ਹੋਮ / ਖੇਤੀ / ਫ਼ਸਲਾਂ ਉੱਤੇ ਜਾਣਕਾਰੀ / ਕੁਝ ਹੋਰ ਫ਼ਸਲਾਂ / ਗੁਆਰਾ, ਜਪਾਨੀ ਪੁਦੀਨਾ, ਹਲਦੀ, ਢੈਂਚਾ ਅਤੇ ਸਣ
ਸਾਂਝਾ ਕਰੋ
Views
  • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਗੁਆਰਾ, ਜਪਾਨੀ ਪੁਦੀਨਾ, ਹਲਦੀ, ਢੈਂਚਾ ਅਤੇ ਸਣ

ਗੁਆਰਾ, ਜਪਾਨੀ ਪੁਦੀਨਾ, ਹਲਦੀ, ਢੈਂਚਾ ਅਤੇ ਸਣ ਬਾਰੇ ਜਾਣਕਾਰੀ।

ਗੁਆਰਾ ਇੱਕ ਬਹੁਤ ਹੀ ਮਹੱਤਵਪੂਰਨ ਫ਼ਲੀਦਾਰ ਫ਼ਸਲ ਹੈ ਜੋ ਕਿ ਪੰਜਾਬ ਵਿੱਚ ਵੱਖ-ਵੱਖ ਮੰਤਵਾਂ ਜਿਵੇਂ ਕਿ ਹਰਾ ਚਾਰਾ, ਹਰੀ ਖਾਦ ਅਤੇ ਸਬਜ਼ੀ ਆਦਿ ਲਈ ਬੀਜੀ ਜਾਂਦੀ ਹੈ। ਇਹ ਔੜ ਨੂੰ ਸਹਾਰਨ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਵਧਾਉਣ ਲਈ ਬੜੀ ਪ੍ਰਸਿੱਧ ਹੈ। ਗੁਆਰੇ ਦੇ ਦਾਣੇ ਪਸ਼ੂਆਂ ਦੀ ਚੰਗੀ ਆਹਾਰ ਵਾਲੀ ਖੁਰਾਕ ਅਤੇ ਗੂੰਦ ਕੱਢਣ ਲਈ ਵਰਤੇ ਜਾਂਦੇ ਹਨ। ਇਸਦੀ ਗੂੰਦ ਕੱਢ ਕੇ ਕਾਫ਼ੀ ਵਿਦੇਸ਼ੀ ਮੁਦਰਾ ਕਮਾਈ ਜਾਂਦੀ ਹੈ। ਇਸ ਦੀ ਗੂੰਦ ਸਨਅਤ ਅਤੇ ਸਾਰੇ ਖਾਣ ਵਾਲੇ ਪਦਾਰਥਾਂ ਵਿੱਚ ਵਰਤੀ ਜਾਦੀ ਹੈ। ਬੀਜ ਵਿੱਚੋਂ ਗੂੰਦ ਕੱਢਣ ਤੋਂ ਬਾਅਦ ਜਿਹੜੀ ਚੂਰੀ ਬਚਦੀ ਹੈ ਉਹ ਪਸ਼ੂਆਂ ਦੀ ਪ੍ਰੋਟੀਨ ਭਰਪੂਰ ਖੁਰਾਕ ਹੈ।

ਜ਼ਮੀਨ: ਗੁਆਰਾ ਹਰ ਪ੍ਰਕਾਰ ਦੀ ਜ਼ਮੀਨ ਵਿੱਚ ਚੰਗਾ ਹੁੰਦਾ ਹੈ ਪਰ ਚੰਗੇ ਜਲ ਨਿਕਾਸ ਵਾਲੀ ਦਰਮਿਆਨੀ ਜਾਂ ਹਲਕੀ ਜ਼ਮੀਨ ਇਸ ਦੀ ਕਾਸ਼ਤ ਲਈ ਵਧੇਰੇ ਚੰਗੀ ਹੈ।

ਉੱਨਤ ਕਿਸਮਾਂ:

ਐਚ ਜੀ ੩੬੫ (੨੦੧੩): ਇਹ ਇਕ ਸ਼ਾਖਾ ਵਾਲੀ ਅਗੇਤੀ ਕਿਸਮ ਹੈ। ਇਹ 105 ਦਿਨਾਂ ਵਿੱਚ ਪੱਕਦੀ ਹੈ ਅਤੇ ਇਸਦਾ ਔਸਤ ਝਾੜ ੫.੩ ਕੁਇੰਟਲ ਪ੍ਰਤੀ ਏਕੜ ਹੈ।

ਅਗੇਤਾ ਗੁਆਰਾ ੧੧੨ (੧੯੮੨): ਇਸ ਕਿਸਮ ਦੇ ਪੌਦੇ ਸਿੱਧੇ ਵਾਲਾਂ ਵਾਲੇ ਟਹਿਣੀਆਂ ਤੋਂ ਬਿਨਾਂ, ਦਰਮਿਆਨੇ ਕੱਦ ਦੇ, ਤਕਰੀਬਨ ਇਕ ਤੋਂ ਡੇਢ ਮੀਟਰ ਉੱਚੇ ਹੁੰਦੇ ਹਨ। ਬੂਟੇ ਨੂੰ ਹਰ ਗੰਢ ਤੇ ਫ਼ਲੀਆਂ ਦੇ ਗੁੱਛੇ ਲਗਦੇ ਹਨ। ਇਸ ਦੇ ਦਾਣੇ ਬਹੁਤ ਮੋਟੇ ਹੁੰਦੇ ਹਨ। ਇਹ ਕਿਸਮ ਅਕਤੂਬਰ ਦੇ ਅਖੀਰਲੇ ਹਫ਼ਤੇ ਤੋਂ ਨਵੰਬਰ ਦੇ ਅੱਧ ਤੀਕ ਪੱਕ ਜਾਂਦੀ ਹੈ। ਇਸ ਕਿਸਮ ਦਾ ਔਸਤ ਝਾੜ ੮ ਕੁਇੰਟਲ ਪ੍ਰਤੀ ਏਕੜ ਹੈ।

ਗੁਆਰਾ ੮੦ (੧੯੮੨): ਇਸ ਦੀ ਕਾਸ਼ਤ ਬਰਾਨੀ ਹਾਲਤਾਂ ਵਿੱਚ ਸਾਰੇ ਪ੍ਰਾਂਤ ਵਿੱਚ ਕੀਤੀ ਜਾ ਸਕਦੀ ਹੈ। ਇਹ ਉੱਚੀ, ਛੇਤੀ ਵਧਣ ਵਾਲੀ, ਸੰਘਣੀਆਂ ਸ਼ਾਖਾਂ ਵਾਲੀ ਕਿਸਮ ਹੈ। ਇਸ ਨੂੰ ਗੁਆਰੇ ਦਾ ਝੁਲਸ ਰੋਗ ਅਤੇ ਤਣਾ ਟੁੱਟਣ ਦਾ ਰੋਗ ਨਹੀਂ ਲੱਗਦਾ। ਇਸ ਦੀਆਂ ਫ਼ਲੀਆਂ ਦਰਮਿਆਨੇ ਆਕਾਰ ਦੀਆਂ ਹੁੰਦੀਆਂ ਹਨ। ਇਸ ਦੇ ਬੀਜ ਗੋਲ, ਪੱਧਰੇ ਅਤੇ ਹਲਕੇ ਸਲੇਟੀ ਰੰਗ ਦੇ ਹੁੰਦੇ ਹਨ। ਇਹ ਕਿਸਮ ਪਛੇਤੀ ਪੱਕਦੀ ਹੈ। ਇਸ ਦੇ ਦਾਣਿਆਂ ਦਾ ਝਾੜ ੭ ਕੁਇੰਟਲ ਪ੍ਰਤੀ ਏਕੜ ਹੈ।

ਜ਼ਮੀਨ ਦੀ ਤਿਆਰੀ: ਇਸ ਨੂੰ ਬਹੁਤੀ ਵਾਹੀ ਦੀ ਕੋਈ ਲੋੜ ਨਹੀਂ, ੧-੨ ਵਾਹੀਆਂ ਅਤੇ ਸੁਹਾਗੇ ਹੀ ਕਾਫ਼ੀ ਹਨ।

ਬੀਜ ਦੀ ਮਾਤਰਾ ਅਤੇ ਬਿਜਾਈ ਦਾ ਤਰੀਕਾ: ੮-੧੦ ਕਿਲੋ ਬੀਜ ਪ੍ਰਤੀ ਏਕੜ ਵਰਤੋ। ਬਰਾਨੀ ਅਤੇ ਹਲਕੀਆਂ ਜ਼ਮੀਨਾਂ ਵਿੱਚ ਬਰਸਾਤ ਸ਼ੁਰੂ ਹੋਣ ਤੇ ਬਿਜਾਈ ਕਰੋ, ਪਰ ਸੇਂਜੂ ਅਤੇ ਭਾਰੀਆਂ ਜ਼ਮੀਨਾਂ ਵਿੱਚ ਇਸ ਦੀ ਬਿਜਾਈ ਜੁਲਾਈ ਦੇ ਪਹਿਲੇ ਪੰਦਰ੍ਹਵਾੜੇ ਵਿੱਚ ਕਰੋ। ਸੇਂਜੂ ਜ਼ਮੀਨਾਂ ਵਿੱਚ ਕੇਰੇ ਨਾਲ ਅਤੇ ਬਰਾਨੀ ਜ਼ਮੀਨਾਂ ਵਿੱਚ ਪੋਰੇ ਨਾਲ ੪੫ ਸੈਂਟੀਮੀਟਰ ਦੂਰੀ ਦੀਆਂ ਲਾਈਨਾਂ ਵਿੱਚ ਬਿਜਾਈ ਕਰੋ। ਬਿਜਾਈ ਲਈ ਬੀਜ-ਖਾਦ-ਡਰਿਲ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ।

ਖਾਦਾਂ: ਸੇਂਜੂ ਜ਼ਮੀਨਾਂ ਵਿੱਚ ੮ ਕਿਲੋ ਨਾਈਟ੍ਰੋਜਨ (੧੭ ਕਿਲੋ ਯੂਰੀਆ) ਅਤੇ ੧੯ ਕਿਲੋ ਫਾਸਫੋਰਸ (੧੨੦ ਕਿਲੋ ਸਿੰਗਲ ਸੁਪਰਫਾਸਫੇਟ) ਪ੍ਰਤੀ ਏਕੜ ਬਿਜਾਈ ਤੋਂ ਪਹਿਲਾਂ ਡਰਿਲ ਕਰੋ।

ਨਦੀਨਾਂ ਦੀ ਰੋਕਥਾਮ: ਨਦੀਨ ਖਾਸ ਕਰਕੇ ਚੁਪੱਤੀ/ਇਟਸਿਟ ਦੀ ਰੋਕਥਾਮ ਲਈ ਸਟੌਂਪ ੩੦ ਈ ਸੀ (ਪੈਂਡੀਮੈਥਾਲੀਨ) ੭੫੦ ਮਿਲੀ ਲਿਟਰ ਨੂੰ ੨੦੦ ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦਾ ਬਿਜਾਈ ਤੋਂ ਬਾਅਦ ੨੪ ਘੰਟਿਆਂ ਦੇ ਅੰਦਰ-ਅੰਦਰ ਫਲੱਡ ਜੈਟ/ਫਲੈਟ ਫੈਨ ਨੋਜ਼ਲਾਂ ਵਾਲੇ ਸਪਰੇ ਪੰਪ ਨਾਲ ਛਿੜਕਾਅ ਕਰੋ।

