ਹੋਮ / ਖੇਤੀ / ਫ਼ਸਲਾਂ ਉੱਤੇ ਜਾਣਕਾਰੀ / ਜੈਵਿਕ ਖੇਤੀ / ਜੈਵਿਕ ਖੇਤੀ ਵਿਚ ਰਸਾਇਣਕ ਖਾਦਾਂ
ਸਾਂਝਾ ਕਰੋ
Views
  • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਜੈਵਿਕ ਖੇਤੀ ਵਿਚ ਰਸਾਇਣਕ ਖਾਦਾਂ

ਜੈਵਿਕ ਖੇਤੀ ਵਿਚ ਰਸਾਇਣਕ ਖਾਦਾਂ ਬਾਰੇ ਜਾਣਕਾਰੀ।

ਜੈਵਿਕ ਖੇਤੀ ਵਿਚ ਰਸਾਇਣਕ ਖਾਦਾਂ, ਕੀਟ-ਨਾਸ਼ਕ ਦਵਾਈਆਂ ਅਤੇ ਪੌਦੇ ਨੂੰ ਵਧਾਉਣ ਵਾਲੇ ਰਸਾਇਣਾਂ ਦੀ ਵਰਤੋਂ ਨਹੀਂ ਹੁੰਦੀ। ਜੈਵਿਕ ਖੇਤੀ ਫ਼ਸਲੀ ਚੱਕਰ, ਫ਼ਸਲਾਂ ਦੀ ਰਹਿੰਦ - ਖੁੰਹਦ, ਰੂੜੀ ਦੀ ਖਾਦ, ਫ਼ਲੀਦਾਰ ਫ਼ਸਲਾਂ, ਹਰੀ ਖਾਦ ਅਤੇ ਬਾਇਉ ਕੀਟ ਨਾਸ਼ਕ ਜ਼ਹਿਰਾਂ ਆਦਿ ਤੇ ਨਿਰਭਰ ਕਰਦੀ ਹੈ। ਇਸ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵੱਧਦੀ ਹੈ ਅਤੇ ਪੌਦੇ ਨੂੰ ਵੱਧਣ-ਫੁੱਲਣ ਲਈ ਲੋੜੀਂਦੇ ਖ਼ੁਰਾਕੀ ਤੱਤ ਲਗਾਤਾਰ ਮਿਲਦੇ ਰਹਿੰਦੇ ਹਨ।

ਪੰਜਾਬ ਵਿਚ ਫ਼ਸਲਾਂ ਦਾ ਝਾੜ ਵਿਕਸਤ ਦੇਸ਼ਾਂ ਦੇ ਫ਼ਸਲਾਂ ਦੇ ਝਾੜ ਦੇ ਬਰਾਬਰ ਜਾਂ ਉਨ੍ਹਾਂ ਤੋਂ ਕੁਝ ਵੱਧ ਹੈ। ਇਸ ਲਈ ਹੁਣ ਸਮੇਂ ਦੀ ਲੋੜ ਹੈ ਕਿ ਉਤਪਾਦਨ ਦੇ ਨਾਲ-ਨਾਲ ਕੁਆਲਟੀ ਵੀ ਵਧਾਈ ਜਾਏ ਜੋ ਕਿ ਜੈਵਿਕ ਖੇਤੀ ਅਪਨਾਉਣ ਨਾਲ ਸੰਭਵ ਹੈ। ਹੁਣ ਪ੍ਰਚਲਤ ਰਸਾਇਣਕ ਖੇਤੀ ਨੂੰ ਹੌਲੀ-ਹੌਲੀ ਜੈਵਿਕ ਖੇਤੀ ਨਾਲ ਬਦਲਣ ਦੀ ਲੋੜ ਹੈ।

