਰ ਕੇ ਤਿਆਰ ਹੋ ਜਾਣ ਤੇ ਪਲਾਟਿੰਗ ਬੋਰਡ ਇਸ ਢੰਗ ਨਾਲ ਰੱਖਿਆ ਜਾਂਦਾ ਹੈ ਕਿ ਪਾਸੇ ਦੀਆਂ ਕਿੱਲੀਆਂ ਸਿਰਿਆਂ ਦੇ ਦੰਦਿਆਂ ਵਿੱਚ ਚੰਗੀ ਤਰ੍ਹਾਂ ਆ ਜਾਣ। ਪਲਾਂਟਿੰਗ ਬੋਰਡ ਦੇ ਵਿਚਕਾਰਲੇ ਦੰਦੇ ਵਾਲੀ ਥਾਂ ਤੇ ਪੌਦਾ ਟੋਏ ਵਿੱਚ ਲਗਾ ਦਿੱਤਾ ਜਾਂਦਾ ਹੈ। ਪੌਦੇ ਨੂੰ ਅਜਿਹੇ ਢੰਗ ਨਾਲ ਟੋਏ ਵਿੱਚ ਰੱਖਣਾ ਚਾਹੀਦਾ ਹੈ ਕਿ ਲਗਣ ਤੋਂ ਬਾਅਦ ਇਹ ਜ਼ਮੀਂ ਤੋਂ ਉਨਾਂ ਹੀ ਬਾਹਰ ਹੋਵੇ ਜਿਨਾਂ ਨਰਸਰੀ ਵਿੱਚ ਸੀ ਅਤੇ ਹਰ ਹਾਲਤ ਵਿੱਚ ਪਿਉਂਦੀ ਜੋੜ ਮਿੱਟੀ ਤੋਂ ਘੱਟੋ ਘੱਟ ੧੫ ਸੈਂਟੀਮੀਟਰ ਉਪਰ ਰਹਿਣਾ ਚਾਹੀਦਾ ਹੈ। ਇਸ ਤੋਂ ਬਾਅਦ ਟੋਏ ਨੂੰ ਚੰਗੀ ਤਰ੍ਹਾਂ ਭਰ ਦਿਓ ਅਤੇ ਮਿੱਟੀ ਨੂੰ ਚੰਗੀ ਤਰ੍ਹਾਂ ਦਬਾਓ। ਦਬਾਉਣ ਸਮੇਂ ਗਾਚੀ ਜਾਂ ਜੜ੍ਹਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਣਾ ਚਾਹੀਦਾ। ਪੌਦੇ ਲਗਾਉਣ ਤੋਂ ਬਾਅਦ ਪਾਣੀ ਲਗਾਉ। ਅਗਲੇ ਦਿਨ ਨਵੇਂ ਲਗਾਏ ਬੂਟਿਆਂ ਦਾ ਬਰੀਕੀ ਨਾਲ ਮੁਆਇਨਾ ਕਰਨਾ ਚਾਹੀਦਾ ਹੈ ਕਿ ਕੋਈ ਬੂਟਾ ਟੇਢਾ ਨਾਂ ਹੋ ਗਿਆਂ ਹੋਵੇ ਜਾਂ ਮਿੱਟੀ ਨਾਂ ਬੈਠ ਗਈ ਹੋਵੇ। ਟੇਢੇ ਬੂਟੇ ਮਿੱਟੀ ਨੂੰ ਦਬਾ ਕੇ ਸਿੱਧੇ ਕਰ ਦੇਣੇ ਚਾਹੀਦੇ ਹਨ।
ਪੌਦੇ ਦੇ ਜੀਵਨ ਦੇ ਮੁੱਢਲੇ ਸਾਲ ਬਹੁਤ ਮਹੱਤਵਪੂਰਨ ਹੁੰਦੇ ਹਨ। ਇਹੋ ਸਮਾਂ ਹੈ ਜਦੋਂ ਪੌਦਾ ਭਵਿੱਖ ਵਿੱਚ ਫ਼ਲ ਦੇਣ ਲਈ ਆਪਣੇ ਆਪ ਨੂੰ ਤਿਆਰ ਕਰਦਾ ਹੈ, ਇਸ ਲਈ ਤਿੰਨ ਚਾਰ ਸਾਲ ਇਸਨੂੰ ਵੱਧ ਤੋਂ ਵੱਧ ਵਧਣ ਫੁੱਲਣ ਦਾ ਮੌਕਾ ਦੇਣਾ ਚਾਹੀਦਾ ਹੈ। ਚੰਗਾ ਵਾਧਾ ਯਕੀਨੀ ਬਨਾਉਣ ਲਈ ਲੋੜ ਮੁਤਾਬਿਕ ਖਾਦਾਂ, ਸਿੰਚਾਈ ਅਤੇ ਵਾਹੀ ਦੀ ਲੋੜ ਪੈਦੀ ਹੈ। ਛੋਟੇ ਬੂਟਿਆਂ ਨੂੰ ਕੀੜੇ, ਬਿਮਾਰੀਆਂ, ਤੇਜ਼ ਹਵਾਵਾਂ, ਜ਼ਿਆਦਾ ਗਰਮੀ ਅਤੇ ਸਰਦੀ ਤੋਂ ਚੰਗੀ ਤਰ੍ਹਾਂ ਬਚਾਉਣਾ ਚਾਹੀਦਾ ਹੈ। ਜ਼ਿਆਦਾ ਠੰਢ ਜਾਂ ਕੋਹਰਾ ਛੋਟੇ ਬੂਟਿਅਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਛੌਰਾ ਕਰਕੇ ਬੂਟਿਆਂ ਨੂੰ ਕੋਹਰੇ ਤੋਂ ਬਚਾਇਆਂ ਜਾ ਸਕਦਾ ਹੈ। ਛੌਰਾ ਕਰਨ ਲਈ ਸੁੱਕੇ ਘਾਹ, ਚੌਲਾਂ ਦੀ ਪਰਾਲੀ ਜਾਂ ਪਲਾਸਟਿਕ ਦੀ ਚਾਦਰ ਦੀ ਵਰਤੋਂ ਕੀਤੀ ਜਾਂਦੀ ਹੈ। ਬੂਟੇ ਨੂੰ ਛੌਰੇ ਨਾਲ ਚੰਗੀ ਤਰ੍ਹਾਂ ਢੱਕ ਦਿੱਤਾ ਜਾਂਦਾ ਹੈ ਪਰ ਦੱਖਣੀ ਹਿੱਸਾ ਖੁਲ੍ਹਾ ਰਖਣਾ ਚਾਹੀਦਾ ਹੈ ਤਾਂ ਜੋ ਬੂਟੇ ਨੂੰ ਧੁੱਪ ਵੀ ਮਿਲ ਸਕੇ। ਜੇ ਤਾਪਮਾਨ ਜਂਮਣ ਨਿਸ਼ਾਨ ਤੋਂ ਬਹੁਤ ਥੱਲੇ ਨਹੀਂ ਡਿਗਦਾ ਤਾਂ ਪੌਦਿਆਂ ਨੂੰ ਠੰਡ ਦੇ ਨੁਕਸਾਨ ਤੋਂ ਬਚਾਉਣ ਲਈ ਪਾਣੀ ਦੇਣਾ ਵੀ ਕਾਫੀ ਲਾਭਦਾਇਕ ਹੁੰਦਾ ਹੈ।
ਛੋਟੇ ਬੂਟਿਆਂ ਨੂੰ ਗਰਮੀਆਂ ਵਿੱਚ ਤੇਜ਼ ਧੁੱਪ ਦੀ ਸਿੱਧੀ ਮਾਰ ਤੋਂ ਬਚਾਉਣ ਲਈ ਪੌਧਿਆਂ ਦੇ ਤਣਿਆਂ ਤੇ ਸਫੈਦੀ ਕਰ ਦੇਣੀ ਚਾਹੀਦੀ ਹੈ। ਬੂਟਿਆਂ ਦੇ ਦੱਖਣ - ਪੱਛਮੀ ਹਿੱਸੇ ਵਲ ਬੀਜੀਆਂ ਜੰਤਰ ਦੀਆਂ ਕਤਾਰਾਂ ਬੂਟਿਆਂ ਨੂੰ ਸਿੱਧੀ ਧੁੱਪ ਅਤੇ ਗਰਮ ਹਵਾ ਦੇ ਨੁਕਸਾਨ ਤੋਂ ਬਚਾਉਂਦੀਆਂ ਹਨ। ਬੂਟਿਆਂ ਨੂੰ ਧੁੱਪ ਤੋਂ ਛੌਰਾ ਕਰਕੇ ਵੀ ਬਚਾਇਆ ਜਾ ਸਕਦਾ ਹੈ।
ਛੋਟੇ ਬੂਟਿਆਂ ਵਿੱਚ ਪਿਉਂਦ ਤੋਂ ਥਲੇ ਦੀਆਂ ਕਰੂੰਬਲਾਂ ਕੱਟ ਦੇਣੀਆਂ ਚਹੀਦੀਆਂ ਹਨ। ਪਹਿਲੇ ਕੁਝ ਸਾਲਾਂ ਦੌਰਾਨ ਲੋੜ ਤੋਂ ਜ਼ਿਆਦਾ ਕਟਾਈ ਨਹੀਂ ਕਰਨੀ ਚਾਹੀਦੀ ਅਤੇ ਸਿਰਫ ਸੁੱਕੀਆਂ ਤੇ ਮਰੀਆਂ ਹੋਈਆਂ ਟਾਹਿਣੀਆਂ ਹੀ ਕਟਣੀਆਂ ਚਹੀਦੀਆਂ ਹਨ।
ਸਰੋਤ : ਏ ਬੂਕਸ ਓਨ੍ਲਿਨੇ
ਆਖਰੀ ਵਾਰ ਸੰਸ਼ੋਧਿਤ : 8/29/2020