ਸਾਂਝਾ ਕਰੋ
Views
  • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਕਟੁੰਬਾਂ ਨੂੰ ਹਵਾਦਾਰ ਬਨਾਉਣਾ

ਕਟੁੰਬਾਂ ਨੂੰ ਹਵਾਦਾਰ ਬਨਾਉਣਾ ਉੱਤੇ ਜਾਣਕਾਰੀ।

ਮੀਂਹ, ਸਿੱਲ ਅਤੇ ਹਵਾ ਰੁਕ ਜਾਣ ਨਾਲ ਕਟੁੰਬ ਵਿੱਚ ਹੁੰਮਸ ਹੋ ਜਾਂਦਾ ਹੈ। ਵਰਖਾ ਰੁੱਤ ਵਿੱਚ ਕਟੁੰਬਾਂ ਨੂੰ ਹਵਾਦਾਰ ਬਣਾ ਕੇ ਰੱਖੋ। ਬਕਸੇ ਦੇ ਆਸੇ-ਪਾਸਿਓਂ ਘਾਹ-ਫੂਸ ਅਤੇ ਦਰੱਖਤਾਂ ਦੀਆਂ ਟਹਿਣੀਆਂ ਜੋ ਹਵਾ ਲਈ ਰੁਕਾਵਟ ਬਣਦੀਆਂ ਹਨ, ਕੱਟ ਦਿਓ। ਕਟੁੰਬ ਉਚੀ ਜਗ੍ਹਾ ਤੇ ਰੱਖੋ ਅਤੇ ਪਾਣੀ ਦੇ ਟੋਬੇ ਅਤੇ ਜ਼ੀਰੀ ਦੇ ਖੇਤਾਂ ਤੋਂ ਦੂਰ ਟਿਕਾਓ।

ਵਾਧੂ ਛੱਤੇ ਸੰਭਾਲਣਾ

ਖਾਲੀ ਛੱਤੇ ਬਕਸਿਆਂ ਵਿਚੋਂ ਕੱਢ ਕੇ ਸਿਫਾਰਸ਼ ਕੀਤੇ ਢੰਗ ਮੁਤਾਬਿਕ ਹਵਾਬੰਦ ਕਮਰੇ ਜਾਂ ਸੁਪਰ ਚੈਂਬਰਾਂ ਵਿਚ ਸਲਫ਼ਾਸ ਜਾਂ ਸਲਫਰ ਦੀ ਧੂਣੀ ਦੇ ਕੇ ਰੱਖੋ।