ਸਿੰਚਾਈ: ਜੇਕਰ ਬਾਰਸ਼ਾਂ ਠੀਕ ਹੋਣ ਤਾਂ ਜੁਲਾਈ ਵਿੱਚ ਬੀਜੀ ਫ਼ਸਲ ਨੂੰ ਆਮ ਕਰਕੇ ਪਾਣੀ ਦੇਣ ਦੀ ਲੋੜ ਨਹੀਂ ਪੈਂਦੀ। ਜੇ ਬਾਰਸ਼ਾਂ ਠੀਕ ਨਾ ਹੋਣ ਤਾਂ ੧-੨ ਪਾਣੀ ਦੇਣੇ ਕਾਫ਼ੀ ਹਨ। ਪਰ ਇਸ ਨੂੰ ਸਤੰਬਰ ਦੇ ਤੀਜੇ ਹਫ਼ਤੇ ਤੋਂ ਬਾਅਦ ਪਾਣੀ ਨਹੀਂ ਦੇਣਾ ਚਾਹੀਦਾ। ਇਸ ਨਾਲ ਫ਼ਸਲ ਪਛੇਤੀ ਪੱਕਦੀ ਹੈ ਅਤੇ ਦਾਣਿਆਂ ਤੇ ਮਾੜਾ ਅਸਰ ਪੈਂਦਾ ਹੈ।

ਪੌਦ ਸੁਰੱਖਿਆ

ਕੀੜੇ-ਮਕੌੜੇ

ਹਰਾ ਤੇਲਾ ਇਸ ਫ਼ਸਲ ਉੱਤੇ ਹਮਲਾ ਕਰਦਾ ਹੈ। ਇਸ ਦੀ ਰੋਕਥਾਮ ਲਈ ੧੦੦ ਲਿਟਰ ਪਾਣੀ ਵਿੱਚ ੨੫੦- ੪੦੦ ਮਿਲੀਲਿਟਰ ਮੈਲਾਥੀਆਨ ੫੦ ਈ ਸੀ ਘੋਲ ਕੇ ਪ੍ਰਤੀ ਏਕੜ ਛਿੜਕੋ। ੧੫ ਦਿਨਾਂ ਦੇ ਵਕਫ਼ੇ ਤੇ ੨ ਜਾਂ ੩ ਵਾਰ (ਫ਼ਸਲ ਦੀ ਉਚਾਈ ਦੇ ਹਿਸਾਬ) ਛਿੜਕਾਅ ਕਰੋ। ਚਾਰੇ ਦੀ ਫ਼ਸਲ ਲਈ ਸਿਰਫ਼ ਮੈਲਾਥੀਆਨ ਹੀ ਛਿੜਕੋ ਅਤੇ ਛਿੜਕਾਅ ਦੇ ਦੋ ਹਫ਼ਤੇ ਤੱਕ ਚਾਰਾ ਡੰਗਰਾਂ ਨੂੰ ਨਾ ਪਾਉ।

ਜਪਾਨੀ ਪੁਦੀਨਾ (ਮੈਂਥਾ):

ਮੈਂਥੇ ਦੀਆਂ ਚਾਰ ਕਿਸਮਾਂ ਹਨ ਜੋ ਪੰਜਾਬ ਵਿੱਚ ਉਗਾਈਆਂ ਜਾਂਦੀਆਂ ਹਨ:

(੧) ਮੈਂਥਾ ਆਰਵੈਨਸਿਜ਼

(੨) ਮੈਂਥਾ ਪਾਈਪਰੇਟਾ

(੩) ਮੈਂਥਾ ਸਪਾਈਕੇਟਾ ਅਤੇ

(੪) ਮੈਂਥਾ ਸਿਟਰੇਟਾ। ਪੰਜਾਬ ਵਿੱਚ ਇਸ ਫ਼ਸਲ ਹੇਠ ਤਕਰੀਬਨ ੧੫੦੦੦ ਹੈਕਟਰ ਰਕਬਾ ਹੈ। ਇਸ ਦਾ ਤੇਲ ਦਵਾਈਆਂ, ਖੁਸ਼ਬੂਦਾਰ ਤੇਲ, ਹਾਰ-ਸ਼ਿੰਗਾਰ ਦਾ ਸਾਮਾਨ ਆਦਿ ਬਨਾਉਣ ਦੇ ਕੰਮ ਆਉਂਦਾ ਹੈ।

ਜਲਵਾਯੂ: ਇਸ ਦੀ ਕਾਸ਼ਤ ਪੰਜਾਬ ਦੇ ਸਾਰੇ ਸੇਂਜੂ ਰਕਬੇ ਵਿੱਚ ਕੀਤੀ ਜਾ ਸਕਦੀ ਹੈ। ਇਸ ਦੇ ਵਾਧੇ ਲਈ ਫ਼ਸਲ ਦੇ ਸਮੇਂ ਦੌਰਾਨ ੨੦੦-੨੫੦ ਸੈਂਟੀਮੀਟਰ ਬਾਰਸ਼ ਅਤੇ ਚਮਕਦੀ ਧੁੱਪ ਵਾਲੇ ਦਿਨ ਜ਼ਰੂਰੀ ਹਨ।

ਜ਼ਮੀਨ: ਚੰਗੇ ਜਲ ਨਿਕਾਸ ਵਾਲੀਆਂ ਰੇਤਲੀ ਮੈਰਾ ਤੋਂ ਮੈਰਾ ਜ਼ਮੀਨਾਂ ਜੋ ਕਲਰਾਠੇਪਣ ਅਤੇ ਸੇਮ ਤੋਂ ਮੁਕਤ ਹੋਣ, ਬਹੁਤ ਢੁਕਵੀਆਂ ਹਨ।

ਫ਼ਸਲ ਚੱਕਰ: ਮੈਂਥਾ-ਆਲੂ, ਮੈਂਥਾ-ਤੋਰੀਆ, ਮੈਂਥਾ-ਜਵੀ (ਚਾਰਾ), ਮੈਂਥਾ-ਬਾਸਮਤੀ, ਮੈਂਥਾ-ਕਣਕਮੱ ਕੀ-ਆਲੂ, ਮੈਂਥਾ-ਮੱਕੀ (ਅਗਸਤ), ਮੈਂਥਾ-ਮੱਕੀ-ਆਲੂ

ਉੱਨਤ ਕਿਸਮਾਂ

ਪੰਜਾਬ ਸਪੀਅਰਮਿੰਟ ੧: ਇਸ ਦਾ ਤਣਾ ਟਾਹਣੀਦਾਰ ਵਾਲਾਂ ਵਾਲਾ ਅਤੇ ਜਾਮਣੀ ਹਰੇ ਰੰਗ ਦਾ ਹੁੰਦਾ ਹੈ। ਇਸ ਦੇ ਪੱਤੇ ਲੰਬੂਤਰੇ ਅਤੇ ਕੱਟੇ-ਵੱਢੇ ਹੁੰਦੇ ਹਨ। ਇਸ ਦੇ ਫੁੱਲ ਜਾਮਣੀ ਤੋਂ ਚਿੱਟੇ ਹੁੰਦੇ ਹਨ। ਇਸ ਦੇ ਬੂਟੇ ਸਿਹਤਮੰਦ ਅਤੇ ਫੁੱਲ ਆਉਣ ਤੱਕ ਔਸਤਨ ੭੫ ਸੈਂਟੀਮੀਟਰ ਉੱਚੇ ਹੋ ਜਾਂਦੇ ਹਨ। ਹਰੇ ਮਾਦੇ (ਤਣਾ ਅਤੇ ਪੱਤੇ) ਦੇ ਆਧਾਰ ਤੇ ਇਸ ਵਿੱਚ ੦.੫੭ ਪ੍ਰਤੀਸ਼ਤ ਉਡਣਸ਼ੀਲ ਤੇਲ ਦੀ ਮਾਤਰਾ ਹੁੰਦੀ ਹੈ। ਇਸ ਦੇ ਤੇਲ ਵਿੱਚ ਕਾਰਵੋਨ ਮੁੱਖ ਤੱਤ ਹੈ।

ਰਸ਼ੀਅਨ ਮਿੰਟ: ਇਸ ਦਾ ਤਣਾ ਹਰਾ, ਵਾਲਾਂ ਵਾਲਾਂ, ਟਾਹਣੀਦਾਰ ਅਤੇ ਸਿੱਧਾ ਉੱਗਣ ਵਾਲਾ ਹੁੰਦਾ ਹੈ। ਇਸ ਦੇ ਪੱਤੇ ਵਾਲਾਂ ਵਾਲੇ ਅਤੇ ਕਿੰਗਰੇਦਾਰ ਹੁੰਦੇ ਹਨ। ਇਸ ਦੇ ਫੁੱਲ ਜਾਮਣੀ ਰੰਗ ਦੇ ਅਤੇ ਆਕਾਰ ਵਿੱਚ ਛੋਟੇ ਹੁੰਦੇ ਹਨ। ਫੁੱਲ ਆਉਣ ਤੱਕ ਬੂਟੇ ਦੀ ਔਸਤਨ ਉਚਾਈ ਲਗਪਗ ੫੫ ਸੈਂਟੀਮੀਟਰ ਹੋ ਜਾਂਦੀ ਹੈ। ਇਸ ਵਿੱਚ ਹਰੇ ਮਾਦੇ (ਤਣਾ ਅਤੇ ਪੱਤੇ) ਦੇ ਆਧਾਰ ਤੇ ੦.੫੭ ਪ੍ਰਤੀਸ਼ਤ ਉਡਣਸ਼ੀਲ ਤੇਲ ਦੀ ਮਾਤਰਾ ਹੁੰਦੀ ਹੈ। ਇਸ ਦੇ ਤੇਲ ਵਿੱਚ ਇੱਕ ਅਜੀਬ ਕਿਸਮ ਦੀ ਸੁਗੰਧੀ ਹੋਣ ਕਾਰਨ, ਇਸ ਦੀ ਸੁਗੰਧੀ ਉਦਯੋਗ ਵਿੱਚ ਵਧੇਰੇ ਮੰਗ ਹੈ।

ਕੋਸੀ (੨੦੧੪): ਕੋਸੀ ਇਕ ਵਧੇਰੇ ਝਾੜ ਦੇਣ ਵਾਲੀ ਕਿਸਮ ਹੈ। ਇਸ ਦੀ ਬਿਜਾਈ ਜਨਵਰੀ ਦੇ ਅਖੀਰ ਤੋਂ ਫ਼ਰਵਰੀ ਦੇ ਅੱਧ ਤੱਕ ਕੀਤੀ ਜਾ ਸਕਦੀ ਹੈ। ਇਸ ਦੇ ਹਰੇ ਮਾਦੇ (ਤਣਾ ਅਤੇ ਪੱਤੇ) ਦਾ ਔਸਤ ਝਾੜ ੧੦੦-੧੨੫ ਕੁਇੰਟਲ ਪ੍ਰਤੀ ਏਕੜ ਹੈ ਅਤੇ ਤੇਲ ਦੀ ਮਾਤਰਾ ੦.੬ - ੦.੭% ਹੁੰਦੀ ਹੈ। ਇਸ ਕਿਸਮ ਦੀ ਬਿਜਾਈ ਤੋਂ ੧੫੦ ਦਿਨਾਂ ਬਾਅਦ ਕਟਾਈ ਕਰਨ ਤੇ ਹਰੇ ਮਾਦੇ ਅਤੇ ਤੇਲ ਦਾ ਵੱਧ ਝਾੜ ਮਿਲਦਾ ਹੈ।

ਕਾਸ਼ਤ ਦੇ ਉੱਨਤ ਢੰਗ:

ਜ਼ਮੀਨ ਦੀ ਤਿਆਰੀ: ਖੇਤ ਨੂੰ ੨-੩ ਵਾਰ ਵਾਹ-ਸੁਹਾਗ ਕੇ ਮੁੱਢਾਂ ਅਤੇ ਨਦੀਨਾਂ ਤੋਂ ਰਹਿਤ ਕਰਕੇ ਬਰੀਕ ਤਿਆਰ ਕਰੋ।

