ਹੋਮ / ਸਿਹਤ / ਬਜ਼ੁਰਗਾਂ ਦੀ ਸਿਹਤ / ਚੰਗਾ ਖਾਓ, ਚੰਗਾ ਜੀਓ
ਸਾਂਝਾ ਕਰੋ
Views
  • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਚੰਗਾ ਖਾਓ, ਚੰਗਾ ਜੀਓ

ਕਿਸੇ ਵੀ ਉਮਰ ਵਿੱਚ ਚੰਗਾ ਖਾਣਾ ਬੜਾ ਜ਼ਰੂਰੀ ਹੈ ਪਰ ਜਿਉਂ ਜਿਉਂ ਤੁਸੀਂ ਵਡੇਰੇ ਹੁੰਦੇ ਹੋ ਇਹ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ।

ਮੈਨੂੰ ਚੰਗਾ ਖਾਣ ਦੀ ਕੀ ਜ਼ਰੂਰਤ ਹੈ?

ਇਹ ਜ਼ਰੂਰੀ ਨਹੀਂ ਕਿ ਤੁਸੀਂ ਕਦੋਂ ਸ਼ੁਰੂ ਕਰਦੇ ਹੋ ਪਰ ਸਿਹਤਮੰਦ ਖਾਣਾ ਤੁਹਾਡੀ ਸਿਹਤ ਨੂੰ ਕਾਇਮ ਰੱਖਣ ਅਤੇ ਸੁਧਾਰਨ ਵਿੱਚ ਮਦਦ ਕਰਦਾ ਹੈ ਖਾਸ ਤੌਰ ਤੇ ਜੇ ਕਰ ਨਾਲ ਵਰਜਸ਼ ਵੀ ਕੀਤੀ ਜਾਵੇ।

ਸਿਹਤਮੰਦ ਖਾਣਾ ਅਤੇ ਬਾਕਾਇਦਾ ਸਰੀਰਕ ਵਰਜਸ਼ ਇਹ ਦੋਵੇਂ ਕਿਸੇ ਦੇ ਆਸਰੇ ਤੇ ਜਿਊਣਾ ਅਤੇ ਸੁਤੰਤਰ ਜਿਊਣ ਵਿੱਚ ਬਹੁਤ ਫ਼ਰਕ ਪਾ ਸਕਦੀਆਂ ਹਨ।

ਇਹ ਤੁਹਾਨੂੰ ਤਾਕਤ ਦੇਂਦੀਆਂ ਹਨ ਤਾਂ ਕਿ ਤੁਸੀਂ ਫੁਰਤੀਲੇ ਰਹੋ ਅਤੇ ਜੋ ਵੀ ਕੰਮ ਤੁਸੀਂ ਕਰਨਾ ਚਾਹੋ ਕਰੋ ਜਿਹਾ ਕਿ ਪੋਤਰਿਆਂ, ਦੋਹਤਰਿਆਂ ਨੂੰ ਖਿਡਾਉਣਾ, ਆਪਣੇ ਬਲਾਕ ਦੁਆਲੇ ਸੈਰ ਕਰਨੀ, ਸਮਾਜ ਸੇਵਾ ਕਰਨੀ ਜਾਂ ਕੋਈ ਹੋਰ ਕੰਮ।

ਇਹ ਕਈ ਪੁਰਾਣੀਆਂ ਬਿਮਾਰੀਆਂ ਜਿਵੇਂ ਕਿ ਦਿਲ ਦੀ ਬਿਮਾਰੀ, ਸ਼ੂਗਰ ਰੋਗ (ਡਾਇਬੀਟੀਜ਼), ਆਸਟਿਓਪਰੋਸਿਸ (ਹੱਡੀਆਂ ਦਾ ਖੁਰਨਾ) ਅਤੇ ਕਈ ਕਿਸਮ ਦੇ ਕੈਂਸਰ ਨੂੰ ਰੋਕਣ ਜਾਂ ਉਨ੍ਹਾਂ ਦੇ ਵਿਕਾਸ ਨੂੰ ਮੱਠਾ ਕਰ ਸਕਦੀਆਂ ਹਨ। ਸਿਹਤਮੰਦ ਖਾਣਾ ਅਤੇ ਵਰਜਸ਼ ਸਰੀਰਕ ਅਤੇ ਮਾਨਸਿਕ ਤਣਾਉ, ਅਪਰੇਸ਼ਨ, ਫਲੂ, ਜ਼ੁਕਾਮ ਆਦਿ ਦਾ ਮੁਕਾਬਲਾ ਕਰਨ ਵਿੱਚ ਵੀ ਮਦਦਗਾਰ ਹਨ।

ਚੰਗਾ ਖਾਣ ਅਤੇ ਚੰਗੀ ਬਿਰਧ ਅਵਸਥਾ ਭੋਗਣ ਵਿੱਚ ਕੀ ਸਬੰਧ ਹੈ?

ਬੁੱਢਾ ਹੋਣ ਦਾ ਮਤਲਬ ਹੈ ਕਿ ਤੁਸੀਂ ਆਪਣੇ ਉਸ ਸਰੀਰ ਨਾਲ ਜਿਓਣ ਦੀ ਆਦਤ ਪਾਓਣੀ ਹੈ ਜੋ ਜਵਾਨੀ ਵੇਲੇ ਕੁਝ ਵੱਖਰਾ ਸੀ। ਪਰ ਇਸਦਾ ਇਹ ਮਤਲਬ ਨਹੀਂ ਕਿ ਤੁਹਾਨੂੰ ਇਕਦਮ ਸਾਰੀਆਂ ਸਿਹਤ ਦੀਆਂ ਸਮੱਸਿਆਵਾਂ ਜਾਂ ਬਿਮਾਰੀਆਂ ਲਗ ਜਾਣਗੀਆਂ: ਮਾੜੀ ਸਿਹਤ ਜਾਂ ਮੰਦੀ ਕਿਸਮ ਦੀ ਜ਼ਿੰਦਗੀ ਤੁਹਾਡੇ ਬਜ਼ੁਰਗ ਹੋਣ ਤੇ ਆਪਣੇ ਆਪ ਨਹੀਂ ਹੋ ਜਾਂਦੀ। ਅਸਲ ਵਿੱਚ ਕਈ ਲੋਕ ਇਸ ਨੂੰ ਬੜੇ ਵਿਕਾਸ ਅਤੇ ਪ੍ਰਸਨਤਾ ਦਾ ਸਮਾਂ ਸਮਝਦੇ ਹਨ। ਸਿਹਤਮੰਦ ਰਹਿਣਾ - ਜਿਸ ਵਿੱਚ ਸਿਹਤਮੰਦ ਖਾਣਾ ਅਤੇ ਬਾਕਾਇਦਾ ਸਰੀਰਕ ਵਰਜਸ਼ ਦੋਵੇਂ ਸ਼ਾਮਲ ਹਨ - ਤੁਹਾਨੂੰ ਕੁਦਰਤੀ ਤੌਰ ਤੇ ਬਿਰਧ ਹੋਣ ਦੇ ਅਨੁਕੂਲ ਬਣਾਉਣ ਅਤੇ ਜੋਬਨ ਭਰੀ ਸ਼ਕਤੀ ਨੂੰ ਕਾਇਮ ਰੱਖਣ ਵਿੱਚ ਮਦਦ ਕਰਦੀਆਂ ਹਨ।

