অসমীয়া   বাংলা   बोड़ो   डोगरी   ગુજરાતી   ಕನ್ನಡ   كأشُر   कोंकणी   संथाली   মনিপুরি   नेपाली   ଓରିୟା   ਪੰਜਾਬੀ   संस्कृत   தமிழ்  తెలుగు   ردو

ਬਛੜੇ ਦੀ ਦੇਖਭਾਲ

ਬਛੜੇ ਦੀ ਦੇਖਭਾਲ

ਬਛੜੇ ਦੀ ਦੇਖਭਾਲ

ਸ਼ੁਰੂਆਤੀ ਦੇਖਭਾਲ

  • ਜਨਮ ਦੇ ਠੀਕ ਬਾਅਦ ਬਛੜੇ ਦੇ ਨੱਕ ਅਤੇ ਮੂੰਹ ਵਿੱਚੋਂ ਕਫ ਜਾਂ ਸ਼ਲੇਸ਼ਮਾ ਆਦਿ ਨੂੰ ਸਾਫ਼ ਕਰੋ।
  • ਆਮ ਤੌਰ 'ਤੇ ਗਾਂ ਬਛੜੇ ਨੂੰ ਜਨਮ ਦਿੰਦੇ ਹੀ ਉਸ ਨੂੰ ਜੀਭ ਨਾਲ ਚੱਟਣ ਲਗਦੀ ਹੈ। ਇਸ ਨਾਲ ਬਛੜੇ ਦੇ ਸਰੀਰ ਨੂੰ ਸੁੱਕਣ ਵਿੱਚ ਆਸਾਨੀ ਹੁੰਦੀ ਹੈ ਅਤੇ ਸਾਹ ਅਤੇ ਖੂਨ ਸੰਚਾਰ ਸੁਚਾਰੂ ਹੁੰਦਾ ਹੈ। ਜੇਕਰ ਗਾਂ ਬਛੜੇ ਨੂੰ ਨੂੰ ਚੱਟੋ ਜਾਂ ਠੰਡੀ ਜਲਵਾਯੂ ਦੀ ਸਥਿਤੀ ਵਿੱਚ ਬਛੜੇ ਦੇ ਸਰੀਰ ਨੂੰ ਸੁੱਕੇ ਕੱਪੜੇ ਜਾਂ ਟਾਟ ਨਾਲ ਪੂੰਝ ਕੇ ਸੁਕਾਓ। ਹੱਥ ਨਾਲ ਛਾਤੀ ਨੂੰ ਦਬਾ ਕੇ ਅਤੇ ਛੱਡ ਕੇ ਬਨਾਉਟੀ ਸਾਹ ਪ੍ਰਦਾਨ ਕਰੋ।
  • ਨਾਭ ਨਾਲੀ ਵਿੱਚ ਸਰੀਰ 'ਚੋਂ ੨-੫ ਸੈਂਟੀਮੀਟਰ ਦੀ ਦੂਰੀ ਤੇ ਗੰਢ ਬੰਨ੍ਹ ਦੇਣੀ ਚਾਹੀਦੀ ਹੈ ਅਤੇ ਬੰਨ੍ਹੇ ਹੋਏ ਸਥਾਨ ਤੋਂ ੧ ਸੈ.ਮੀ. ਹੇਠੋਂ ਕੱਟ ਕੇ ਟਿੰਕਚਰ ਆਇਓਡੀਨ ਜਾਂ ਬੋਰਿਕ ਐਸਿਡ ਜਾਂ ਕੋਈ ਵੀ ਹੋਰ ਐਂਟੀਬਾਇਓਟਿਕ ਲਗਾਉਣਾ ਚਾਹੀਦਾ ਹੈ।
  • ਵਾੜੇ ਦੇ ਗਿੱਲੇ ਵਿਛੌਣੇ ਨੂੰ ਹਟਾ ਕੇ ਸਥਾਨ ਨੂੰ ਬਿਲਕੁਲ ਸਾਫ਼ ਅਤੇ ਸੁੱਕਾ ਰੱਖਣਾ ਚਾਹੀਦਾ ਹੈ।
  • ਬਛੜੇ ਦੇ ਭਾਰ ਦਾ ਬਿਓਰਾ ਰੱਖਣਾ ਚਾਹੀਦਾ ਹੈ।
  • ਗਾਂ ਦੇ ਥਣ ਅਤੇ ਨਿਪਲਾਂ ਨੂੰ ਕਲੋਰੀਨ ਦੇ ਘੋਲ ਦੁਆਰਾ ਚੰਗੀ ਤਰ੍ਹਾਂ ਸਾਫ ਕਰਕੇ ਸੁਕਾਓ।
  • ਬਛੜੇ ਨੂੰ ਮਾਂ ਦਾ ਪਹਿਲਾ ਦੁੱਧ ਅਰਥਾਤ ਖੀਸ ਦਾ ਪਾਨ ਕਰਨ ਦਿਓ।
  • ਬਛੜਾ ਇਕ ਘੰਟੇ ਵਿੱਚ ਖੜ੍ਹਾ ਹੋ ਕੇ ਦੁੱਧ ਪੀਣ ਦੀ ਕੋਸ਼ਿਸ਼ ਕਰਨ ਲੱਗਦਾ ਹੈ। ਜੇਕਰ ਅਜਿਹਾ ਨਾ ਹੋਵੇ ਤਾਂ ਕਮਜ਼ੋਰ ਬਛੜੇ ਦੀ ਮਦਦ ਕਰੋ।

ਬਛੜੇ ਦਾ ਭੋਜਨ (ਫੀਡਿੰਗ ਕੈਲਵੇਸ)

