ਸਾਂਝਾ ਕਰੋ
Views
  • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਪੌਦ ਕਿਸਮ ਅਤੇ ਸੁਰੱਖਿਆ ਐਕਟ – ੨੦੦੧

ਪੌਦ ਕਿਸਮ ਅਤੇ ਸੁਰੱਖਿਆ ਐਕਟ – ੨੦੦੧ ਬਾਰੇ ਜਾਣਕਾਰੀ।

ਭਾਰਤ ਵਿੱਚ ਖੋਜ ਨੂੰ ਪ੍ਰੋਸਾਹਿਤ ਕਰਨ ਅਤੇ ਵਿਸ਼ਵ ਵਪਾਰ ਸੰਸਥਾ ਦੇ ਤਹਿਤ ੧੯੯੫ ਵਿੱਚ ਵਪਾਰ ਨਾਲ ਸੰਬੰਧਤ ਬੌਧਿਕ ਸੰਪਤੀ ਅਧਿਕਾਰ (ਠ੍ਰੀਫਸ਼) ਸੰਧੀ ਦੇ ਤਹਿਤ ਭਾਰਤ ਸਰਕਾਰ ਨੇ ਪੌਦ ਕਿਸਮ ਅਤੇ ਕਿਸਾਨ ਅਧਿਕਾਰ ਸੁਰੱਖਿਆ ਐਕਟ ੨੦੦੧ ਪਾਸ ਕੀਤਾ ਹੈ। ਇਸ ਐਕਟ ਨੂੰ ਲਾਗੂ ਕਰਨ ਲਈ ੨੦੦੩ ਵਿੱਚ ਕਾਇਦਾ ਅਤੇ ਕਾਨੂੰਨ ਬਣਾਏ ਗਏ। ਇਸ ਐਕਟ ਦੇ ਨਿਯਮਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਵਾਸਤੇ ਭਾਰਤ ਸਰਕਾਰ ਨੇ ੨੦੦੫ ਵਿੱਚ ਪੌਦ ਕਿਸਮ ਅਤੇ ਕਿਸਾਨ ਅਧਿਕਾਰ ਸੁਰੱਖਿਆ ਸੰਸਥਾ ਬਣਾਈ ਹੈ। ਇਸ ਸੰਸਥਾ ਵਿੱਚ ਇੱਕ ਮੁਖੀ ਅਤੇ ੧੫ ਮੈਂਬਰ ਹਨ। ਇਸ ਸੰਸਥਾ ਨੇ ਅਕਤੂਬਰ ੨੦੦੬ ਤੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਹੇਠ ਲਿਖਿਆ ਇਸ ਐਕਟ ਦਾ ਸਰਲ ਰੂਪ ਹੈ ਇਸ ਕਰਕੇ ਇਸ ਦਾ ਉਲੇਖ ਕਿਸੇ ਵੀ ਕਾਨੂੰਨੀ ਕਾਰਵਾਈ ਲਈ ਨਹੀਂ ਕੀਤਾ ਜਾ ਸਕਦਾ।

ਐਕਟ ਦੇ ਉਦੇਸ਼:

(੧) ਪੌਦਿਆਂ ਦੀਆਂ ਕਿਸਮਾਂ ਦੀ ਸੁਰੱਖਿਆ ਲਈ ਪ੍ਰਭਾਵਸ਼ਾਲੀ ਪ੍ਰਣਾਲੀ ਪ੍ਰਦਾਨ ਕਰਨਾ।

(੨) ਕਿਸਾਨਾਂ ਅਤੇ ਪੌਦ ਪ੍ਰਜਨਣ ਕਰਤਾ ਨੂੰ ਉਨ੍ਹਾਂ ਦੇ ਅਧਿਕਾਰ ਪ੍ਰਦਾਨ ਕਰਨਾ ਜਿਨ੍ਹਾਂ ਨੇ ਪੌਦ ਸਮੱਗਰੀ ਨੂੰ ਕਈ ਸਾਲਾਂ ਤੋਂ ਸੰਭਾਲਿਆ ਅਤੇ ਸੁਧਾਰਿਆ।

(੩) ਬੀਜ ਉਦਯੋਗ ਨੂੰ ਪ੍ਰਫੁਲਿਤ ਕਰਨਾ, ਖੋਜ ਅਤੇ ਉਸ ਦੇ ਵਾਧੇ ਲਈ ਨਿੱਜੀ ਕੰਪਨੀਆਂ ਨੂੰ ਨਿਵੇਸ਼ ਲਈ ਉਤਸ਼ਾਹਿਤ ਕਰਨਾ।