ਰੋਜ਼ਾਨਾ ਸੈਰ ਕਰੋ ਦਲੀਪ ਸਿੰਘ ਢਿੱਲੋਂ ਇਕ ਰਿਟਾਇਰਡ ਪੁਲਿਸ ਅਫਸਰ ਹੈ, ਇਹ ਪਰਵਾਸੀ ਹਿੰਦੁਸਤਾਨੀ ਅੱਜ ਤੋਂ 22 ਸਾਲ ਪਹਿਲਾਂ ਕੈਨੇਡਾ ਆਇਆ ਸੀ। ਅੱਜ ਕਲ ਉਹ ਰੋਜ਼ਾਨਾ 7 ਤੋਂ 8 ਕਿਲੋਮੀਟਰ ਸੈਰ ਕਰਦਾ ਹੈ। ਦਲੀਪ ਸਿੰਘ ਕਹਿੰਦਾ ਹੈ। ਸੈਰ ਮੇਰਾ ਭਾਰ ਕਾਬੂ ਰੱਖਣ ਵਿੱਚ ਮਦਦ ਕਰਦੀ ਹੈ - ਸੈਰ ਦੌਰਾਨ ਮੈਂ ਹਲਕੀ ਦੌੜ ਵੀ ਲਗਾ ਲੈਂਦਾ ਹਾਂ। ਜਦੋਂ ਮੈਨੂੰ ਪਤਾ ਲੱਗਾ ਕਿ ਮੇਰਾ ਬਲੱਡ ਪਰੈਸ਼ਰ ਹਾਈ ਹੈ ਅਤੇ ਕੋਲੈਸਟਰੌਲ ਵੀ ਵੱਧ ਹੈ ਤਾਂ ਮੇਰੇ ਸਿਹਤ ਮਾਹਰ ਨੇ ਮੈਨੂੰ ਸਲਾਹ ਦਿੱਤੀ ਕਿ ਮੈਂ ਆਪਣੀ ਵਰਜਸ਼ ਨੂੰ ਵਧਾਵਾਂ ਅਤੇ ਖਾਣੇ ਵਿੱਚ ਤਬਦੀਲੀ ਕਰਾਂ। ਦਲੀਪ ਸਿੰਘ ਨਿੰਬੂ ਪਾਕੇ ਦੋ ਗਲਾਸ ਪਾਣੀ ਪੀਣ ਨਾਲ ਆਪਣਾ ਦਿਨ ਸ਼ੁਰੂ ਕਰਦਾ ਹੈ।

ਉਹ ਚਾਹ ਪੀਂਦਾ ਹੈ, ਵਰਜਸ਼ ਕਰਦਾ ਹੈ ਅਤੇ ਫਿਰ ਨਾਸ਼ਤਾ ਕਰਦਾ ਹੈ। ਉਸਨੇ ਆਪਣੇ ਖਾਣੇ ਵਿੱਚ ਤਬਦੀਲੀ ਕਰਕੇ ਸੰਪੂਰਨ ਕਣਕ ਦੀ ਡਬਲਰੋਟੀ, ਘੱਟ ਥਿੰਧੇ ਵਾਲਾ ਦੁੱਧ ਅਤੇ ਘੱਟ ਘਣਤਾ ਵਾਲੇ ਤੇਲ ਵਰਤਣੇਂ ਸ਼ੁਰੂ ਕਰ ਦਿੱਤੇ ਹਨ। ਦਿਲ ਦਾ ਅਪਰੇਸ਼ਨ ਹੋਣ ਤੋਂ ਬਾਅਦ ਉਹ ਬਲੱਡ ਪਰੈਸ਼ਰ ਦੀ ਦਵਾਈ ਰੋਜ਼ਾਨਾ ਲੈਂਦਾ ਹੈ ਅਤੇ ਸਿਹਤਮੰਦ ਖਾਣਾ ਖਾਂਦਾ ਹੈ। ਮੈਂ ਰੋਜ਼ ਤਿੰਨ ਫਲ਼ ਲੈਂਦਾ ਹਾਂ, ਇੱਕ ਸੰਤਰਾ, ਇੱਕ ਸੇਬ ਅਤੇ ਇੱਕ ਗ੍ਰੇਪ ਫ਼ਰੂਟ। ਮੈਂ ਆਪਣੇ ਬਗੀਚੇ ਵਿੱਚ ਸਬਜ਼ੀਆਂ ਉਗਾਉਂਦਾ ਹਾਂ ਅਤੇ ਦਿਨ ਵਿੱਚ ਦੋ ਵਾਰ ਹਰਾ ਸਲਾਦ ਖਾਂਦਾ ਹਾਂ। ਉਹ ਦੱਸਦਾ ਹੈ। ਦਲੀਪ ਸਿੰਘ ਨੇ ਆਪਣੇ ਭਾਈਚਾਰੇ ਵਿੱਚ 20 ਸਾਲ ਤੋਂ ਜ਼ਿਆਦਾ ਸਮਾਂ ਸੇਵਾ ਕੀਤੀ ਹੈ। 86 ਸਾਲ ਦੀ ਉਮਰ ਵਿੱਚ ਵੀ ਉਹ ਸੇਵਾ ਤੋਂ ਪਿੱਛੇ ਨਹੀਂ ਹਟਦਾ ਅਤੇ ਕਹਿੰਦਾ ਹੈ ਕਿ ਬਜ਼ੁਰਗਾਂ ਨੂੰ ਆਪਣੀ ਸਿਹਤ ਦਾ ਖਿਆਲ ਰੱਖਣਾ ਚਾਹੀਦਾ ਹੈ। ਮੈਨੂੰ ਪਤਾ ਹੈ ਕਿ 100 ਸਾਲ ਦੀ ਉਮਰ ਵਿੱਚ ਵੀ ਮੈਂ ਸਿਹਤਮੰਦ ਹੋਵਾਂਗਾ।