ਬੀਜ ਦੀ ਮਾਤਰਾ ਅਤੇ ਸੋਧ: ਇਸ ਫ਼ਸਲ ਦਾ ਵਾਧਾ ਜੜਾਂ (ਸ਼ੁਚਕੲਰ) ਰਾਹੀਂ ਹੁੰਦਾ ਹੈ। ਇੱਕ ਏਕੜ ਲਈ ੨ ਕੁਇੰਟਲ ਜੜਾਂ (ਸ਼ੁਚਕੲਰ) ਜੋ ਕਿ ੫ ਤੋਂ ੮ ਸੈਂਟੀਮੀਟਰ ਲੰਮੀਆਂ ਹੋਣ, ਕਾਫ਼ੀ ਹਨ। ਏਨੀਆਂ ਜੜਾਂ ਅੱਧੇ ਕਨਾਲ ਥਾਂ ਵਿੱਚੋਂ ਮਿਲ ਜਾਂਦੀਆਂ ਹਨ। ਬਿਜਾਈ ਤੋਂ ਪਹਿਲਾਂ ਜੜਾਂ ਨੂੰ ਸਾਫ਼ ਪਾਣੀ ਨਾਲ ਧੋ ਲਉ। ਫਿਰ ਸਾਫ਼ ਜੜਾਂ ਨੂੰ ੦.੧ ਪ੍ਰਤੀਸ਼ਤ ਬਾਵਿਸਟਨ ੫੦ ਡਬਲਯੂ ਪੀ ੫੦ ਘੁਲਣਸ਼ੀਲ ਦੇ ਘੋਲ ਵਿੱਚ ੫-੧੦ ਮਿੰਟਾਂ ਲਈ ਡੋਬ ਲਉ। ਇਹ ਘੋਲ ਤਿਆਰ ਕਰਨ ਲਈ ਇੱਕ ਗ੍ਰਾਮ ਦਵਾਈ ਇੱਕ ਲਿਟਰ ਪਾਣੀ ਦੇ ਹਿਸਾਬ ਘੋਲ ਲਉ। ਅਜਿਹਾ ੫੦ ਲਿਟਰ ਦਵਾਈ ਵਾਲਾ ਘੋਲ ੪੦ ਕਿਲੋ ਜੜ੍ਹਾਂ ਨੂੰ ਇੱਕ ਵਾਰ ਡੋਬਣ ਲਈ ਕਾਫ਼ੀ ਹੈ। ਪੰਜ-ਦਸ ਮਿੰਟਾਂ ਬਾਅਦ ਇਹ ਜੜਾਂ ਘੋਲ ਵਿੱਚੋਂ ਕੱਢ ਲਉ ਅਤੇ ਇਤਨੀਆਂ ਹੀ ਹੋਰ ਜੜਾਂ ਇਸ ਘੋਲ ਵਿੱਚ ਡੋਬ ਕੇ ਸੋਧ ਲਉ। ਇਸ ਤਰ੍ਹਾਂ ਸਾਰੀਆਂ ਜੜਾਂ ਵਾਰੀ-ਵਾਰੀ ਇਸ ਘੋਲ ਵਿੱਚ ਡੋਬ ਕੇ ਸੋਧ ਲਉ।

ਬਿਜਾਈ ਦਾ ਤਰੀਕਾ: ਜੜ੍ਹਾਂ ਨੂੰ ੪੫ ਸੈਂਟੀਮੀਟਰ ਵਿੱਥ ਵਾਲੀਆਂ ਲਾਈਨਾਂ ਵਿੱਚ ਇੱਕ ਦੂਜੇ ਨਾਲ ਜੋੜ ਕੇ ੪-੫ ਸੈਂਟੀਮੀਟਰ ਡੂੰਘੀਆਂ ਬੀਜ ਦਿਉ ਅਤੇ ਬਾਅਦ ਵਿੱਚ ਹਲਕਾ ਜਿਹਾ ਸੁਹਾਗਾ ਫੇਰ ਦਿਉ। ਵੱਧ ਹਰਾ ਮਾਦਾ ਅਤੇ ਪਾਣੀ ਦੀ ਬੱਚਤ ਲਈ ਜੜ੍ਹਾਂ ਨੂੰ ੬੭.੫ ਸੈਂਟੀਮੀਟਰ ਚੌੜੇ ਬੈੱਡਾਂ (੨ ਲਾਈਨਾਂ) ਤੇ ਬੀਜੋ ਜਾਂ ਜੜ੍ਹਾਂ ਨੂੰ ਖਿਲਾਰ ਕੇ ੬੦ ਸੈਂਟੀਮੀਟਰ ਚੌੜੀਆਂ ਵੱਟਾਂ ਬਣਾਓ। ਬਿਜਾਈ ਤੋਂ ਬਾਅਦ ਝੋਨੇ ਦੀ ਪਰਾਲੀ ੨.੪ ਟਨ ਪ੍ਰਤੀ ਏਕੜ ਦੇ ਹਿਸਾਬ ਨਾਲ ਖੇਤ ਵਿੱਚ ਖਿਲਾਰ ਦਿਉ। ਬਿਜਾਈ ਪਿੱਛੋਂ ਹਲਕਾ ਜਿਹਾ ਪਾਣੀ ਵੀ ਦਿਉ। ਪੁੰਗਰੀਆਂ ਹੋਈਆਂ ਜੜਾਂ ਨਾ ਬੀਜੋ, ਕਿਉਂਕਿ ਇਨ੍ਹਾਂ ਵਿੱਚੋਂ ਬਹੁਤੀਆਂ ਮਰ ਜਾਂਦੀਆਂ ਹਨ।

ਬਿਜਾਈ ਦਾ ਸਮਾਂ: ਅੱਧ ਜਨਵਰੀ ਤੋਂ ਅਖੀਰ ਤੱਕ ਇਸ ਦੀ ਬਿਜਾਈ ਦਾ ਸਭ ਤੋਂ ਢੁਕਵਾਂ ਸਮਾਂ ਹੈ ਪ੍ਰੰਤੂ ਕੋਸੀ ਕਿਸਮ ਦੀ ਬਿਜਾਈ ਅਖੀਰ ਜਨਵਰੀ ਤੋਂ ਅੱਧ ਫ਼ਰਵਰੀ ਤੱਕ ਕੀਤੀ ਜਾ ਸਕਦੀ ਹੈ। ਜਿਥੇ ਸਿੰਚਾਈ ਦੀਆਂ ਸਹੂਲਤਾਂ ਕਾਫ਼ੀ ਹੋਣ, ਉਥੇ ਇਹ ਫ਼ਸਲ ਅਪ੍ਰੈਲ ਵਿੱਚ ਪਨੀਰੀ ਰਾਹੀਂ ਵੀ ਬੀਜੀ ਜਾ ਸਕਦੀ ਹੈ।

ਰਲਵੀਂ ਫ਼ਸਲ ਬੀਜਣਾ: ਕਮਾਦ ਦੀਆਂ ਦੋ ਕਤਾਰਾਂ ਵਿਚਕਾਰ ਮੈਂਥੇ ਦੀ ਇੱਕ ਕਤਾਰ ਬੀਜੋ। ਮੈਂਥਾ ਅਤੇ ਕਮਾਦ ਫ਼ਰਵਰੀ ਦੇ ਪਹਿਲੇ ਪੰਦਰਵਾੜੇ ਵਿੱਚ ਇੱਕੋ ਸਮੇਂ ਬੀਜੇ ਜਾ ਸਕਦੇ ਹਨ। ਇਸ ਲਈ ਮੈਂਥੇ ਦੀਆਂ ਇੱਕ ਕੁਇੰਟਲ ਜੜਾਂ ਪ੍ਰਤੀ ਏਕੜ ਵਰਤੋ। ਕਮਾਦ ਦੀ ਫ਼ਸਲ ਨੂੰ ਸਿਫ਼ਾਰਸ਼ ਕੀਤੀਆਂ ਖਾਦਾਂ ਤੋਂ ਇਲਾਵਾ ੧੮ ਕਿਲੋ ਨਾਈਟ੍ਰੋਜਨ (੩੯ ਕਿਲੋ ਯੂਰੀਆ), ੧੦ ਕਿਲੋ ਫਾਸਫੋਰਸ (੬੨ ਕਿਲੋ ਸੁਪਰ ਫਾਸਫੇਟ) ਪ੍ਰਤੀ ਏਕੜ ਪਾਉ। ਅੱਧੀ ਨਾਈਟ੍ਰੋਜਨ ਅਤੇ ਪੂਰੀ ਫਾਸਫੋਰਸ ਖਾਦ ਬਿਜਾਈ ਵੇਲੇ ਅਤੇ ਬਾਕੀ ਦੀ ਅੱਧੀ ਨਾਈਟ੍ਰੋਜਨ ਬਿਜਾਈ ਤੋਂ ੪੦ ਦਿਨਾਂ ਪਿੱਛੋਂ ਪਾਉ। ਮੈਂਥੇ ਦਾ ਸਿਰਫ਼ ਇੱਕ ਹੀ ਲੋਅ ਲਵੋ। ਮੈਂਥੇ ਨੂੰ ਸੂਰਜਮੁਖੀ ਵਿੱਚ ਰਲਵੀਂ ਫ਼ਸਲ ਵਜੋਂ ਕਾਮਯਾਬੀ ਨਾਲ ਉਗਾਇਆ ਜਾ ਸਕਦਾ ਹੈ। ਇਸ ਦੇ ਲਈ ਸੂਰਜਮੁਖੀ ਨੂੰ ੧੨੦ ਸੈ.ਮੀ.ਣ੧੫ ਸੈਂ.ਮੀ. ਦੇ ਫ਼ਾਸਲੇ ਤੇ ਉੱਤਰ ਦੱਖਣ ਦਿਸ਼ਾ ਵਿੱਚ ਬੀਜੋ। ਇਸ ਦੀਆਂ ਦੋ ਲਾਈਨਾਂ ਵਿਚਕਾਰ ਮੈਂਥੇ ਦੀਆਂ ਦੋ ਲਾਈਨਾਂ ਅਖੀਰ ਜਨਵਰੀ ਵਿੱਚ ਬੀਜੋ। ਇਸ ਰਲਵੀਂ ਫ਼ਸਲ ਲਈ ਮੈਂਥੇ ਦੀਆਂ ੧੫੦ ਕਿਲੋ ਪ੍ਰਤੀ ਏਕੜ ਜੜਾਂ ਵਰਤੋ। ਸੂਰਜਮੁਖੀ ਨੂੰ ਸਿਫ਼ਾਰਸ਼ ਕੀਤੀਆਂ ਖਾਦਾਂ ਤੋਂ ਇਲਾਵਾ ੨੩ ਕਿਲੋ ਨਾਈਟ੍ਰੋਜਨ (੫੦ ਕਿਲੋ ਯੂਰੀਆ), ੧੨ ਕਿਲੋ ਫ਼ਾਸਫ਼ੋਰਸ (੭੫ ਕਿਲੋ ਸੁਪਰਫ਼ਾਸਫ਼ੇਟ) ਪ੍ਰਤੀ ਏਕੜ ਪਾਓ। ਪੂਰੀ ਫ਼ਾਸਫ਼ੋਰਸ ਅਤੇ ਅੱਧੀ ਨਾਈਟ੍ਰੋਜਨ ਖਾਦ ਬਿਜਾਈ ਵੇਲੇ ਅਤੇ ਬਾਕੀ ਦੀ ਅੱਧੀ ਨਾਈਟ੍ਰੋਜਨ ਬਿਜਾਈ ਤੋਂ ੪੦ ਦਿਨਾਂ ਪਿੱਛੋਂ ਪਾਓ। ਪਿਆਜ਼ ਨੂੰ ਮੈਂਥੇ ਵਿੱਚ ਰਲਵੀਂ ਫ਼ਸਲ ਵਜੋਂ ਉਗਾਇਆ ਜਾ ਸਕਦਾ ਹੈ। ਮੈਂਥਾ ਅਤੇ ਪਿਆਜ ਅੱਧ ਜਨਵਰੀ ਤੋਂ ਅਖ਼ੀਰ ਜਨਵਰੀ ਤੱਕ ਇਕੋ ਸਮੇਂ ਹੀ ਬੀਜੇ ਜਾ ਸਕਦੇ ਹਨ। ੪੫ ਸੈ.ਮੀ. ਕਤਾਰ ਤੋਂ ਕਤਾਰ ਦੇ ਫ਼ਾਸਲੇ ਵਿੱਚ ਬੀਜੀ ਮੈਂਥੇ ਦੀ ਫ਼ਸਲ ਵਿੱਚ ਇਕ ਲਾਈਨ ਪਿਆਜ਼ ਦੀ ਬੀਜੋ ਅਤੇ ਪਿਆਜ਼ਾਂ ਵਿੱਚ ਬੂਟੇ ਤੋਂ ਬੂਟੇ ਦਾ ਫ਼ਾਸਲਾ ੭.੫ ਸੈ.ਮੀ. ਰੱਖੋ। ਮੈਂਥੇ ਦੀ ਫ਼ਸਲ ਨੂੰ ਸਿਫ਼ਾਰਸ਼ ਕੀਤੀਆਂ ਖਾਦਾਂ ਤੋਂ ਇਲਾਵਾ ੧੩ ਕਿਲੋ ਨਾਈਟ੍ਰੋਜਨ (੨੯ ਕਿਲੋ ਯੂਰੀਆ) ੭ ਕਿਲੋ ਫ਼ਾਸਫ਼ੋਰਸ (੪੪ ਕਿਲੋ ਸੁਪਰਫ਼ਾਸਫ਼ੇਟ) ਅਤੇ ੭ ਕਿਲੋ ਪੋਟਾਸ਼ (੧੨ ਕਿਲੋ ਮਿਊਰੇਟ ਆਫ਼ਪੋਟਾਸ਼) ਪ੍ਰਤੀ ਏਕੜ ਪਾਓ। ਪੂਰੀ ਫ਼ਾਸਫ਼ੋਰਸ ਅਤੇ ਪੋਟਾਸ਼ ਅਤੇ ਅੱਧੀ ਨਾਈਟ੍ਰੋਜਨ ਖਾਦ ਬੀਜਾਈ ਵੇਲੇ ਪਾਓ ਅਤੇ ਅੱਧੀ ਨਾਈਟ੍ਰੋਜਨ ਖਾਦ ਤਕਰੀਬਨ ਬਿਜਾਈ ਤੋਂ ੪੦ ਦਿਨਾਂ ਬਾਅਦ ਪਾਉ।

