ਸਾਂਝਾ ਕਰੋ
Views
  • ਪ੍ਰਦੇਸ਼ ਸੰਪਾਦਨ ਲਈ ਖੁੱਲ੍ਹਾ

ਫ਼ਲਾਂ ਦੀ ਕਾਸ਼ਤ

ਨਿੰਬੂ ਜਾਤੀ ਦੇ ਫ਼ਲਾਂ ਨੂੰ ਖਾਣ ਲਈ ਅਤੇ ਜੂਸ, ਸਕੁਐਸ਼, ਮਾਰਮਾਲੇਡ ਆਦਿ ਬਨਾਉਣ ਲਈ ਵਰਤਿਆ ਜਾਂਦਾ ਹੈ।

ਨਿੰਬੂ ਜਾਤੀ ਦੇ ਫ਼ਲ ਸਮੁੱਚੇ ਸੰਸਾਰ ਦੇ ਫ਼ਲਾਂ ਵਿੱਚ ਵਿਸ਼ੇਸ਼ ਸਥਾਨ ਰੱਖਦੇ ਹਨ, ਖਾਸ ਕਰਕੇ ਗਰਮ ਤਰ ਖਿਤਿਆਂ ਵਿੱਚ।ਇਸ ਵਿੱਚ ਮੌਜੂਦ ਖੁਰਾਕੀ ਤੱਤ ਅਤੇ ਇਸਦੀ ਰੋਗ ਨਾਸ਼ਕ ਸਮਰੱਥਾ ਇਸ ਨੂੰ ਇੱਕ ਪੌਸ਼ਟਿਕ ਫ਼ਲ ਬਣਾਉਂਦੇ ਹਨ ਅਤੇ ਸੰਸਾਰ ਦੇ ਕਈ ਹਿਸਿਆਂ ਵਿੱਚ ਇਹਨਾਂ ਫ਼ਲਾਂ ਨੇ ਆਪਣੀ ਨਵੇਕਲੀ ਜਗ੍ਹਾ ਬਣਾ ਲਈ ਹੈ। ਨਿੰਬੂ ਜਾਤੀ ਦੇ ਫ਼ਲਾਂ ਨੂੰ ਖਾਣ ਲਈ ਅਤੇ ਜੂਸ, ਸਕੁਐਸ਼, ਮਾਰਮਾਲੇਡ ਆਦਿ ਬਨਾਉਣ ਲਈ ਵਰਤਿਆ ਜਾਂਦਾ ਹੈ। ਇਸ ਤੋਂ ਇਲਾਵਾ ਨਿੰਬੂ ਜਾਤੀ ਦੇ ਫ਼ਲ ਪਸ਼ੂਆਂ ਦੇ ਚਾਰੇ ਲਈ ਅਤੇ ਇਸਦੀ ਲਕੜ ਕਾਰੀਗਰੀ ਅਤੇ ਬਾਲਣ ਦੇ ਤੌਰ ਵੀ ਵਰਤੀ ਜਾਂਦੀ ਹੈ। ਨਿੰਬੂ ਜਾਤੀ ਦੇ ਫ਼ਲ ਅਲਗ-ਅਲਗ ਕਿਸਮ ਦੇ ਪੌਣ ਪਾਣੀ ਨੂੰ ਸਹਿਣ ਕਰਨ ਦੀ ਸਮਰੱਥਾ ਹੋਣ ਕਰਕੇ ਗਰਮ-ਤਰ ਖਿਤਿਆਂ ਤੋਂ ਇਲਾਵਾ ਅਰਧ ਗਰਮ-ਤਰ ਅਤੇ ਠੰਢੇ ਖਿਤਿਆਂ ਵਿੱਚ ਵੀ ਉਗਾਏ ਜਾਂਦੇ ਹਨ।

