ਸਾਂਝਾ ਕਰੋ
Views
  • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਸਿੰਚਾਈ

ਛੋਟੇ ਬੂਟਿਆਂ ਨੂੰ ਪਾਣੀ ਦੌਰ ਬਣਾ ਕੇ ਦਿਤਾ ਜਾਂਦਾ ਹੈ। ਇਸ ਢੰਗ ਨਾਲ ਪਾਣੀ ਦਾ ਨੁਕਸਾਨ ਬਹੁਤ ਘੱਟ ਹੁੰਦਾ ਹੈ।

ਨਵੇਂ ਲਾਏ ਬੂਟਿਆਂ ਨੂੰ ੩ - ੪ ਸਾਲਾਂ ਤੱਕ ਹਰ ਹਫਤੇ ਅਤੇ ਪੁਰਾਣੇ ਬੂਟਿਆਂ ਨੂੰ ੨ - ੩ ਹਫਤਿਆਂ ਪਿਛੋਂ ਮੌਸਮ, ਵਰਖਾ ਅਤੇ ਮਿੱਟੀ ਦੀ ਕਿਸਮ  ਅਨੁਸਾਰ ਪਾਣੀ ਦੇਣਾ ਚਾਹੀਦਾ ਹੈ। ਫ਼ਰਵਰੀ ਵਿੱਚ ਕਰੂੰਬਲਾਂ ਫੁੱਟਣ ਤੋਂ ਪਹਿਲਾਂ, ਅਪ੍ਰੈਲ ਵਿੱਚ ਫ਼ਲ ਲੱਗਣ ਤੋਂ ਪਹਿਲਾਂ ਅਤੇ ਗਰਮੀ ਦੇ ਮੌਸਮ ਵਿੱਚ ਸਿੰਚਾਈ ਕਰਨੀ ਅਤਿ ਜ਼ਰੂਰੀ ਹੈ, ਨਹੀਂ ਤਾਂ ਬੂਟਿਆਂ ਦੇ ਵਾਧੇ ਉੱਤੇ ਮਾੜਾ ਅਸਰ ਪੈਂਦਾ ਹੈ। ਸਿੱਟੇ ਵਜੋਂ ਬਹੁਤ ਸਾਰੇ ਫ਼ੁੱਲ ਝੜ ਜਾਂਦੇ ਹਨ। ਨਿੰਬੂ ਜਾਤੀ ਦੇ ਬਾਗਾਂ ਨੂੰ ਪਾਣੀ ਕਈ ਢੰਗਾਂ ਨਾਲ ਲਗਾਇਆ ਜਾ ਸਕਦਾ ਹੈ। ਛੋਟੇ ਬੂਟਿਆਂ ਨੂੰ ਪਾਣੀ ਦੌਰ ਬਣਾ ਕੇ ਦਿਤਾ ਜਾਂਦਾ ਹੈ। ਇਸ ਢੰਗ ਨਾਲ ਪਾਣੀ ਦਾ ਨੁਕਸਾਨ ਬਹੁਤ ਘੱਟ ਹੁੰਦਾ ਹੈ। ਇਸ ਢੰਗ ਵਿੱਚ ਬੂਟਿਆਂ ਦੇ ਚੁਫੇਰੇ ਦੌਰ ਬਣਾ ਦਿੱਤੇ ਜਾਂਦੇ ਹਨ ਜਿਹਨਾਂ ਨੂੰ ਇੱਕ ਦੂਜੇ ਨਾਲ ਸਿੱਧੇ ਖਾਲ ਰਾਹੀਂ ਜੋੜ ਦਿੱਤਾ ਜਾਂਦਾ ਹੈ। ਕਿਉਂਕਿ ਪਾਣੀ  ਸਿਰਫ ਦੌਰਾਂ ਤੱਕ ਹੀ ਸੀਮਤ ਰਹਿੰਦਾ ਹੈ ਇਸ ਲਈ ਬਾਗਾਂ ਵਿੱਚ ਨਦੀਨਾਂ ਦੀ ਸਮੱਸਿਆ ਵੀ ਘੱਟ ਹੁੰਦੀ ਹੈ। ਇਸ ਤੋਂ ਇਲਾਵਾ ਕਤਾਰਾਂ ਵਿੱਚ ਖਾਲੀ ਪਈ ਜਗ੍ਹਾ ਨੂੰ ਅੰਤਰ ਫ਼ਸਲਾਂ ਦੀ ਕਾਸ਼ਤ ਲਈ ਵਰਤਿਆ ਜਾ ਸਕਦਾ ਹੈ।