ਨਵਜਾਤ ਬਛੜੇ ਨੂੰ ਦਿੱਤੀ ਜਾਣ ਵਾਲੀ ਸਭ ਤੋਂ ਪਹਿਲੀ ਅਤੇ ਸਭ ਤੋਂ ਜ਼ਰੂਰੀ ਖੁਰਾਕ ਹੈ ਮਾਂ ਦਾ ਪਹਿਲਾ ਦੁੱਧ, ਅਰਥਾਤ ਖੀਸ। ਖੀਸ ਦਾ ਨਿਰਮਾਣ ਮਾਂ ਦੇ ਦੁਆਰਾ ਬਛੜੇ ਦੇ ਜਨਮ ਤੋਂ ੩ ਤੋਂ ੭ ਦਿਨ ਬਾਅਦ ਤਕ ਕੀਤਾ ਜਾਂਦਾ ਹੈ ਅਤੇ ਇਹ ਬਛੜੇ ਦੇ ਲਈ ਪੋਸ਼ਣ ਅਤੇ ਤਰਲ ਪਦਾਰਥ ਦਾ ਮੁਢਲਾ ਸਰੋਤ ਹੁੰਦਾ ਹੈ। ਇਹ ਬਛੜੇ ਨੂੰ ਜ਼ਰੂਰੀ ਪ੍ਰਤੀਪਿੰਡ ਵੀ ਉਪਲਬਧ ਕਰਾਉਂਦਾ ਹੈ, ਜੋ ਉਸ ਨੂੰ ਛੂਤ ਦੀਆਂ ਬਿਮਾਰੀਆਂ ਅਤੇ ਪੋਸ਼ਣ ਸਬੰਧੀ ਕਮੀਆਂ ਦਾ ਸਾਹਮਣਾ ਕਰਨ ਦੀ ਸਮਰੱਥਾ ਦਿੰਦਾ ਹੈ। ਜੇਕਰ ਖੀਸ ਉਪਲਬਧ ਹੋਵੇ ਤਾਂ ਜਨਮ ਦੇ ਬਾਅਦ ਪਹਿਲੇ ਤਿੰਨ ਦਿਨਾਂ ਤੱਕ ਨਵਜਾਤ ਨੂੰ ਖੀਸ ਪਿਲਾਉਂਦੇ ਰਹਿਣਾ ਚਾਹੀਦਾ ਹੈ।

ਜਨਮ ਦੇ ਬਾਅਦ ਖੀਸ ਦੇ ਇਲਾਵਾ ਬਛੜੇ ਨੂੰ ੩ ਤੋਂ ੪ ਹਫ਼ਤੇ ਤੱਕ ਮਾਂ ਦੇ ਦੁੱਧ ਦੀ ਲੋੜ ਹੁੰਦੀ ਹੈ। ਉਸ ਦੇ ਬਾਅਦ ਬਛੜਾ ਬਨਸਪਤੀ ਤੋਂ ਪ੍ਰਾਪਤ ਮਾਂਡ ਅਤੇ ਸ਼ੂਗਰ ਨੂੰ ਪਚਾਉਣ 'ਚ ਸਮਰੱਥ ਹੁੰਦਾ ਹੈ। ਅੱਗੇ ਵੀ ਬਛੜੇ ਨੂੰ ਦੁੱਧ ਪਿਲਾਉਣਾ ਪੋਸ਼ਣ ਦੀ ਦ੍ਰਿਸ਼ਟੀ ਤੋਂ ਚੰਗਾ ਹੈ ਪਰ ਇਹ ਅਨਾਜ ਖਿਲਾਉਣ ਦੀ ਤੁਲਨਾ ਵਿੱਚ ਮਹਿੰਗਾ ਹੁੰਦਾ ਹੈ।

ਬਛੜੇ ਨੂੰ ਦਿੱਤੇ ਜਾਣ ਵਾਲੀ ਕਿਸੇ ਵੀ ਦ੍ਰਵ ਖੁਰਾਕ ਦਾ ਤਾਪਮਾਨ ਲਗਭਗ ਕਮਰੇ ਦੇ ਤਾਪਮਾਨ ਅਤੇ ਸਰੀਰ ਦੇ ਤਾਪਮਾਨ ਦੇ ਬਰਾਬਰ ਹੋਣਾ ਚਾਹੀਦਾ ਹੈ।

ਬਛੜੇ ਨੂੰ ਖੁਆਉਣ ਲਈ ਇਸਤੇਮਾਲ ਹੋਣ ਵਾਲੇ ਬਰਤਨਾਂ ਨੂੰ ਚੰਗੀ ਤਰ੍ਹਾਂ ਸਾਫ਼ ਰੱਖੋ। ਇਨ੍ਹਾਂ ਨੂੰ ਅਤੇ ਖਿਲਾਉਣ ਵਿੱਚ ਇਸਤੇਮਾਲ ਹੋਣ ਵਾਲੀਆਂ ਹੋਰ ਵਸਤੂਆਂ ਨੂੰ ਸਾਫ ਅਤੇ ਸੁੱਕੀ ਥਾਂ 'ਤੇ ਰੱਖੋ।

ਪਾਣੀ ਦਾ ਮਹੱਤਵ

ਧਿਆਨ ਰੱਖੋ ਹਰ ਸਮੇਂ ਸਾਫ਼ ਅਤੇ ਤਾਜ਼ਾ ਪਾਣੀ ਉਪਲਬਧ ਰਹੇ। ਬਛੜੇ ਨੂੰ ਲੋੜ ਤੋਂ ਜ਼ਿਆਦਾ ਪਾਣੀ ਇੱਕ ਹੀ ਵਾਰ ਵਿੱਚ ਪੀਣ ਤੋਂ ਰੋਕਣ ਲਈ ਪਾਣੀ ਨੂੰ ਵੱਖ-ਵੱਖ ਬਰਤਨਾਂ ਵਿੱਚ ਅਤੇ ਵੱਖ-ਵੱਖ ਸਥਾਨਾਂ ਵਿੱਚ ਰੱਖੋ।