ਇਕੱਲਿਆਂ ਰਸਾਇਣਾਂ ਤੋਂ ਦੂਰ ਰਹਿ ਕੇ ਜੈਵਿਕ ਖੇਤੀ ਨਹੀਂ ਹੋ ਜਾਂਦੀ ਬਲਕਿ ਜ਼ਮੀਨ ਵਿਚਲੀਆਂ ਇਕੱਠੀਆਂ ਹੋਈਆਂ ਜ਼ਹਿਰਾਂ ਅਤੇ ਰਸਾਇਣਾਂ ਨੂੰ ਵੀ ਪੂਰੀ ਤਰ੍ਹਾਂ ਦੂਰ ਕਰਨਾ ਪੈਂਦਾ ਹੈ। ਇਸ ਲਈ ਜੈਵਿਕ ਖੇਤੀ ਵਾਸਤੇ ਘੱਟੋ - ਘੱਟ ਤਿੰਨ ਸਾਲ ਦਾ ਸਮਾਂ ਚਾਹੀਦਾ ਹੈ ਤਾਂ ਜੋ ਰਸਾਇਣਕ ਖੇਤੀ ਤੋਂ ਪੂਰੀ ਤਰ੍ਹਾਂ ਜੈਵਿਕ ਖੇਤ ਵਿਚ ਤਬਦੀਲ ਹੋਇਆ ਜਾ ਸਕੇ। ਇਹ ਸਮਾਂ ਇਸ ਗੱਲ ਤੇ ਵੀ ਨਿਰਭਰ ਕਰਦਾ ਹੈ ਕਿ ਜ਼ਮੀਨ ਨੂੰ ਪਹਿਲਾਂ ਕਿਸ ਤਰ੍ਹਾਂ ਵਰਤਿਆ ਗਿਆ ਹੈ ਜਿਵੇਂ (ਬੰਜਰ) ਜ਼ਮੀਨ ਨੂੰ ਸਿੱਧੇ ਹੀ ਜੈਵਿਕ ਖੇਤੀ ਥੱਲੇ ਲਿਆਂਦਾ ਜਾ ਸਕਦਾ ਹੈ। ਪਰ ਉਹ ਜ਼ਮੀਨ ਜਿਹੜੀ ਫ਼ਸਲਾਂ ਥੱਲੇ ਰਹੀ ਹੋਵੇ ਅਤੇ ਉਸ ਵਿਚ ਕਈ ਪ੍ਰਕਾਰ ਦੀਆਂ ਰਸਾਇਣਾਂ ਵਰਤੀਆਂ ਹੋਣ, ਉਨ੍ਹਾਂ ਜ਼ਮੀਨਾਂ ਨੂੰ ਜੈਵਿਕ ਖੇਤ ਵਿਚ ਬਦਲਣ ਵਾਸਤੇ ਤਿੰਨ ਸਾਲ ਲੱਗ ਸਕਦੇ ਹਨ। ਇਸ ਸਮੇਂ ਦੌਰਾਨ ਉਸ ਜ਼ਮੀਨ ਉੱਤੇ ਸਾਰੀਆਂ ਹੀ ਜੈਵਿਕ ਤਕਨੀਕਾਂ ਵਰਤੀਆਂ ਜਾਣ। ਰਸਾਇਣਕ ਖੇਤਾਂ ਤੋਂ ਕਿਸੇ ਕਿਸਮ ਦਾ ਕੋਈ ਪਦਾਰਥ ਜੈਵਿਕ ਖੇਤੀ ਵਾਲੇ ਖੇਤਾਂ ਵਿਚ ਨਹੀਂ ਆਉਣਾ ਚਾਹੀਦਾ, ਇਸ ਲਈ ਜੈਵਿਕ ਖੇਤਾਂ ਦੇ ਦੁਆਲੇ ਬਫ਼ਰ ਦੀ ਲੋੜ ਹੈ। ਮੁਢਲੇ ਤਿੰਨ-ਚਾਰ ਸਾਲਾਂ ਵਿਚ ਜੈਵਿਕ ਖੇਤੀ ਨਾਲ ਲਈਆ ਫ਼ਸਲਾਂ ਦਾ ਝਾੜ ਰਸਾਇਣਿਕ ਖੇਤੀ ਦੇ ਮੁਕਾਬਲੇ ਕੁਝ ਘੱਟ ਹੁੰਦਾ ਹੈ ਜੋ ਕਿ ਬਾਅਦ ਵਿਚ ਰਸਾਇਣਿਕ ਢੰਗਾਂ ਨਾਲ ਕੀਤੀ ਖੇਤੀ ਦੇ ਬਰਾਬਰ ਆ ਜਾਂਦਾ ਹੈ। ਜੈਵਿਕ ਖੇਤੀ ਹੇਠ ਲਿਖੇ ਫ਼ਸਲੀ ਚੱਕਰਾਂ ਵਿਚ ਅਪਣਾਈ ਜਾ ਸਕਦੀ ਹੈ।