(੪) ਕਿਸਾਨਾਂ ਨੂੰ ਸੁਧਰੀਆਂ ਕਿਸਮਾਂ ਦਾ ਵਧੀਆ ਬੀਜ ਅਤੇ ਪੌਦ ਸਮੱਗਰੀ ਮੁਹੱਈਆ ਕਰਵਾਉਣਾ।

ਪੌਦ ਪ੍ਰਜਨਣ ਕਰਤਾ ਦੇ ਅਧਿਕਾਰ:

ਇਸ ਐਕਟ ਦੇ ਅਧੀਨ ਪ੍ਰਜਨਣ ਕਰਤਾ ਜਾਂ ਉਸ ਦਾ ਏਜੰਟ ਜੋ ਨਵੀਂ ਕਿਸਮ ਦਾ ਪੰਜੀਕਰਣ ਕਰਵਾਉਂਦਾ ਹੈ, ਨੂੰ ਪੰਜੀਕ੍ਰਿਤ ਕਿਸਮ ਨੂੰ ਉਗਾਉਣ, ਵਧਾਉਣ, ਵੇਚਣ, ਵੰਡਣ, ਅਯਾਤ ਅਤੇ ਨਿਰਯਾਤ ਕਰਨ ਦਾ ਅਧਿਕਾਰ ਪ੍ਰਾਪਤ ਹੁੰਦਾ ਹੈ। ਉਹ ਕਿਸੇ ਵੀ ਕਿਸਾਨ ਜਾਂ ਸੰਸਥਾ ਦੇ ਖਿਲਾਫ਼ ਅਦਾਲਤੀ ਕਾਰਵਾਈ ਕਰ ਸਕਦਾ ਹੈ ਜੋ ਉਸ ਦੀ ਮਨਜੂਰੀ ਤੋਂ ਬਿਨਾਂ ਉਸ ਦੀ ਪੰਜੀਕ੍ਰਿਤ ਕਿਸਮ ਨੂੰ ਆਪਣਾ ਜਾਂ ਪੰਜੀਕ੍ਰਿਤ ਨਾਮ ਦੇ ਕੇ ਵੇਚ ਰਿਹਾ ਹੋਵੇ ਜਾਂ ਗਲਤ ਇਸਤੇਮਾਲ ਕਰ ਰਿਹਾ ਹੋਵੇ।

ਖੋਜ ਕਰਤਾ ਦੇ ਅਧਿਕਾਰ:-

(੧) ਖੋਜ ਕਰਤਾ ਨੂੰ ਇਹ ਹੱਕ ਪ੍ਰਾਪਤ ਹੈ ਕਿ ਉਹ ਪੰਜੀਕ੍ਰਿਤ ਕਿਸਮ ਨੂੰ ਖੋਜ-ਕੰਮਾਂ ਲਈ ਵਰਤ ਸਕਦਾ ਹੈ।

(੨) ਉਸ ਨੂੰ ਹੱਕ ਹੈ ਕਿ ਉਹ ਪੰਜੀਕ੍ਰਿਤ ਕਿਸਮ ਦੀ ਵਰਤੋਂ ਕੋਈ ਨਵੀਂ ਕਿਸਮ ਤਿਆਰ ਕਰਨ ਲਈ ਕਰ ਸਕਦਾ ਹੈ।

(੩) ਪਰ ਜੇ ਉਹ ਪੰਜੀਕ੍ਰਿਤ ਕਿਸਮ ਦੀ ਵਾਰ-ਵਾਰ ਵਰਤੋਂ ਕਰਕੇ ਵਪਾਰਕ ਪੱਧਰ ਤੇ ਕੋਈ ਨਵੀਂ ਕਿਸਮ ਤਿਆਰ ਕਰਨੀ ਚਾਹੁੰਦਾ ਹੈ, ਤਾਂ ਖੋਜ ਕਰਤਾ ਨੂੰ ਪ੍ਰਜਨਣ ਕਰਤਾ ਤੋਂ ਇਸ ਲਈ ਮਨਜੂਰੀ ਲੈਣੀ ਪਵੇਗੀ।

ਕਿਸਾਨ ਦੇ ਅਧਿਕਾਰ:

(੧) ਇਸ ਐਕਟ ਦੇ ਅਧੀਨ ਕਿਸਾਨ ਨੂੰ ਇਹ ਅਧਿਕਾਰ ਹੈ ਕਿ ਉਹ ਪੰਜੀਕ੍ਰਿਤ ਕਿਸਮ ਦੇ ਬੀਜ ਨੂੰ ਵਰਤ ਸਕਦਾ ਹੈ, ਬੀਜ ਨੂੰ ਭੰਡਾਰ ਕਰ ਸਕਦਾ ਹੈ, ਦੂਸਰੇ ਕਿਸਾਨਾਂ ਨਾਲ ਬੀਜ ਦੀ ਅਦਲਾ-ਬਦਲੀ ਕਰ ਸਕਦਾ ਹੈ, ਆਪਣੀ ਉਪਜ ਨੂੰ ਮੰਡੀ ਵਿੱਚ ਜਾਂ ਬੀਜ ਦੇ ਤੌਰ ਤੇ ਵੇਚ ਸਕਦਾ ਹੈ, ਪਰ ਇਹ ਕਿਸਮ ਨੂੰ ਪੰਜੀਕ੍ਰਿਤ ਨਾਮ ਨਾਲ ਨਹੀਂ ਵੇਚ ਸਕਦਾ।

(੨) ਜੇ ਪੰਜੀਕ੍ਰਿਤ ਕਿਸਮ ਤੋਂ ਪ੍ਰਜਨਣ ਕਰਤਾ ਦੁਆਰਾ ਦੱਸੇ ਗਏ ਖਾਸ ਖੇਤਰ ਵਿੱਚ ਚੰਗੇ ਨਤੀਜੇ ਨਾ ਆਉਣ ਤਾਂ ਉਸ ਸੂਰਤ ਵਿੱਚ ਕਿਸਾਨ ਮੁਆਵਜੇ ਦੀ ਮੰਗ ਕਰ ਸਕਦਾ ਹੈ।

(੩) ਕਿਸਾਨ ਫ਼ਸਲ ਦੀ ਨਵੀਂ ਕਿਸਮ ਬਣਾ ਸਕਦਾ ਹੈ ਅਤੇ ਉਸ ਨੂੰ ਇਕ ਪ੍ਰਜਨਣ ਕਰਤਾ ਦੀ ਭਾਂਤ ਹੀ ਪੰਜੀਕ੍ਰਿਤ ਕਰਵਾ ਸਕਦਾ ਹੈ।

(੪) ਕਿਸਾਨ ਨੂੰ ਆਪਣੀ 'ਪੌਦ ਕਿਸਮ ਪੰਜੀਕ੍ਰਿਤ' ਕਰਵਾਉਣ ਲਈ ਕਿਸੇ ਵੀ ਤਰ੍ਹਾਂ ਦੀ ਕੋਈ ਫੀਸ ਨਹੀਂ ਲੱਗਦੀ।

(੫) ਜੋ ਕਿਸਾਨ ਪੌਦਾ ਅਨੁਵੰਸ਼ਿਕ ਸੰਸਾਧਨਾ ਨੂੰ ਬਚਾਅ ਕੇ ਰੱਖਦਾ ਹੈ, ਜਿਸ ਤੋਂ ਨਵੀਆਂ ਕਿਸਮਾਂ ਬਣਦੀਆਂ ਹਨ, ਉਹ 'ਜੀਨ ਫੰਡ' ਤੋਂ ਲਾਭ ਦਾ ਹੱਕਦਾਰ ਹੈ।

ਕੌਣ ਪੰਜੀਕਰਣ ਕਰਵਾਉਣ ਲਈ ਬਿਨੈਪੱਤਰ ਭੇਜ ਸਕਦਾ ਹੈ: ਕੋਈ ਵੀ ਵਿਅਕਤੀ ਜੋ ਪੋਦ ਪ੍ਰਜਨਣ ਕਰਤਾ ਹੋਣ ਦਾ ਦਾਅਵਾ ਕਰਦਾ ਹੈ ਜਾਂ ਕੋਈ ਉਸ ਦਾ ਵਾਰਸ ਜਾਂ ਉਹ ਵਿਅਕਤੀ ਜਿਸਨੂੰ ਪੌਦ ਪ੍ਰਜਨਣ ਕਰਤਾ ਦੁਆਰਾ ਹੱਕ ਦਿੱਤਾ ਹੋਵੇ ਜਾਂ ਕੋਈ ਵੀ ਕਿਸਾਨ ਜਾਂ ਕਿਸਾਨ ਸੰਸਥਾ ਆਪਣੀਆਂ ਕਿਸਮਾਂ ਨੂੰ ਪੰਜੀਕ੍ਰਿਤ ਕਰਵਾਉਣ ਲਈ ਬਿਨੈਪੱਤਰ ਭੇਜ ਸਕਦੇ ਹਨ।

ਸਰੋਤ : ਖੇਤੀ ਭਵਨ ਮੋਹਾਲੀ (ਪੰਜਾਬ)

3.16513761468
ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
ਨੇਵਿਗਾਤਿਓਂ
Back to top