ਖਿਲਾਉਣ ਦੀ ਵਿਵਸਥਾ

ਬਛੜੇ ਨੂੰ ਖਿਲਾਉਣ ਦੀ ਵਿਵਸਥਾ ਇਸ ਗੱਲ 'ਤੇ ਨਿਰਭਰ ਕਰਦੀ ਹੈ ਕਿ ਉਸ ਨੂੰ ਕਿਸ ਪ੍ਰਕਾਰ ਦਾ ਖਾਣਾ ਦਿੱਤਾ ਜਾ ਰਿਹਾ ਹੈ। ਇਸ ਦੇ ਲਈ ਆਮ ਤੌਰ 'ਤੇ ਹੇਠ ਲਿਖੀ ਵਿਵਸਥਾ ਅਪਣਾਈ ਜਾਂਦੀ ਹੈ:

  • ਬਛੜੇ ਨੂੰ ਪੂਰੀ ਤਰ੍ਹਾਂ ਦੁੱਧ ਤੇ ਪਾਲਣਾ
  • ਮੱਖਣ ਕੱਢਿਆ ਹੋਇਆ ਦੁੱਧ ਦੇਣਾ
  • ਦੁੱਧ ਦੀ ਬਜਾਏ ਹੋਰ ਦ੍ਰਵ ਪਦਾਰਥ ਜਿਵੇਂ ਤਾਜ਼ਾ ਲੱਸੀ, ਦਹੀਂ ਦਾ ਮਿੱਠਾ ਪਾਣੀ, ਦਲੀਆ ਆਦਿ ਦੇਣਾ
  • ਦੁੱਧ ਦੇ ਵਿਕਲਪ ਦੇਣਾ
  • ਕਾਫ ਸਟਾਰਟਰ ਦੇਣਾ
  • ਪੋਸ਼ਕ ਗਾਂ ਦਾ ਦੁੱਧ ਪਿਲਾਉਣਾ।

ਪੂਰੀ ਤਰ੍ਹਾਂ ਦੁੱਧ ਤੇ ਪਾਲਣਾ

  • ੫੦ ਕਿਲੋ ਔਸਤ ਸਰੀਰਕ ਭਾਰ ਦੇ ਨਾਲ ਤਿੰਨ ਮਹੀਨੇ ਦੀ ਉਮਰ ਤਕ ਦੇ ਨਵਜਾਤ ਬਛੜੇ ਦੀ ਪੋਸ਼ਣ ਲੋੜ ਇਸ ਪ੍ਰਕਾਰ ਹੈ:

ਸੁੱਕਾ ਪਦਾਰਥ (ਡੀ.ਐੱਮ.)

੧.੪੩ ਕਿਲੋਗ੍ਰਾਮ

ਪਚਣ ਯੋਗ ਕੁੱਲ ਪੋਸ਼ਕ ਪਦਾਰਥ (ਟੀ.ਡੀ.ਐਨ.)

੧.੬੦ ਕਿਲੋਗ੍ਰਾਮ

ਕੱਚੇ ਪ੍ਰੋਟੀਨ

੩੧੫ ਗ੍ਰਾਮ

  • ਇਹ ਧਿਆਨ ਦੇਣ ਯੋਗ ਹੈ ਕਿ ਟੀ.ਡੀ.ਐਨ. ਦੀ ਲੋੜ ਡੀ.ਐੱਮ. ਤੋਂ ਜ਼ਿਆਦਾ ਹੁੰਦੀ ਹੈ ਕਿਉਂਕਿ ​ ਭੋਜਨ ਵਿੱਚ ਚਰਬੀ ਦਾ ਉੱਚ ਅਨੁਪਾਤ ਹੋਣਾ ਚਾਹੀਦਾ ਹੈ। ੧੫ ਦਿਨਾਂ ਬਾਅਦ ਬਛੜਾ ਘਾਹ ਟੁੰਗਣਾ ਸ਼ੁਰੂ ਕਰ ਦਿੰਦਾ ਹੈ ਜਿਸ ਦੀ ਮਾਤਰਾ ਲਗਭਗ ਅੱਧਾ ਕਿੱਲੋ ਪ੍ਰਤੀ ਦਿਨ ਹੁੰਦੀ ਹੈ ਜੋ ੩ ਮਹੀਨੇ ਬਾਅਦ ਵੱਧ ਕੇ ੫ ਕਿਲੋ ਹੋ ਜਾਂਦੀ ਹੈ।
  • ਇਸ ਦੌਰਾਨ ਹਰੇ ਚਾਰੇ ਦੇ ਸਥਾਨ' ਤੇ ੧ - ੨ ਕਿਲੋ ਚੰਗੀ ਤਰ੍ਹਾਂ ਦਾ ਸੁੱਕਾ ਚਾਰਾ (ਪਰਾਲੀ) ਬਛੜੇ ਦੀ ਖੁਰਾਕ ਹੋ ਸਕਦਾ ਹੈ ਜੋ ੧੫ ਦਿਨ ਦੀ ਉਮਰ ਵਿੱਚ ਅੱਧਾ ਕਿੱਲੋ ਤੋਂ ਲੈ ਕੇ ੩ ਮਹੀਨੇ ਦੀ ਉਮਰ ਵਿੱਚ ਡੇਢ ਕਿਲੋ ਤੱਕ ਦਿੱਤਾ ਜਾ ਸਕਦਾ ਹੈ।
  • ਤਿੰਨ ਹਫ਼ਤੇ ਦੇ ਬਾਅਦ ਜੇਕਰ ਸੰਪੂਰਨ ਦੁੱਧ ਦੀ ਉਪਲੱਬਧਤਾ ਘੱਟ ਹੋਵੇ ਤਾਂ ਬਛੜੇ ਨੂੰ ਮੱਖਣ ਕੱਢਿਆ ਹੋਇਆ ਦੁੱਧ, ਲੱਸੀ ਜਾਂ ਹੋਰ ਦੁੱਧ ਵਾਲਾ ਤਰਲ ਪਦਾਰਥ ਦਿੱਤਾ ਜਾ ਸਕਦਾ ਹੈ।