ਝੋਨਾ - ਕਣਕ

ਝੋਨਾ

ਜ਼ਮੀਨ: ਇਸ ਲਈ ਦਰਮਿਆਨੀ ਤੋਂ ਭਾਰੀ ਜ਼ਮੀਨ ਜਿਸਦੀ ਰਿਸਣ-ਸ਼ਕਤੀ ਘੱਟ ਹੋਵੇ ਨੂੰ ਤਰਜ਼ੀਹ ਦਿੱਤੀ ਜਾਂਦੀ ਹੈ।

ਬੀਜ: ਪਿਛਲੇ ਸਾਲ ਦੀ ਜੈਵਿਕ ਉਪਜ ਵਿਚੋਂ ਬੀਜ ਵਰਤਿਆ ਜਾ ਸਕਦਾ ਹੈ। ਬੀਜ-ਦਰ ਉਹੀ ਹੋਵੇਗੀ ਜੋ ਆਮ ਫ਼ਸਲ ਲਈ ਵਰਤੀ ਜਾਂਦੀ ਹੈ ਅਤੇ ਬੀਜ ਨੂੰ ਕਿਸੇ ਵੀ ਰਸਾਇਣ ਨਾਲ ਸੋਧਿਆ ਨਹੀਂ ਜਾਂਦਾ। ਖ਼ੁਰਾਕ : ਫ਼ਸਲ ਦੀ ਖ਼ੁਰਾਕੀ ਤੱਤਾਂ ਦੀ ਪੂਰਤੀ ਰਵਾਂਹ ਜਾਂ ਸਣ ਦੀ ਹਰੀ ਖਾਦ ਨਾਲ ਹੋ ਜਾਂਦੀ ਹੈ। ਰਵਾਂਹ (ਰਵਾਂਹ ੮੮ ਕਿਸਮ) ਜਾਂ ਸਣ ਦਾ ੨੦ ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਬੀਜ ਪਾਉ ਅਤੇ ਲਗਭਗ ੫੦ ਦਿਨ ਦੀ ਫ਼ਸਲ ਨੂੰ ਝੋਨਾ/ਬਾਸਮਤੀ ਲਾਉਣ ਤੋਂ ਪਹਿਲਾਂ ਖੇਤ ਵਿੱਚ ਵਾਹੋ । ਹਰੀ ਖਾਦ ਜ਼ੀਰੋ ਡਰਿੱਲ ਨਾਲ ਬਿਨਾਂ ਵਾਹੇ ਖੇਤ ਵਿੱਚ ਵੀ ਬੀਜੀ ਜਾ ਸਕਦੀ ਹੈ।

ਨਦੀਨਾਂ ਦੀ ਰੋਕਥਾਮ: ਖੇਤ ਵਿਚ ਲਗਾਤਾਰ ੨੫ - ੩੦ ਦਿਨ ਪਾਣੀ ਨੂੰ ਖੜ੍ਹਾ ਰੱਖਣਾ ਚਾਹੀਦਾ ਹੈ ਅਤੇ ਜੇਕਰ ਲੋੜ ਹੋਵੇ ਤਾਂ ਇੱਕ ਗੋਡਾਈ ਵੀ ਕਰ ਲੈਣੀ ਚਾਹੀਦੀ ਹੈ।