ਬੁਢਾਪੇ ਬਾਰੇ ਕੁਝ ਬੁਨਿਆਦੀ ਤੱਥ ਇਹ ਹਨ:

ਹਰ ਇਕ ਦੀ ਉਮਰ ਢਲਨ ਦੀ ਦਰ ਵੱਖ ਵੱਖ ਹੁੰਦੀ ਹੈ, ਪਰ ਤੁਸੀਂ ਯਕੀਨਨ ਉਮੀਦ ਕਰ ਸਕਦੇ ਹੋ ਕਿ:

(1) ਤੁਹਾਡੇ ਦਿਲ ਅਤੇ ਨਾੜੀਆਂ (ਕਾਰਡੀਓ ਵੈਸਕੁਲਰ) ਦੀ ਪਰਨਾਲੀ ਵਿੱਚ ਤਬਦੀਲੀਆਂ। ਜਿਵੇਂ ਜਿਵੇਂ ਤੁਸੀਂ ਬੁੱਢੇ ਹੁੰਦੇ ਹੋ ਤੁਹਾਡੇ ਦਿਲ ਦੇ ਪੱਠਿਆਂ ਨੂੰ ਉਸੇ ਮਿਕਦਾਰ ਦੇ ਖੂਨ ਨੂੰ ਸਰੀਰ ਵਿੱਚ ਪਹੁਚਾਉਣ ਲਈ ਜ਼ਿਆਦਾ ਸਖ਼ਤ ਕਮ ਕਰਨਾਂ ਪੈਂਦਾ ਹੈ। ਤੁਹਾਡੀਆਂ ਨਾੜੀਆਂ ਅੰਦਰ ਚਰਬੀ ਜੰਮਣ ਕਰਕੇ ਉਹ ਸਖ਼ਤ ਹੋ ਸਕਦੀਆਂ ਹਨ ਅਤੇ ਜਿਸ ਰਸਤੇ ਖੂਨ ਜਾਂਦਾ ਹੈ ਉਹ ਵੀ ਤੰਗ ਹੋ ਸਕਦਾ ਹੈ, ਜਿਸ ਕਰਕੇ ਦਿਲ ਨੂੰ ਹੋਰ ਵੀ ਸਖ਼ਤ ਕੰਮ ਕਰਨਾ ਪੈਂਦਾ ਹੈ ਅਤੇ ਜਿਸ ਕਾਰਨ ਬਲੱਡ ਪਰੈਸ਼ਰ ਵੱਧ ਜਾਂਦਾ ਹੈ (ਜਿਸ ਨੂੰ ਹਾਈਪਰਟੈਨਸ਼ਨ ਕਹਿੰਦੇ ਹਨ)।

(2) ਤੁਹਾਡੇ ਭਾਰ ਵਿੱਚ ਤਬਦੀਲੀਆਂ। ਤੁਹਾਡੀਆਂ ਸਰਗਰਮੀਆਂ ਘਟਣ ਕਾਰਨ ਤੁਸੀਂ ਮਹਿਸੂਸ ਕਰੋਗੇ ਕਿ ਤੁਹਾਨੂੰ ਜਵਾਨੀ ਵੇਲੇ ਨਾਲੋਂ ਹੁਣ ਘੱਟ ਕੈਲਰੀਜ਼ ਦੀ ਜ਼ਰੂਰਤ ਹੈ। ਜਿਵੇਂ ਜਿਵੇਂ ਤੁਸੀਂ ਬੁੱਢੇ ਹੁਦੇ ਹੋ ਤੁਹਾਡੇ ਸਰੀਰ ਵਿੱਚ ਚਰਬੀ ਵੱਧਦੀ ਹੈ, ਪੱਠੇ ਘੱਟਦੇ ਹਨ ਜਿਸ ਕਾਰਨ ਭਾਰ ਵੱਧਦਾ ਹੈ ਅਤੇ ਕਈ ਬਿਮਾਰੀਆਂ ਦਾ ਖਤਰਾ ਪੈਦਾ ਹੋ ਜਾਂਦਾ ਹੈ।

(3) ਤੁਹਾਡੀਆਂ ਹੱਡੀਆਂ, ਜੋੜਾਂ ਅਤੇ ਪੱਠਿਆਂ ਵਿੱਚ ਤਬਦੀਲੀਆਂ। ਬੁੱਢੇ ਹੋਣ ਵਕਤ ਤੁਹਾਡੀਆਂ ਹੱਡੀਆਂ ਸੁੰਗੜਦੀਆਂ, ਘਣਤਾ (ਕਿਤਨੀਆਂ ਮੋਟੀਆਂ ਜਾਂ ਭਾਰੀਆਂ ਹਨ) ਘਟਦੀ ਅਤੇ ਛੋਟੀਆਂ ਹੁੰਦੀਆਂ ਹਨ ਤੁਸੀਂ ਛੋਟੇ ਹੋ ਸਕਦੇ ਹੋ ਤੁਹਾਡੀਆਂ ਹੱਡੀਆਂ ਛੇਤੀ ਟੁੱਟ ਸਕਦੀਆਂ ਹਨ। ਤੁਹਾਡੇ ਪੱਠੇ, ਨਾੜੀਆਂ ਅਤੇ ਜੋੜ ਉਮਰ ਨਾਲ ਸਖ਼ਤ ਹੋ ਸਕਦੇ ਹਨ ਅਤੇ ਹੋ ਸਕਦਾ ਹੈ ਕਿ ਤੁਸੀਂ ਉਤਨੇ ਤਾਕਤਵਰ ਨਾ ਰਹੋ ਜਿੰਨੇ ਪਹਿਲਾਂ ਕਦੇ ਸੀ।