ਬਛੜੇ ਨੂੰ ਦਿੱਤੀ ਜਾਣ ਵਾਲੀ ਮਿਸ਼ਰਿਤ ਖੁਰਾਕ

  • ਬਛੜੇ ਦੀ ਮਿਸ਼ਰਿਤ ਖੁਰਾਕ ਇੱਕ ਸਾਂਦ੍ਰ ਪੂਰਕ ਆਹਾਰ ਹੈ ਜੋ ਅਜਿਹੇ ਬਛੜੇ ਨੂੰ ਦਿੱਤਾ ਜਾਂਦਾ ਹੈ ਜਿਸ ਨੂੰ ਦੁੱਧ ਜਾਂ ਹੋਰ ਤਰਲ ਪਦਾਰਥਾਂ 'ਤੇ ਪਾਲਿਆ ਜਾ ਰਿਹਾ ਹੋਵੇ। ਬਛੜੇ ਦੀ ਮਿਸ਼ਰਿਤ ਖੁਰਾਕ ਮੁੱਖ ਰੂਪ ਨਾਲ ਮੱਕੀ ਅਤੇ ਜਵੀ ਜਿਹੇ ਅਨਾਜਾਂ ਨਾਲ ਬਣੀ ਹੁੰਦੀ ਹੈ।
  • ਚਾਵਲ, ਕਣਕ ਅਤੇ ਜਵਾਰ ਜਿਹੇ ਅਨਾਜਾਂ ਦੀ ਵਰਤੋਂ ਵੀ ਇਸ ਮਿਸ਼ਰਣ ਵਿੱਚ ਕੀਤੀ ਜਾ ਸਕਦੀ ਹੈ। ਬਛੜੇ ਦੇ ਮਿਸ਼ਰਤ ਆਹਾਰ ਵਿੱਚ ੧੦% ਤੱਕ ਗੁੜ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ।
  • ਇੱਕ ਆਦਰਸ਼ ਮਿਸ਼ਰਤ ਆਹਾਰ ਵਿੱਚ ੮੦% ਟੀ.ਡੀ.ਐਨ. ਅਤੇ ੨੨% ਸੀਪੀ ਹੁੰਦਾ ਹੈ।

  • ਵਧੀਆ ਕਿਸਮ ਦੇ ਤਣਾਅਯੁਕਤ ਪੱਤੇਦਾਰ ਸੁੱਕੇ ਦਲਹਨੀ ਪੌਦੇ ਛੋਟੇ ਬਛੜੇ ਦੇ ਲਈ ਰੇਸ਼ੇ ਦਾ ਚੰਗਾ ਸਰੋਤ ਹਨ। ਦਾਲਾਂ, ਘਾਹ ਅਤੇ ਪਰਾਲੀ ਦਾ ਮਿਸ਼ਰਣ ਵੀ ਵਧੀਆ ਹੁੰਦਾ ਹੈ।
  • ਧੁੱਪ ਲਗਾਈ ਹੋਈ ਘਾਹ, ਜਿਸ ਦੀ ਹਰਿਆਲੀ ਬਰਕਰਾਰ ਹੋਵੇ, ਵਿਟਾਮਿਨ-ਏ, ਡੀ ਅਤੇ ਬੀ-ਕੰਪਲੈਕਸ ਵਿਟਾਮਿਨਾਂ ਦਾ ਚੰਗਾ ਸਰੋਤ ਹੁੰਦੀ ਹੈ।
  • ੬ ਮਹੀਨੇ ਦੀ ਉਮਰ ਵਿੱਚ ਬਛੜਾ ੧.੫ ਤੋਂ ੨.੫ ਕਿਲੋਗ੍ਰਾਮ ਤੱਕ ਸੁੱਕੀ ਘਾਹ ਖਾ ਸਕਦਾ ਹੈ। ਉਮਰ ਵਧਣ ਦੇ ਨਾਲ-ਨਾਲ ਇਹ ਮਾਤਰਾ ਵਧਦੀ ਜਾਂਦੀ ਹੈ।
  • ੬ - ੮ ਹਫ਼ਤੇ ਦੇ ਬਾਅਦ ਤੋਂ ਥੋੜ੍ਹੀ ਮਾਤਰਾ ਵਿੱਚ ਸਾਇਲੇਜ਼ ਵਾਧੂ ਰੂਪ ਨਾਲ ਦਿੱਤਾ ਜਾ ਸਕਦਾ ਹੈ। ਜ਼ਿਆਦਾ ਛੋਟੀ ਉਮਰ ਤੋਂ ਸਾਇਲੇਜ਼ ਖੁਆਉਣਾ ਬਛੜੇ ਵਿੱਚ ਦਸਤ ਦਾ ਕਾਰਨ ਬਣ ਸਕਦਾ ਹੈ।
  • ਬਛੜੇ ਦੇ ੪ ਤੋਂ ੬ ਮਹੀਨੇ ਦੀ ਉਮਰ ਦੇ ਹੋ ਜਾਣ ਤੋਂ ਪਹਿਲਾਂ ਤੱਕ ਸਾਇਲੇਜ਼ ਨੂੰ ਰੇਸ਼ੇ ਦੇ ਸਰੋਤ ਦੇ ਰੂਪ ਵਿੱਚ ਉਸ ਦੇ ਲਈ ਉਪਯੋਗੀ ਨਹੀਂ ਮੰਨਿਆ ਜਾ ਸਕਦਾ।
  • ਮੱਕੀ ਅਤੇ ਜਵਾਰ ਦੇ ਸਾਇਲੇਜ਼ ਵਿਚ ਪ੍ਰੋਟੀਨ ਅਤੇ ਕੈਲਸ਼ੀਅਮ ਲੋੜੀਂਦੇ ਨਹੀਂ ਹੁੰਦੇ ਹਨ ਅਤੇ ਉਨ੍ਹਾਂ ‘ਚ ਵਿਟਾਮਿਨ ਡੀ ਦੀ ਮਾਤਰਾ ਵੀ ਘੱਟ ਹੁੰਦੀ ਹੈ।