ਕੀੜੇ ਮਕੌੜਿਆਂ ਤੋਂ ਬਚਾਅ: ਇਸ ਕੰਮ ਲਈ ਟਰਾਈਕੋਗ੍ਰਾਮਾ ਕਾਰਡ ਵਰਤੇ ਜਾਂਦੇ ਹਨ ਜੋ ਯੂਨੀਵਰਸਿਟੀ ਦੇ ਕੀਟ ਵਿਗਿਆਨ ਵਿਭਾਗ ਵਿਚ ਉਪਲਬਧ ਹਨ। ਇਨ੍ਹਾਂ ਕਾਰਡਾਂ ਨੂੰ ਇੱਕ ਏਕੜ ਵਿਚ ੪੦ ਵੱਖ-ਵੱਖ ਥਾਵਾਂ ਉਤੇ ਝੋਨੇ ਦੇ ਬੂਟਿਆਂ ਨਾਲ ਬੰਨ੍ਹ ਦਿੱਤਾ ਜਾਂਦਾ ਹੈ। ਇਹ ਕੰਮ ੩੦ ਦਿਨਾਂ ਦੀ ਫ਼ਸਲ ਤੋਂ ਸ਼ੁਰੂ ਕਰਕੇ ਹਫ਼ਤੇ ਦੇ ਅੰਤਰ ਨਾਲ ੫ - ੬ ਵਾਰ ਕਰਨਾ ਚਾਹੀਦਾ ਹੈ।

ਕਣਕ

ਬੀਜ: ਯੂਨੀਵਰਸਿਟੀ ਦੁਆਰਾ ਸਿਫ਼ਾਰਸ਼ ਕੀਤੀਆਂ ਕਣਕ ਦੀਆਂ ਕਿਸਮਾਂ ਬੀਜੀਆਂ ਜਾ ਸਕਦੀਆਂ ਹਨ ਪਰ ਬੀਜ ਪਿਛਲੇ ਸਾਲ ਦੀ ਜੈਵਿਕ ਉਪਜ ਵਿਚੋਂ ਹੀ ਲਿਆ ਜਾਣਾ ਚਾਹੀਦਾ ਹੈ। ਬੀਜ ਦਰ ਆਮ ਬੀਜੀ ਜਾਣ ਵਾਲੀ ਕਣਕ ਵਾਲਾ ਹੀ ਹੁੰਦਾ ਹੈ ਅਤੇ ਬੀਜ ਨੂੰ ਕਿਸੇ ਵੀ ਕਿਸਮ ਦੇ ਰਸਾਇਣ ਨਾਲ ਨਹੀਂ ਸੋਧਣਾ ਚਾਹੀਦਾ।