ਖਾਦਾਂ: ਇਹ ਫ਼ਸਲ ਦੇਸੀ ਖਾਦਾਂ ਨੂੰ ਬਹੁਤ ਮੰਨਦੀ ਹੈ। ਚੰਗੀ ਗਲੀ-ਸੜੀ ਰੂੜੀ ੧੦-੧੫ ਟਨ ਦੇ ਹਿਸਾਬ ਇੱਕ ਏਕੜ ਵਿੱਚ ਪਾਉ।

ਸਾਰੀ ਸੁਪਰ ਫਾਸਫੇਟ ਖਾਦ ਅਤੇ ਨਾਈਟਰੋਜਨ ਵਾਲੀ ਖਾਦ ਦਾ ਚੌਥਾ ਹਿੱਸਾ ਬਿਜਾਈ ਸਮੇਂ ਡਰਿਲ ਕਰੋ। ਨਾਈਟਰੋਜਨ ਵਾਲੀ ਖਾਦ ਚੌਥਾ ਹਿੱਸਾ, ਦੂਸਰੀ ਕਿਸ਼ਤ ਵੱਜੋਂ ਬਿਜਾਈ ਤੋਂ ੪੦ ਦਿਨ ਬਾਅਦ ਪਾਉ। ਬਾਕੀ ਰਹਿੰਦੀ ਅੱਧੀ ਨਾਈਟਰੋਜਨ ਵਾਲੀ ਖਾਦ ਨੂੰ ਦੋ ਬਰਾਬਰ ਹਿੱਸਿਆਂ ਵਿੱਚ ਕਰਕੇ ਪਹਿਲੀ ਕਿਸ਼ਤ ਪਹਿਲੀ ਕਟਾਈ ਪਿੱਛੋਂ ਤੁਰੰਤ ਅਤੇ ਦੂਜੀ ੪੦ ਦਿਨਾਂ ਬਾਅਦ ਪਾਉ।

ਸਿੰਚਾਈ: ਇਸ ਫ਼ਸਲ ਨੂੰ ਛੇਤੀ ਅਤੇ ਹਲਕੇ ਪਾਣੀਆਂ ਦੀ ਲੋੜ ਹੈ। ਮਾਰਚ ਅੰਤ ਤੱਕ ਇਸ ਫ਼ਸਲ ਨੂੰ ੧੦ ਦਿਨਾਂ ਦੇ ਵਕਫ਼ੇ ਤੇ ਪਾਣੀ ਦਿੰਦੇ ਰਹੋ। ਫਿਰ ਬਾਰਸ਼ਾਂ ਸ਼ੁਰੂ ਹੋਣ ਤੱਕ ਪੰਜ-ਛੇ ਦਿਨਾਂ ਦਾ ਵਕਫ਼ਾ ਰੱਖ ਕੇ ਪਾਣੀ ਦਿਉ।

ਗੋਡੀ ਅਤੇ ਨਦੀਨਾਂ ਦੀ ਰੋਕਥਾਮ: ਫ਼ਸਲ ਦੀ ਵਧੇਰੇ ਉਪਜ ਲਈ ਅਤੇ ਚੰਗੀ ਕਿਸਮ ਦਾ ਤੇਲ ਪੈਦਾ ਕਰਨ ਲਈ ਫ਼ਸਲ ਨੂੰ ਸਾਰੇ ਨਦੀਨਾਂ ਤੋਂ ਰਹਿਤ ਰੱਖਣਾ ਬਹੁਤ ਜ਼ਰੂਰੀ ਹੈ। ਫ਼ਸਲ ਦੇ ਮੁੱਢਲੇ ਵਾਧੇ ਦੌਰਾਨ, ਪਹੀਏ ਵਾਲੀ ਫਾਲੀ ਨਾਲ ਗੋਡੀ ਕੀਤੀ ਜਾ ਸਕਦੀ ਹੈ, ਜਾਂ ਫਿਰ ਫ਼ਸਲ ਉੱਗਣ ਤੋਂ ਪਹਿਲਾਂ ਗੋਲ ੨੩.੫ ਤਾਕਤ (ਔਕਸੀਫਲੋਰਫੈਨ) ੩੫੦ ਮਿਲੀਲਿਟਰ/੩੦੦ ਗ੍ਰਾਮ ਕਾਰਮੈਕਸ ੮੦% ਘੁਲਣਸ਼ੀਲ (ਡਾਈਯੂਰੋਨ) ਜਾਂ ਸਟੌਂਪ ੩੦ ਤਾਕਤ (ਪੈਂਡੀਮੈਥਲੀਨ) ਇੱਕ ਲਿਟਰ ਪ੍ਰਤੀ ਏਕੜ ਜਾਂ ਆਈਸੋਪ੍ਰੋਟਯੂਰਾਨ ੭੫ ਘੁਲਣਸ਼ੀਲ ੪੦੦ ਗ੍ਰਾਮ, ੨੦੦ ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਛਿੜਕਾਅ ਨਾਲ ਨਦੀਨਾਂ ਦੀ ਚੰਗੀ ਤਰ੍ਹਾਂ ਰੋਕਥਾਮ ਹੋ ਜਾਂਦੀ ਹੈ। ਛਿੜਕਾਅ ਨੈਪਸੈਕ ਪੰਪ ਜਿਸ ਨੂੰ ਫਲੈਟ ਫੈਨ ਜਾਂ ਫਲੱਡ ਜੈੱਟ ਨੋਜ਼ਲ ਲੱਗੀ ਹੋਵੇ, ਨਾਲ ਕਰੋ। ਹਲਕੀਆਂ ਜ਼ਮੀਨਾਂ ਤੇ ਆਈਸੋਪ੍ਰੋਟੋਨ ਦੀ ਵਰਤੋਂ ਨਾ ਕਰੋ।

ਕਟਾਈ ਤੇ ਝਾੜ: ਫ਼ਸਲ ਦੀ ਉਸ ਸਮੇਂ ਕਟਾਈ ਕਰ ਲਉ ਜਦੋਂ ਅਜੇ ਫੁੱਲ ਪੈਣੇ ਸ਼ੁਰੂ ਹੀ ਹੋਏ ਹੋਣ। ਜੇਕਰ ਬੂਟਿਆਂ ਦੇ ਹੇਠਲੇ ਪੱਤੇ ਪੀਲੇ ਪੈ ਕੇ ਝੜਨੇ ਸ਼ੁਰੂ ਹੋ ਜਾਣ ਤਾਂ ਕਟਾਈ ਫੁੱਲ ਪੈਣੇ ਸ਼ੁਰੂ ਹੋਣ ਤੋਂ ਪਹਿਲਾਂ ਕਰ ਲੈਣੀ ਚਾਹੀਦੀ ਹੈ। ਬੂਟਿਆਂ ਨੂੰ ਜ਼ਮੀਨ ਤੋਂ ੬-੮ ਸੈਂਟੀਮੀਟਰ ਉੱਚਾ ਕੱਟੋ ਤਾਂ ਜੋ ਫ਼ਸਲ ਦਾ ਫੁਟਾਰਾ ਚੰਗਾ ਹੋਵੇ। ਇਸ ਦੀਆਂ ਦੋ ਕਟਾਈਆਂ ਪਹਿਲੀ ਜੂਨ ਵਿੱਚ ਅਤੇ ਦੂਸਰੀ ਸਤੰਬਰ ਵਿੱਚ ਲਈਆਂ ਜਾ ਸਕਦੀਆਂ ਹਨ। ਫ਼ਸਲ ਦਾ ਝਾੜ ੧੦੦-੧੨੫ ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। ਇਸ ਵਿੱਚ ੦.੫ ਤੋਂ ੦.੭੫% ਤੇਲ ਹੁੰਦਾ ਹੈ।

ਮੈਂਥੇ ਵਿੱਚੋਂ ਤੇਲ ਕੱਢਣਾ: ਫ਼ਸਲ ਨੂੰ ਕੱਟਣ ਉਪਰੰਤ ਖੇਤ ਵਿੱਚ ਇੱਕ ਰਾਤ ਲਈ ਕੁਮਲਾਉਣ ਦਿਉ ਅਤੇ ਬਾਅਦ ਵਿੱਚ ਭਾਫ਼ ਵਾਲੇ ਸਾਦੇ ਢੰਗ ਨਾਲ ਕਸ਼ੀਦ ਲਾਉ। ਕਈ ਪ੍ਰਾਈਵੇਟ ਕਸ਼ੀਦਣ ਵਾਲੇ ਪਲਾਂਟ ਵੀ ਲੱਗੇ ਹੋਏ ਹਨ। ਇਨ੍ਹਾਂ ਰਾਹੀਂ ਕਿਸਾਨ ਆਪਣੀ ਫ਼ਸਲ ਦਾ ਤੇਲ ਕਢਾ ਸਕਦੇ ਹਨ।

ਪੌਦ-ਸੁਰੱਖਿਆ: ਕੀੜੇ-ਮਕੌੜੇ:

ਸਿਉਂਕ (ਠੲਰਮਟਇ): ਇਹ ਕੀੜਾ ਫ਼ਸਲ ਦੀਆਂ ਜੜ੍ਹਾਂ ਅਤੇ ਤਣੇ ਹੇਠਲੇ ਭਾਗਾਂ ਦਾ ਬਹੁਤ ਨੁਕਸਾਨ ਕਰਦਾ ਹੈ। ਇਸ ਦੀ ਰੋਕਥਾਮ ਲਈ ਦੋ ਲਿਟਰ ਪ੍ਰਤੀ ਏਕੜ ਡਰਸਬਾਨ/ਰਾਡਾਰ ੨੦ ਈ ਸੀ (ਕਲੋਰਪਾਈਰੀਫਾਸ) ਨੂੰ ੧੦ ਕਿਲੋ ਮਿੱਟੀ ਵਿੱਚ ਚੰਗੀ ਤਰ੍ਹਾਂ ਮਿਲਾਓ। ਦਵਾਈ ਮਿਲੀ ਮਿੱਟੀ ਖੇਤ ਵਿੱਚ ਇਕਸਾਰ ਛਿੜਕਾ ਕੇ ਉਪਰੋਂ ਹਲਕਾ ਪਾਣੀ ਲਗਾਓ।