ਜਿਸ ਨਾਲ ਵਧੇਰੇ ਆਮਦਨ ਪ੍ਰਾਪਤ ਕੀਤੀ ਜਾ ਸਕਦੀ ਹੈ। ਪ੍ਰੰਤੂ ਇਸ ਢੰਗ ਰਾਹੀਂ ਪਾਣੀ ਇਕੋ ਖਾਲ ਵਿੱਚ ਇੱਕ ਬੂਟੇ ਤੋਂ ਦੂਜੇ ਦੇ ਸੰਪਰਕ ਵਿੱਚ ਆਉਂਦਾ ਹੈ ਜਿਸ ਨਾਲ ਇਕ ਬੂਟੇ ਤੋਂ ਦੂਜੇ ਨੂੰ ਫਾਇਟੋਫ਼ਥੋਰਾ ਬਿਮਾਰੀ ਫੈਲ ਸਕਦੀ ਹੈ। ਸੁਧਰੇ ਦੌਰ ਢੰਗ ਨਾਲ ਬਿਮਾਰੀਆਂ ਫੈਲਣ ਦੀ ਸਮਸਿਆ ਦਾ ਹਲ ਕੀਤਾ ਜਾ ਸਕਦਾ ਹੈ। ਫ਼ਲ ਦਿੰਦੇ ਬਾਗਾਂ ਵਿੱਚ ਬੂਟਿਆਂ ਨੂੰ ਪਾਣੀ ਦੁਆਰਾ ਲਾਗ ਦੀਆਂ ਬਿਮਾਰੀਆਂ ਘਟਾਉਣ ਲਈ ਇਹ ਢੰਗ ਬਹੁਤ ਹੀ ਵਧੀਆ ਮੰਨਿਆ ਗਿਆ ਹੈ। ਇਸ ਢੰਗ ਰਾਹੀਂ ਪੌਦਿਆਂ ਨੂੰ ਪਾਣੀ ਦੇਣ ਵਾਲੀ ਖਾਲ ਬੂਟਿਆਂ ਦੀਆਂ ਕਤਾਰਾਂ ਦੇ ਵਿਚਕਾਰ ਬਣਾ ਦਿੱਤੀ ਜਾਂਦੀ ਹੈ ਅਤੇ ਹਰ ਬੂਟੇ ਦੇ ਦੁਆਲੇ ਬਣਾਏ ਵੱਖਰੇ - ਵੱਖਰੇ ਦੌਰਾਂ ਨੂੰ ਇੱਕ ਛੋਟੇ ਖਾਲ ਰਾਹੀਂ ਮੁੱਖ ਖਾਲ ਨਾਲ ਜੋੜ ਦਿੱਤਾ ਜਾਂਦਾ ਹੈ। ਇਸ ਤਰੀਕੇ ਨਾਲ ਬਾਗ ਵਿੱਚ ਅੰਤਰ ਫ਼ਸਲਾਂ ਦੀ ਕਾਸ਼ਤ ਸੰਭਵ ਨਹੀਂ ਹੁੰਦੀ ਅਤੇ ਪਾਣੀ ਲਗਾਉਣ ਵਿੱਚ ਵੀ ਜ਼ਿਆਦਾ ਮਿਹਨਤ ਦੀ ਲੋੜ ਪੈਂਦੀ ਹੈ।