ਖ਼ੁਰਾਕ: ਜੈਵਿਕ ਖਾਦ ਦੁਆਰਾ ੮੦, ੧੨੦ ਅਤੇ ੧੬੦ ਕਿਲੋਗ੍ਰਾਮ ਨਾਈਟ੍ਰੋਜਨ ਪ੍ਰਤੀ ਏਕੜ ਦੇ ਹਿਸਾਬ ਨਾਲ ਕ੍ਰਮਵਾਰ ਜੈਵਿਕ ਮਾਦੇ ਦੇ ਪੱਖੋਂ ਭਾਰੀ, ਦਰਮਿਆਨੀ ਅਤੇ ਹੌਲੀ ਜ਼ਮੀਨ ਵਿਚ ਪਾਉਣ ਨਾਲ ਕਣਕ ਦੀ ਉਨੀ ਹੀ ਉਪਜ ਪ੍ਰਾਪਤ ਕੀਤੀ ਜਾ ਸਕਦੀ ਹੈ। ਜਿੰਨੀ ਕਿ ਸਿਫ਼ਾਰਸ਼ ਕੀਤੀ ਰਸਾਇਣਿਕ ਖਾਦਾਂ ਦੁਆਰਾ ਪ੍ਰਾਪਤ ਕੀਤੀ ਜਾਂਦੀ ਹੈ। ਉੱਪਰ ਦੱਸੀ ਗਈ ਨਾਈਟ੍ਰੋਜਨ ਦੀ ਮਾਤਰਾ ਕ੍ਰਮਵਾਰ ੮, ੧੨ ਅਤੇ ੧੬ ਟਨ ਰੂੜੀ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ। ਕਣਕ ਦੀ ੫੦ ਕਿਲੋ ਨਾਈਟ੍ਰੋਜਨ ਪ੍ਰਤੀ ਏਕੜ ਦੀ ਲੋੜ ਨੂੰ ਰੂੜੀ, ਗੰਡੋਆ ਖਾਦ ਅਤੇ ਰਿੰਡ ਦੀ ਖਲ ਨੂੰ ਵਰਤ ਕੇ ਵੀ ਪੂਰਾ ਕੀਤਾ ਜਾ ਸਕਦਾ ਹੈ। ਇਸ ਲਈ ੧੭ ਕੁਇੰਟਲ ਰੂੜੀ ਦੀ ਖਾਦ (੧% ਨਾਈਟ੍ਰੋਜਨ) + ੧੧ ਕੁਇੰਟਲ ਗੰਡੋਆ ਖਾਦ (੧.੫% ਨਾਈਟ੍ਰੋਜਨ) + ੬.੬ ਕੁਇੰਟਲ ਰਿੰਡ ਦੀ ਖਲ (੨.੫ ਪ੍ਰਤੀਸ਼ਤ ਨਾਈਟ੍ਰੋਜਨ) ਪ੍ਰਤੀ ਏਕੜ ਦੀ ਵਰਤੋਂ ਕਰੋ।

ਨਦੀਨਾਂ ਦੀ ਰੋਕਥਾਮ: ਆਮ ਕਾਸ਼ਤਕਾਰੀ ਢੰਗ ਜੋ ਰਸਾਇਣਕ ਖੇਤੀ ਵਿਚ ਵਰਤੇ ਜਾ ਸਕਦੇ ਹਨ ਜਿਵੇਂ ਕਿ ਮਿੱਟੀ ਨੂੰ ਉਪਰੋਂ ਸੁਕਾਉਣਾ, ਨਦੀਨਾਂ ਨੂੰ ਪਹਿਲੇ ਪਾਣੀ ਤੋਂ ਪਹਿਲਾਂ ਮਾਰਨਾ ਅਤੇ ਗੁੱਲੀ-ਡੰਡੇ ਦੇ ਬੀਜ ਨੂੰ ਕਣਕ ਪੱਕਣ ਤੋਂ ਪਹਿਲਾਂ ਖੇਤ ਵਿਚੋਂ ਬਾਹਰ ਕੱਢਣਾ। ਕੀੜੇ-ਮਕੌੜਿਆਂ ਦੀ ਰੋਕਥਾਮ : ਜੈਵਿਕ ਤਰੀਕੇ ਨਾਲ ਤਿਆਰ ਕੀਤੀ ਕਣਕ ਵਿਚ ਆਮ ਤੌਰ ਤੇ ਕੀੜੇਮਕੌੜਿਆਂ ਦੀ ਕੋਈ ਸਮੱਸਿਆ ਨਹੀਂ ਆਉਂਦੀ। ਕੀੜੇ ਖਾਣ ਵਾਲੇ ਪੰਛੀ ਕੀੜੇ ਨਜ਼ਰ ਆਉਣ ਤੇ ਖਾ ਜਾਂਦੇ ਹਨ। ਮੱਕੀ/ਸੋਇਆਬੀਨ-ਕਣਕ ਜੈਵਿਕ ਖੇਤੀ ਵਿਚ ਆਮ ਰਸਾਇਣਕ ਖੇਤੀ ਵਾਂਗ ਹੀ ਫ਼ਸਲਾਂ ਵਾਸਤੇ ਜ਼ਮੀਨ, ਬੀਜ ਦੀ ਮਾਤਰਾ, ਕਤਾਰ ਅਤੇ ਬੂਟਿਆਂ ਦਾ ਫ਼ਾਸਲਾ ਆਦਿ ਰੱਖਣਾ ਚਾਹੀਦਾ ਹੈ ਜਦ ਕਿ ਰਸਾਇਣਿਕ ਖਾਦਾਂ ਅਤੇ ਹੋਰ ਰਸਾਇਣ ਨਹੀਂ ਵਰਤਣੇ ਚਾਹੀਦੇ।