ਮਨਸੂਈ ਖੁਰਾਕ ਦੇਣੀ

ਖੁਰਾਕ ਦੀ ਘਾਟ ਨੂੰ ਪੂਰਾ ਕਰਨ ਲਈ ਕਟੁੰਬਾਂ ਨੂੰ ਉਨ੍ਹਾਂ ਦੀ ਲੋੜ ਅਨੁਸਾਰ ਖੰਡ ਅਤੇ ਪਾਣੀ ਦਾ ਘੋਲ (ਇੱਕ ਹਿੱਸਾ ਖੰਡ ਇੱਕ ਹਿੱਸਾ ਪਾਣੀ) ਦੀ ਮਨਸੂਈ ਖੁਰਾਕ ਅਤੇ ਸਟੋਰ ਕੀਤਾ ਹੋਇਆ ਪਰਾਗ ਦਿਓ । ਖੁਰਾਕ ਸਾਰੇ ਹੀ ਕਟੁੰਬਾਂ ਨੂੰ ਅਤੇ ਸ਼ਾਮੀ ਦੇਰ ਨਾਲ ਦਿਓ। ਖੁਰਾਕ ਦੇਣ ਤੋਂ ਪਹਿਲਾਂ ਬਕਸਿਆਂ ਦੀਆਂ ਤਰੇੜਾਂ, ਝੀਥਾਂ ਆਦਿ ਸੀਲਬੰਦ ਕਰ ਦਿਓ। ਕਟੁੰਬਾਂ ਦਾ ਗੇਟ ਵੀ ਛੋਟਾ ਕਰ ਦਿਓ ਤਾਂ ਕਿ ਇੱਕ ਸਮੇਂ ਵਿੱਚ ਇੱਕ ਹੀ ਮੱਖੀ ਅੰਦਰ-ਬਾਹਰ ਆ ਜਾ ਸਕੇ। ਇਹ ਸਾਵਧਾਨੀਆਂ ਕਟੁੰਬਾਂ ਨੂੰ ਲੁੱਟ-ਖਸੁੱਟ (ਰੌਬਿੰਗ) ਦੀ ਸਮੱਸਿਆਂ ਤੋਂ ਬਚਾਉਂਦੀਆਂ ਹਨ। ਖੰਡ ਦੇ ਘੋਲ ਦੀ ਫੀਡ ਟੀਨ ਦੇ ਡੱਬੇ ਵਿੱਚ ਪਾ ਕੇ, ਮੋਰੀਆਂ ਵਾਲੇ ਢੱਕਣ ਵਾਲੀ ਬੋਤਲ ਪੁੱਠੀ ਰੱਖ ਕੇ, ਡਵੀਜ਼ਨ ਬੋਰਡ ਫੀਡਰ ਰਾਹੀਂ, ਮੋਮੀ ਲਿਫਾਫੇ ਵਿੱਚ ਭਰ ਕੇ ਅਤੇ ਇਸ ਵਿੱਚ ਪਿੰਨ ਨਾਲ ੪-੬ ਸੁਰਾਖ ਕਰਕੇ, ਖਾਲੀ ਛੱਤਿਆਂ ਵਿੱਚ ਭਰ ਕੇ ਜਾਂ ਬਹੁਗੁਣੇ ਅੰਦਰਲੇ ਢੱਕਣ-ਕਮ-ਫੀਡਰ ਦੀ ਵਰਤੋਂ ਰਾਹੀਂ ਦਿੱਤੀ ਜਾ ਸਕਦੀ ਹੈ। ਪਰਾਗ ਦੀ ਥੁੜ ਸਮੇਂ ਪਰਾਗ ਜਾਂ ਪਰਾਗ ਪੂਰਕ ਫੀਡ ਦਿਓ। ਇਸ ਪਰਾਗ ਪੂਰਕ ਫੀਡ ਨੂੰ ਤਿਆਰ ਕਰਨ ਲਈ ਮਰੀ ਹੋਈ ਬਰਿਊਰ ਯੀਸਟ ੪੨ ਹਿੱਸੇ, ਛਿਲਕਾ ਲੱਥੇ ਭੁੱਜੇ ਛੋਲਿਆਂ ਦਾ ਆਟਾ ੪ ਹਿੱਸੇ ਅਤੇ ਕਰੀਮ ਕੱਢਿਆ ਸੁੱਕਾ ਦੁੱਧ ੪ ਹਿੱਸੇ ਦੇ ਮਿਸ਼ਰਨ ਨੂੰ ਖੰਡ ਅਤੇ ਪਾਣੀ ਦੇ ਘੋਲ (੧:੧) ਵਿੱਚ ਗੁੰਨ ਕੇ ਪਲਾਸਟਿਕ ਦੀ ਪਲੇਟ ਵਿੱਚ ਪਾ ਕੇ ਮੋਮੀ ਕਾਗਜ਼ ਨਾਲ ਢਕੋ ਅਤੇ ਇਸ ਕਾਗਜ ਵਿਚ ਬਾਰੀਕ ਛੇਕ ਕਰੋ। ਫਿਰ ਇਸ ਪਲੇਟ ਨੂੰ ਛੱਤਿਆਂ ਦੀਆਂ ਉਪਰਲੀਆਂ ਫੱਟੀਆਂ ਉਤੇ ਰੱਖੇ ਦੋ ਡੱਕਿਆਂ ਉਪਰ ਉਲਟਾ ਕਰਕੇ ਰੱਖ ਦਿਓ। ਇਸ ਪਰਾਗ ਪੂਰਕ ਵਿੱਚ ੧੦ ਪ੍ਰਤੀਸ਼ਤ ਪਰਾਗ ਮਿਲਾਉਣ ਨਾਲ ਸ਼ਹਿਦ ਮੱਖੀਆਂ ਇਸ ਨੂੰ ਜ਼ਿਆਦਾ ਖਾਂਦੀਆਂ ਹਨ ਅਤੇ ਇਹ ਬਰੂਡ ਪਾਉਣ ਵਿੱਚ ਵਧੇਰੇ ਸਹਾਈ ਹੁੰਦਾ ਹੈ।