ਪੋਸ਼ਕ ਗਾਂ ਦੇ ਦੁੱਧ ਤੇ ਬਛੜੇ ਨੂੰ ਪਾਲਣਾ

  • ੨ ਤੋਂ ੪ ਯਤੀਮ ਬਛੜਿਆਂ ਨੂੰ ਦੁੱਧ ਪਿਲਾਉਣ ਦੇ ਲਈ ਉਨ੍ਹਾਂ ਦੀ ਉਮਰ ਦੇ ਪਹਿਲੇ ਹਫਤੇ ਤੋਂ ਹੀ ਘੱਟ ਚਰਬੀ-ਯੁਕਤ ਦੁੱਧ ਦੇਣ ਵਾਲੀ ਅਤੇ ਚੋਣ ‘ਚ ਮੁਸ਼ਕਿਲ ਕਰਨ ਵਾਲੀ ਗਾਂ ਨੂੰ ਸਫਲਤਾ ਪੂਰਵਕ ਤਿਆਰ ਕੀਤਾ ਜਾ ਸਕਦਾ ਹੈ।
  • ਸੁੱਕੀ ਘਾਹ ਦੇ ਨਾਲ ਬਛੜੇ ਨੂੰ ਸੁੱਕੀ ਖੁਰਾਕ ਜਿੰਨੀ ਘੱਟ ਉਮਰ ਵਿੱਚ ਦੇਣੀ ਸ਼ੁਰੂ ਕੀਤਾ ਜਾਵੇ, ਓਨਾ ਚੰਗਾ। ਇਨ੍ਹਾਂ ਬਛੜਿਆਂ ਦਾ ੨ ਤੋਂ ੩ ਮਹੀਨੇ ਦੀ ਉਮਰ ਵਿਚ ਦੁੱਧ ਛੁਡਾਇਆ ਜਾ ਸਕਦਾ ਹੈ।

ਬਛੜੇ ਨੂੰ ਦਲੀਏ ਤੇ ਪਾਲਣਾ

  • ਬਛੜੇ ਦੇ ਸ਼ੁਰੂਆਤੀ ਆਹਾਰ (ਕਾਫ ਸਟਾਰਟਰ) ਦਾ ਤਰਲ ਰੂਪ ਹੈ ਦਲੀਆ। ਇਹ ਦੁੱਧ ਦਾ ਵਿਕਲਪ ਨਹੀਂ ਹੈ। ਚਾਰ ਹਫਤੇ ਦੀ ਉਮਰ ਤੋਂ ਬਛੜੇ ਦੇ ਲਈ ਦੁੱਧ ਦੀ ਮਾਤਰਾ ਹੌਲੀ-ਹੌਲੀ ਘੱਟ ਕਰਕੇ ਭੋਜਨ ਦੇ ਰੂਪ ਵਿੱਚ ਦਲੀਏ ਨੂੰ ਉਸ ਦੀ ਥਾਂ 'ਤੇ ਸ਼ਾਮਿਲ ਕੀਤਾ ਜਾ ਸਕਦਾ ਹੈ। ੨੦ ਦਿਨਾਂ ਦੇ ਬਾਅਦ ਬਛੜੇ ਨੂੰ ਦੁੱਧ ਦੇਣਾ ਪੂਰੀ ਤਰ੍ਹਾਂ ਬੰਦ ਕੀਤਾ ਜਾ ਸਕਦਾ ਹੈ।

ਕਾਫ ਸਟਾਰਟਰ ਤੇ ਬਛੜੇ ਨੂੰ ਪਾਲਣਾ

  • ਇਸ ਵਿੱਚ ਬਛੜੇ ਨੂੰ ਦੁੱਧ ਨਾਲ ਸਟਾਰਟਰ ਦਿੱਤਾ ਜਾਂਦਾ ਹੈ। ਉਨ੍ਹਾਂ ਨੂੰ ਸੁੱਕਾ ਕਾਫ ਸਟਾਰਟਰ ਅਤੇ ਚੰਗੀ ਸੁੱਕੀ ਘਾਹ ਜਾਂ ਚਾਰਾ ਖਾਣ ਦੀ ਆਦਤ ਲਗਾਈ ਜਾਂਦੀ ਹੈ। ੭ ਤੋਂ ੧੦ ਹਫ਼ਤੇ ਦੀ ਉਮਰ ਵਿੱਚ ਬਛੜੇ ਦਾ ਦੁੱਧ ਪੂਰੀ ਤਰ੍ਹਾਂ ਛੁੜਵਾ ਦਿੱਤਾ ਜਾਂਦਾ ਹੈ।