ਕੁਤਰਾ ਸੁੰਡੀ: ਇਹ ਕੀੜੇ ਉੱਗ ਰਹੇ ਬੂਟਿਆਂ ਨੂੰ ਜ਼ਮੀਨ ਦੀ ਪੱਧਰ ਤੋਂ ਕੱਟ ਦੇਂਦੇ ਹਨ। ਦਿਨ ਵੇਲੇ ਇਹ ਕੀੜੇ ਬੂਟੇ ਦੇ ਮੁੱਢ ਨੇੜੇ ਲੁਕੇ ਰਹਿੰਦੇ ਹਨ। ਇਸ ਦੀ ਰੋਕਥਾਮ ਲਈ ਸਿਉਂਕ ਵਾਲੀ ਦਵਾਈ ਅਤੇ ਵਿਧੀ ਵਰਤੋ।

ਤੇਲਾ ਅਤੇ ਚਿੱਟੀ ਮੱਖੀ: ਇਹ ਕੀੜੇ ਬੂਟੇ ਦਾ ਰਸ ਚੂਸਦੇ ਹਨ ਜਿਸ ਨਾਲ ਬੂਟੇ ਦਾ ਵਾਧਾ ਠੀਕ ਨਹੀਂ ਹੁੰਦਾ ਅਤੇ ਤੇਲ ਘੱਟ ਨਿਕਲਦਾ ਹੈ। ਇਸ ਦੀ ਰੋਕਥਾਮ ਲਈ ੨੫੦ ਮਿਲੀਲਿਟਰ ਰੋਗਰ ੩੦ ਈ ਸੀ (ਡਾਈਮੈਥੋਏਟ) ਜਾਂ ਮੈਟਾਸਿਸਟਾਕਸ ੨੫ ਈ ਸੀ (ਆਕਸੀਡੈਮੇਟੋਨ ਮੀਥਾਇਲ) ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕੋ।

ਪੱਤੇ ਖਾਣ ਵਾਲੇ ਕੀੜੇ: ਇਨ੍ਹਾਂ ਕੀੜਿਆਂ ਦੀ ਰੋਕਥਾਮ ਲਈ ਇੱਕ ਕਿਲੋ ਸੇਵਿਨ ੫੦ ਘੁਲਣਸ਼ੀਲ (ਕਾਰਬਰਿਲ) ਜਾਂ ੮੦੦ ਮਿਲੀਲਿਟਰ ਏਕਾਲਕਸ ੨੫ ਈ ਸੀ (ਕੁਇਨਲਫਾਸ) ਦਾ ਪ੍ਰਤੀ ਏਕੜ ਦੇ ਹਿਸਾਬ ਸਪਰੇਅ ਕਰੋ। ਵਾਲਾ ਵਾਲੀ ਸੁੰਡੀ ਲਈ ਮੱਕੀ ਵਾਲੇ ਕਾਂਡ ਵਿੱਚ ਦੱਸੀ ਰੋਕਥਾਮ ਦੀ ਤਰਤੀਬ ਅਪਣਾਉ।

(ਅ) ਬਿਮਾਰੀਆਂ

ਜੜ੍ਹਾਂ ਅਤੇ ਤਣੇ ਦਾ ਗਲਣਾ: ਬਿਮਾਰੀ ਵਾਲੇ ਥਾਵਾਂ ਉਪਰ ਭੂਰੇ ਰੰਗ ਦੇ ਧੱਬੇ ਪੈ ਜਾਂਦੇ ਹਨ ਜੋ ਕਿ ਬਾਅਦ ਵਿੱਚ ਕਾਲੇ ਹੋ ਜਾਂਦੇ ਹਨ ਅਤੇ ਆਕਾਰ ਵਿੱਚ ਵੀ ਵੱਡੇ ਹੋ ਜਾਂਦੇ ਹਨ। ਪੱਤੇ ਸੁੱਕ ਕੇ ਮਰ ਜਾਂਦੇ ਹਨ। ਇਸ ਦੀ ਰੋਕਥਾਮ ਲਈ ਬਿਮਾਰੀ ਵਾਲੇ ਬੂਟੇ ਪੁੱਟ ਕੇ ਸਾੜ ਦਿਉ। ਬੀਜਣ ਲਈ ਜੜਾਂ ਬਿਮਾਰ ਬੂਟਿਆਂ ਤੋਂ ਨਾ ਲਉ। ਹਰੇਕ ਸਾਲ ਇੱਕ ਹੀ ਖੇਤ ਵਿੱਚ ਮੈਂਥਾ ਨਾ ਬੀਜੋ। ਜੜ੍ਹਾਂ ਨੂੰ ਬੀਜਣ ਤੋਂ ਪਹਿਲਾਂ ੦.੧ ਪ੍ਰਤੀਸ਼ਤ ਬਾਵਿਸਟਨ ੫੦ ਡਬਲਯੂ ਪੀ (ਕਾਰਬੈਡਾਜ਼ਿਮ) ਦੇ ਘੋਲ ਵਿੱਚ ੫-੧੦ ਮਿੰਟ ਲਈ ਡੋਬ ਲਉ।

ਹਲਦੀ

ਹਲਦੀ ਇੱਕ ਪ੍ਰਕਾਰ ਦੇ ਜ਼ਮੀਨੀ ਤਣੇ (ਗੰਢੀਆਂ) ਵਾਲੀ ਫ਼ਸਲ ਹੈ। ਇਸ ਦੀ ਰਸੋਈ ਵਿੱਚ ਮਸਾਲੇ ਅਤੇ ਹੋਰ ਕਈ ਰੂਪਾਂ ਵਿੱਚ ਵਰਤੋਂ ਕੀਤੀ ਜਾਂਦੀ ਹੈ । ਇਸ ਤੋਂ ਕਈ ਪ੍ਰਕਾਰ ਦੀਆਂ ਦਵਾਈਆਂ ਅਤੇ ਸਾਜ਼-ਸ਼ਿੰਗਾਰ ਤਿਆਰ ਕੀਤਾ ਜਾਂਦਾ ਹੈ। ਹਲਦੀ ਦਾ ਤੇਲ ਵੀ ਕੱਢਿਆ ਜਾਂਦਾ ਹੈ।

ਜਲਵਾਯੂ ਅਤੇ ਭੂਮੀ: ਇਸ ਫ਼ਸਲ ਦੇ ਵਧਣ-ਫੁੱਲਣ ਲਈ ਗਰਮ ਤੇ ਸਿੱਲ੍ਹੇ ਜਲਵਾਯੂ ਦੀ ਲੋੜ ਹੈ। ਸਿੰਚਾਈ ਵਾਲੇ ਇਲਾਕਿਆਂ ਵਿੱਚ ਇਸ ਦੀ ਬਿਜਾਈ ਦੀ ਆਮ ਸਿਫ਼ਾਰਸ਼ ਕੀਤੀ ਜਾਂਦੀ ਹੈ। ਹਲਦੀ ਦੀ ਕਾਸ਼ਤ ਉਂਝ ਤਾਂ ਹਰ ਪ੍ਰਕਾਰ ਦੀ ਜ਼ਮੀਨ ਵਿੱਚ ਕੀਤੀ ਜਾ ਸਕਦੀ ਹੈ, ਪਰ ਵਧੇਰੇ ਝਾੜ ਲਈ ਚੰਗੇ ਪਾਣੀ ਦੇ ਨਿਕਾਸ ਵਾਲੀ, ਦਰਮਿਆਨੀ ਤੋਂ ਭਾਰੀ ਜ਼ਮੀਨ ਜੋ ਚੰਗੇ-ਚੋਖੇ ਜੀਵਕ ਮਾਦੇ ਵਾਲੀ ਹੋਵੇ, ਉੱਤਮ ਗਿਣੀ ਜਾਂਦੀ ਹੈ।

ਫ਼ਸਲ ਚੱਕਰ:

ਹਲਦੀ-ਪਿਆਜ/ਪਿਛੇਤੀ ਕਣਕ

ਉੱਨਤ ਕਿਸਮਾਂ

ਪੰਜਾਬ ਹਲਦੀ ੧ (੨੦੦੮): ਇਸ ਦੇ ਪੌਦੇ ਖੜ੍ਹਵੇਂ ਅਤੇ ਦਰਮਿਆਨੀ ਉਚਾਈ ਦੇ ਹੁੰਦੇ ਹਨ। ਪੱਤੇ ਹਰੇ ਅਤੇ ਦਰਮਿਆਨੇ ਅਕਾਰ ਦੇ ਅਤੇ ਇਸ ਦੀਆਂ ਗੰਢੀਆਂ ਲੰਮੀਆਂ ਅਤੇ ਦਰਮਿਆਨੀ ਮੋਟਾਈ ਦੀਆਂ ਹੁੰਦੀਆਂ ਹਨ। ਗੰਢੀਆਂ ਦਾ ਰੰਗ ਭੂਰਾ ਹੁੰਦਾ ਹੈ ਅਤੇ ਗੁੱਦਾ ਗੂੜ੍ਹੇ ਪੀਲੇ ਰੰਗ ਦਾ ਹੁੰਦਾ ਹੈ । ਇਹ ਕਿਸਮ ੨੧੫ ਦਿਨਾਂ ਵਿੱਚ ਪੱਕ ਜਾਂਦੀ ਹੈ ਅਤੇ ਔਸਤਨ ੧੦੮ ਕੁਇੰਟਲ ਪ੍ਰਤੀ ਏਕੜ ਝਾੜ ਦਿੰਦੀ ਹੈ।

ਪੰਜਾਬ ਹਲਦੀ ੨ (੨੦੦੮): ਇਸ ਦੇ ਪੌਦੇ ਖੜ੍ਹਵੇਂ ਅਤੇ ਉੱਚੇ ਹੁੰਦੇ ਹਨ। ਪੱਤੇ ਹਲਕੇ ਹਰੇ ਰੰਗ ਦੇ ਅਤੇ ਚੌੜੇ ਹੁੰਦੇ ਹਨ। ਇਸ ਕਿਸਮ ਦੀਆਂ ਗੰਢੀਆਂ ਲੰਮੀਆਂ ਅਤੇ ਮੋਟੀਆਂ ਹੁੰਦੀਆਂ ਹਨ ਜਿਨ੍ਹਾਂ ਦਾ ਰੰਗ ਉਪਰੋਂ ਭੂਰਾ ਅਤੇ ਗੁੱਦਾ ਪੀਲੇ ਰੰਗ ਦਾ ਹੁੰਦਾ ਹੈ। ਇਹ ਕਿਸਮ ਪੱਕਣ ਲਈ ੨੪੦ ਦਿਨ ਲੈਂਦੀ ਹੈ ਅਤੇ ਔਸਤ ਝਾੜ ੧੨੨ ਕੁਇੰਟਲ ਪ੍ਰਤੀ ਏਕੜ ਨਿਕਲ ਆਉਂਦਾ ਹੈ।

ਕਾਸ਼ਤ ਦੇ ਉੱਨਤ ਢੰਗ

ਜ਼ਮੀਨ ਦੀ ਤਿਆਰੀ: ਹਲਦੀ ਦੀ ਬਿਜਾਈ ਤੋਂ ਪਹਿਲਾਂ ਜ਼ਮੀਨ ਨੂੰ ਚੰਗੀ ਤਰ੍ਹਾਂ ਵਾਹ-ਸਵਾਰ ਲੈਣਾ ਚਾਹੀਦਾ ਹੈ। ਇਸ ਲਈ ਖੇਤ ਨੂੰ ਦੋ-ਤਿੰਨ ਵਾਰ ਵਾਹੁਣਾ ਅਤੇ ਹਰ ਵਾਹੀ ਤੋਂ ਬਾਅਦ ਸੁਹਾਗਾ ਦੇਣਾ ਜ਼ਰੂਰੀ ਹੈ। ਖੇਤ ਵਿੱਚ ਪਿਛਲੀ ਫ਼ਸਲ ਦੇ ਮੁੱਢ ਤੇ ਘਾਹ-ਫੂਸ ਬਿਲਕੁਲ ਨਹੀਂ ਰਹਿਣ ਦੇਣੇ ਚਾਹੀਦੇ।