(4) ਤੁਹਾਡੇ ਸੁਆਦ, ਪਿਆਸ ਅਤੇ ਹਾਜ਼ਮੇ ਵਿੱਚ ਤਬਦੀਲੀਆਂ। ਉਮਰ ਨਾਲ ਤੁਹਾਡੇ ਸੁਆਦ, ਸੁੰਘਣ ਸ਼ਕਤੀ ਸਮੇਤ ਸਾਰੇ ਗਿਆਨ ਇੰਦਰੇ ਥੋੜੇ ਮੰਦ ਹੋ ਜਾਂਦੇ ਹਨ ਜਿਸ ਕਰਕੇ ਖਾਣੇ ਵਿੱਚ ਘੱਟ ਮਜ਼ਾ ਆਉਂਦਾ ਹੈ। ਉਮਰ ਵਧਣ ਨਾਲ ਤੁਹਾਡੀ ਪਿਆਸ ਦੀ ਰੁਚੀ ਘਟੇਗੀ ਅਤੇ ਤੁਸੀਂ ਉਤਨਾ ਪਾਣੀ ਨਹੀਂ ਪੀਓਗੇ ਜਿੰਨਾਂ ਤੁਹਾਨੂੰ ਪੀਣਾ ਚਾਹੀਦਾ ਹੈ। ਹਜ਼ਮ ਕੀਤੇ ਖਾਣੇ ਨੂੰ ਸਰੀਰ ਦੀ ਪਰਨਾਲੀ ਵਿਚੋਂ ਲੰਘਣ ਨੂੰ ਜ਼ਿਆਦਾ ਸਮਾਂ ਲੱਗੇਗਾ ਅਤੇ ਤੁਹਾਨੂੰ ਪੱਕੇ ਤੌਰ ਤੇ ਕਬਜ਼ ਦਾ ਅਨੁਭਵ ਹੋ ਸਕਦਾ ਹੈ।

(5) ਤੁਹਾਡੇ ਗੁਰਦਿਆਂ ਵਿੱਚ ਤਬਦੀਲੀਆਂ। ਉਮਰ ਨਾਲ ਤੁਹਾਡੇ ਗੁਰਦਿਆਂ ਦੀ ਖੂਨ ਵਿਚੋਂ ਮੈਲ ਕੱਢਣ ਦੀ ਸਮਰੱਥਾ ਅੱਗੇ ਨਾਲੋਂ ਘੱਟ ਜਾਏਗੀ। ਉਮਰ ਦੇ ਵਧਣ ਨਾਲ ਟਾਈਪ-2 ਸ਼ੂਗਰ ਰੋਗ (ਡਾਇਬੀਟੀਜ਼) ਜਾਂ ਹਾਈ ਬਲੱਡ ਪਰੈਸ਼ਰ ਦੇ ਪੁਰਾਣੇ ਰੋਗ ਕਾਰਨ ਗੁਰਦਿਆਂ ਨੂੰ ਨੁਕਸਾਨ ਹੋ ਸਕਦਾ ਹੈ।

(6) ਅੱਖਾਂ ਵਿੱਚ ਤਬਦੀਲੀਆਂ। ਉਮਰ ਨਾਲ ਅੱਖਾਂ ਵਿੱਚ ਅੱਥਰੂ ਘੱਟ ਬਣਦੇ ਹਨ, ਰੈਟੀਨਾ (ਅੱਖ ਦਾ ਪੜਦਾ) ਪਤਲਾ ਹੋ ਜਾਂਦਾ ਹੈ ਅਤੇ ਅੱਖਾਂ ਦੇ ਲੈਂਜ਼ ਪੀਲੇ ਹੋ ਜਾਂਦੇ ਹਨ। ਜਿਸਦੇ ਨਤੀਜੇ ਵਜੋਂ ਤੁਹਾਡੀਆਂ ਅੱਖਾਂ ਨੂੰ ਚਿੱਟਾ ਮੋਤੀਆ (ਮੋਤੀਆ ਬਿੰਦ, ਚੳਟੳਰੳਚਟ), ਕਾਲਾ ਮੋਤੀਆ (ਗਲੋਕੋਮਾ) ਜਾਂ ਅੱਖਾਂ ਦੇ ਪੜਦੇ ਦਾ ਸੁੰਗੜਨਾ (ਮੈਕੂਲਰ ਡੀਜੈਨਰੇਸ਼ਨ) ਵਰਗੀਆਂ ਮੁਸ਼ਕਲਾਂ ਦਾ ਅਨੁਭਵ ਕਰਨਾ ਪੈ ਸਕਦਾ ਹੈ। ਹਾਈ ਬਲੱਡ ਪਰੈਸ਼ਰ ਅਤੇ ਸ਼ੂਗਰ ਰੋਗ (ਡਾਇਬੀਟੀਜ਼) ਵਾਲਿਆਂ ਨੂੰ ਕਾਲੇ ਮੋਤੀਏ ਦੇ ਵਧਣ ਦਾ ਜ਼ਿਆਦਾ ਖ਼ਤਰਾ ਹੈ।

ਸਿਹਤਮੰਦ ਰਹਿਣੀ ਦੇ ਅਧਾਰ

(1) ਵੰਨਸੁਵੰਨਾ ਭੋਜਨ ਖਾਓ।

(2) ਸੰਜਮ ਨਾਲ ਖਾਓ। ਆਪਣੇ ਹਿੱਸੇ ਦਾ ਧਿਆਨ ਕਰੋ, ਕਿੰਨਾ ਖਾਂਦੇ ਹੋ, ਇਸਦਾ ਫ਼ਰਕ ਪੈਂਦਾ ਹੈ।

ਜ਼ਿਆਦਾ ਖਾਓ:

(1) ਸਬਜ਼ੀਆਂ ਅਤੇ ਫ਼ਲ

(2) ਸੰਪੂਰਨ ਅਨਾਜ (ਉਦਾਹਰਣ ਵਜੋਂ: ਬਰੈੱਡ, ਪਾਸਤਾ, ਰੋਟੀ, ਜੜ੍ਹੀ ਦਾ ਦਲੀਆ, ਬਿਨਾ ਪਾਲਿਸ਼ ਚਾਵਲ) ਫਲੀਦਾਰ ਪਦਾਰਥ (ਜਿਵੇਂ ਸੇਮ, ਮਟਰ, ਦਾਲਾਂ)