ਨਿੰਬੂ ਜਾਤੀ ਦੇ ਫ਼ਲਾਂ ਦੇ ਉਤਪਾਦਕ ਦੇਸ਼ਾਂ ਵਿੱਚ ਭਾਰਤ ਦਾ ਪੰਜਵਾਂ ਸਥਾਨ ਹੈ ਸਾਰੀ ਦੁਨਿਆਂ ਦੇ ਨਿੰਬੂ ਜਾਤੀ ਦੇ ਫ਼ਲਾਂ ਦਾ ੬.੫ ਪ੍ਰਤੀਸ਼ਤ ਉਤਪਾਦਨ ਭਾਰਤ ਵਿੱਚ ਹੁੰਦਾ ਹੈ। ਪਰ ਹਾਲੇ ਵੀ ਭਾਰਤ ਵਿੱਚ ਨਿੰਬੂ ਜਾਤੀ ਦੇ ਫ਼ਲਾਂ ਦਾ ਪ੍ਰਤੀ ਏਕੜ ਝਾੜ ਅਗਾਂਹ ਵਧੂ ਦੇਸ਼ਾਂ ਨਾਲੋਂ ਬਹੁਤ ਘੱਟ ਹੈ। ਪੰਜਾਬ ਵਿੱਚ ਕਾਸ਼ਤ ਕੀਤੇ ਜਾਣ ਵਾਲੇ ਨਿੰਬੂ ਜਾਤੀ ਦੇ ਫ਼ਲਾਂ ਵਿੱਚ ਸੰਤਰਿਆਂ ਦੀ ਕਿਸਮ ਕਿੰਨੋ ਦੀ ਮਹਤੱਤਾ ਸਭ ਤੋਂ ਜਿਆਦਾ ਹੈ। ਸੰਤਰਿਆਂ ਤੋਂ ਬਾਦ ਮਾਲਟੇ, ਗਰੇਪਫਰੂਟ ਅਤੇ ਨਿੰਬੂਆਂ ਦੀ ਵੀ ਕਾਫੀ ਆਰਥਿਕ ਮਹਤੱਤਾ ਹੈ।ਪੰਜਾਬ ਵਿੱਚ ਫ਼ਿਰੋਜ਼ਪੁਰ ਜ਼ਿਲ੍ਹੇ ਦੀ ਅਬੋਹਰ ਤਹਿਸੀਲ ਅਤੇ ਫ਼ਾਜ਼ਿਲਕਾ ਅਤੇ ਹੁਸ਼ਿਆਰਪੁਰ ਜ਼ਿਲ੍ਹਾ ਨਿੰਬੂ ਜਾਤੀ ਦੇ ਫ਼ਲਾਂ ਦੀ ਕਾਸ਼ਤ ਵਿੱਚ ਮੋਹਰੀ ਹਨ। ਫ਼ਰੀਦਕੋਟ, ਮੁਕਤਸਰ, ਬਠਿੰਡਾ, ਮਾਨਸਾ ਵਿੱਚ ਵੀ ਕੁੱਝ ਰਕਬੇ ਤੇ ਇਹਨਾਂ ਦੀ ਕਾਸ਼ਤ ਹੋ ਰਹੀ ਹੈ।