ਫ਼ਲ ਦਿੰਦੇ ਬਾਗਾਂ ਦੀ ਸਿੰਚਾਈ ਜ਼ਿਆਦਾਤਰ ਖੁਲ੍ਹੇ ਕਿਆਰਿਆਂ ਰਾਹੀਂ ਕੀਤੀ ਜਾਂਦੀ ਹੈ। ਇਸ ਢੰਗ ਰਾਹੀਂ ਬਾਗ ਵਿੱਚ ਬੂਟਿਆਂ ਦੀਆਂ ਕਤਾਰਾਂ ਦੇ ਸਮਾਨਅੰਤਰ ਵੱਡੇ-ਵੱਡੇ ਕਿਆਰੇ ਪਾ ਦਿੱਤੇ ਜਾਂਦੇ ਹਨ ਅਤੇ ਇਹਨਾਂ ਕਿਆਰਿਆਂ ਨੂੰ ਪਾਣੀ ਦੀ ਖਾਲ ਰਾਹੀਂ ਜੋੜ ਦਿੱਤਾ ਜਾਂਦਾ ਹੈ। ਇਸ ਢੰਗ ਰਾਹੀਂ ਪਾਣੀ ਇਕਸਾਰ ਖੇਤ ਵਿੱਚ ਨਹੀਂ ਲੱਗਦਾ ਅਤੇ ਬਹੁਤ ਪਾਣੀ ਵਿਅਰਥ ਚਲਿਆ ਜਾਂਦਾ ਹੈ। ਜਿਸ ਤੋਂ ਇਲਾਵਾ ਖੁੱਲ੍ਹੇ ਕਿਆਰਿਆਂ ਨਾਲ ਬਾਗ ਨੂੰ ਪਾਣੀ ਦੇਣ ਨਾਲ ਬੂਟਿਆਂ ਨੂੰ ਫਾਇਟੋਫ਼ਥੋਰਾ ਬਿਮਾਰੀ ਲੱਗਣ ਦਾ ਖਤਰਾ ਬਣਿਆ ਰਹਿੰਦਾ ਹੈ। ਅਜ ਕਲ ਨਿੰਬੂ ਜਾਤੀ ਦੇ ਫਲਾਂ ਦੇ ਬਾਗਬਾਨ ਤੁਪਕਾ ਸਿੰਚਾਈ ਨੂੰ ਅਪਣਾ ਰਹੇ ਹਨ। ਜਿਹਨਾਂ ਇਲਾਕਿਆਂ ਵਿੱਚ ਪਾਣੀ ਦੀ ਥੁੜ ਹੋਵੇ, ਉੱਥੇ ਇਹ ਢੰਗ ਬਹੁਤ ਹੀ ਵਧੀਆ ਸਾਬਤ ਹੋਇਆ ਹੈ ਕਿਉਂਕਿ ਇਸ ਰਾਹੀ ਦੂਸਰੇ ਰਵਾਇਤੀ ਪਾਣੀ ਦੇਣ ਦੇ ਤਰੀਕਿਆਂ ਨਾਲੋਂ ਦੋ ਤੋਂ ਚਾਰਗੁਣਾ ਪਾਣੀ ਦੀ ਬੱਚਤ ਹੁੰਦੀ ਹੈ। ਤੁਪਕਾ ਵਿਧੀ ਰਾਹੀਂ ਬੂਟੇ ਦੀ ਉਮਰ ਅਤੇ ਉਸਦੀ ਰੋਜ਼ਾਨਾ ਲੋੜ ਮੁਤਾਬਿਕ ਡਰਿਪਰਾਂ ਰਾਹੀਂ ਪਾਣੀ ਦਿੱਤਾ ਜਾਂਦਾ ਹੈ।