ਬੀਜ ਦੀ ਮਾਤਰਾ: ਇਸ ਦੀਆਂ ਗੰਢੀਆਂ ਹੀ ਜ਼ਮੀਨ ਵਿੱਚ ਦੱਬੀਆਂ ਜਾਂਦੀਆਂ ਹਨ। ਇਸ ਲਈ ਤਾਜ਼ੀਆਂ, ਰੋਗ ਰਹਿਤ ਅਤੇ ਇੱਕੋ ਜਿਹੇ ਆਕਾਰ ਦੀਆਂ 6-8 ਕੁਇੰਟਲ ਗੰਢੀਆਂ ਇੱਕ ਏਕੜ ਲਈ ਕਾਫ਼ੀ ਹਨ।

ਬਿਜਾਈ ਦਾ ਸਮਾਂ: ਪੂਰਾ ਝਾੜ ਲੈਣ ਲਈ ਅਪ੍ਰੈਲ ਦੇ ਅਖੀਰ ਵਿੱਚ ਗੰਢੀਆਂ ਦੀ ਬਿਜਾਈ ਕਰੋ। ਉੱਤਰੀ ਜ਼ਿਲ੍ਹਿਆਂ ਅਤੇ ਨੀਮ ਪਹਾੜੀ ਇਲਾਕਿਆਂ ਵਿੱਚ ਇਸ ਦੀ ਬਿਜਾਈ ਇੱਕ ਹਫ਼ਤੇ ਬਾਅਦ ਤੱਕ ਕੀਤੀ ਜਾ ਸਕਦੀ ਹੈ। ਇਸ ਦੀ ਬਿਜਾਈ ਪਨੀਰੀ ਰਾਹੀਂ ਵੀ ਕੀਤੀ ਜਾ ਸਕਦੀ ਹੈ। ਇਹ ਕੰਮ ਅੱਧ ਜੂਨ ਤੋਂ ਪਹਿਲਾਂ ਨਿਪਟਾ ਲੈਣਾ ਚਾਹੀਦਾ ਹੈ। ਇਸ ਲਈ ਗੰਢੀਆਂ ਦੀ ਥੋੜ੍ਹੇ ਫ਼ਰਕ ਨਾਲ ਬਿਜਾਈ ਕਰੋ ਅਤੇ ਹਰੀਆਂ ਹੋਈਆਂ ਗੰਢੀਆਂ ਨੂੰ ੩੫-੪੦ ਦਿਨਾਂ ਬਾਅਦ ਖੇਤ ਵਿੱਚ ਲਾ ਦਿਉ।

ਬਿਜਾਈ ਦਾ ਢੰਗ: ਬਿਜਾਈ ਲਈ ਹਲਦੀ ਦੀਆਂ ਨਰੋਈਆਂ ਅਤੇ ਰੋਗ ਰਹਿਤ ਗੰਢੀਆਂ ਨੂੰ ਲਾਈਨਾਂ ਵਿੱਚ ਲਗਾਇਆ ਜਾਂਦਾ ਹੈ। ਬਿਜਾਈ ਲਈ ਬੂਟੇ ਤੋਂ ਬੂਟੇ ਦਾ ਫ਼ਾਸਲਾ ੨੦ ਸੈਂਟੀਮੀਟਰ ਅਤੇ ਕਤਾਰ ਤੋਂ ਕਤਾਰ ਦਾ ਫ਼ਾਸਲਾ ੩੦ ਸੈਂਟੀਮੀਟਰ ਰੱਖਿਆ ਜਾਂਦਾ ਹੈ। ਪਹਿਲੀ ਸਿੰਚਾਈ ਤੋਂ ਬਾਅਦ ਖੇਤ ਨੂੰ ੨.੫ ਟਨ ਪਰਾਲੀ ਪ੍ਰਤੀ ਏਕੜ ਦੇ ਹਿਸਾਬ ਨਾਲ ਢੱਕ ਦਿਉ। ਖੇਤ ਨੂੰ ਗੰਢੀਆਂ ਹਰੀਆਂ ਹੋਣ ਤੱਕ ਗਿੱਲਾ ਰੱਖੋ।

ਖਾਦਾਂ: ਹਲਦੀ ਲਈ ਰੂੜੀ ਦੀ ਖਾਦ ਸਭ ਤੋਂ ਵਧੀਆ ਹੈ । ਇਸ ਦੀ ਬਿਜਾਈ ਤੋਂ ਪਹਿਲਾਂ ੧੦-੧੨ ਟਨ ਗਲੀ-ਸੜੀ ਰੂੜੀ/ਏਕੜ ਖਿਲਾਰ ਦੇਣੀ ਚਾਹੀਦੀ ਹੈ ਜਾਂ ੫ ਟਨ ਗਲੀ ਸੜੀ ਰੂੜੀ ਪ੍ਰਤੀ ਏਕੜ ਦੇ ਨਾਲ ੨੫ ਕਿਲੋ ਨਾਈਟ੍ਰੋਜਨ ਪ੍ਰਤੀ ਏਕੜ (੫੫ ਕਿਲੋ ਯੂਰੀਆ ਪ੍ਰਤੀ ਏਕੜ) ਨੂੰ ਦੋ ਬਰਾਬਰ ਹਿੱਸਿਆਂ ਵਿੱਚ ਵੰਡ ਕੇ ਬਿਜਾਈ ਤੋਂ ੭੫ ਅਤੇ ੧੦੦ ਦਿਨਾਂ ਬਾਅਦ ਪਾ ਦੇਣੀ ਚਾਹੀਦੀ ਹੈ। ਬਿਜਾਈ ਦੇ ਸਮੇਂ ੧੦ ਕਿਲੋ ਪੋਟਾਸ਼/ਏਕੜ (੧੬ ਕਿਲੋ ਮਿਊਰੇਟ ਆਫ਼ ਪੋਟਾਸ਼) ਤੇ ੧੦ ਕਿਲੋ ਫਾਸਫੋਰਸ/ਏਕੜ (60 ਕਿਲੋ ਸਿੰਗਲ ਸੁਪਰਫਾਸਫੇਟ) ਪੋਰ ਦਿਉ।

ਹਲਦੀ ਦੀਆਂ ਗੰਢੀਆਂ ਬੀਜਣ ਸਮੇਂ ਕਨਸ਼ੋਰਸ਼ੀਅਮ ਜੀਵਾਣੂ ਖਾਦ (੪ ਕਿਲੋ-ਪ੍ਰਤੀ ਏਕੜ) ਨੂੰ ਮਿੱਟੀ ਵਿੱਚ ਰਲਾ ਕੇ ਪਾਉਣ ਨਾਲ ਹਲਦੀ ਦਾ ਝਾੜ ਵਧਦਾ ਹੈ ਅਤੇ ਨਾਲ ਹੀ ਜ਼ਮੀਨ ਦੀ ਸਿਹਤ ਵਿੱਚ ਵੀ ਸੁਧਾਰ ਹੁੰਦਾ ਹੈ। ਕਨਸ਼ੋਰਸ਼ੀਅਮ ਦਾ ਟੀਕਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਮਾਈਕ੍ਰੋਬਾਇਓਲੋਜੀ ਵਿਭਾਗ ਪਾਸੋ ਮਿਲਦਾ ਹੈ।

ਸਿੰਚਾਈ: ਹਲਦੀ ਨੂੰ ਹਰੇ ਹੋਣ ਲਈ ਕਾਫ਼ੀ ਸਮਾਂ ਚਾਹੀਦਾ ਹੈ। ਇਸ ਲਈ ਖੇਤ ਨੂੰ ਲਗਾਤਾਰ ਪਤਲਾ ਪਾਣੀ ਦਿੰਦੇ ਰਹੋ।

ਗੋਡੀ ਅਤੇ ਨਦੀਨਾਂ ਤੋਂ ਬਚਾਅ: ਹਲਦੀ ਨੂੰ ਨਦੀਨਾਂ ਤੋਂ ਬਚਾਉਣ ਲਈ ਇਸ ਦੀ ਇਕ ਜਾਂ ਦੋ ਵਾਰ ਗੋਡੀ ਕਰਨੀ ਜ਼ਰੂਰੀ ਹੈ। ਇਸ ਦੇ ਬਦਲ ਵਿੱਚ ਸਟੌਂਪ ੩੦ ਈ ਸੀ (ਪੈਂਡੀਮੈਥਾਲਿਨ) ੧੩੦੦ ਮਿ.ਲਿ. ਪ੍ਰਤੀ ਏਕੜ ਜਾਂ ਸੈਨਕੋਰ ੭੦ ਡਬਲਯੂ ਪੀ (ਮੈਟਰੀਬੂਜ਼ਿਨ) ੪੦੦ ਗ੍ਰਾਮ ਪ੍ਰਤੀ ਏਕੜ ਜਾਂ ਐਟਰਾਟਾਫ਼ ੫੦ ਡਬਲ਼ਯੂ ਪੀ ੬੦੦ ਗ੍ਰਾਮ ਪ੍ਰਤੀ ਏਕੜ ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਬਿਜਾਈ ਤੋਂ ੨-੩ ਦਿਨਾਂ ਵਿੱਚ ਛਿੜਕਾਅ ਕਰੋ। ਛਿੜਕਾਅ ਪਿਛੋਂ ੩੬ ਕੁਇੰਟਲ/ਏਕੜ ਝੋਨੇ ਦੀ ਪਰਾਲੀ ਨੂੰ ਸਾਰੇ ਖੇਤ ਵਿੱਚ ਇਕਸਾਰ ਖਿਲਾਰ ਦਿਓ।

ਪੁਟਾਈ ਤੇ ਝਾੜ: ਜਦੋਂ ਹਲਦੀ ਦੇ ਪੱਤੇ ਪੀਲੇ ਹੋ ਕੇ ਸੁੱਕ ਜਾਣ ਤਾਂ ਸਮਝੋ ਇਹ ਪੁਟਾਈ ਲਈ ਤਿਆਰ ਹੈ। ਇਹ ਆਮ ਤੌਰ ਤੇ ਨਵੰਬਰ ਵਿਚ ਤਿਆਰ ਹੋ ਜਾਂਦੀ ਹੈ। ਪੁਟਾਈ ਤੋਂ ਬਾਅਦ ਗੰਢੀਆਂ ਤੋਂ ਜੜ੍ਹਾਂ ਅਤੇ ਮਿੱਟੀ ਸਾਫ਼ ਕਰ ਦੇਵੋ। ਇਹ ਫ਼ਸਲ 60-80 ਕੁਇੰਟਲ (ਤਾਜ਼ੀਆਂ ਗੰਢੀਆਂ) ਪ੍ਰਤੀ ਏਕੜ ਝਾੜ ਦਿੰਦੀ ਹੈ।

ਬੀਜ ਤਿਆਰ ਕਰਨਾ: ਅਗਲੀ ਫ਼ਸਲ ਲਈ ਬੀਜ ਠੰਢੀ ਅਤੇ ਖੁਸ਼ਕ ਜਗ੍ਹਾ ਤੇ ਸੰਭਾਲ ਕੇ ਰੱਖਣਾ ਚਾਹੀਦਾ ਹੈ। ਚੰਗਾ ਹੋਵੇ ਜੇ ਇਸ ਨੂੰ ਕੋਲਡ ਸਟੋਰ ਵਿਚ ਰੱਖਿਆ ਜਾ ਸਕੇ। ਦੂਸਰਾ ਢੰਗ ਇਹ ਹੈ ਕਿ ਬੀਜ ਵਾਲੀ ਫ਼ਸਲ ਦੀ ਸਰਦੀ ਪੈਣ ਤੱਕ ਪੁਟਾਈ ਨਾ ਕੀਤੀ ਜਾਵੇ, ਪਰ ਅਜਿਹੇ ਖੇਤ ਦੀ ਸਿੰਚਾਈ ਬਿਲਕੁਲ ਨਹੀਂ ਕਰਨੀ ਚਾਹੀਦੀ।