ਪੰਜਾਬ ਵਿੱਚ ਨਿੰਬੂ ਜਾਤੀ ਦੇ ਫ਼ਲਾਂ ਹੇਠ ਕੁੱਲ ਰਕਬਾ ੪੨੭੬੨ ਹੈਕਟਅਰ ਹੈ ਜੋ ਕਿ ਫ਼ਲਾਂ ਹੇਠ ਕੁੱਲ ਰਕਬੇ ਦਾ ੬੨.੫ ਪ੍ਰਤੀਸ਼ਤ ਬਣਦਾ ਹੈ। ਕਿੰਨੋ, ਪੰਜਾਬ ਵਿੱਚ ਨਿੰਬੂ ਜਾਤੀ ਦੇ ਕਾਸ਼ਤ ਕੀਤੇ ਜਾਣ ਵਾਲੇ ਫ਼ਲਾਂ ਦੀ ਸਭ ਤੋਂ ਪ੍ਰਮੁੱਖ ਕਿਸਮ ਹੈ ਅਤੇ ਇਸ ਹੇਠ ੩੮੭੧੪ ਹੈਕਟ ੇਅਰ ਰਕਬਾ ਹੈ। ਕਿੰਨੋ ਇੱਕ ਦੋਗਲਾ (ਹੇਬਰਦਿ) ਫ਼ਲ ਹੈ ਜੋ ਕਿੰਗ ਅਤੇ ਵਿੱਲੋ ਲੀਫ਼ ਨਾਂ ਦੇ ਬੂਟਿਆਂ ਦੇ ਸੁਮੇਲ ਤੋਂ ਬਣਿਆ ਹੈ। ਸੰਨ ੧੯੧੫ ਵਿੱਚ ਐਚ. ਬੀ ਫ਼ਰੌਸਟ ਨਾਂ ਦੇ ਵਿਗਿਆਨੀ ਨੇ ਕਿੰਨੋ ਦੀ ਕਾਢ ਅਮਰੀਕਾ ਦੀ ਯੂਨੀਵਰਸਿਟੀ ਆਫ਼ ਕੈਲੀਫ਼ੋਰਨੀਆ ਦੇ ਸਿਟਰਸ ਖੋਜ ਕੇਂਦਰ ਵਿੱਚ ਕੱਢੀ। ਮੁਢਲੇ ਤਜਰਬਿਆਂ ਤੋਂ ਬਾਅਦ ੧੯੩੫ ਵਿੱਚ ਕਿੰਨੋ ਨੂੰ ਕਾਸ਼ਤ ਲਈ ਜਾਰੀ ਕਰ ਦਿੱਤਾ ਗਿਆ। ਇਸ ਦੇ ਗੁਣ ਸੰਤਰੇ ਅਤੇ ਮਾਲਟੇ ਦੇ ਵਿਚਾਲੇ ਹਨ ਭਾਵ ਇਸ ਦੀ ਛਿੱਲ ਨਾਂ ਬਹੁਤੀ ਢਿੱਲੀ ਹੈ ਅਤੇ ਨਾਂ ਹੀ ਬਹੁਤੀ ਕੱਸਵੀਂ ਹੈ। ਦੇਸ਼ ਦੀ ਅਜ਼ਾਦੀ ਤੋਂ ਪਹਿਲਾਂ ੧੯੪੦ ਵਿੱਚ ਪੰਜਾਬ ਖੇਤੀਬਾੜੀ ਕਾਲਜ ਅਤੇ ਖੋਜ ਸੰਸਥਾ, ਲਾਇਲਪੁਰ ਨੇ ਕਿੰਨੋ ਨੂੰ ਉੱਥੇ ਜਾਰੀ ਕੀਤਾ। ਇਸ ਤੋਂ ਬਾਅਦ ੧੯੫੪ ਵਿੱਚ ਪੀ.ਏ.ਯੂ., ਲੁਧਿਆਣਾ ਦੇ ਅਬੋਹਰ ਵਿਖੇ ਸਥਿਤ ਖੇਤਰੀ ਫ਼ਲ ਖੋਜ ਕੇਂਦਰ ਵਿਖੇ ਡਾ. ਜੇ.ਸੀ. ਬਖਸ਼ੀ ਦੁਆਰਾ ਕੈਲੀਫ਼ੋਰਨੀਆ ਤੋਂ ਲਿਆਉਂਦੇ ਕੁੱਝ ਬੂਟਿਆਂ ਨਾਲ ਇਸ ਦੀ ਕਾਸ਼ਤ ਸ਼ੁਰੂ ਹੋਈ।੧੯੫੫-੫੬ ਵਿੱਚ ਬੂਟਿਆਂ ਦੀ ਗਿਣਤੀ ਵੱਧ ਕੇ ੮੪ ਹੋ ਗਈ। ਅਬੋਹਰ ਖੋਜ ਕੇਂਦਰ ਵਿਖੇ ਵੱਖ-ਵੱਖ ਤਜ਼ਰਬਿਆਂ ਤੋਂ ਬਾਅਦ ਇਸ ਨੂੰ ਪੰਜਾਬ ਵਿੱਚ ਕਾਸ਼ਤ ਲਈ ਪ੍ਰਵਾਨਿਤ ਕਰ ਦਿੱਤਾ ਗਿਆ।