ਦੁੱਧ ਦੇ ਵਿਕਲਪਾਂ 'ਤੇ ਬਛੜੇ ਨੂੰ ਪਾਲਣਾ

ਇਹ ਜ਼ਰੂਰ ਧਿਆਨ ਵਿਚ ਰੱਖਿਆ ਜਾਣਾ ਚਾਹੀਦਾ ਹੈ ਕਿ ਨਵਜਾਤ ਬਛੜੇ ਦੇ ਲਈ ਪੋਸ਼ਕੀ ਮਹੱਤਵ ਦੀ ਦ੍ਰਿਸ਼ਟੀ ਤੋਂ ਦੁੱਧ ਦਾ ਕੋਈ ਬਦਲ ਨਹੀਂ ਹੈ। ਹਾਲਾਂਕਿ, ਦੁੱਧ ਦੇ ਵਿਕਲਪ ਦਾ ਸਹਾਰਾ ਉਸ ਸਥਿਤੀ ਵਿੱਚ ਲਿਆ ਜਾ ਸਕਦਾ ਹੈ ਜਦੋਂ ਦੁੱਧ ਜਾਂ ਹੋਰ ਤਰਲ ਪਦਾਰਥਾਂ ਦੀ ਉਪਲਬਧਤਾ ਬਿਲਕੁਲ ਲੋੜੀਂਦੀ ਨਾ ਹੋਵੇ। ਦੁੱਧ ਦੇ ਵਿਕਲਪ ਠੀਕ ਉਸੇ ਮਾਤਰਾ ਵਿੱਚ ਦਿੱਤੇ ਜਾ ਸਕਦੇ ਹਨ ਜਿਸ ਮਾਤਰਾ ਵਿੱਚ ਪੂਰਾ ਦੁੱਧ ਦਿੱਤਾ ਜਾਂਦਾ ਹੈ, ਅਰਥਾਤ ਪੁਨਰਗਠਨ ਦੇ ਬਾਅਦ ਬਛੜੇ ਦੇ ਸਰੀਰਕ ਭਾਰ ਦਾ ੧੦%। ਪੁਨਰ ਗਠਿਤ ਦੁੱਧ ਦੇ ਵਿਕਲਪ ਵਿੱਚ ਕੁੱਲ ਠੋਸ ਦੀ ਮਾਤਰਾ ਤਰਲ ਪਦਾਰਥ ਦੇ ੧੦ ਤੋਂ ੧੨% ਤੱਕ ਹੁੰਦੀ ਹੈ।

ਦੁੱਧ ਛੁਡਵਾਉਣਾ

  • ਬਛੜੇ ਦਾ ਦੁੱਧ ਛੁਡਵਾਉਣਾ ਸੰਘਣੇ ਡੇਅਰੀ ਫਾਰਮਿੰਗ ਵਿਵਸਥਾ ਦੇ ਲਈ ਅਪਣਾਇਆ ਗਿਆ ਇੱਕ ਪ੍ਰਬੰਧਨ ਕੰਮ ਹੈ। ਬਛੜੇ ਦਾ ਦੁੱਧ ਛੁਡਵਾਉਣਾ ਵਿਵਸਥਾ ਵਿੱਚ ਇਕਰੂਪਤਾ ਲਿਆਉਣ ਵਿੱਚ ਮਦਦ ਕਰਦਾ ਹੈ ਅਤੇ ਇਹ ਨਿਸ਼ਚਿਤ ਕਰਦਾ ਹੈ ਕਿ ਹਰੇਕ ਬਛੜੇ ਨੂੰ ਉਸ ਦੀ ਲੋੜ ਅਨੁਸਾਰ ਦੁੱਧ ਦੀ ਮਾਤਰਾ ਉਪਲਬਧ ਹੋਵੇ ਅਤੇ ਦੁੱਧ ਦੀ ਬਰਬਾਦੀ ਜਾਂ ਦੁੱਧ ਦੀ ਲੋੜ ਤੋਂ ਵੱਧ ਪਾਨ ਨਾ ਹੋਵੇ।
  • ਅਪਣਾਈ ਗਈ ਦਾ ਪ੍ਰਬੰਧਨ ਵਿਵਸਥਾ ਦੇ ਆਧਾਰ' ਤੇ ਜਨਮ ਦੇ ਸਮੇਂ, ੩ ਹਫਤੇ ਬਾਅਦ, ੮ ਤੋਂ ੧੨ ਹਫਤਿਆਂ ਦੇ ਦੌਰਾਨ ਜਾਂ ੨੪ ਹਫਤਿਆਂ ਵਿਚ ਦੁੱਧ ਛੁਡਾਇਆ ਜਾ ਸਕਦਾ ਹੈ। ਜਿਨ੍ਹਾਂ ਬਛੜਿਆਂ ਨੂੰ ਸਾਨ੍ਹ ਦੇ ਰੂਪ ਵਿੱਚ ਤਿਆਰ ਕਰਨਾ ਹੈ, ਉਨ੍ਹਾਂ ਨੂੰ ਛੇ ਮਹੀਨੇ ਦੀ ਉਮਰ ਤਕ ਦੁੱਧ ਪੀਣ ਦੇ ਲਈ ਮਾਂ ਦੇ ਨਾਲ ਛੱਡਿਆ ਜਾ ਸਕਦਾ ਹੈ।
  • ਸੰਗਠਿਤ ਰੇਵੜ ਵਿੱਚ, ਜਿੱਥੇ ਵੱਡੀ ਗਿਣਤੀ ਵਿੱਚ ਬਛੜਿਆਂ ਦਾ ਪਾਲਣ ਕੀਤਾ ਜਾਂਦਾ ਹੈ, ਜਨਮ ਦੇ ਬਾਅਦ ਦੁੱਧ ਛੁਡਵਾਉਣਾ ਲਾਭਦਾਇਕ ਹੁੰਦਾ ਹੈ|
  • ਜਨਮ ਦੇ ਬਾਅਦ ਦੁੱਧ ਛੁਡਵਾਉਣ ਨਾਲ ਛੋਟੀ ਉਮਰ ਵਿਚ ਦੁੱਧ ਦੇ ਵਿਕਲਪ ਅਤੇ ਖੁਰਾਕ ਅਪਣਾਉਣ ਵਿੱਚ ਸਹੂਲਤ ਹੁੰਦੀ ਹੈ ਅਤੇ ਇਸ ਦਾ ਇਹ ਫਾਇਦਾ ਹੈ ਕਿ ਗਾਂ ਦਾ ਦੁੱਧ ਵੱਧ ਮਾਤਰਾ ਵਿੱਚ ਮਨੁੱਖ ਦੇ ਇਸਤੇਮਾਲ ਲਈ ਉਪਲਬਧ ਹੁੰਦਾ ਹੈ।