ਮੱਕੀ

ਵਾਹੀ: ਜੈਵਿਕ ਖੇਤੀ ਵਿਚ ਰਸਾਇਣਕ ਖੇਤੀ ਨਾਲੋਂ ਤਿੰਨ ਤੋਂ ਚਾਰ ਵਾਰ ਤਵੀਆਂ (ਕਲਟੀਵੇਟਰ) ਦੀ ਜ਼ਿਆਦਾ ਲੋੜ ਪੈਂਦੀ ਹੈ ਤਾਂ ਜੋ ਪਿਛਲੀ ਕਣਕ ਦੀ ਫ਼ਸਲ ਦਾ ਰਹਿੰਦ-ਖੂੰਹਦ, ਰੂੜੀ ਤੇ ਹਰੀ ਖਾਦ ਚੰਗੀ ਤਰ੍ਹਾਂ ਜ਼ਮੀਨ ਵਿੱਚ ਮਿਲ ਜਾਣ।

ਖ਼ੁਰਾਕ: ਜੈਵਿਕ ਖੇਤੀ ਸ਼ੁਰੂ ਕਰਨ ਤੋਂ ਪਹਿਲੇ ਪੰਜ ਸਾਲ ੮ ਟਨ ਸੁੱਕੀ ਹੋਈ ਗਲੀ ਸੜੀ ਰੂੜੀ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉ ਤੇ ਬਾਅਦ ਵਿਚ ਰੂੜੀ ਦੀ ਮਾਤਰਾ ਅੱਧੀ ਕਰ ਦਿਉ। ਸਣ/ਢੈਂਚਾ ਦੀ ਹਰੀ ਖਾਦ ੨੦ ਕਿਲੋ ਬੀਜ/ਏਕੜ ਅਪ੍ਰੈਲ ਦੇ ਤੀਜੇ ਹਫ਼ਤੇ ਜਾਂ ਕਣਕ ਦੀ ਵਾਢੀ ਤੋਂ ਤੁਰੰਤ ਬਾਅਦ ਬੀਜ ਦਿਉ ਅਤੇ ੨ ਤੋਂ ੩ ਪਾਣੀ ਲਾਉਣ ਤੋਂ ਬਾਅਦ ੪੦ ਤੋਂ ੪੫ ਦਿਨਾਂ ਬਾਅਦ ਪਰ ਮੱਕੀ ਦੀ ਬਿਜਾਈ ਤੋਂ ੫ ਤੋਂ ੭ ਦਿਨ ਪਹਿਲਾਂ ਜ਼ਮੀਨ ਵਿਚ ਵਾਹ ਦਿਉ।