(3) ਮੱਛੀ ਕੈਲਸ਼ੀਅਮ ਭਰਪੂਰ ਖਾਣੇ (ਘੱਟ ਥਿੰਦੇ ਵਾਲਾ ਦੁੱਧ, ਦਹੀ, ਚੀਜ਼ ਦੇ ਸਮੇਤ)

(4) ਅਨਸੈਚੂਰੇਟਿਡ ਫ਼ੈਟਸ (ਬਨਸਪਤੀ ਤੇਲ, ਗਿਰੀਆਂ ਅਤੇ ਬੀਜਾਂ ਤੋਂ)

(5) ਚਰਬੀ ਰਹਿਤ ਮੀਟ ਅਤੇ ਮੁਰਗਾ ਪਾਣੀ ਜ਼ਿਆਦਾ ਪੀਓ। ਰੋਜ਼ਾਨਾ ਕੁਝ ਸਰਗਰਮੀ ਰੱਖੋ।

ਘੱਟ ਖਾਓ:

(1) ਸੈਚੂਰੇਟਿਡ ਫ਼ੈਟਸ (ਜਿਹੜੀ ਮੱਖਣ, ਘਿਓ, ਸੂਰ ਦੀ ਚਰਬੀ, ਡੇਲੀਮੀਟ, ਸੂਰ ਦਾ ਮੀਟ, ਸਾਸੇਜ ਵਿੱਚ ਮਿਲਦੀ ਹੈ)

(2) ਟਰਾਂਸ ਫ਼ੈਟਸ (ਮਸ਼ੀਨੀ ਤਿਆਰ ਕੀਤੇ ਖਾਣੇ, ਬਿਸਕੁਟ, ਕੇਕ, ਤਲੀਆਂ ਹੋਈਆਂ ਚੀਜ਼ਾਂ ਵਿੱਚ ਹੁੰਦੇ ਹਨ)

(3) ਪਾਲਿਸ਼ ਕੀਤਾ ਹੋਇਆ ਜਾਂ ਸ਼ਕਤੀ ਭਰਪੂਰ ਹੋਇਆ ਅਨਾਜ

(4) ਲੂਣ ਅਤੇ ਖੰਡ (ਮਿੱਠੇ ਸ਼ਰਬਤ, ਜੈਮ, ਮਿੱਠੀਆਂ ਗੋਲੀਆਂ, ਸੇਕੇ ਹੋਏ (ਬੳਕੲਦ) ਪਦਾਰਥ)

ਮੈਂ ਆਪਣੀ ਉਮਰ ਅਨੁਸਾਰ ਚੰਗਾ ਖਾਣ ਲਈ ਕੀ ਕਰਾਂ?

ਖੋਜ ਸਿੱਧ ਕਰਦੀ ਹੈ ਕਿ ਉਮਰ ਵਧਨ ਨਾਲ ਕੁਝ ਪੌਸ਼ਟਿਕ (ਸਰੀਰ ਨੂੰ ਤਾਕਤ ਦੇਣ ਵਾਲੇ) ਤੱਤਾਂ ਦੀ ਲੋੜ ਵੀ ਵੱਧ ਜਾਂਦੀ ਹੈ। ਮਿਸਾਲ ਦੇ ਤੌਰ ਤੇ, ਬੁਢਾਪੇ ਵਿੱਚ ਜਦੋਂ ਸਰੀਰਕ ਪ੍ਰਕ੍ਰਿਆ ਹੌਲ਼ੀ ਹੋ ਜਾਂਦੀ ਹੈ ਤਾਂ ਆਂਤੜੀਆਂ ਨੂੰ ਨਰੋਆ ਅਤੇ ਨੇਮਬੱਧ ਰੱਖਣ ਲਈ ਰੇਸ਼ੇ (ਫ਼ਾਈਬਰ)ਦੀ ਜ਼ਰੂਰਤ ਜ਼ਿਆਦਾ ਹੋ ਜਾਂਦੀ ਹੈ। ਤਾਕਤ ਅਤੇ ਹੱਡੀਆਂ ਮਜ਼ਬੂਤ ਰੱਖਣ ਲਈ ਤੁਹਾਨੂੰ ਜ਼ਿਆਦਾ ਵਿਟਾਮਿਨ ਅਤੇ ਖਣਿਜ ਦੀ ਲੋੜ ਹੈ। ਤੁਹਾਨੂੰ ਜ਼ਿਆਦਾ ਪਰੋਟੀਨ ਦੀ ਵੀ ਜ਼ਰੂਰਤ ਹੋ ਸਕਦੀ ਹੈ ਖਾਸ ਕਰਕੇ ਜੇ ਤੁਹਾਡਾ ਅਪਰੇਸ਼ਨ ਹੋਇਆ ਹੈ ਜਾਂ ਕੋਈ ਪੁਰਾਣੀ ਬਿਮਾਰੀ ਹੈ। ਐਸੇ ਤਰੀਕੇ ਨਾਲ ਖਾਓ ਕਿ ਤੁਹਾਡਾ ਭਾਰ ਵੀ ਠੀਕ ਰਹੇ ਅਤੇ ਚੰਗੀ ਸਿਹਤ ਲਈ ਪੌਸ਼ਟਿਕ ਤੱਤ ਵੀ ਮਿਲਦੇ ਰਹਿਣ।

(1) ਸਬਜ਼ੀਆਂ ਅਤੇ ਫ਼ਲ।

(2) ਅਨਾਜ ਦੇ ਪਦਾਰਥ, ਬਰੈੱਡ, ਚਾਵਲ, ਪਾਸਤਾ, ਸੀਰੀਅਲ ਅਤੇ ਰੋਟੀ ਆਦਿ।

(3) ਦੁੱਧ ਅਤੇ ਉਸਦੇ ਬਦਲ ਜਿਹਾ ਕਿ ਚੀਜ਼, ਦਹੀਂ, ਲੱਸੀ, ਪੌਸ਼ਟਿਕ ਤੱਤਾਂ ਨਾਲ ਰਲਿਆ ਸੋਇਆ ਦੇ ਪੀਣ ਵਾਲੇ ਪਦਾਰਥ।