ਦੁੱਧ ਛੁਡਵਾਉਣ ਦੇ ਬਾਅਦ

ਦੁੱਧ ਛੁਡਵਾਉਣ ਦੇ ਬਾਅਦ ਤਿੰਨ ਮਹੀਨੇ ਤੱਕ ਕਾਫ ਸਟਾਰਟਰ ਦੀ ਮਾਤਰਾ ਹੌਲੀ-ਹੌਲੀ ਵਧਾਈ ਜਾਣੀ ਚਾਹੀਦੀ ਹੈ। ਚੰਗੇ ਕਿਸਮ ਦੀਆਂ ਸੁੱਕੀ ਘਾਹ ਬਛੜੇ ਨੂੰ ਸਾਰਾ ਦਿਨ ਖਾਣ ਨੂੰ ਦੇਣੀ ਚਾਹੀਦੀ ਹੈ। ਬਛੜੇ ਦੇ ਭਾਰ ਦੇ ੩% ਤੱਕ ਉੱਚ ਨਮੀ ਵਾਲੇ ਆਹਾਰ ਜਿਵੇਂ ਸਾਇਲੇਜ਼, ਹਰਾ ਚਾਰਾ ਅਤੇ ਚਰਾਈ ਦੇ ਰੂਪ ਵਿੱਚ ਘਾਹ ਖਿਲਾਈ ਜਾਣੀ ਚਾਹੀਦੀ ਹੈ। ਬਛੜਾ ਇਨ੍ਹਾਂ ਨੂੰ ਜ਼ਿਆਦਾ ਮਾਤਰਾ ਵਿੱਚ ਨਾ ਖਾ ਲਵੇ, ਇਸ ਦਾ ਧਿਆਨ ਰੱਖਣਾ ਚਾਹੀਦਾ ਹੈ ਕਿਉਂਕਿ ਇਸ ਦੇ ਕਾਰਨ ਕੁੱਲ ਪੋਸ਼ਣ ਦੀ ਪ੍ਰਾਪਤੀ ਸੀਮਤ ਹੋ ਸਕਦੀ ਹੈ।

ਬਛੜੇ ਦਾ ਵਾਧਾ

ਬਛੜੇ ਦਾ ਵਾਧਾ ਲੋੜੀਂਦੀ ਗਤੀ ਨਾਲ ਹੋ ਰਿਹਾ ਹੈ ਜਾਂ ਨਹੀਂ ਇਸ ਨੂੰ ਤੈਅ ਕਰਨ ਦੇ ਲਈ ਭਾਰ ਦੀ ਜਾਂਚ ਕਰੋ।

  • ਪਹਿਲੇ 3 ਮਹੀਨਿਆਂ ਦੌਰਾਨ ਬਛੜੇ ਦੀ ਖੁਰਾਕ ਬਹੁਤ ਮਹੱਤਵਪੂਰਣ ਹੁੰਦੀ ਹੈ।
  • ਇਸ ਹਿੱਸੇ ਵਿੱਚ ਬਛੜੇ ਦਾ ਖਾਣ-ਪੀਣ ਜੇਕਰ ਸਹੀ ਨਾ ਹੋਵੇ ਤਾਂ ਮੌਤ ਦਰ ਵਿੱਚ ੨੫ ਤੋਂ ੩੦% ਦਾ ਵਾਧਾ ਹੁੰਦਾ ਹੈ।
  • ਗਰਭਵਤੀ ਗਊਆਂ ਨੂੰ ਗਰਭ-ਅਵਸਥਾ ਦੇ ਆਖਰੀ ੨-੩ ਮਹੀਨਿਆਂ ਦੌਰਾਨ ਚੰਗੀ ਕਿਸਮ ਦਾ ਚਾਰਾ ਅਤੇ ਸਾਂਦ੍ਰ ਖੁਰਾਕ ਦਿੱਤੀ ਜਾਣੀ ਚਾਹੀਦੀ ਹੈ।
  • ਜਨਮ ਦੇ ਸਮੇਂ ਬਛੜੇ ਦਾ ਵਜ਼ਨ ੨੦ ਤੋਂ ੨੫ ਕਿਲੋਗ੍ਰਾਮ ਹੋਣਾ ਚਾਹੀਦਾ ਹੈ। ਨਿਯਮਿਤ ਰੂਪ ਨਾਲ ਕੀਟਨਾਸ਼ਕ ਦਵਾਈ ਦਿੱਤੇ ਜਾਣ ਦੇ ਨਾਲ-ਨਾਲ ਉਚਿਤ ਖੁਰਾਕ ਦਿੱਤੇ ਜਾਣ ਨਾਲ ਬਛੜੇ ਦੀ ਵਾਧਾ ਦਰ ੧੦-੧੫ ਕਿਲੋਗ੍ਰਾਮ ਪ੍ਰਤੀ ਮਹੀਨਾ ਹੋ ਸਕਦੀ ਹੈ।