ਰੌਬਿੰਗ ਦੀ ਰੋਕਥਾਮ

ਤਕੜੇ ਕਟੁੰਬਾਂ ਦੀਆਂ ਮੱਖੀਆਂ ਦੁਆਰਾ ਕਮਜ਼ੋਰ ਕਟੁੰਬਾਂ ਵਿਚੋਂ ਮਲੋ-ਜ਼ੋਰੀ ਖੁਰਾਕ ਚੋਰੀ ਕਰਨ ਦੀ ਅਲਾਮਤ ਨੂੰ ਰੌਬਿੰਗ ਕਿਹਾ ਜਾਂਦਾ ਹੈ। ਰੌਬਿੰਗ ਤੋਂ ਬਚਾਓ ਲਈ ਖੰਡ ਦੀ ਫੀਡ ਸ਼ਾਮੀ ਦੇਰ ਨੂੰ ਅਤੇ ਸਾਰੇ ਬਕਸਿਆਂ ਨੂੰ ਦਿਓ। ਰੌਬਿੰਗ ਨੂੰ ਸ਼ੁਰੂ ਹੋਣ ਉਪਰੰਤ ਰੋਕਣ ਲਈ ਘਾਹ ਨੂੰ ਕਾਰਬੋਲਿਕ ਤੇਜ਼ਾਬ (੧%) ਜਾਂ ਮਿੱਟੀ ਦੇ ਤੇਲ ਵਿੱਚ ਭਿਉਂ ਕੇ ਲੁੱਟੇ ਜਾ ਰਹੇ ਕਟੁੰਬ ਦੇ ਗੇਟ ਤੇ ਰੱਖ ਦਿਓ ਅਤੇ ਗਿੱਲੀ ਮਿੱਟੀ ਨਾਲ ਕਟੁੰਬ ਦੇ ਗੇਟ ਤੇ ਬੌਟਮ ਬੋਰਡ ਦੇ ਅਗਲੇ ਸਿਰੇ ਤੱਕ ਇੱਕ ਹੀ ਮੱਖੀ ਦੇ ਲੰਘਣ ਲਈ ਇੱਕ ਸੁਰੰਗ ਬਣਾ ਦਿਓ। ਜ਼ਿਆਦਾ ਰੌਬਿੰਗ ਹੋਣ ਦੀ ਸੂਰਤ ਵਿੱਚ ਲੁੱਟੇ ਜਾ ਰਹੇ ਕਟੁੰਬ ਨੂੰ ਕੁਝ ਸਮੇਂ ਲਈ ਬੰਦ ਕਰ ਦਿਓ ਜਾਂ ਲੁੱਟ ਰਹੇ ਕਟੁੰਬ ਨੂੰ ਲੱਭ ਕੇ ਉਸ ਨੂੰ ਤਿੰਨ ਕਿਲੋਮੀਟਰ ਦੂਰ ਛੱਡ ਆਉ।