(4) ਮੀਟ - ਮੱਛੀ, ਸ਼ੈਲਫ਼ਿਸ਼, ਮੁਰਗਾ, ਚਰਬੀ ਰਹਿਤ ਮੀਟ - ਅਤੇ ਇਨ੍ਹਾਂ ਦੀ ਥਾਂ ਅੰਡੇ, ਫਲੀਆਂ, ਦਾਲਾਂ, ਛੋਲੇ, ਟੋਫ਼ੂ, ਗਿਰੀਆਂ ਅਤੇ ਗਿਰੀਆਂ ਦਾ ਮੱਖਣ। ਇਹ ਗਾਈਡ ਤੁਹਾਨੂੰ ਇਹ ਵੀ ਦੱਸਦੀ ਹੈ ਕਿ ਇੱਕ ਦਿਨ ਵਿੱਚ ਭੋਜਨ ਗਾਈਡ ਦੇ ਮੁਤਾਬਿਕ ਕਿੰਨੀਆਂ ਖੁਰਾਕਾਂ ਖਾਣੀਆਂ ਚਾਹੀਦੀਆਂ ਹਨ ਜਿਨਾਂ ਨਾਲ ਤੁਸੀਂ ਯਕੀਨੀ ਬਣਾ ਸਕੋਂ ਕਿ ਚੰਗੀ ਸਹਿਤ ਰੱਖਣ ਲਈ ਜਰੂਰੀ ਵਾਈਟਿਮਨ, ਖਣਿਜ, ਅਤੇ ਹੋਰ ਪੌਸ਼ਟਿਕ ਤੱਤ ਮਿਲ ਰਹੇ ਹਨ। ਇਹ ਫਿਰ ਤੁਹਾਡੇ ਤੇ ਹੈ ਕਿ ਆਪਣੇ ਸੁਆਦ ਅਤੇ ਜ਼ਰੂਰਤ ਦੀ ਪੂਰਤੀ ਲਈ ਭੋਜਨ ਗਾਈਡ ਨੂੰ ਅਪਣਾਉ। ਮਿਸਾਲ ਦੇ ਤੌਰ ਤੇ ਜੇ ਤੁਸੀਂ ਸ਼ਾਕਾਹਾਰੀ ਹੋ ਤਾਂ ਤੁਸੀਂ ਮੀਟ ਦੇ ਬਦਲੇ ਫਲੀਆਂ, ਦਾਲਾਂ, ਚੀਜ਼, ਪਨੀਰ ਅਤੇ ਟੋਫ਼ੂ ਤੇ ਧਿਆਨ ਦਿਓਗੇ। ਜੇਕਰ ਤੁਹਾਨੂੰ ਦੁੱਧ ਜਾਂ ਦੁੱਧ ਦੀਆਂ ਬਣੀਆਂ ਚੀਜ਼ਾਂ ਮਾਫਕ ਨਹੀਂ ਹਨ (ਢਿੱਡ ਪੀੜ ਜਾਂ ਅਫਰਾ ਹੋ ਜਾਂਦਾ ਹੈ), ਤਾਂ ਤੁਹਾਨੂੰ ਓਨਾਂ ਦੇ ਬਦਲ ਵਿਚ ਦੁੱਧ ਰਹਿਤ ਚੀਜ਼ਾਂ ਲੈਣ ਦੀ ਲੋੜ ਹੈ।

ਮੈਨੂੰ ਬਿਰਧ ਹੋਣ ਤੇ ਖਾਣਾ ਮੁਸ਼ਕਲ ਕਿਉਂ ਲਗਦਾ ਹੈ?

ਤੁਸੀਂ ਇਕੱਲੇ ਨਹੀਂ ਹੋ। ਕਾਫ਼ੀ ਬਜ਼ੁਰਗਾਂ ਲਈ ਸਿਹਤਮੰਦ ਅਤੇ ਸੰਤੁਲਤ ਆਹਾਰ ਖਾਣਾ ਇਕ ਚੁਣੌਤੀ ਭਰਿਆ ਕੰਮ ਹੈ। ਤੁਸੀਂ ਸ਼ਾਇਦ ਇਕ ਜਾਂ ਦੋ ਦਾ ਖਾਣਾ ਬਣਾਉਂਦੇ ਹੋਵੋਗੇ। ਤੁਸੀਂ ਜਵਾਨੀ ਨਾਲੋਂ ਆਪਣੇ ਆਪ ਨੂੰ ਘੱਟ ਰੁੱਝੇ ਹੋਏ ਮਹਿਸੂਸ ਕਰਦੇ ਹੋਵੋਗੇ ਜਾਂ ਤੁਹਾਡੀ ਸੁਆਦ ਅਤੇ ਸੁੰਘਣ ਦੀ ਸ਼ਕਤੀ ਅੱਗੇ ਜਿੰਨੀ ਤੇਜ਼ ਨਹੀਂ, ਇਸ ਲਈ ਨਾ ਭੁੱਖ ਲਗਦੀ ਹੈ ਅਤੇ ਨਾ ਹੀ ਖਾਣੇ ਵਿੱਚ ਦਿਲਚਸਪੀ। ਤੁਹਾਨੂੰ ਗਰੌਸਰੀ ਸਟੋਰ ਤੇ ਜਾਣਾ ਜਾਂ ਪੂਰਾ ਖਾਣਾ ਬਣਾਉਣਾ ਵੀ ਔਖਾ ਲਗਦਾ ਹੈ। ਚਾਹ ਅਤੇ ਟੋਸਟ ਤੇ ਗੁਜ਼ਾਰਾ ਕਰਨਾ ਬੜਾ ਮਨ ਪਸੰਦ ਲਗਦਾ ਹੈ। ਪਰ ਜੇਕਰ ਤੁਸੀਂ ਚੰਗਾ ਖਾਓਗੇ ਤਾਂ ਤੁਸੀਂ ਚੰਗਾ ਮਹਿਸੂਸ ਕਰੋਗੇ, ਤੁਹਾਨੂੰ ਜ਼ਿਆਦਾ ਤਾਕਤ ਮਿਲੇਗੀ ਅਤੇ ਜ਼ਿੰਦਗੀ ਉਤਸ਼ਾਹ ਭਰਪੂਰ ਅਤੇ ਦਿਲਚਸਪ ਲਗੇਗੀ। ਸਿਹਤਮੰਦ ਖਾਣੇ ਲਈ ਇਸ ਕਿਤਾਬ ਨੂੰ ਪੜ੍ਹਨਾਂ ਇਕ ਚੰਗੀ ਸ਼ੁਰੂਆਤ ਹੈ। ਪੌਸ਼ਟਿਕ ਆਹਾਰ ਲਈ ਤੁਸੀਂ ਆਪਣੇ ਡਾਕਟਰ ਜਾਂ ਡਾਇਟੀਸ਼ਨ  ਨਾਲ ਗੱਲ ਕਰ ਸਕਦੇ ਹੋ ਅਤੇ ਸਲਾਹ ਵੀ ਲੈ ਸਕਦੇ ਹੋ।