ਇਸ ਨਾਲ ਬੂਟੇ ਦੇ ਜੜ੍ਹ ਖੇਤਰ ਵਿੱਚ ਲੋੜੀਂਦੀ ਮਾਤਰਾ ਵਿੱਚ ਸਿੱਲ੍ਹ ਰਹਿੰਦੀ ਹੈ ਜੋ ਕਿ ਬੂਟੇ ਨੂੰ ਮਿੱਟੀ ਵਿੱਚੋਂ ਲੋੜ ਅਨੁਸਾਰ ਖੁਰਾਕੀ ਤੱਤ ਖਿੱਚਣ ਲਈ ਸਹਾਈ ਹੁੰਦੀ ਹੈ। ਇਸ ਵਿਧੀ ਰਾਹੀਂ ਬੂਟੇ ਦੇ ਕੇਵਲ ਦੌਰ ਹੀ ਪਾਣੀ ਨਾਲ ਗਿੱਲੇ ਕੀਤੇ ਜਾਂਦੇ ਹਨ ਅਤੇ ਬਾਕੀ ਦੇ ਬਾਗ ਦੀ ਮਿੱਟੀ ਸੁੱਕੀ ਰਹਿੰਦੀ ਹੈ ਜਿਸ ਨਾਲ ਨਦੀਨਾਂ ਦੀ ਸਮੱਸਿਆ ਬਹੁਤ ਘੱਟ ਜਾਂਦੀ ਹੈ। ਇਸੇ ਤਰ੍ਹਾਂ ਕੰਢੀ ਦੇ ਖੇਤਰ, ਜਿੱਥੇ ਜ਼ਮੀਨ ਉੱਚੀ ਨੀਵੀਂ ਹੁੰਦੀ ਹੈ ਅਤੇ ਪਾਣੀ ਦੀ ਪ੍ਰਾਪਤੀ ਘੱਟ ਹੁੰਦੀ ਹੈ ਉੱਥੇ ਇਸ ਤਰੀਕੇ ਨਾਲ ਸਫ਼ਲਤਾ ਪੂਰਵਕ ਬਾਗ ਦੀ ਕਾਸ਼ਤ ਕੀਤੀ ਜਾ ਸਕਦੀ ਹੈ। ਡਰਿੱਪਰਾਂ ਨੂੰ ਬੂਟੇ ਦੇ ਤਣੇ ਤੋਂ ਦੂਰ ਰੱਖਿਆ ਜਾਂਦਾ ਹੈ ਤਾਂ ਕਿ ਇਹ ਗਿੱਲਾ ਨਾਂ ਹੋਵੇ ਅਤੇ ਬਿਮਾਰੀਆਂ ਤੋਂ ਸੁਰੱਖਿਅਤ ਰਹੇ। ਡਰਿੱਪ ਵਿਧੀ ਰਾਹੀਂ ਘੁਲਣਸ਼ੀਲ ਖਾਦਾਂ ਦੀ ਵਰਤੋਂ ਕਰਕੇ ਬਾਗ ਦੀਆਂ ਖੁਰਾਕੀ ਲੋੜਾਂ ਦੀ ਪੂਰਤੀ ਕੀਤੀ ਜਾ ਸਕਦੀ ਹੈ। ਇਹ ਖਾਦਾਂ ਰਵਾਇਤੀ ਇੱਕ ਤੋਂ ਦੋ ਕਿਸ਼ਤਾਂ ਦੀ ਥਾਂ ਦਸ ਤੋਂ ਬਾਰਾਂ ਕਿਸ਼ਤਾਂ ਵਿੱਚ ਪਾਣੀ ਦੇ ਨਾਲ ਪਾਈਆਂ ਜਾਂਦੀਆਂ ਹਨ। ਇਸ ਤਰ੍ਹਾਂ ਖਾਦਾਂ ਦੀ ਬੱਚਤ ਹੁੰਦੀ ਹੈ ਅਤੇ ਬੂਟੇ ਦੇ ਝਾੜ ਵਿੱਚ ਵੀ ਵਾਧਾ ਹੁੰਦਾ ਹੈ।

ਇਸ ਢੰਗ ਵਿੱਚ ਕੁੱਝ ਮੁਸ਼ਕਲਾਂ ਵੀ ਪੇਸ਼ ਆਉਂਦੀਆਂ ਹਨ ਜਿਵੇਂ ਕਿ ਇਸ ਦੀ ਸ਼ੁਰੂਆਤੀ ਲਾਗਤ ਕਾਫੀ ਜ਼ਿਆਦਾ ਹੈ। ਨਾਲੇ ਜੇਕਰ ਜ਼ਿਆਦਾ ਲੂਣ ਵਾਲਾ ਪਾਣੀ ਵਰਤਿਆ ਜਾਵੇ ਤਾਂ ਕੁੱਝ ਸਮੇ ਬਾਅਦ ਡਰਿੱਪਰ ਬੰਦ ਹੋ ਜਾਦੇ ਹਨ। ਹਾਲਾਂਕਿ ਇਸ ਸਿਸਟਮ ਦੀ ਮੁੱਢਲੀ ਕੀਮਤ ਜ਼ਿਆਦਾ ਹੈ ਪਰ ਇਸ ਢੰਗ ਨਾਲ ਥੋੜੇ ਪਾਣੀ ਨਾਲ ਜਿਆਦਾਂ ਰਕਬੇ ਦੀ ਸਿੰਚਾਈ ਹੋਣ ਕਰਕੇ ਹੋਈ ਵਾਧੂ ਆਮਦਨੀ ਨਾਲ ਇਸਦੀ ਜਲਦ ਹੀ ਭਰਪਾਈ ਹੋ ਜਾਂਦੀ ਹੈ। ਇਸ ਢੰਗ ਨਾਲ ਪਾਣੀ ਲਗਾਊਣ ਨਾਲ ਨਦੀਨ ਘੱਟ ਹੁੰਦੇ ਹਨ ਅਤੇ ਫਾਇਟੋਖ਼ਥੋਰਾ ਬਿਮਾਰੀ ਇਕ ਬੂਟੇ ਤੋਂ ਦੂਜੇ ਤੱਕ ਨਹੀਂ ਫੈਲਦੀ।

ਸਰੋਤ : ਏ ਬੂਕਸ ਓਨ੍ਲਿਨੇ

3.21875
ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
Back to top