ਕਟੁੰਬ ਤਕੜੇ ਕਰਨਾ

ਕਮਜ਼ੋਰ ਅਤੇ ਲੇਇੰਗ ਵਰਕਰ ਕਟੁੰਬਾਂ ਨੂੰ ਜ਼ਿਆਦਾ ਬਲਤਾ ਵਾਲੇ ਰਾਣੀ ਸਹਿਤ ਕਟੁੰਬਾਂ ਨਾਲ ਅਖ਼ਬਾਰ ਵਾਲੇ ਤਰੀਕੇ ਦੁਆਰਾ ਜੋੜ ਦਿਓ।

ਮੱਖੀਆਂ ਦਾ ਦੁਸ਼ਮਣਾਂ ਤੋਂ ਬਚਾਅ

ਮੋਮੀ ਕੀੜੇ, ਵਰੋਆ ਚਿੱਚੜੀ, ਭਰਿੰਡਾਂ / ਦੰਦਈਏ, ਕਾਲੇ ਕੀੜੇ / ਕੀੜੀਆਂ, ਹਰੀ ਚਿੜੀ, ਕਾਲੀ ਚਿੜੀ ਆਦਿ ਵਰਖਾ ਰੁੱਤ ਵਿੱਚ ਮੱਖੀਆਂ ਨੂੰ ਨੁਕਸਾਨ ਪਹੁੰਚਾਉਂਦੇ ਹਨ। ਸ਼ਹਿਦ ਮੱਖੀ ਕਟੁੰਬਾਂ ਨੂੰ ਇਨ੍ਹਾਂ ਦੁਸ਼ਮਣਾਂ ਤੋਂ ਬਚਾਉਣ ਲਈ ਸਿਫਾਰਸ਼ ਕੀਤੇ ਉਪਰਾਲੇ ਕਰੋ, ਜਿਨ੍ਹਾਂ ਦਾ ਵਿਸਥਾਰ ਅੱਗੇ ਦਿੱਤਾ ਗਿਆ ਹੈ।

ਕਟੁੰਬਾਂ ਦੀ ਹਿਜ਼ਰਤ

ਮੌਸਮ ਦੇ ਸ਼ੁਰੂ ਵਿੱਚ ਕਟੁੰਬਾਂ ਦੀ ਹਿਜ਼ਰਤ ਨੀਮ-ਪਹਾੜੀ ਇਲਾਕਿਆਂ ਵਿਚ ਖੈਰ ਤੇ ਕਰੋ। ਉਸ ਤੋਂ ਬਾਅਦ ਕਟੁੰਬਾਂ ਦੇ ਵਾਧੇ ਅਤੇ ਸ਼ਹਿਦ ਪੈਦਾਵਾਰ ਲਈ ਸ਼ਹਿਦ ਮੱਖੀ ਫਾਰਮ ਨੂੰ ਬੀ ਟੀ ਨਰਮੇ ਤੇ ਲੈ ਜਾਓ। ਪਰ ਨਰਮੇ ਤੇ ਕੀਟ ਨਾਸ਼ਕਾਂ ਦੀ ਵਰਤੋਂ ਤੋਂ ਸ਼ਹਿਦ ਮੱਖੀ ਕਟੁੰਬਾਂ ਦੇ ਬਚਾਅ ਲਈ ਇਨ੍ਹਾਂ ਨੂੰ ਖੇਤਾਂ ਤੋਂ ਵਿੱਥ ਤੇ ਹੀ ਰੱਖੋ। ਬਾਅਦ ਵਿੱਚ ਕਟੁੰਬਾਂ ਦਾ ਅਰਹਰ/ ਤੋਰੀਏ ਵਾਲੇ ਇਲਾਕੇ ਵਿੱਚ ਪ੍ਰਵਾਸ ਕਰ ਸਕਦੇ ਹੋ।

ਸਰੋਤ : ਖੇਤੀ ਭਵਨ ਮੋਹਾਲੀ (ਪੰਜਾਬ)

3.17708333333
ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
ਨੇਵਿਗਾਤਿਓਂ
Back to top