ਨਦੀਨਾਂ ਦੀ ਰੋਕਥਾਮ: ਜੈਵਿਕ ਖੇਤੀ ਵਿਚ ਰੂੜੀ ਦੀ ਵਰਤੋਂ ਕਰਕੇ ਨਦੀਨ ਜ਼ਿਆਦਾ ਹੁੰਦੇ ਹਨ। ਇਨ੍ਹਾਂ ਦੀ ਰੋਕਥਾਮ ਲਈ ੨ ਜਾਂ ੩ ਵਾਰ ਮੱਕੀ ਦੀ ਫ਼ਸਲ ਨੂੰ ਵੀਲ ਹੋਅ/ਖੁਰਪਾ/ਕਸੋਲਾ ਨਾਲ ਗੋਡੀ ਕਰਨੀ ਚਾਹੀਦੀ ਹੈ।

ਕੀੜੇ-ਮਕੌੜਿਆਂ ਦੀ ਰੋਕਥਾਮ: ਮੱਕੀ ਦੇ ਤਣੇ ਦਾ ਗੜੂੰਆ ਤੇ ਹੋਰ ਕੀੜੇ-ਮਕੌੜਿਆਂ ਦੀ ਰੋਕਥਾਮ ਲਈ ਜੈਵਿਕ ਕੀਟ ਨਾਸ਼ਕ ਜਿਵੇਂ ਨੀਮਅਜਾਲ (੧ %) ੧੨੦ ਮਿਲੀਲਿਟਰ ਪ੍ਰਤੀ ਏਕੜ ਦੀ ਵਰਤੋਂ ਕਰੋ। ਮੱਕੀ ਦੇ ਤਣੇ ਦੇ ਗੜੂੰਏ ਦੀ ਰੋਕਥਾਮ ਲਈ ਟ੍ਰਾਈਕੋਗਰਾਮਾ (ਮਿੱਤਰ ਕੀੜਾ) ਰਾਹੀਂ ਪ੍ਰਜੀਵੀ ਕਿਰਿਆ ਕੀਤੇ ਹੋਏ ਕੋਰਸਾਇਰਾ ਦੇ ੪੦,੦੦੦ ਆਂਡੇ ਪ੍ਰਤੀ ਏਕੜ ਦੇ ਹਿਸਾਬ ਨਾਲ ੧੦ ਤੋਂ ੧੫ ਦਿਨਾਂ ਦੀ ਫ਼ਸਲ ਉੱਪਰ ਵਰਤੋ। ਇਹ ਆਂਡੇ ਗੂੰਦ ਨਾਲ ਟਰਾਈਕੋਕਾਰਡਾਂ ਉਪਰ ਚਿਪਕਾਏ ਹੋਏ ਹੁੰਦੇ ਹਨ। ਇਨ੍ਹਾਂ ਕਾਰਡਾਂ ਨੂੰ ੪੦ ਬਰਾਬਰ ਹਿੱਸਿਆਂ ਵਿੱਚ ਇਸ ਤਰ੍ਹਾਂ ਕੱਟੋ ਕਿ ਹਰ ਹਿੱਸੇ ਉੱਪਰ ੧੦੦੦ ਆਂਡੇ ਹੋਣ। ਇਨ੍ਹਾਂ ਹਿੱਸਿਆਂ ਨੂੰ ਗੋਭ ਦੇ ਪੱਤਿਆਂ ਦੇ ਹੇਠਲੇ ਪਾਸੇ ਸ਼ਾਮ ਦੇ ਸਮੇਂ ਖੇਤ ਵਿੱਚ ਇਕਸਾਰ ਦੂਰੀ ਤੇ ਪਿੰਨ੍ਹ ਨਾਲ ਨੱਥੀ ਕਰੋ। ਇਹ ਕਾਰਡ ਮੀਂਹ ਵਾਲੇ ਦਿਨ ਨਹੀਂ ਵਰਤਣੇ ਚਾਹੀਦੇ।

ਸਰੋਤ : ਖੇਤੀ ਭਵਨ ਮੋਹਾਲੀ (ਪੰਜਾਬ)

3.22448979592
ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
ਨੇਵਿਗਾਤਿਓਂ
Back to top