ਹਲਦੀ ਤਿਆਰ ਕਰਨਾ: ਸਾਫ਼ ਗੰਢੀਆਂ ਨੂੰ ਤੰਗ ਮੂੰਹ ਵਾਲੇ ਬਰਤਨ ਵਿਚ ਪਾਓ । ਫਿਰ ਇਸ ਵਿਚ ਇੰਨਾ ਪਾਣੀ ਪਾਓ ਕਿ ਗੰਢੀਆਂ ਚੰਗੀ ਤਰ੍ਹਾਂ ਡੁੱਬ ਜਾਣ। ਹੁਣ ਇਨ੍ਹਾਂ ਨੂੰ ਲਗਾਤਾਰ ਇਕ ਘੰਟੇ ਲਈ ਉਬਾਲੋ ਤਾਂ ਕਿ ਇਹ ਨਰਮ ਹੋ ਜਾਣ। ਜੇ ਇਨ੍ਹਾਂ ਨੂੰ ਪੰਦਰਾਂ ਪੌਂਡ ਪ੍ਰਤੀ ਵਰਗ ਇੰਚ ਦੇ ਦਬਾਅ ਹੇਠ ਉਬਾਲਿਆ ਜਾਏ ਤਾਂ ਸਿਰਫ ਵੀਹ ਮਿੰਟ ਤੱਕ ਉਬਾਲਣਾ ਹੀ ਕਾਫ਼ੀ ਹੈ । ਉਬਲੀਆਂ ਹੋਈਆਂ ਗੰਢੀਆਂ ਨੂੰ ਧੁੱਪੇ ਸੁਕਾ ਲਓ । ਛੋਟੀ ਪੱਧਰ ਤੇ ਗੰਢੀਆਂ ਨੂੰ ਕਿਸੇ ਸਖਤ ਥਾਂ ਤੇ ਰਗੜ ਕੇ ਲਿਸ਼ਕਾਇਆ ਜਾ ਸਕਦਾ ਹੈ। ਜੇ ਇਹ ਕੰਮ ਵਪਾਰਕ ਪੱਧਰ ਤੇ ਕਰਨਾ ਹੋਵੇ ਤਾਂ ਇਸ ਕੰਮ ਲਈ ਬਣੇ ਢੋਲ ਹੀ ਵਰਤਣੇ ਚਾਹੀਦੇ ਹਨ। ਉਬਾਲ ਕੇ ਸੁਕਾਈਆਂ ਗੰਢੀਆਂ ਨੂੰ ਪੀਸ ਕੇ ਹਲਦੀ ਤਿਆਰ ਕੀਤੀ ਜਾਂਦੀ ਹੈ।

ਢੈਂਚਾ (ਜੰਤਰ)

ਇਹ ਹਰੀ ਖਾਦ ਲਈ ਬੀਜੀ ਜਾਣ ਵਾਲੀ ਮਹੱਤਵਪੂਰਨ ਫ਼ਸਲ ਹੈ। ਇਸ ਦੀ ਫ਼ਸਲ ਨੂੰ ਖਾਦ ਦੇ ਤੌਰ ਤੇ ਖੇਤ ਵਿਚ ਦਬਾਉਣ ਨਾਲ ਇਹ ਨਾ ਸਿਰਫ ਨਾਈਟਰੋਜਨ ਤੱਤ ਦੀ ਕੁਝ ਹੱਦ ਤੱਕ ਪੂਰਤੀ ਲਈ ਗੁਣਕਾਰੀ ਹੈ ਸਗੋਂ ਜ਼ਮੀਨ ਦੀ ਹਾਲਤ ਵਿਚ ਵੀ ਕਾਫ਼ੀ ਸੁਧਾਰ ਕਰਦੀ ਹੈ।

ਜ਼ਮੀਨ:

ਢੈਂਚਾ ਹਰ ਤਰ੍ਹਾਂ ਦੀ ਜ਼ਮੀਨ ਵਿਚ ਬੀਜਿਆ ਜਾ ਸਕਦਾ ਹੈ ਪਰ ਮੈਰਾ ਜਾਂ ਨੀਮ ਰੇਤਲੀ ਜ਼ਮੀਨ ਇਸ ਲਈ ਬੜੀ ਢੁਕਵੀਂ ਹੈ। ਤੇਜ਼ਾਬੀ ਜਾਂ ਕਲਰਾਠੀਆਂ ਜ਼ਮੀਨਾਂ ਨੂੰ ਵੀ ਢੈਂਚਾ ਕੁਝ ਹੱਦ ਤੱਕ ਬਰਦਾਸ਼ਤ ਕਰ ਲੈਂਦਾ ਹੈ। ਪਰ ਜੇਕਰ ਮਿੱਟੀ ਦੀ ਪਰਖ ਦੇ ਸਿੱਟੇ ਵਜੋਂ ਜ਼ਮੀਨ ਦੀ ਪੀ ਐਚ ੯.੩ ਤੋਂ ਵੱਧ ਹੋਵੇ ਤਾਂ ਜਿਪਸਮ ਦੀ ਯੋਗ ਮਾਤਰਾ ਦੀ ਵਰਤੋਂ ਜਰੂਰੀ ਹੈ।

ਉੱਨਤ ਕਿਸਮ:

ਪੰਜਾਬ ਢੈਂਚਾ ੧: ਇਹ ਢੈਂਚੇ ਦੀ ਛੇਤੀ ਵਧਣ ਵਾਲੀ ਕਿਸਮ ਹੈ। ਇਸਦੇ ਬੀਜ ਮੋਟੇ ਹੁੰਦੇ ਹਨ। ਇਹ ੧੫੦ ਦਿਨਾਂ ਵਿਚ ਪੱਕ ਜਾਂਦੀ ਹੈ ਅਤੇ ਇਸ ਦਾ ਝਾੜ ੭ ਤੋਂ ੯ ਕੁਇੰਟਲ ਪ੍ਰਤੀ ਹੈਕਟੇਅਰ ਤੱਕ ਹੋ ਜਾਂਦਾ ਹੈ।

ਬਿਜਾਈ ਦਾ ਢੰਗ, ਬੀਜ ਦੀ ਮਾਤਰਾ ਅਤੇ ਬਿਜਾਈ ਦਾ ਸਮਾਂ: ਹਰੀ ਖਾਦ ਪ੍ਰਾਪਤ ਕਰਨ ਲਈ ੨੦ ਕਿਲੋ ਬੀਜ ਪ੍ਰਤੀ ਏਕੜ ਡਰਿੱਲ ਨਾਲ ੨੦ ਤੋਂ ੨੨ ਸੈ.ਮੀ. ਦੂਰੀ ਤੇ ਅਪ੍ਰੈਲ ਤੋਂ ਜੁਲਾਈ ਦੇ ਮਹੀਨੇ ਵਿਚ ਬੀਜੋ ਪਰ ਬੀਜ ਪੈਦਾ ਕਰਨ ਲਈ ੮ ਤੋਂ ੧੦ ਕਿਲੋ ਬੀਜ ੪੫ ਸੈ.ਮੀ. ਦੀ ਦੂਰੀ ਤੇ ਕਤਾਰਾਂ ਵਿਚ ਅੱਧ ਜੂਨ ਤੋਂ ਜੁਲਾਈ ਤੱਕ ਬੀਜੇ ਜਾਣ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ।

ਖਾਦਾਂ: ਹਰੀ ਖਾਦ ਲਈ ਜਾਂ ਬੀਜ ਦੀ ਪ੍ਰਾਪਤੀ ਲਈ, ਬੀਜੀ ਫ਼ਸਲ ਵਿਚ ੧੨ ਕਿਲੋ ਫਾਸਫੋਰਸ ਤੱਤ (੭੫ ਕਿਲੋ ਸੁਪਰਫਾਸਫੇਟ) ਪ੍ਰਤੀ ਏਕੜ ਬੀਜਣ ਦੇ ਸਮੇਂ ਪਾ ਦੇਣੀ ਚਾਹੀਦੀ ਹੈ। ਜੇਕਰ ਜ਼ਮੀਨ ਵਿਚ ਪਹਿਲਾਂ ਬੀਜੀ ਗਈ ਫ਼ਸਲ ਲਈ ਫ਼ਾਸਫ਼ੋਰਸ ਦੀ ਉਚਿਤ ਮਾਤਰਾ ਦਾ ਪ੍ਰਯੋਗ ਕੀਤਾ ਜਾ ਚੁੱਕਿਆ ਹੋਵੇ ਤਾਂ ਢੈਂਚੇ ਦੀ ਫ਼ਸਲ ਲਈ ਫ਼ਾਸਫ਼ੋਰਸ ਦੀ ਵਰਤੋਂ ਦੀ ਲੋੜ ਨਹੀਂ।

ਸਿੰਚਾਈ: ਹਰੀ ਖਾਦ ਲਈ ਬੀਜੀ ਗਈ ਫ਼ਸਲ ਨੂੰ ਗਰਮੀਆਂ ਵਿਚ ਲੋੜ ਅਨੁਸਾਰ ੩ ਤੋਂ ੪ ਵਾਰੀ ਸਿੰਚਾਈ ਦੀ ਲੋੜ ਹੁੰਦੀ ਹੈ। ਬੀਜ ਲਈ ਬੀਜੀ ਗਈ ਫ਼ਸਲ ਨੂੰ ਫੁੱਲ ਪੈਣ ਅਤੇ ਬੀਜ ਬਣਨ ਦੇ ਸਮੇਂ ਪਾਣੀ ਦੀ ਘਾਟ ਨਹੀਂ ਆਉਣੀ ਚਾਹੀਦੀ।

ਗੋਡੀ: ਬੀਜ ਦੇ ਮੰਤਵ ਲਈ ਬੀਜੀ ਗਈ ਫ਼ਸਲ ਵਿਚੋਂ ਨਦੀਨਾਂ ਦੇ ਖਾਤਮੇ ਲਈ ਬਿਜਾਈ ਤੋਂ ਇਕ ਮਹੀਨਾ ਬਾਅਦ ਗੋਡੀ ਦੀ ਲੋੜ ਹੁੰਦੀ ਹੈ।

ਪੌਦ-ਸੁਰੱਖਿਆ ਕੀੜੇ-ਮਕੌੜੇ ਤੰਬਾਕੂ ਦੀ ਸੁੰਡੀ: ਇਸ ਦੀਆਂ ਸੁੰਡੀਆਂ ਜੰਮਦੀ ਫ਼ਸਲ ਦੇ ਪੱਤੇ ਖਾ ਕੇ ਫ਼ਸਲ ਨੂੰ ਮਰੁੰਡ ਕਰ ਦਿੰਦੀਆਂ ਹਨ।

ਇਸ ਦੀ ਰੋਕਥਾਮ ੧੫੦ ਮਿਲੀਲਿਟਰ ਰੀਮੋਨ (ਨੋਵਾਲਿਉਰਾਨ ੧੦ ਈ ਸੀ) ਨੂੰ ੮੦-੧੦੦ ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਛਿੜਕਾਅ ਕਰਕੇ ਕੀਤੀ ਜਾ ਸਕਦੀ ਹੈ।

ਕਟਾਈ: ਬੀਜ ਲਈ ਬੀਜੀ ਗਈ ਫ਼ਸਲ ਅਕਤੂਬਰ ਦੇ ਅੱਧ ਤੋਂ ਨਵੰਬਰ ਦੇ ਸ਼ੁਰੂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ।

ਸਣ

ਸਣ ਇਕ ਮਹੱਤਵਪੂਰਨ ਫ਼ਲੀਦਾਰ ਫ਼ਸਲ ਹੈ ਜਿਹੜੀ ਰੇਸ਼ੇ ਅਤੇ ਹਰੀ ਖਾਦ ਵਾਸਤੇ ਉਗਾਈ ਜਾਂਦੀ ਹੈ। ਇਹ ਛੇਤੀ ਵਧਣ ਵਾਲੀ ਫ਼ਸਲ ਹੈ ਅਤੇ ਕਈ ਤਰ੍ਹਾਂ ਦੀਆਂ ਮਾੜੀਆਂ ਹਾਲਤਾਂ ਜਿਵੇਂ ਕਿ ਸੋਕਾ, ਖਾਰੀਆਂ ਅਤੇ ਤੇਜ਼ਾਬੀ ਹਾਲਤਾਂ ਨੂੰ ਸਹਿਣ ਦੀ ਸਮਰਥਾ ਰੱਖਦੀ ਹੈ। ਇਸ ਦੀ ਹਰੀ ਖਾਦ ਦਬਾਉਣ ਨਾਲ ਕਲਰਾਠੀਆਂ ਜ਼ਮੀਨਾਂ ਦੀ ਭੌਤਿਕ ਬਣਤਰ ਵਧੀਆ ਬਣਦੀ ਹੈ, ਖੁਰਾਕੀ ਤੱਤਾਂ ਦਾ ਨੁਕਸਾਨ ਨਹੀਂ ਹੁੰਦਾ ਅਤੇ ਨਮੀ ਸਾਂਭੀ ਰਹਿੰਦੀ ਹੈ। ਕਣਕ ਦੀ ਕਟਾਈ ਤੋਂ ਬਾਅਦ ਸਣ ਹਰੀ ਖਾਦ ਲਈ ਬੀਜੀ ਜਾ ਸਕਦੀ ਹੈ।