ਇਸ ਨਾਲ ਪੰਜਾਬ ਵਿੱਚ ਸੁਨਹਿਰੀ ਕ੍ਰਾਂਤੀ ਭਾਵ ਕਿੰਨੋ ਦਾ ਯੁੱਗ ਸ਼ੁਰੂ ਹੋ ਗਿਆ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਲੋਂ ਫ਼ਲਾਂ ਨੂੰ ਸਿਟਰਸ਼ਾਈਨ ਮੋਮ ਚੜ੍ਹਾਉਣ ਦੀ ਤਕਨੀਕ ਦੀ ਸਿਫਾਰਿਸ਼ ਤੋਂ ਬਾਅਦ ਕਿੰਨੋ ਉਤਪਾਦਕ ਹੁਣ ਆਪਣੇ ਫ਼ਲਾਂ ਨੂੰ ਦੂਰ-ਦੁਰਾਡੀਆਂ ਮੰਡੀਆਂ ਤੱਕ ਅਸਾਨੀ ਨਾਲ ਭੇਜ ਦਿੰਦੇ ਹਨ। ਕੁੱਝ ਉੱਦਮੀ ਬਾਗਬਾਨਾਂ ਨੇ ਹੁਣ ਦਿੱਲੀ, ਕੋਲਕਾਤਾ, ਬੰਗਲੌਰ, ਹੈਦਰਾਬਾਦ, ਮੁੰਬਈ, ਚੇਨਈ, ਪੂਨੇ ਅਤੇ ਬਨਾਰਸ ਦੀਆਂ ਮੰਡੀਆਂ ਵਿੱਚ ਵੀ ਕਿੰਨੋ ਦੀ ਚੜ੍ਹਤ ਕਾਇਮ ਕਰ ਦਿੱਤੀ ਹੈ। ਹੁਣ ਕਿੰਨੋ ਨੇਪਾਲ, ਬੰਗਲਾਦੇਸ਼, ਥਾਈਲੈਂਡ, ਸ਼੍ਰੀ ਲੰਕਾ ਅਤੇ ਮੱਧ-ਪੂਰਬ ਦੇ ਕੁੱਝ ਦੇਸ਼ਾਂ (ਬਹਿਰੀਨ, ਕੁਵੈਤ, ਸਾਉਦੀ ਅਰਬ) ਨੂੰ ਨਿਰਯਾਤ ਵੀ ਹੋਣ ਲੱਗਾ ਹੈ। ਪੰਜਾਬ ਵਿੱਚ ਕਿੰਨੋ ਨੂੰ ਮੋਮ ਚੜ੍ਹਾਉਣ ਦੀ ਤਕਨੀਕ ਦਾ ਮਿਆਰ ਕਾਇਮ ਹੋਣ ਤੋਂ ਬਾਅਦ ਸੂਬੇ ਵਿੱਚ ਮੋਮ ਚੜ੍ਹਾਉਣ ਵਾਲੇ ਪਲਾਂਟਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਹੁਣ ਪੰਜਾਬ ਸਰਕਾਰ ਦੇ ਅਦਾਰੇ ਪੰਜਾਬ ਐਗਰੋ ਇੰਡਸਟ ਕਾਰਪੋਰੇਸ਼ਨ ਵੱਲੋਂ ਪੈਪਸੀ ਕੰਪਨੀ ਨਾਲ ਕਿੰਨੋ ਦਾ ਜੂਸ ਕੱਢਣ ਲਈ ਦੋ ਪਲਾਂਟ ਲਾਉਣ ਲਈ ਸਮਝੌਤਾ ਕੀਤੇ ਜਾਣ ਤੋਂ ਬਾਅਦ ਰਾਜ ਵਿੱਚ ਕਿੰਨੋ ਹੇਠ ਰਕਬਾ ਲਗਾਤਾਰ ਵਧਦਾ ਜਾ ਰਿਹਾ ਹੈ।ਇਸ ਤੋਂ ਇਲਾਵਾ ਰਾਸ਼ਟਰੀ ਬਾਗਬਾਨੀ ਮਿਸ਼ਨ ਵੱਲੋਂ ਮਿਲ ਰਹੀਆਂ ਰਿਆਇਤਾਂ ਕਰਕੇ ਵੀ ਨਿੰਬੂ ਜਾਤੀ ਦੇ ਪੁਰਾਣੇ ਬਾਗਾਂ ਵੱਲ ਵੀ ਬਾਗਬਾਨ ਹੁਣ ਸੁਵੱਲੀ ਨਜ਼ਰ ਰੱਖਣ ਲੱਗ ਪਏ ਹਨ।

ਸਰੋਤ : ਏ ਬੂਕਸ ਓਨ੍ਲਿਨੇ

3.25196850394
ਟਿੱਪਣੀ ਜੋੜੋ

(ਜੇ ਉਪਰਲੇ ਵਿਸ਼ੇ ਉੱਤੇ ਤੁਹਾਡੇ ਕੋਲ ਕੋਈ ਟਿੱਪਣੀਆਂ/ਸੁਝਾਅ ਹਨ ਤਾਂ ਕਿਰਪਾ ਕਰਕੇ ਇਹਨਾਂ ਨੂੰ ਇੱਥੇ ਪੋਸਟ ਕਰੋ)

Enter the word
Back to top