ਮੈਂ ਪੂਰੇ ਕਰਨ ਯੋਗ ਆਪਣੇ ਟੀਚੇ ਕਿਵੇਂ ਮਿਥਾਂ?

ਸਿਹਤਮੰਦ ਖਾਣੇ ਵਲ ਵਧਣ ਦਾ ਸੌਖਾ ਤਰੀਕਾ ਇਹੀ ਹੈ ਕਿ ਆਪਣੇ ਲਈ ਉਹ ਟੀਚਾ ਨਿਸਚਤ ਕਰੋ ਜੋ ਤੁਸੀਂ ਪੂਰਾ ਕਰ ਸਕਦੇ ਹੋਵੋ। ਮਿਸਾਲ ਦੇ ਤੌਰ ਤੇ ਆਪਣੇ ਆਪ ਨੂੰ ਕਹੋ ਕਿ:

(1) ਅੱਜ ਇਕ ਹੋਰ ਫਲ ਅਤੇ ਇਕ ਹੋਰ ਸਬਜ਼ੀ ਖਾਵਾਂਗੇ।

(2) ਇਸ ਹਫ਼ਤੇ ਇਕ ਉਹ ਫਲ ਜਾਂ ਸਬਜ਼ੀ ਅਜ਼ਮਾਵਾਂਗੇ ਜੋ ਪਹਿਲਾਂ ਕਦੇ ਨਹੀਂ ਅਜ਼ਮਾਈ।

(3) ਇਸ ਹਫ਼ਤੇ ਇਕ ਵਾਰ ਮੱਛੀ ਖਾਵਾਂਗੇ।

(4) ਸੈਂਡਵਿਚ ਲਈ ਪੂਰੇ ਅਨਾਜ ਵਾਲੀ ਬਰੈੱਡ ਚੁਣਾਂਗੇ।

(5) ਹਰ ਰੋਜ਼ ਇਕ ਗਲਾਸ ਪਾਣੀ ਵੱਧ ਪੀਵਾਂਗੇ।

(6) ਅੱਜ ਜ਼ਿਆਦਾ ਸਰਗਰਮ ਹੋਵਾਂਗੇ।

(7) ਡੀਪ ਫਰਾਈ ਕਰਨ ਦੀ ਬਜਾਇ ਹੋਰ ਤਰੀਕੇ ਨਾਲ ਖਾਣਾ ਬਣਾਵਾਂਗੇ।

(8) ਗਰੌਸਰੀ ਸਟੋਰ ਦੇ ਬਾਹਰਲੇ ਪਾਸੇ ਖਰੀਦ ਕਰਾਂਗੇ ਜਿਥੇ ਜ਼ਿਆਦਾ ਤਾਜ਼ਾ ਆਹਾਰ ਹੁੰਦਾ ਹੈ।

ਇਸ ਤੋਂ ਪਹਿਲਾਂ ਕਿ ਤੁਹਾਨੂੰ ਪਤਾ ਚਲੇ ਛੋਟੇ ਛੋਟੇ ਪਰਿਵਰਤਨ ਤੁਹਾਡੀ ਸਿਹਤ ਵਿੱਚ ਕਾਫ਼ੀ ਫ਼ਰਕ ਪਾ ਸਕਦੇ ਹਨ!

ਡਾਇਲ - - ਡਾਇਟੀਸ਼ਨ

ਆਪਣੀ ਸੇਵਾ ਸੰਭਾਲ ਲਈ ਡਾਇਲ-ਏ-ਡਾਇਟੀਸ਼ਨ ਮੌਜੂਦਾ ਵਿਗਿਆਨਿਕ ਸਰੋਤਾਂ ਦੇ ਅਧਾਰ ਤੇ ਪੌਸ਼ਟਿਕ ਆਹਾਰ ਦੀ ਅਸਾਨੀ ਨਾਲ ਇਸਤੇਮਾਲ ਕਰਨ ਵਾਲੀ ਜਾਣਕਾਰੀ ਦਾ ਮਾਹਰ ਹੈ। ਰਜਿਸਟਰ ਸ਼ੁਦਾ ਡਾਇਟੀਸ਼ਨ ਫ਼ੋਨ ਤੇ ਵੀ ਪੌਸ਼ਟਿਕ ਆਹਾਰ ਬਾਰੇ ਥੋੜੀ ਬਹੁਤ ਸਲਾਹ ਦੇ ਸਕਦਾ ਹੈ। ਅਗਰ ਤੁਹਾਨੂੰ ਜ਼ਿਆਦਾ ਡੂੰਘੀ ਜਾਣਕਾਰੀ ਦੀ ਲੋੜ ਹੈ ਤਾਂ ਉਹ ਤੁਹਾਨੂੰ ਹਸਪਤਾਲ ਦੇ ਆਊਟਪੇਸ਼ੈਂਟ ਡਾਇਟੀਸ਼ਨ, ਸਮਾਜਿਕ ਨਿਯੂਟ੍ਰੀਸ਼ੀਅਨਿਸ਼ਟ ਜਾਂ ਤੁਹਾਡੇ ਭਾਈਚਾਰੇ ਵਿੱਚ ਹੋਰ ਪੌਸ਼ਟਿਕ ਆਹਾਰ ਸੇਵਾਵਾਂ ਵਲ ਜਾਣ ਲਈ ਦਸੇਗਾ। ਇਹ ਸੇਵਾ ਡਾਕਟਰ ਦੀ ਸਲਾਹ ਦਾ ਬਦਲ ਨਹੀਂ। ੧੩੦ ਜ਼ੁਬਾਨਾ ਵਿੱਚ ਭਾਸ਼ਾ ਅਨੁਵਾਦਕਾਂ ਦੀਆਂ ਸੇਵਾਵਾਂ ਮਿਲ ਸਕਦੀਆਂ ਹਨ।

ਸਿਹਤਮੰਦ ਖਾਣੇ ਬਾਰੇ ਸੁਆਲ ਠੀਕ ਜਾਂ ਗਲਤ?