ਮੌਸਮ: ਸਣ ਗਰਮ ਅਤੇ ਦਰਮਿਆਨੇ ਗਰਮ ਮੌਸਮ ਵਿੱਚ ਵਧੀਆ ਵਧਦੀ-ਫੁਲਦੀ ਹੈ। ਇਸ ਲਈ ੫੦ ਤੋਂ ੭੦ ਸੈਂਟੀਮੀਟਰ ਵਰਖਾ, ਜਿਹੜੀ ਕਿ ਢੁਕਵੇਂ ਸਮੇਂ ਤੇ ਹੁੰਦੀ ਰਹੇ, ਚੰਗੀ ਹੁੰਦੀ ਹੈ।

ਜ਼ਮੀਨ ਦੀ ਕਿਸਮ: ਸਣ ਸੇਮ ਵਾਲੀਆਂ ਜ਼ਮੀਨਾਂ ਨੂੰ ਛੱਡ ਕੇ ਹਰ ਤਰ੍ਹਾਂ ਦੀਆਂ ਜ਼ਮੀਨਾਂ ਵਿੱਚ ਬੜੀ ਚੰਗੀ ਤਰ੍ਹਾਂ ਉਗਾਈ ਜਾ ਸਕਦੀ ਹੈ। ਪ੍ਰੰਤੂ ਹਲਕੀ ਭਲ ਤੋਂ ਭਲ ਵਾਲੀ ਜ਼ਮੀਨ ਇਸ ਲਈ ਬਹੁਤ ਹੀ ਢੁਕਵੀਂ ਹੈ।

ਉੱਨਤ ਕਿਸਮਾਂ:

ਪੀ ਏ ਯੂ ੧੬੯੧: ਇਹ ਛੇਤੀ ਵਧਣ ਵਾਲੀ ਅਤੇ ਖੜ੍ਹਵੀਂ ਕਿਸਮ ਹੈ। ਇਸ ਦੇ ਪੱਤੇ ਦਰਮਿਆਨੇ ਚੌੜੇ ਅਤੇ ਹਰੇ ਰੰਗ ਦੇ ਹੁੰਦੇ ਹਨ। ਇਸ ਦੇ ਫੁੱਲ ਪੀਲੇ ਰੰਗ ਦੇ ਅਤੇ ਫ਼ਲੀਆਂ ਸ਼ੁਰੂ ਵਿੱਚ ਹਰੀਆਂ ਪੀਲੀਆਂ ਅਤੇ ਪੱਕਣ ਵੇਲੇ ਕਾਲੀਆਂ ਭੂਰੀਆਂ ਹੋ ਜਾਂਦੀਆਂ ਹਨ। ਇਸ ਦੇ ਫੁੱਲ ਲਗਭਗ ੬੦-੬੨ ਦਿਨਾਂ ਵਿੱਚ ਆਉਂਦੇ ਹਨ। ਇਹ ਪੱਕਣ ਲਈ ਲਗਭਗ ੧੩੬ ਦਿਨ ਲੈਂਦੀ ਹੈ। ਇਸ ਦੇ ਦਾਣੇ ਮੋਟੇ ਅਤੇ ਕਾਲੇ ਰੰਗ ਦੇ ਹੁੰਦੇ ਹਨ। ਬਿਜਾਈ ਤੋਂ ੪੫-੬੦ ਦਿਨਾਂ ਬਾਅਦ ਇਸ ਦਾ ਕੱਦ ੧੬੦-੨੨੦ ਸੈਂਟੀਮੀਟਰ ਹੁੰਦਾ ਹੈ ਅਤੇ ਜ਼ਮੀਨ ਵਿੱਚ ੪.੦ - ੬.੫ ਟਨ ਹਰੀ ਖਾਦ ਜਾਂ ੧.੦-੨.੦ ਟਨ ਸੁੱਕੀ ਖਾਦ ਪ੍ਰਤੀ ਏਕੜ ਛੱਡਦੀ ਹੈ। ਇਸ ਦੇ ਦਾਣਿਆਂ ਦਾ ਝਾੜ ੪.੮ ਕੁਇੰਟਲ ਪ੍ਰਤੀ ਏਕੜ ਹੈ।

ਨਰਿੰਦਰ ਸਨਈ - ੧: ਇਹ ਛੇਤੀ ਵਧਣ ਵਾਲੀ ਅਤੇ ਖੜ੍ਹਵੀਂ ਕਿਸਮ ਹੈ। ਇਸ ਦੇ ਪੱਤੇ ਚੌੜੇ ਅਤੇ ਹਰੇ ਰੰਗ ਦੇ ਹੁੰਦੇ ਹਨ। ਇਸ ਦੇ ਫੁੱਲ ਪੀਲੇ ਰੰਗ ਦੇ ਅਤੇ ਫ਼ਲੀਆਂ ਸ਼ੁਰੂ ਵਿੱਚ ਹਲਕੇ ਪੀਲੇ ਰੰਗ ਦੀਆਂ ਅਤੇ ਪੱਕਣ ਵੇਲੇ ਭੂਰੀਆਂ ਹੋ ਜਾਂਦੀਆਂ ਹਨ। ਇਸ ਦੇ ਫੁੱਲ ਲਗਭਗ ੯੮-੧੦੦ ਦਿਨਾਂ ਵਿੱਚ ਆਉਂਦੇ ਹਨ। ਇਹ ਪੱਕਣ ਲਈ ਲਗਭਗ ੧੫੨ ਦਿਨ ਲੈਂਦੀ ਹੈ। ਇਸ ਦੇ ਦਾਣੇ ਮੋਟੇ ਅਤੇ ਕਾਲੇ ਰੰਗ ਦੇ ਹੁੰਦੇ ਹਨ। ਬਿਜਾਈ ਤੋਂ ੪੫-੬੦ ਦਿਨਾਂ ਬਾਅਦ ਇਸ ਦਾ ਕੱਦ ੧੬੦-੨੨੫ ਸੈਂਟੀਮੀਟਰ ਹੁੰਦਾ ਹੈ ਅਤੇ ਜ਼ਮੀਨ ਵਿੱਚ ੩.੮-੬.੨ ਟਨ ਹਰੀ ਖਾਦ ਜਾਂ ੦.੯ - ੧.੮ ਟਨ ਸੁੱਕੀ ਖਾਦ ਪ੍ਰਤੀ ਏਕੜ ਛੱਡਦੀ ਹੈ। ਇਸ ਦੇ ਦਾਣਿਆਂ ਦਾ ਝਾੜ ੩.੯ ਕੁਇੰਟਲ ਪ੍ਰਤੀ ਏਕੜ ਹੈ।

ਕਾਸ਼ਤ ਦੇ ਉੱਨਤ ਢੰਗ:

ਬਿਜਾਈ ਦਾ ਸਮਾਂ: ਬੀਜ ਉਤਪਾਦਨ ਲਈ ਸਣ ਦੀ ਬਿਜਾਈ ਜੂਨ ਵਿੱਚ ਕਰੋ। ਹਰੀ ਖਾਦ ਵਾਸਤੇ ਇਸ ਦੀ ਬਿਜਾਈ ਅਪ੍ਰੈਲ ਤੋਂ ਜੁਲਾਈ ਮਹੀਨੇ ਦਰਮਿਆਨ ਕੀਤੀ ਜਾ ਸਕਦੀ ਹੈ।

ਬੀਜ ਦੀ ਮਾਤਰਾ ਅਤੇ ਬਿਜਾਈ ਦਾ ਢੰਗ: ਹਰੀ ਖਾਦ ਵਾਸਤੇ ਬੀਜਣ ਲਈ ੨੦ ਕਿਲੋ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋ। ਇਸ ਦੀ ਬਿਜਾਈ ੨੨.੫ ਸੈਂਟੀਮੀਟਰ ਦੀ ਵਿੱਥ ਤੇ ਡਰਿੱਲ ਨਾਲ ਕਤਾਰਾਂ ਵਿੱਚ ਕਰੋ ਜਾਂ ਛਿੱਟੇ ਨਾਲ ਬੀਜੋ। ਬੀਜ ਉਤਪਾਦਨ ਲਈ ੧੦ ਕਿਲੋ ਬੀਜ ੪੫ ਸੈਂਟੀਮੀਟਰ ਦੀ ਵਿੱਥ ਤੇ ਡਰਿੱਲ ਨਾਲ ਕਤਾਰਾਂ ਵਿੱਚ ਬੀਜੋ। ਬਿਜਾਈ ਤੋਂ ਪਹਿਲਾਂ ਬੀਜ ਨੂੰ ਪਾਣੀ ਵਿੱਚ ਭਿਉਂ ਲਵੋ। ਇੰਜ ਚੰਗਾ ਜੰਮ ਪ੍ਰਾਪਤ ਕੀਤਾ ਜਾ ਸਕਦਾ ਹੈ।

ਖਾਦਾਂ: ਹਰੀ ਖਾਦ ਜਾਂ ਬੀਜ ਦੀ ਪ੍ਰਾਪਤੀ ਲਈ ਬੀਜੀ ਫ਼ਸਲ ਵਿੱਚ ੧੬ ਕਿਲੋ ਫ਼ਾਸਫ਼ੋਰਸ (੧੦੦ ਕਿਲੋ ਸਿੰਗਲ ਸੁਪਰਫ਼ਾਸਫ਼ੇਟ) ਪ੍ਰਤੀ ਏਕੜ ਬਿਜਾਈ ਵੇਲੇ ਪਾਓ।

ਸਿੰਚਾਈ: ਹਰੀ ਖਾਦ ਲਈ ਬੀਜੀ ਸਣ ਨੂੰ ਮੌਸਮ ਅਨੁਸਾਰ ੨-੩ ਸਿੰਚਾਈਆਂ ਦੀ ਲੋੜ ਹੁੰਦੀ ਹੈ। ਬੀਜ ਉਤਪਾਦਨ ਲਈ ਬੀਜੀ ਫ਼ਸਲ ਨੂੰ ਫੁੱਲ ਆਉਣ ਸਮੇਂ ਅਤੇ ਦਾਣਾ ਬਣਨ ਸਮੇਂ ਪਾਣੀ ਦੀ ਘਾਟ ਨਹੀਂ ਆਉਣੀ ਚਾਹੀਦੀ।

ਗੋਡੀ: ਬੀਜ ਉਤਪਾਦਨ ਲਈ ਬੀਜੀ ਫ਼ਸਲ ਨੂੰ ਨਦੀਨਾਂ ਤੋਂ ਬਚਾਉਣ ਲਈ ਬਿਜਾਈ ਤੋਂ ਇਕ ਮਹੀਨੇ ਬਾਅਦ ਇੱਕ ਗੋਡੀ ਦੀ ਲੋੜ ਹੁੰਦੀ ਹੈ।

ਕਟਾਈ: ਬੀਜ ਉਤਪਾਦਨ ਵਾਲੀ ਫ਼ਸਲ ਬਿਜਾਈ ਦੇ ਸਮੇਂ ਅਨੁਸਾਰ ਅੱਧ ਅਕਤੂਬਰ ਤੋਂ ਨਵੰਬਰ ਦੇ ਸ਼ੁਰੂ ਵਿੱਚ ਪੱਕ ਕੇ ਕਟਾਈ ਲਈ ਤਿਆਰ ਹੋ ਜਾਂਦੀ ਹੈ।

ਸਰੋਤ : ਅਗ੍ਰਿਛੁਲ੍ਤੁਰੇ , ਖੇਤੀ ਭਵਨ ਮੋਹਾਲੀ (ਪੰਜਾਬ)

3.11711711712
ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
ਨੇਵਿਗਾਤਿਓਂ
Back to top