ਬਛੜੇ ਦੇ ਰਹਿਣ ਦੇ ਸਥਾਨ ਦਾ ਮਹੱਤਵ

ਬਛੜਿਆਂ ਨੂੰ ਅਲੱਗ ਵਾੜੇ ‘ਚ ਉਦੋਂ ਤੱਕ ਰੱਖਿਆ ਜਾਣਾ ਚਾਹੀਦਾ ਹੈ, ਜਦੋਂ ਤੱਕ ਕਿ ਉਨ੍ਹਾਂ ਦਾ ਦੁੱਧ ਨਾ ਛੁਡਵਾ ਦਿੱਤਾ ਜਾਵੇ। ਅਲੱਗ ਵਾੜਾ ਬਛੜੇ ਨੂੰ ਇਕ ਦੂਜੇ ਨੂੰ ਚੱਟਣ ਤੋਂ ਰੋਕਦਾ ਹੈ ਅਤੇ ਇਸ ਤਰ੍ਹਾਂ ਬਛੜਿਆਂ ਵਿੱਚ ਬਿਮਾਰੀਆਂ ਦੇ ਪ੍ਰਸਾਰ ਦੀ ਸੰਭਾਵਨਾ ਘੱਟ ਹੁੰਦੀ ਹੈ। ਬਛੜੇ ਦੇ ਵਾੜੇ ਨੂੰ ਸਾਫ਼-ਸੁਥਰਾ, ਸੁੱਕਾ ਅਤੇ ਚੰਗੀ ਤਰ੍ਹਾਂ ਨਾਲ ਹਵਾਦਾਰ ਹੋਣਾ ਚਾਹੀਦਾ ਹੈ। ਵੈਂਟੀਲੇਸ਼ਨ ਨਾਲ ਹਮੇਸ਼ਾ ਤਾਜ਼ੀ ਹਵਾ ਅੰਦਰ ਆਉਣੀ ਚਾਹੀਦੀ ਹੈ, ਪਰ ਧੂੜ ਗਰਦ ਬਛੜਿਆਂ ਦੀ ਅੱਖ ਵਿੱਚ ਨਾ ਜਾਣ ਇਸ ਦੀ ਵਿਵਸਥਾ ਕਰਨੀ ਚਾਹੀਦੀ ਹੈ।

ਬਛੜੇ ਦੇ ਰਹਿਣ ਦੀ ਥਾਂ 'ਤੇ ਚੰਗਾ ਵਿਛੌਣਾ ਹੋਣਾ ਚਾਹੀਦਾ ਹੈ ਤਾਂ ਜੋ ਆਰਾਮ ਨਾਲ ਅਤੇ ਸੁੱਕੀ ਹਾਲਤ ਵਿੱਚ ਰਹਿ ਸਕਣ। ਲੱਕੜੀ ਦੇ ਬੁਰਾਦੇ ਜਾਂ ਪਰਾਲੀ ਦਾ ਇਸਤੇਮਾਲ ਵਿਛੌਣੇ ਦੇ ਲਈ ਸਭ ਤੋਂ ਜ਼ਿਆਦਾ ਕੀਤਾ ਜਾਂਦਾ ਹੈ। ਬਛੜੇ ਦੇ ਅਜਿਹੇ ਵਾੜੇ ਜੋ ਘਰ ਦੇ ਬਾਹਰ ਹੋਣ, ਆਂਸ਼ਿਕ ਰੂਪ ਨਾਲ ਢਕੇ ਹੋਏ ਅਤੇ ਕੰਧ ਨਾਲ ਘਿਰੇ ਹੋਣੇ ਚਾਹੀਦੇ ਹਨ ਤਾਂ ਜੋ ਧੁੱਪ ਦੀ ਤੇਜ਼ ਗਰਮੀ ਜਾਂ ਠੰਡੀ ਹਵਾ, ਵਰਖਾ ਅਤੇ ਤੇਜ਼ ਹਵਾ ਨਾਲ ਬਛੜੇ ਦੀ ਸੁਰੱਖਿਆ ਹੋ ਸਕੇ। ਪੂਰਬ ਵੱਲ ਖੁੱਲ੍ਹਣ ਵਾਲੇ ਵਾੜੇ ਨੂੰ ਸਵੇਰੇ ਦੇ ਸੂਰਜ ਤੋਂ ਗਰਮੀ ਪ੍ਰਾਪਤ ਹੁੰਦੀ ਹੈ ਅਤੇ ਦਿਨ ਦੇ ਗਰਮ ਸਮਿਆਂ ਵਿਚ ਛਾਂ ਮਿਲਦੀ ਹੈ। ਵਰਖਾ ਪੂਰਬ ਵੱਲੋਂ ਆਮ ਤੌਰ ਤੇ ਨਹੀਂ ਹੁੰਦੀ।

ਬਛੜਿਆਂ ਨੂੰ ਸਿਹਤਮੰਦ ਰੱਖਣਾ

ਨਵਜਾਤ ਬਛੜਿਆਂ ਨੂੰ ਬਿਮਾਰੀਆਂ ਤੋਂ ਬਚਾ ਕੇ ਰੱਖਣਾ ਉਨ੍ਹਾਂ ਦੇ ਮੁੱਢਲੇ ਵਾਧੇ ਲਈ ਬਹੁਤ ਹੀ ਮਹੱਤਵਪੂਰਣ ਹੈ ਅਤੇ ਇਸ ਨਾਲ ਉਨ੍ਹਾਂ ਦੀ ਮੌਤ ਦਰ ਘੱਟ ਹੁੰਦੀ ਹੈ, ਨਾਲ ਹੀ ਬਿਮਾਰੀ ਤੋਂ ਬਚਾਅ ਬਿਮਾਰੀ ਦੇ ਇਲਾਜ ਦੀ ਤੁਲਨਾ ਵਿਚ ਘੱਟ ਖਰਚ ਵਿੱਚ ਕੀਤਾ ਜਾ ਸਕਦਾ ਹੈ। ਬਛੜੇ ਦੀ ਨਿਯਮਿਤ ਜਾਂਚ ਕਰੋ, ਉਨ੍ਹਾਂ ਨੂੰ ਠੀਕ ਤਰ੍ਹਾਂ ਨਾਲ ਖੁਆਓ ਅਤੇ ਉਨ੍ਹਾਂ ਦੇ ਰਹਿਣ ਦੀ ਜਗ੍ਹਾ ਅਤੇ ਵਾਤਾਵਰਣ ਨੂੰ ਸਾਫ਼ ਰੱਖੋ।

ਸਰੋਤ: ਪੋਰਟਲ ਵਿਸ਼ਾ ਸਮੱਗਰੀ ਟੀਮ

ਆਖਰੀ ਵਾਰ ਸੰਸ਼ੋਧਿਤ : 6/16/2020



© C–DAC.All content appearing on the vikaspedia portal is through collaborative effort of vikaspedia and its partners.We encourage you to use and share the content in a respectful and fair manner. Please leave all source links intact and adhere to applicable copyright and intellectual property guidelines and laws.
English to Hindi Transliterate