(1) ਸਿਹਤਮੰਦ ਖਾਣਾ ਬਹੁਤ ਮਹਿੰਗਾ ਹੈ।

ਗਲਤ। ਕੁਝ ਸਸਤੇ ਆਹਾਰ ਜ਼ਿਆਦਾ ਪੌਸ਼ਟਿਕ ਹੁੰਦੇ ਹਨ। ਸਬਜ਼ੀਆਂ, ਫਲ, ਪੂਰੇ ਅਨਾਜ ਵਾਲੀ ਬਰੈੱਡ, ਸੀਰੀਅਲ ਅਤੇ ਪਾਸਤਾ, ਬਿਨਾ ਪਾਲਸ਼ ਦੇ ਚਾਵਲ, ਪੱਕਿਆ ਹੋਇਆ ਲੋਬੀਆ ਇਨ੍ਹਾਂ ਸਾਰਿਆਂ ਵਿੱਚ ਥਿੰਧਾ ਘੱਟ, ਰੇਸ਼ਾ (ਫ਼ਾਈਬਰ) ਜ਼ਿਆਦਾ ਅਤੇ ਬਣੇ ਬਣਾਏ ਜਾਂ ਡੱਬਾ ਬੰਦ ਖਾਣਿਆਂ ਤੋਂ ਸਸਤੇ ਵੀ ਹਨ।

(2) ਘੱਟ ਥਿੰਧੇ ਵਾਲਾ ਖਾਣਾ ਬੇਸੁਆਦਾ ਅਤੇ ਅਕਾਊ ਜਿਹਾ ਹੁੰਦਾ ਹੈ।

ਗਲਤ। ਸਿਹਤਮੰਦ ਖਾਣਾ ਉਤਨਾ ਹੀ ਸੁਆਦੀ ਹੈ ਜਿੰਨਾਂ ਜ਼ਿਆਦਾ ਥਿੰਧੇ ਵਾਲਾ। ਘੱਟ ਤੇਲ ਵਿੱਚ ਬਣੇ ਪਸੰਦੀਦਾ ਖਾਣੇ ਨੂੰ ਆਪਣੇ ਅਨੁਕੂਲ

ਬਣਾਉਣਾ ਅਸਾਨ ਹੈ, ਜਿਸਨੂੰ ਖਾਕੇ ਤੁਹਾਨੂੰ ਉਤਨਾ ਹੀ ਮਜ਼ਾ ਆਵੇਗਾ (ਕੁਝ ਫ਼ਰਕ ਪਤਾ ਨਹੀਂ ਲੱਗੇਗਾ) । ਬਹੁਤ ਸਾਰੇ ਘੱਟ ਥਿੰਧੇ ਵਾਲੇ ਸੁਆਦੀ ਖਾਣਿਆਂ ਦੀਆਂ ਜੁਗਤਾਂ ਮਿਲ ਸਕਦੀਆਂ ਹਨ। ਮੰਨੋ ਜਾਂ ਨਾ, ਤੁਸੀਂ ਮਹਿਸੂਸ ਕਰੋਗੇ ਕਿ ਸਿਹਤਮੰਦ ਖਾਣਾ ਖਾਕੇ ਤੁਸੀਂ ਪੁਰਾਣੇ ਖਾਣੇ ਨਾਲੋਂ ਜ਼ਿਆਦਾ ਆਨੰਦ ਮਾਣਦੇ ਹੋ। (ਆਪਣਿਆਂ ਜੁਗਤਾਂ ਵਿੱਚ ਤੇਲ ਕਿਵੇਂ ਘਟਾਉਣਾ ਹੈ।)

(3) ਖਾਣਿਆਂ ਦੇ ਵਿਚਕਾਰ ਹਲਕੇ ਖਾਣੇ (ਸਨੈਕਸ) ਤੁਹਾਡੇ ਲਈ ਮਾੜੇ ਹਨ।

ਗਲਤ। ਖਾਣਿਆਂ ਦੇ ਵਿਚਕਾਰ ਹਲਕੇ ਖਾਣੇ (ਸਨੈਕਸ) ਖਾਣੇ ਜਾਂ ਦਿਨ ਵਿੱਚ 5 - 6 ਵਾਰ ਥੋੜਾ ਥੋੜਾ ਖਾਣਾ ਖਾ ਕੇ ਤੁਸੀਂ ਜ਼ਿਆਦਾ ਉਤਸ਼ਾਹੀ ਮਹਿਸੂਸ ਕਰੋਗੇ ਅਤੇ ਤੁਹਾਨੂੰ ਭਾਰ ਕਾਬੂ ਰੱਖਣ ਵਿੱਚ ਮਦਦ ਮਿਲੇਗੀ। ਸਿਹਤਮੰਦ ਸਨੈਕਸ ਵਿੱਚ ਫ਼ਲ, ਸਬਜ਼ੀਆਂ, ਘੱਟ ਥਿੰਧੇ ਵਾਲਾ ਦਹੀਂ ਜਾਂ ਮਫ਼ਿਨ ਆਦਿ ਸ਼ਾਮਲ ਹਨ।

ਸਰੋਤ : ਚੰਗਾ ਖਾਓ, ਚੰਗਾ ਜੀਓ

3.22297297297
ਸਟਾਰਸ ਨੂੰ ਰੋਲ ਓਵਰ ਕਰੋ, ਅਤੇ ਫੇਰ ਰੇਟ ਕਰਨ ਲਈ ਕਲਿੱਕ ਕਰੋ।
ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
Back to top